ਮਰਦਮਸ਼ੁਮਾਰੀ ਫਾਰਮ ਵਿਚ ਵੱਖਰਾ ਕਾਲਮ ਬਣਾਇਆ
ਸੁਪਰੀਮ ਕੋਰਟ ਦੀਆਂ ਹਦਾਇਤ ‘ਤੇ ਲਿਆ ਗਿਆ ਫ਼ੈਸਲਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਮਰਦਮਸ਼ੁਮਾਰੀ ਵੇਲੇ ਹੁਣ ਸਿੱਖ ਭਾਈਚਾਰੇ ਨੂੰ ਇੱਕ ਵੱਖਰੀ ਕੌਮ ਅਤੇ ਭਾਈਚਾਰਾ ਮੰਨਿਆ ਜਾਵੇਗਾ। ਹੁਣ ਭਵਿੱਖ ਵਿਚ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਦਰਜ ਕੀਤਾ ਜਾਵੇਗਾ। ਇਹ ਫੈਸਲਾ ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੀਤਾ ਗਿਆ ਹੈ, ਜਿਸ ਤਹਿਤ ਪਾਕਿਸਤਾਨ ਅੰਕੜਾ ਬਿਊਰੋ ਵੱਲੋਂ ਮਰਦਮਸ਼ੁਮਾਰੀ ਫਾਰਮ ਵਿਚ ਸਿੱਖਾਂ ਦੀ ਗਿਣਤੀ ਵਾਸਤੇ ਸਿੱਖ ਭਾਈਚਾਰੇ ਨੂੰ ਇਕ ਵੱਖਰੇ ਖਾਨੇ ਵਿਚ ਦਰਜ ਕੀਤਾ ਜਾਵੇਗਾ। ਹੁਣ ਤੱਕ ਸਿੱਖ ਭਾਈਚਾਰੇ ਦੀ ਗਿਣਤੀ ਹੋਰ ਧਰਮਾਂ ਦੇ ਨਾਂ ਹੇਠ ਇੱਕ ਕਾਲਮ ਵਿਚ ਹੁੰਦੀ ਸੀ, ਜਿਸ ਕਾਰਨ ਸਿੱਖ ਭਾਈਚਾਰੇ ਦੀ ਸਹੀ ਗਿਣਤੀ ਬਾਰੇ ਅੰਕੜੇ ਨਹੀਂ ਸਨ। ਇਸੇ ਕਾਰਨ ਮੁੱਢਲੇ ਅਧਿਕਾਰਾਂ, ਸਿਆਸਤ ਵਿਚ ਪ੍ਰਤੀਨਿਧਤਾ ਅਤੇ ਸਿਵਲ ਸੇਵਾਵਾਂ ਵਿੱਚ ਰਾਖ਼ਵੇਂ ਕੋਟੇ ਲਈ ਅਨੁਮਾਨਿਤ ਅੰਕੜੇ ਹੀ ਵਰਤੇ ਜਾਂਦੇ ਸਨ, ਜਿਸ ਕਾਰਨ ਸਿੱਖਾਂ ਨੂੰ ਪੂਰਾ ਲਾਭ ਨਹੀਂ ਮਿਲਦਾ ਸੀ। ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਇਹ ਹੱਕ 5 ਸਾਲ ਦੀ ਲੰਮੀ ਲੜਾਈ ਮਗਰੋਂ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਮਾਰਚ 2017 ਵਿੱਚ ਖੈਬਰ-ਪਖ਼ਤੂਨਵਾ ਸੂਬੇ ਦੇ ਸਿੱਖਾਂ; ਬਾਬਾ ਗੁਰਪਾਲ ਸਿੰਘ, ਚਰਨਜੀਤ ਸਿੰਘ, ਹੀਰਾ ਸਿੰਘ ਤੇ ਹੋਰਨਾਂ ਵੱਲੋਂ ਪਿਸ਼ਾਵਰ ਹਾਈਕੋਰਟ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਹ ਪਟੀਸ਼ਨ ਵਕੀਲ ਸ਼ਾਹਿਦ ਰਾਜਾ ਮਲਿਕ ਦੇ ਰਾਹੀਂ ਦਾਇਰ ਕੀਤੀ ਸੀ ਅਤੇ ਅਦਾਲਤ ਨੇ ਇਸ ਦਾ ਫੈਸਲਾ ਸਿੱਖਾਂ ਦੇ ਹੱਕ ਵਿੱਚ ਦਿੱਤਾ ਸੀ ਪਰ ਇਹ ਫੈਸਲਾ ਲਾਗੂ ਨਹੀਂ ਕੀਤਾ ਗਿਆ ਸੀ।
ਇਸ ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰਾ ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ ਚਲਾ ਗਿਆ ਸੀ ਜਿੱਥੇ ਉਨ੍ਹਾਂ ਦਲੀਲ ਦਿੱਤੀ ਸੀ ਕਿ ਪਾਕਿਸਤਾਨ ਵਿਚ ਮਰਦਮਸ਼ੁਮਾਰੀ ਵੇਲੇ ਮੁਸਲਿਮ, ਈਸਾਈ, ਹਿੰਦੂ, ਅਹਿਮਦੀਆ ਅਤੇ ਹੋਰ ਅਨੁਸੂਚਿਤ ਜਾਤਾਂ ਨੂੰ ਵੱਖਰੇ ਭਾਈਚਾਰੇ ਵਜੋਂ ਦਰਜ ਕੀਤਾ ਜਾਂਦਾ ਹੈ ਅਤੇ ਮਰਦਮਸ਼ੁਮਾਰੀ ਫਾਰਮ ਵਿੱਚ ਇਨ੍ਹਾਂ ਵਾਸਤੇ ਵੱਖਰੇ ਕਾਲਮ ਬਣੇ ਹੋਏ ਹਨ ਪਰ ਸਿੱਖ ਧਰਮ ਦੇ ਲੋਕਾਂ ਦੀ ਵੱਖਰੀ ਗਿਣਤੀ ਨਹੀਂ ਹੁੰਦੀ ਅਤੇ ਨਾ ਹੀ ਕੋਈ ਵੱਖਰਾ ਖਾਨਾ ਬਣਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਸਿੱਖ ਧਰਮ ਦੀ ਸ਼ੁਰੂਆਤ ਪਾਕਿਸਤਾਨ ਵਿੱਚੋਂ ਹੋਈ ਸੀ ਅਤੇ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਚ ਹੈ। ਪਰ ਸਿੱਖ ਭਾਈਚਾਰਾ ਨਿਰਾਸ਼ ਹੈ ਕਿ ਉਨ੍ਹਾਂ ਨੂੰ ਆਪਣੀ ਜਨਮ ਭੂਮੀ ‘ਤੇ ਹੀ ਪੱਕੇ ਨਾਗਰਿਕ ਨਹੀਂ ਮੰਨਿਆ ਜਾਂਦਾ। ਇਸ ਮਾਮਲੇ ਵਿੱਚ ਅਕਤੂਬਰ 2018 ਵਿਚ ਸੁਪਰੀਮ ਕੋਰਟ ਵੱਲੋਂ ਪਾਕਿਸਤਾਨ ਅੰਕੜਾ ਬਿਊਰੋ ਦੇ ਚੀਫ਼ ਕਮਿਸ਼ਨਰ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਕਿ ਮਰਦਮਸ਼ੁਮਾਰੀ ਵੇਲੇ ਸਿੱਖ ਭਾਈਚਾਰੇ ਨੂੰ ਵੱਖਰੇ ਧਰਮ ਵਜੋਂ ਮਾਨਤਾ ਦੇਣ ਲਈ ਮਰਦਮਸ਼ੁਮਾਰੀ ਫਾਰਮ ਵਿੱਚ ਵੱਖਰਾ ਕਾਲਮ ਬਣਾਇਆ ਜਾਵੇ। ਪਰ ਉਸ ਵੇਲੇ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਚੱਲ ਰਹੀ ਸੀ ਅਤੇ ਇਸ ਲਈ ਉਸ ਵੇਲੇ ਪ੍ਰਕਿਰਿਆ ਕੋਈ ਅੜਿੱਕਾ ਨਾ ਪਾਉਣ ਕਰਕੇ ਮਰਦਮਸ਼ੁਮਾਰੀ ਫਾਰਮ ਨੂੰ ਜਿਵੇਂ ਦਾ ਤਿਵੇਂ ਰੱਖਿਆ ਗਿਆ ਸੀ। ਪਰ ਹੁਣ ਭਵਿੱਖ ਵਿਚ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਸਿੱਖ ਭਾਈਚਾਰੇ ਲਈ ਵੱਖਰਾ ਕਾਲਮ ਹੋਵੇਗਾ।
ਇਸ ਸਬੰਧ ਵਿੱਚ ਪਾਕਿਸਤਾਨ ‘ਚ ਰਹਿੰਦੇ ਬਾਬਾ ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਪਾਕਿਸਤਾਨੀ ਅੰਕੜਾ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਭਵਿੱਖ ਵਿਚ ਹੋਣ ਵਾਲੀ ਜਨਗਣਨਾ ਵੇਲੇ ਸਿੱਖਾਂ ਨੂੰ ਵੱਖਰੇ ਭਾਈਚਾਰੇ ਵਜੋਂ ਫਾਰਮ ਵਿੱਚ ਬਣਾਏ ਗਏ ਵੱਖਰੇ ਕਾਲਮ ਨੰਬਰ 6 ਵਿੱਚ ਦਰਜ ਕੀਤਾ ਜਾਵੇਗਾ।
ਇਸ ਸਬੰਧ ਵਿਚ ਅੰਕੜਾ ਵਿਭਾਗ ਵੱਲੋਂ ਤਿਆਰ ਕੀਤੇ ਨਵੇ ਮਰਦਮਸ਼ੁਮਾਰੀ ਫਾਰਮ ਦੀ ਇੱਕ ਕਾਪੀ ਵੀ ਉਨ੍ਹਾਂ ਨੂੰ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਹੋਣ ਵਾਲੀ ਜਨਗਣਨਾ ਵੇਲੇ ਸਿੱਖਾਂ ਦੀ ਅਬਾਦੀ ਅਤੇ ਗਿਣਤੀ ਦੇ ਸਹੀ ਅੰਕੜੇ ਸਾਹਮਣੇ ਆਉਣਗੇ। ਇਸੇ ਦੇ ਅਧਾਰ ‘ਤੇ ਕੌਮੀ ਅਸੈਂਬਲੀ ਵਿਚ ਸਿੱਖਾਂ ਨੂੰ ਸੀਟਾਂ ਵੀ ਮਿਲਣਗੀਆਂ। ਇਸ ਤੋਂ ਇਲਾਵਾ ਵਿੱਦਿਅਕ ਮਾਮਲੇ ਤੇ ਹੋਰ ਸੇਵਾਵਾਂ ਵਿੱਚ ਵੀ ਲਾਭ ਪ੍ਰਾਪਤ ਹੋਵੇਗਾ।
ਐਡਵੋਕੇਟ ਧਾਮੀ ਨੇ ਪਾਕਿ ਸੁਪਰੀਮ ਕੋਰਟ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਅੰਦਰ ਮਰਦਮਸ਼ੁਮਾਰੀ ਦੇ ਫਾਰਮ ‘ਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕਰਨ ਦਾ ਸਵਾਗਤ ਕਰਦਿਆਂ ਪਾਕਿਸਤਾਨੀ ਸੁਪਰੀਮ ਕੋਰਟ ਦੀ ਸ਼ਲਾਘਾ ਕੀਤੀ ਹੈ। ਐਡਵੋਕੇਟ ਧਾਮੀ ਨੇ ਇਸ ਕਾਰਜ ਲਈ ਯਤਨ ਕਰਨ ਵਾਲਿਆਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਕਿਸਤਾਨ ਅੰਦਰ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਲੰਮੇ ਅਰਸੇ ਬਾਅਦ ਮਾਨਤਾ ਮਿਲਣਾ ਪੂਰੀ ਕੌਮ ਲਈ ਖ਼ੁਸ਼ੀ ਵਾਲੀ ਗੱਲ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਵੱਖਰੀ ਕੌਮ ਵਜੋਂ ਮਾਨਤਾ ਮਿਲਣ ਤੋਂ ਬਾਅਦ ਪਾਕਿਸਤਾਨ ‘ਚ ਵੱਸਦੇ ਸਿੱਖਾਂ ਨੂੰ ਵੱਖ-ਵੱਖ ਥਾਵਾਂ ‘ਤੇ ਪ੍ਰਤੀਨਿਧਤਾ ਕਰਨ ਲਈ ਫ਼ਾਇਦਾ ਮਿਲੇਗਾ ਅਤੇ ਦੇਸ਼ ਅੰਦਰ ਸਿੱਖਾਂ ਦੇ ਸਹੀ ਅੰਕੜੇ ਬਾਰੇ ਵੀ ਜਾਣਕਾਰੀ ਮਿਲੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਅੱਗੇ ਕਿਹਾ ਕਿ ਪੂਰੀ ਦੁਨੀਆ ਵਿਚ ਸਿੱਖਾਂ ਨੇ ਆਪਣੀ ਵੱਖਰੀ ਪਛਾਣ ਨਾਲ ਵੱਡੇ-ਵੱਡੇ ਮੁਕਾਮ ਹਾਸਲ ਕੀਤੇ ਹਨ ਅਤੇ ਸਿੱਖਾਂ ਨੂੰ ਉਨ੍ਹ÷ ਾਂ ਦੀ ਪਛਾਣ ਸਮੇਤ ਹਰ ਦੇਸ਼ ਨੂੰ ਪ੍ਰਵਾਨ ਕਰਨਾ ਜ਼ਰੂਰੀ ਹੈ।