ਤਲਵਿੰਦਰ ਸਿੰਘ ਬੁੱਟਰ
14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਵਿਸ਼ਾਲ ਪੰਥਕ ਇਕੱਠ ਵਿਚੋਂ ਹੋਂਦ ‘ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਵਿਧਾਨ ਦੀ ਸਿਰਜਣਾ ਦੇ ਮੁੱਖ ਮੰਤਵ; ਗੁਰਦੁਆਰਿਆਂ ਦਾ ਇਮਾਨਦਾਰਾਨਾ ਸੰਗਤੀ ਪ੍ਰਬੰਧ ਕਾਇਮ ਕਰਨਾ, ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਅਤੇ ਅਨਮਤ ਦੇ ਹਮਲਿਆਂ ਦਾ ਪ੍ਰਹਾਰ ਕਰਨਾ, ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਤ ਨਿਆਰਾ ਤੇ ਸੁਤੰਤਰ ਕੌਮੀ ਹਸਤੀ ਵਾਲਾ ਪੰਥ ਤੇ ਦੇਸ਼ ਵਿਚ ਸਿੱਖਾਂ ਲਈ ਸਨਮਾਨਜਨਕ ਖ਼ੁਦਮੁਖ਼ਤਿਆਰ ਰਾਜਸੀ ਸਥਾਨ ਦੀ ਪ੍ਰਾਪਤੀ ਕਰਨਾ ਸੀ।
ਭਾਰਤ ਦੀ ਆਜ਼ਾਦੀ ਲਹਿਰ ‘ਚ ਪੰਜਾਬ ਦੇ ਮੋਹਰੀ ਯੋਗਦਾਨ ਪਿੱਛੇ ਵੀ ਅਕਾਲੀ ਦਲ ਦੀ ਜਥੇਬੰਦਕ ਪ੍ਰੇਰਨਾ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਆਜ਼ਾਦੀ ਦੀਆਂ ਲਹਿਰਾਂ ਵਿਚੋਂ ਇਕੱਲੀ ਅਕਾਲੀ ਲਹਿਰ ਦੌਰਾਨ ਹੀ 500 ਅਕਾਲੀ ਕਾਰਕੁੰਨ ਸ਼ਹੀਦ ਹੋਏ ਸਨ। ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪ੍ਰਭਾਵਸ਼ਾਲੀ ਖੇਤਰੀ ਰਾਜਨੀਤਕ ਪਾਰਟੀ ਵਜੋਂ ਉਭਰਿਆ। ਅਕਾਲੀ ਦਲ ਦੇ ਤੀਜੇ ਪ੍ਰਧਾਨ ਮਾਸਟਰ ਤਾਰਾ ਸਿੰਘ ਆਜ਼ਾਦ ਭਾਰਤ ਅੰਦਰ ਪਹਿਲੇ ਸਿਆਸੀ ਕੈਦੀ ਸਨ, ਜਿਨ੍ਹਾਂ ਨੇ ਸਿੱਖਾਂ ਨਾਲ ਹੋਈ ਵਾਅਦਾ-ਖ਼ਿਲਾਫ਼ੀ ਵਿਰੁੱਧ 19 ਫ਼ਰਵਰੀ 1949 ਨੂੰ ਦਿੱਲੀ ਦੇ ਨਰੇਲਾ ਸਟੇਸ਼ਨ ‘ਤੇ ਗ੍ਰਿਫ਼ਤਾਰੀ ਦਿੱਤੀ ਸੀ। ਇਸੇ ਤਰ੍ਹਾਂ ਸੂਬਿਆਂ ਦੇ ਭਾਸ਼ਾਈ ਆਧਾਰ ‘ਤੇ ਪੁਨਰਗਠਨ ਵੇਲੇ ਵੀ ਪੰਜਾਬ ਨੂੰ ਵਿਚਾਰਿਆ ਨਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬੀ ਸੂਬਾ ਬਣਾਉਣ ਲਈ ਪਹਿਲਾਂ ਸੰਨ 1955 ਤੇ ਫਿਰ 1960 ਵਿਚ ਲਗਾਏ ਮੋਰਚਿਆਂ ਵਿਚ ਹਜ਼ਾਰਾਂ ਸਿੱਖਾਂ ਨੇ ਗ੍ਰਿਫ਼ਤਾਰੀ ਦਿੱਤੀ ਤੇ ਅਨੇਕਾਂ ਸਿੱਖ ਸ਼ਹੀਦ ਹੋ ਗਏ। ਅਖੀਰ ‘ਚ ਸੰਨ 1966 ਵਿਚ ਪੰਜਾਬੀ ਸੂਬਾ ਬਣਾਇਆ ਗਿਆ ਪਰ ਉਹ ਵੀ ਅੱਧ-ਅਧੂਰਾ ਅਤੇ ਰਾਜਧਾਨੀ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖ਼ਤਮ ਕਰਨ ਵਾਲਾ ਅਤੇ ਅਨੇਕਾਂ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਤੋਂ ਬਾਹਰ ਕਰਨ ਵਾਲਾ। ਦਰਿਆਈ ਪਾਣੀ, ਡੈਮ ਪ੍ਰਬੰਧ ਅਤੇ ਯੂਨੀਵਰਸਿਟੀ ਵਰਗੇ ਮਾਮਲੇ ਵਿਚਾਰੇ ਹੀ ਨਾ ਗਏ।
ਦੇਸ਼ ਵਿਚ ਸੰਘੀ ਢਾਂਚੇ ਦਾ ਨਿਰਮਾਣ ਕਰਕੇ ਪੰਜਾਬ ਨੂੰ ਖ਼ੁਦਮੁਖ਼ਤਿਆਰੀ ਦੇਣ, ਦਰਿਆਈ ਪਾਣੀਆਂ, ਰਾਜਧਾਨੀ ਚੰਡੀਗੜ੍ਹ, ਪੰਜਾਬ ਬੋਲਦੇ ਇਲਾਕੇ ਪੰਜਾਬ ਹਵਾਲੇ ਕਰਨ ਸਮੇਤ ਹੋਰ ਅਨੇਕਾਂ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ ਨੇ 4 ਅਗਸਤ 1982 ਵਿਚ ਧਰਮ ਯੁੱਧ ਮੋਰਚਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੌਮ ਦੀ ਭਾਰਤ ਅੰਦਰ ਵੱਖਰੀ ਕੌਮੀਅਤ ਅਤੇ ਪਛਾਣ ‘ਚ ਅੜਚਣ ਬਣਨ ਵਾਲੀ ‘ਸੰਵਿਧਾਨ ਦੀ ਧਾਰਾ-25-ਬੀ’ ਦਾ ਵੀ ਡਟਵਾਂ ਵਿਰੋਧ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ‘ਚ ਢਾਈ ਲੱਖ ਦੇ ਕਰੀਬ ਸਿੱਖਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਅਤੇ ਅਸਹਿ-ਅਕਹਿ ਤਸ਼ੱਦਦ ਝੱਲੇ। ਗ੍ਰਿਫ਼ਤਾਰੀਆਂ ਦੇਣ ਲਈ ਸਭ ਤੋਂ ਪਹਿਲਾ ਜਥਾ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਗਿਆ। ਕੇਂਦਰ ਦੀ ਕਾਂਗਰਸ ਸਰਕਾਰ ਨੇ ਇਸ ਮੋਰਚੇ ਨੂੰ ਕੁਚਲਣ ਲਈ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੰਜਾਬ ‘ਚ ਹਿੰਸਾ ਦੀ ਬੇਰੋਕ ਜਵਾਲਾ ਭੜਕ ਪਈ ਪਰ ਨਾਸਾਜ਼ ਹਾਲਾਤ ਨੂੰ ਟਾਲਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਅਤੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਿਚਾਲੇ 24 ਜੁਲਾਈ 1985 ਨੂੰ ਇਕ ਸਮਝੌਤਾ ਵੀ ਸਹੀਬੱਧ ਹੋਇਆ, ਜਿਸ ਤਹਿਤ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਕੇ ਪੰਜਾਬ ‘ਚ ਮੁੜ ਅਮਨ-ਅਮਾਨ ਸਥਾਪਤ ਕਰਨ ਦੇ ਯਤਨ ਕੀਤੇ ਜਾਣੇ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਦਾ 20 ਅਗਸਤ 1985 ਨੂੰ ਕਤਲ ਹੋਣ ਤੋਂ ਬਾਅਦ ਇਹ ਸਮਝੌਤਾ ਵੀ ਸਿਰੇ ਨਾ ਚੜ੍ਹ ਸਕਿਆ।
ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ‘ਚ 9 ਵਾਰੀ ਸ਼੍ਰੋਮਣੀ ਅਕਾਲੀ ਦਲ ਸੱਤਾ ‘ਚ ਤਾਂ ਆਇਆ ਪਰ 1997 ਵਿਚ ਪਹਿਲੀ ਵਾਰ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਨਾਲ ਪੂਰੇ ਪੰਜ ਸਾਲ ਸਰਕਾਰ ਚਲਾਈ। ਸਾਲ 2007 ਅਤੇ 2012 ਵਿਚ ਲਗਾਤਾਰ 10 ਸਾਲ ਅਕਾਲੀ ਦਲ ਸੱਤਾ ‘ਚ ਰਿਹਾ। ਇਸ ਦੌਰਾਨ ਬੇਸ਼ੱਕ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਨੇ ਸੜਕਾਂ, ਪੁਲਾਂ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਦੇ ਮਾਮਲੇ ‘ਚ ਬੇਤਹਾਸ਼ਾ ਵਿਕਾਸ ਕੀਤਾ ਪਰ ਇਸ ਦੌਰਾਨ ਆਪਣੀ ਪਾਰਟੀ ਦੀ ਸਿਧਾਂਤਕ ਵਿਚਾਰਧਾਰਾ ਅਤੇ ਪੰਜਾਬ ਦੇ ਰਵਾਇਤੀ ਸਰੋਕਾਰਾਂ ਤੋਂ ਦੂਰ ਹੋਣ ਕਾਰਨ ਅਕਾਲੀ ਦਲ ਆਪਣੇ ਰਵਾਇਤੀ ਵੋਟ ਬੈਂਕ ਤੋਂ ਦੂਰ ਹੁੰਦਾ ਗਿਆ। ਅਕਾਲੀ ਸਰਕਾਰ ਦੌਰਾਨ ਪੰਜਾਬ ‘ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਅਕਾਲੀ ਦਲ ਦੇ ਕੇਡਰ ਦੇ ਵਿਸ਼ਵਾਸ ਨੂੰ ਭਾਰੀ ਸੱਟ ਮਾਰੀ। ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਗੱਠਜੋੜ ਦੌਰਾਨ; ਗੱਠਜੋੜ ਧਰਮ ਅਤੇ ਆਪਣੀ ਸੁਤੰਤਰ ਹੋਂਦ-ਹਸਤੀ-ਵਿਚਾਰਧਾਰਾ-ਰਵਾਇਤ ਵਿਚਾਲੇ ਲੋੜੀਂਦਾ ਤਵਾਜ਼ਨ ਬਣਾਈ ਰੱਖਣ ‘ਚ ਅਕਾਲੀ ਦਲ ਅਸਫਲ ਰਿਹਾ, ਜਿਸ ਕਾਰਨ ਅਜਿਹਾ ਜਾਪਣ ਲੱਗਾ ਜਿਵੇਂ ਅਕਾਲੀ ਦਲ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਦੀ ਬਜਾਇ ਭਾਜਪਾ ਦੇ ਇਕ ਵਿੰਗ ਵਾਂਗ ਕੰਮ ਕਰ ਰਿਹਾ ਹੋਵੇ। ਬੇਸ਼ੱਕ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਵਿਵਾਦਗ੍ਰਸਤ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨੀ ਸੰਘਰਸ਼ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ 23 ਸਾਲ ਪੁਰਾਣਾ ਨਾਤਾ ਤੋੜ ਲਿਆ ਪਰ ਆਪਣੇ ਰਵਾਇਤੀ ਪੰਥਕ ਵੋਟ ਬੈਂਕ ਦੀ ਬੇਵਿਸ਼ਵਾਸੀ ਕਾਰਨ 2017 ਤੋਂ ਬਾਅਦ 2022 ‘ਚ ਵੀ ਅਕਾਲੀ ਦਲ ਸੱਤਾ ਤੋਂ ਬਾਹਰ ਰਿਹਾ। ਇਸ ਦੇ ਨਾਲ ਇਸ ਦਾ ਵੋਟ ਪ੍ਰਤੀਸ਼ਤ ਵੀ 2017 ਵਿਚ ਹਾਸਲ ਕੀਤੇ 25.2% ਤੋਂ ਘੱਟ ਕੇ 18.38% ਤੱਕ ਸਿਮਟ ਕੇ ਰਹਿ ਗਿਆ ਹੈ, ਜੋ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਅਕਾਲੀ ਦਲ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਹੈ। ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਜਥੇਦਾਰ ਮੋਹਨ ਸਿੰਘ ਤੁੜ ਵਰਗੇ ‘ਪੰਥ ਵਸੇ ਮੈਂ ਉੱਜੜਾਂ’ ਦੇ ਧਾਰਨੀ ਅਸੂਲਪ੍ਰਸਤ ਤੇ ਸਮਰਪਿਤ ਆਗੂਆਂ ਦੀ ਅਗਵਾਈ ‘ਚ ਪਲਿਆ-ਫੁਲਿਆ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਆਪਣੀ ਹੋਂਦ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।
ਜਿਹੜਾ ਅਕਾਲੀ ਦਲ 1975 ਦੀ ਐਮਰਜੈਂਸੀ ਵਰਗੇ ਹਾਲਾਤ ‘ਚ ਦੇਸ਼ ਦੀ ਜਮਹੂਰੀਅਤ ਲਈ ਅੱਗੇ ਹੋ ਕੇ ਲੜਿਆ ਅਤੇ ਜਿਹੜਾ ਅਕਾਲੀ ਦਲ ਹਮੇਸ਼ਾ ਸੂਬਿਆਂ ਦੇ ਵੱਧ ਅਧਿਕਾਰਾਂ ਅਤੇ ਸੰਘੀ ਢਾਂਚੇ ਲਈ ਸੰਘਰਸ਼ਸ਼ੀਲ ਰਹਿੰਦਾ ਸੀ, ਉਹ ਅਕਾਲੀ ਦਲ ‘ਸੱਤਾ ਲਈ ਵੋਟਾਂ ਅਤੇ ਵੋਟਾਂ ਲਈ ਸੱਤਾ’ ਦੇ ਮਨੋਰਥ ਤੱਕ ਹੀ ਸੀਮਤ ਹੋ ਕੇ ਰਹਿਣ ਕਾਰਨ ਦੇਸ਼ ਦੇ ਰਾਜਸੀ ਦ੍ਰਿਸ਼ ‘ਚੋਂ ਅੱਜ ਲਗਪਗ ਗੈਰ-ਪ੍ਰਸੰਗਿਕ ਹੁੰਦਾ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਜਿਸ ਤਰੀਕੇ ਨਾਲ ਭਾਰਤ ਅੰਦਰ ਫ਼ਿਰਕਾਪ੍ਰਸਤੀ, ਘੱਟ-ਗਿਣਤੀਆਂ ਨਾਲ ਵਧੀਕੀਆਂ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ‘ਤੇ ਹਮਲੇ, ਰਾਜਸੀ ਅਧਿਕਾਰਾਂ ਦੇ ਕੇਂਦਰੀਕਰਨ ਅਤੇ ਸੂਬਿਆਂ, ਖ਼ਿੱਤਿਆਂ, ਸੱਭਿਆਚਾਰਾਂ ਤੇ ਬੋਲੀਆਂ ਦੀ ਵੰਨ-ਸੁਵੰਨਤਾ ਨੂੰ ਖ਼ਤਮ ਕਰਕੇ ਸਾਰੇ ਦੇਸ਼ ‘ਚ ਇਕ ਬੋਲੀ, ਇਕ ਸਭਿਆਚਾਰ ਤੇ ਇਕ ਮਜ਼੍ਹਬ ਨੂੰ ਪ੍ਰਫੁਲਿਤ ਕਰਨ ਦੀਆਂ ਸਰਗਰਮੀਆਂ ਚੱਲ ਰਹੀਆਂ ਹਨ, ਪੰਜਾਬ ਦੇ ਖੇਤਰੀ ਅਧਿਕਾਰਾਂ ਨਾਲ ਵਿਤਕਰਾ ਵੱਧਦਾ ਜਾ ਰਿਹਾ ਹੈ, ਰਾਜਧਾਨੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਅਤੇ ਭਾਖੜਾ ਡੈਮ ਵਿਚੋਂ ਜਿਸ ਤਰੀਕੇ ਨਾਲ ਪੰਜਾਬ ਦੇ ਅਧਿਕਾਰਾਂ ਨੂੰ ਮਨਸੂਖ ਕਰਕੇ ਉਨ੍ਹਾਂ ਨੂੰ ਕੇਂਦਰੀ ਪ੍ਰਬੰਧਾਂ ਵਿਚ ਲਿਆ ਗਿਆ, ਉਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਰਗੀ ਜਥੇਬੰਦੀ ਦਾ ਇਤਿਹਾਸ ਇਸ ਨੂੰ ਦੇਸ਼ ਦੀ ਜਮਹੂਰੀਅਤ ਅਤੇ ਖੇਤਰੀ ਅਧਿਕਾਰਾਂ ਦੀ ਰਾਖੀ ਲਈ ਆਵਾਜ਼ ਉਠਾਉਣ ਲਈ ਪ੍ਰੇਰਿਤ ਕਰਦਾ ਰਿਹਾ ਪਰ ਅਕਾਲੀ ਦਲ ਆਪਣੀ ਲੀਡਰਸ਼ਿਪ ਦੇ ਸੰਕਟ ਵਿਚ ਫਸਿਆ ਹੋਣ ਕਾਰਨ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਅ ਸਕਿਆ।
ਬੇਸ਼ੱਕ ਕੁਝ ਆਪਣੀ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਅਤੇ ਕੁਝ ਖੇਤਰੀ ਰਾਜਨੀਤੀ ਨੂੰ ਪ੍ਰਭਾਵਹੀਣ ਕਰਨ ਦੀ ਨੀਅਤ ਨਾਲ ਕੇਂਦਰੀ ਪਾਰਟੀਆਂ ਵਲੋਂ ਸਿਰਜੇ ਸੂਖਮ ਰਾਜਨੀਤਕ ਬਿਰਤਾਂਤਾਂ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰਾਜਨੀਤੀ ‘ਚ ਲਗਪਗ ਹਾਸ਼ੀਏ ‘ਤੇ ਚਲਾ ਗਿਆ ਹੈ ਪਰ ਅਜੋਕੇ ਕੌਮੀ ਪ੍ਰਸੰਗ ‘ਚ ਸਿੱਖਾਂ ਅਤੇ ਪੰਜਾਬ ਦੇ ਸਰਬਪੱਖੀ ਹਿਤਾਂ ਦੀ ਦੇਸ਼ ਅੰਦਰ ਸੁਰੱਖਿਆ ਅਤੇ ਪ੍ਰਤੀਨਿਧਤਾ ਲਈ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ। ਭਾਰਤੀ ਜਨਤਾ ਪਾਰਟੀ ਮਜ਼ਬੂਤ ਰਾਸ਼ਟਰਵਾਦ ਨੂੰ ਪ੍ਰਣਾਈ ਹੋਈ ਅਤੇ ਕਾਂਗਰਸ ਵੀ ਮਜ਼ਬੂਤ ਕੇਂਦਰ ਦੀ ਹਾਮੀ ਪਾਰਟੀ ਹੋਣ ਕਾਰਨ ਦੇਸ਼ ਦੀ ਖੇਤਰੀ, ਭਾਸ਼ਾਈ, ਸਭਿਆਚਾਰਕ ਅਤੇ ਧਾਰਮਿਕ ਵੰਨ-ਸੁਵੰਨਤਾ ਅਤੇ ਸੂਬਿਆਂ ਦੇ ਰਾਜਸੀ ਅਧਿਕਾਰਾਂ ਦੀ ਰਖਵਾਲੀ ਲਈ ਖੇਤਰੀ ਰਾਜਨੀਤੀ ਦੇ ਬਿਰਤਾਂਤ ਨੂੰ ਉਭਾਰਨ ਦੀ ਬੇਹੱਦ ਲੋੜ ਹੈ ਅਤੇ ਇਸ ਪ੍ਰਸੰਗ ‘ਚ ਸ਼੍ਰੋਮਣੀ ਅਕਾਲੀ ਦਲ ਹੀ ਇਕੋ-ਇਕ ਪਾਰਟੀ ਹੈ, ਜੋ ਆਪਣੇ ਸ਼ਾਨਾਮੱਤੇ ਇਤਿਹਾਸ, ਵਿਚਾਰਧਾਰਾ ਅਤੇ ਪਰੰਪਰਾ ਤੋਂ ਸੇਧ ਲੈ ਕੇ ਅਗਵਾਈ ਕਰ ਸਕਦਾ ਹੈ।