Breaking News
Home / ਮੁੱਖ ਲੇਖ / ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲਾ ਸੂਰਬੀਰ ਯੋਧਾ ਬਾਬਾ ਬੀਰ ਸਿੰਘ ਨੌਰੰਗਾਬਾਦੀ

ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲਾ ਸੂਰਬੀਰ ਯੋਧਾ ਬਾਬਾ ਬੀਰ ਸਿੰਘ ਨੌਰੰਗਾਬਾਦੀ

ਸੁਖਦੇਵ ਸਿੰਘ ‘ਭੂਰ ਕੋਹਨਾ’
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖੇਮਕਰਨ ਨੂੰ ਜਾਂਦੀ ਜਰਨੈਲੀ ਸੜਕ ‘ਤੇ ਸਥਿਤ ਇਤਿਹਾਸਕ ਅਸਥਾਨ ਬੀੜ ਬਾਬਾ ਬੁੱਢਾ ਜੀ ਸਾਹਿਬ ਤੋਂ ਅੱਗੇ ਲੰਘ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ, ਗੁਰੂ ਘਰ ਦੇ ਅਨਿਨ ਸਿੱਖ ਭਾਈ ਲੰਗਾਹ ਜੀ ਅਤੇ ਖਿਦਰਾਣੇ ਦੀ ਢਾਬ ਦੀ ਜੰਗ ਦੀ ਪ੍ਰਮੁੱਖ ਪਾਤਰ ਮਾਈ ਭਾਗੋ ਜੀ ਦੇ ਨਗਰ ਕਸਬਾ ਝਬਾਲ ਤੋਂ 5 ਮੀਲ ਅੱਗੇ ਪਿੰਡ ਗੱਗੋਬੂਆ ਜ਼ਿਲਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਦੇ ਭਾਈ ਸੇਵਾ ਸਿੰਘ ਜੀ ਦੇ ਗ੍ਰਹਿ ਮਾਤਾ ਧਰਮ ਕੌਰ ਦੀ ਕੁੱਖੋਂ, ਸੰਤ ਅਤੇ ਸਿਪਾਹੀ ਦੇ ਗੁਣਾ ਨਾਲ ਭਰਪੂਰ ਬਾਬਾ ਬੀਰ ਸਿੰਘ ਜੀ ਦਾ ਜਨਮ ਤਿੰਨ ਸਾਵਣ 1825 ਬਿਕਰਮੀ ਮੁਤਾਬਿਕ ਜੁਲਾਈ 1768 ਨੂੰ ਹੋਇਆ।ਆਪ ਜੀ ਦੇ ਪਿਤਾ ਭਾਈ ਸੇਵਾ ਸਿੰਘ ਜੋ ਸ:ਨਿਹਾਲ ਸਿੰਘ ਅਟਾਰੀਵਾਲੇ ਦੀ ਫੌਜ ਵਿੱਚ ਭਰਤੀ ਸਨ ਅਤੇ ਮੁਲਤਾਨ ਦੀ ਜੰਗ ਵਿੱਚ ਸ਼ਹੀਦ ਹੋ ਗਏ।
ਬਾਬਾ ਬੀਰ ਸਿੰਘ ਜੀ ਨੂੰ ਸਿੱਖੀ ਦੀ ਗੁੜਤੀ ਘਰ ਵਿੱਚੋਂ ਹੀ ਮਿਲੀ।ਪਿਤਾ ਜੀ ਦੀ ਸ਼ਹੀਦੀ ਤੋਂ ਬਾਬਾ ਬੀਰ ਸਿੰਘ ਜੀ ਸਿੱਖ ਫੌਜ ਵਿੱਚ ਭਰਤੀ ਹੋ ਗਏ।ਜਿਸ ਦੌਰਾਨ ਕਸ਼ਮੀਰ, ਮੁਲਤਾਨ, ਪੇਸ਼ਾਵਰ ਦੀਆਂ ਜੰਗਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।ਬਾਬਾ ਚੰਦਾ ਸਿੰਘ ਜੀ ਪੱਟੀ ਵਾਲੇ ਜੋ ਗਜ਼ਨੀ ਵਿੱਚ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਸਨ ਅਤੇ ਸੰਤ ਬਾਬਾ ਭਾਗ ਸਿੰਘ ਜੀ ਕੁਰੀਆਂ ਅਤੇ ਬਾਬਾ ਸਾਹਿਬ ਸਿੰਘ ਬੇਦੀ ਊਨੇ ਵਾਲਿਆਂ ਦੇ ਚੰਗੇ ਸ਼ਰਧਾਲੂ ਸਨ, ਦੀ ਪ੍ਰੇਰਨਾ ਸਦਕਾ ਬਾਬਾ ਬੀਰ ਸਿੰਘ ਜੀ ਦਾ ਮੇਲ ਵੀ ਉਪਰੋਕਤ ਦੋਹਾਂ ਸ਼ਖਸ਼ੀਅਤਾਂ ਨਾਲ ਹੋਇਆ। ਕੁੱਝ ਸਮੇਂ ਬਾਅਦ ਆਪ ਜੀ ਨੇ ਫੌਜ ਦੀ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਅਤੇ ਰਾਵਲਪਿੰਡੀ ਤੋਂ ਵਾਪਸ ਗੱਗੋਬੂਆ ਆਉਂਦਿਆਂ ਸੰਤ ਭਾਗ ਸਿੰਘ ਜੀ ਨੂੰ ਮਿਲੇ ਅਤੇ ਉਨ੍ਹਾਂ ਦੇ ਨਾਲ ਬਾਬਾ ਸਾਹਿਬ ਸਿੰਘ ਬੇਦੀ ਕੋਲ ਰਹਿ ਕੇ ਸੇਵਾ ਕਰਦੇ ਰਹੇ।
ਸਮਾਂ ਪਾ ਕੇ ਸ੍ਰ: ਚੰਦਾ ਸਿੰਘ ਜੀ ਦੀ ਪ੍ਰੇਰਨਾ ਨਾਲ ਤਰਨ ਤਾਰਨ ਤੋਂ ਗੋਇੰਦਵਾਲ ਰੋਡ ਤੇ ਪਿੰਡ ਨੌਰੰਗਾਬਾਦ ਵਿਖੇ ਡੇਰਾ ਬਣਾ ਕੇ ਸੰਗਤਾਂ ਦੀ ਸੇਵਾ ਕਰਨ ਲੱਗ ਪਏ, ਜਿਸ ਕਰਕੇ ਆਪ ਜੀ ਦੇ ਨਾਮ ਨਾਲ ਨੌਰੰਗਾਬਾਦੀ ਸ਼ਬਦ ਜੁੜ ਗਿਆ।
ਇਤਿਹਾਸ ਮੁਤਾਬਿਕ ਨੌਰੰਗਾਬਾਦ ਬਾਬਾ ਜੀ ਦਾ ਡੇਰਾ ਜੋ ਕਿਲੇ ਦੀ ਸ਼ਕਲ ਵਿੱਚ ਬਣਿਆ ਸੀ, ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਪ੍ਰਸ਼ਾਦਾ ਛਕਦੀ ਸੀ।ਬਾਬਾ ਜੀ ਕੋਲ ਬਾਬਾ ਮਹਾਰਾਜ ਸਿੰਘ ਵਰਗੇ ਮਹਾਨ ਤੱਪਸਵੀ ਪਹਿਲੇ ਅਜਾਦੀ ਘੁਲਾਟੀਏ ਡੇਰਾ ਨੌਰੰਗਾਬਾਦ ਵਿਖੇ ਰਹਿੰਦੇ ਸਨ। ਬਾਬਾ ਬੀਰ ਸਿੰਘ ਜੀ ਦੀ ਯਾਦ ਵਿੱਚ ਪੂਰੇ ਦੇਸ਼ ਵਿੱਚ 360 ਗੁਰਦੁਆਰਾ ਸਾਹਿਬਾਨ ਹਨ।
ਬਾਬਾ ਜੀ ਕੋਲ ਹਰ ਵੇਲੇ 1200 ਪੈਦਲ, 300 ਘੋੜ ਸਵਾਰ ਅਤੇ 02 ਤੋਪਾਂ ਹੁੰਦੀਆਂ ਸਨ। ਬਾਬਾ ਜੀ ਦਲ ਪੰਥ ਦੇ ਨਾਲ ਵੱਖ-ਵੱਖ ਥਾਵਾਂ ਤੇ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹਿੰਦੇ ਸਨ। 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਅਤੇ ਬਾਅਦ ਨਵੰਬਰ 1840 ਵਿੱਚ ਮਹਾਰਾਜਾ ਖੜਕ ਸਿੰਘ ਤੇ ਕੰਵਰ ਨੌ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਨੂੰ ਜਿਵੇਂ ਕਿਸੇ ਚੰਦਰੇ ਦੀ ਬੁਰੀ ਨਜਰ ਲੱਗ ਗਈ ਹੋਵੇ। ਡੋਗਰਿਆਂ ਦੀਆਂ ਕੁਟਲਨੀਤੀਆਂ ਸਦਕਾ ਸਿੱਖ ਜਰਨੈਲਾਂ ‘ਤੇ ਸਿੱਖ ਫੌਜਾਂ ਵਿੱਚ ਮਾਰੋ-ਮਾਰ ਪੈ ਗਈ, ਜਿਸ ਬਾਰੇ ਸ਼ਾਹ ਮੁਹੰਮਦ ਲ਼ਿਖਦੇ ਹਨ ਕਿ:-
‘ਸਿਰ ਫੌਜ ਦੇ ਰਿਹਾ ਨਾ ਕੋਈ ‘ਕੁੰਡਾ’ ਹੋਏ ਸ਼ੁਤਰ ਜਿਉ ਬਾਝ ਮੁਹਾਰ ਮੀਆਂ
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ’
ਮਹਾਰਾਜਾ ਸ਼ੇਰ ਸਿੰਘ ਅਤੇ ਧਿਆਨ ਸਿੰਘ ਡੋਗਰੇ ਦੇ ਸੰਧਾਵਾਲੀਆ ਹੱਥੋਂ ਹੋਏ ਕਤਲ ਉਪਰੰਤ ਸਿੱਖ ਫੌਜਾਂ ਦੀ ਅਗਵਾਈ ਸਿੱਧੇ ਰੂਪ ਵਿੱਚ ਹੀਰਾ ਸਿੰਘ ਡੋਗਰੇ ਦੇ ਹੱਥ ਆ ਗਈ। ਸਿੱਖ ਜਰਨੈਲ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਬਗਾਵਤਾਂ ਕਰਨ ਲੱਗੇ। ਸ੍ਰ: ਜਵਾਹਰ ਸਿੰਘ ਨਲੂਆ, ਸ੍ਰ: ਅਤਰ ਸਿੰਘ ਸੰਧਾਂਵਾਲੀਆਂ ਵਰਗੇ ਜਰਨੈਲ ਬਾਬਾ ਬੀਰ ਸਿੰਘ ਦੀ ਸ਼ਰਨ ਵਿੱਚ ਆ ਗਏ। ਉਧਰ ਕੰਵਰ ਕਸ਼ਮੀਰਾ ਸਿੰਘ ਫੌਜਾਂ ਸਮੇਤ ਬਗਾਵਤ ਕਰਕੇ ਰਾਵੀ ਪਾਰ ਕਰਕੇ ਬਾਬਾ ਬੀਰ ਸਿੰਘ ਜੀ ਪਾਸ ਆ ਰਹੇ ਸਨ। ਰਸਤੇ ਵਿੱਚ ਖਾਲਸਾ ਰਾਜ ਦੀਆਂ ਫੌਜਾਂ ਨਾਲ ਲੜਾਈ ਹੋਣ ਕਰਕੇ ਕੰਵਰ ਕਸ਼ਮੀਰਾ ਸਿੰਘ ਦੀ ਫੌਜ ਮਾਰੀ ਗਈ। ਕੰਵਰ ਕਸ਼ਮੀਰਾ ਸਿੰਘ ਆਪਣੀ ਪਤਨੀ ਸਮੇਤ ਘੋੜੇ ਤੇ ਹਮਲਾਵਰ ਫੌਜਾਂ ਤੋਂ ਬਚਦੇ ਹੋਏ ਅੱਗੇ ਨਿਕਲ ਗਏ। ਰਸਤੇ ਵਿੱਚ ਕੰਵਰ ਰਾਣੀ ਦੇ ਕੁੱਖੋਂ ਮਲਾਹ ਦੀ ਝੁੱਗੀ ਵਿੱਚ ਬੱਚਾ ਪੈਦਾ ਹੋਇਆ, ਜੋ ਕੁੱਝ ਸਮੇਂ ਬਾਅਦ ਹੀ ਚੜ੍ਹਾਈ ਕਰ ਗਿਆ। ਬੱਚੇ ਦੀ ਲਾਸ਼ ਨੂੰ ਦਰਿਆ ਰਾਵੀ ਵਿੱਚ ਰੋੜ ਕੇ ਕੰਵਰ ਕਸ਼ਮੀਰਾ ਸਿੰਘ ਪਤਨੀ ਸਮੇਤ ਘੋੜੇ ਤੇ ਨੌਰੰਗਾਬਾਦ ਨੂੰ ਚੱਲ ਪਏ।
ਨੌਰੰਗਾਬਾਦ ਪਹੁੰਚਣ ਤੇ ਪਤਾ ਲੱਗਾ ਕੇ ਬਾਬਾ ਜੀ ਸਾਥੀਆਂ ਸਮੇਤ ਸਤਲੁਜ ਦਰਿਆ ਦੇ ਕੰਢੇ ਸਭਰਾਅ ਪਿੰਡ ਦੇ ਕੋਲ ਡੇਰਾ ਲਗਾਈ ਬੈਠੇ ਹਨ। ਉਥੇ ਪਹੁੰਚ ਕੇ ਸਾਰਾ ਹਾਲ ਦੱਸਿਆ। ਬਾਬਾ ਜੀ ਨੇ ਕਿਹਾ ਹੁਣ ਤੁਹਾਡੀ ਅਸੀਂ ਰੱਖਿਆ ਕਰਾਂਗੇ। ਉਧਰ ਹੀਰਾ ਸਿੰਘ ਡੋਗਰੇ ਨੂੰ ਖਬਰ ਪਹੁੰਚੀ ਕਿ ਖਾਲਸਾ ਰਾਜ ਦੇ ਸਾਰੇ ਬਾਗੀ ਬਾਬਾ ਜੀ ਕੋਲ ਇਕੱਠੇ ਹੋ ਰਹੇ ਹਨ, ਕਿਤੇ ਮੇਰਾ ਰਾਜ ਪਲਟਾ ਹੀ ਨਾ ਕਰ ਦੇਣ, ਉਨ੍ਹਾ ਨੂੰ ਫੜਨ ਦੇ ਬਹਾਨੇ ਡੇਰੇ ਤੇ ਹਮਲਾ ਕਰਨ ਦੀ ਸਕੀਮ ਘੜੀ ਗਈ। ਬਾਬਾ ਜੀ ਦਾ ਤੇਜ ਤਪ ਦੇਖ ਕੇ ਮੁਸਲਮਾਨ ਫੌਜਾਂ ਨੇ ਬਾਬਾ ਜੀ ਦੇ ਡੇਰੇ ‘ਤੇ ਹਮਲਾ ਕਰ ਤੋਂ ਇਨਕਾਰ ਕਰ ਦਿੱਤਾ ਤੇ ਹੀਰਾ ਸਿੰਘ ਨੇ ਸਿੱਖ ਫੌਜ ਨੂੰ ਵਰਗਲਾ ਕੇ ਹਮਲਾ ਕਰਨ ਲਈ ਤਿਆਰ ਕਰ ਲਿਆ। ਬਾਬਾ ਜੀ ਨੂੰ ਫੌਜ ਦੀ ਤਿਆਰੀ ਦਾ ਪਤਾ ਲੱਗ ਚੁੱਕਾ ਸੀ। ਕੁੱਝ ਸਿੱਖਾਂ ਨੇ ਕਿਹਾ ਕਿ ਸਤਲੁਜ ਤੋਂ ਪਾਰ ਅੰਗਰੇਜ਼ ਰਾਜ ਵਿੱਚ ਚਲੇ ਜਾਈਏ ਤਾਂ ਬਾਬਾ ਜੀ ਨੇ ਕਿਹਾ ਅਸੀ ਡੇਰਾ ਨਹੀ ਛੱਡਣਾ ਜਿਸ ਨੇ ਜਾਣਾ ਹੈ ਉਹ ਚਲਾ ਜਾਵੇ, ਨਾ ਹੀ ਅਸੀ ਅੱਗੋਂ ਹੱਥ ਚੁੱਕਣਾ ਹੈ, ਅਸੀ ਮਲ ਮੂਤਰ ਦਾ ਭਾਂਡਾ, ਪਾਪੀਆਂ ਦੇ ਸਿਰ ਭੰਨਣਾ ਹੈ।
ਮੀਆ ਲਾਭ ਸਿੰਘ, ਗੁਲਾਬ ਸਿੰਘ ਕਲਕਤੀਆਂ ਤੇ ਜਨਰਲ ਕੋਰਟ ਅੰਗਰੇਜ਼ ਦੀ ਅਗਵਾਈ ਵਿੱਚ 12 ਪਲਟਨਾਂ, 120 ਤੋਪਾਂ, 500 ਜਮੂਰੇ ਲੈ ਕੇ ਫੌਜਾਂ ਨੇ ਚੜ੍ਹਾਈ ਕਰ ਦਿੱਤੀ। ਉਸ ਸਮੇਂ ਬਾਬਾ ਜੀ ਪਾਸ ਸਿੱਖ ਸਰਦਾਰਾਂ ਸਮੇਤ 13 ਹਾਜਰ ਫੌਜ ਸੀ, ਇਹ ਵਾਕਿਆ 25 ਵਿਸਾਖ 1901 ਬ੍ਰਿਕਮੀ ਦਾ ਹੈ।
ਫੌਜ ਵਿੱਚੋਂ ਬਾਘ ਸਿੰਘ ਤੇ ਗੁਲਾਬ ਸਿੰਘ ਬਾਬਾ ਜੀ ਕੋਲ ਗਏ ਤੇ ਕਿਹਾ ਕਿ, ਸਿੱਖ ਰਾਜ ਦੇ ਬਾਗੀ ਸਾਨੂੰ ਫੜਾ ਦਿਉ ਨਹੀ ਤਾਂ ਫੌਜ ਹਮਲਾ ਕਰਨ ਨੂੰ ਤਿਆਰ ਹੈ, ਬਾਬਾ ਜੀ ਨੇ ਕਿਹਾ ਸ਼ਰਮ ਕਰੋ ਜਿਨ੍ਹਾਂ ਨੂੰ ਤੁਸੀ ਬਾਗੀ ਕਹਿੰਦੇ ਹੋ, ਅਸਲ ਵਿੱਚ ਉਹ ਸਿੱਖ ਰਾਜ ਦੇ ਮਾਲਕ ਹਨ। ਜੇ ਉਹ ਬਾਗੀ ਹਨ ਤਾਂ ਮਾਲਕ ਕੋਣ ਹੈ? ਅਸੀ ਉਨ੍ਹਾਂ ਨੂੰ ਜਿਊਂਦੇ ਜੀਅ ਨਹੀ ਫੜ ਸਕਦੇ, ਇਹ ਸਾਡੀ ਸ਼ਰਨ ਵਿੱਚ ਆਏ ਹਨ। ਅਸੀ ਇਨ੍ਹਾਂ ਦੀ ਰਾਖੀ ਕਰਾਂਗੇ। ਬਾਘ ਸਿੰਘ ਨੇ ਬਾਬਾ ਜੀ ਨੂੰ ਸ਼ਖਤ ਸ਼ਬਦ ਬੋਲੇ, ਅਤਰ ਸਿੰਘ ਸੰਧਾਵਾਲੀਆਂ ਨੇ ਕਿਹਾ ਕਿ ਬਾਬਾ ਜੀ ਤੁਹਾਡੀ ਸ਼ਾਨ ਦੇ ਖਿਲਾਫ ਬੋਲੇ ਸ਼ਬਦ ਅਸੀ ਸਹਿਣ ਨਹੀ ਕਰ ਸਕਦੇ।
ਬਾਬਾ ਜੀ ਨੇ ਕਿਹਾ ਕਿ ਤੁਹਾਨੂੰ ਖੁੱਲ ਹੈ, ਜੋ ਮਰਜੀ ਕਰੋ, ਸਾਡੀ ਫੌਜ ਨਹੀ ਲੜੇਗੀ। ਅਤਰ ਸਿੰਘ ਸੰਧਾਵਾਲੀਆਂ ਨੇ ਤਲਵਾਰ ਧੂਹ ਕੇ ਹਮਲਾ ਕੀਤਾ ਤਾਂ ਬਾਘ ਸਿੰਘ ਤੇ ਗੁਲਾਬ ਸਿੰਘ ਭੱਜ ਗਏ। ਬਾਬਾ ਜੀ ਨੇ ਡੇਰੇ ਵਿੱਚਲੇ ਸਿੰਘਾਂ ਨੂੰ ਕਿਹਾ ਕਿ ਅੱਜ ਪ੍ਰਸ਼ਾਦਾ ਬਹੁਤਾ ਤਿਆਰ ਕਰੋ। ਪੱਕੇ ਚਨਿਆਂ ਦੀਆਂ ਘੁੰਗਣੀਆਂ ਬਣਾਉ, ਸਾਰੀ ਰਾਤ ਗੁਰਬਾਣੀ ਕੀਰਤਨ ਚੱਲਦਾ ਰੱਖੋਂ ਤੁਸੀ ਹੱਥ ਨਹੀ ਚੁੱਕਣਾ, ਉਧਰ ਵੀ ਸਿੱਖ ਹਨ। ਅਸੀਂ ਜੁਲਮ ਜਬਰ ਦਾ ਟਾਕਰਾ ਸਬਰ ਕਰਾਂਗੇ। ਡੋਗਰਿਆਂ ਦੇ ਵਰਗਾਲਏ ਸਿੱਖ ਫੌਜੀਆਂ ਨੇ 27 ਵਿਸਾਖ, 1901 ਮੁਤਾਬਿਕ 07 ਮਈ, 1844 ਨੂੰ ਤੋਪਾਂ ਤੇ ਜਮੂਰਿਆਂ ਨਾਲ ਹਮਲਾ ਕੀਤਾ ਕੰਵਰ ਕਸ਼ਮੀਰਾ ਸਿੰਘ, ਅਤਰ ਸਿੰਘ ਸੰਧਾਵਾਲੀਆਂ, ਜਵਾਹਰ ਸਿੰਘ ਨਲੂਆ ਨੇ ਟਾਕਰਾ ਕੀਤਾ। ਬਾਬਾ ਜੀ ਨੇ ਭਾਈ ਮਹਾਰਾਜ ਸਿੰਘ ਨੂੰ ਨੌਰੰਗਾਬਾਦ ਲੰਗਰ ਚਲਾਉਣ ਲਈ ਭੇਜ ਦਿੱਤਾ।
ਵਰ੍ਹਦੀਆਂ ਗੋਲੀਆਂ ਵਿੱਚ ਬਾਬਾ ਜੀ ਪਲੰਘ ਤੇ ਬੈਠੇ ਵਾਹਿਗੁਰੂ ਸਿਮਰਨ ਕਰ ਰਹੇ ਸਨ।ਬਾਬਾ ਜੀ ਦੇ ਸ਼ਰੀਰ ਵਿੱਚ 18 ਗੋਲੀਆਂ ਵੱਜੀਆਂ ਤੇ ਇੱਕ ਤੋਪ ਦਾ ਗੋਲਾ ਪੱਟ ਤੇ ਵੱਜਾ, ਬਾਬਾ ਜੀ ਨੇ ਕਿਹਾ ਮੇਰਾ ਸਰੀਰ ਪਲ਼ੰਘ ਤੇ ਹੀ ਰਹਿਣ ਦਿਉ, ਇਸੇ ਤਰ੍ਹਾਂ ਹੀ ਦਰਿਆ ਸਤਲੁਜ ਵਿੱਚ ਰੋੜ ਦਿਉ। ਬਾਬਾ ਬੀਰ ਸਿੰਘ ਜੀ ਡੋਗਰਿਆਂ ਦੀ ਬੁਰਛਾ ਗੱਦੀ ਦਾ ਸ਼ਿਕਾਰ ਹੋ ਕੇ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਚਰਨਾ ਵਿੱਚ ਬਿਰਾਜੇ।ਸਿੰਘਾਂ ਜੀ ਨੇ ਬਾਬਾ ਜੀ ਦਾ ਬਚਨ ਮੰਨ ਕੇ ਸਰੀਰ ਸਮੇਤ ਪਲੰਘੇ ਦੇ ਸਤਲੁਜ ਦਰਿਆ ਵਿੱਚ ਰੋੜ ਦਿੱਤਾ।
ਕੁੱਲ ਦਿਨਾਂ ਬਾਅਦ ਬਾਬਾ ਜੀ ਦੇ ਸਰੀਰ ਸਮੇਤ ਪਲੰਘ ਮੁਠਿਆਂਵਾਲਾ ਨੇੜੇ ਦਰਿਆ ਦੇ ਕੰਢੇ ਜਾ ਲੱਗਾ। ਸਿੱਖਾਂ ਨੇ ਯੋਧੇ ਮਲਾਹ ਦੀ ਬੇੜੀ ਭੰਨ ਕੇ ਬਾਬਾ ਜੀ ਦੇ ਸਰੀਰ ਦਾ ਅੰਤਿਮ ਸਸਕਾਰ ਕਰ ਦਿੱਤਾ। ਸੰਗਤਾਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ।ਸ਼ਾਹ ਮੁਹੰਮਦ ਕਿੱਸਾ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਵਿੱਚ ਲਿਖਦਾ ਹੈ,
”ਪੈਂਚ ਲਿਖਦੇ ਸਾਰੀਆਂ ਪੜਤਲਾਂ ਦੇ ਸਾਡੀ ਵੱਡੀ ਹੈ ਅੱਜ ਚਲੰਤ ਮੀਆਂ,
”ਬੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ ਨਹੀ ਛੱਡਿਆ ਸਾਧ ਤੇ ਸੰਤ ਮੀਆ”
ਬਾਬਾ ਜੀ ਦੀ ਸ਼ਹੀਦੀ ਦੀ ਖਬਰ ਪੰਜਾਬ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ।ਬਾਬਾ ਜੀ ਤੇ ਹਮਲਾ ਕਰਨ ਵਾਲੀ ਫੌਜ ਦਾ ਨਾਮ ਗੁਰੂ ਮਾਰੀ ਫੌਜ ਪੈ ਗਿਆ।ਸਿੱਖ ਫੌਜਾਂ ਵਿੱਚ ਬਗਾਵਤ ਹੋ ਗਈ।
ਫੌਜਾਂ ਨੇ ਜਨਰਲ ਕੋਰਟ ਤੇ ਹਮਲਾ ਕੀਤਾ, ਉਹ ਨੱਸ ਗਿਆ। ਸਾਢੇ ਸੱਤ ਮਹੀਨਿਆਂ ਬਾਅਦ ਮੀਆਂ ਲਾਭ ਸਿੰਘ, ਪੰਡਿਤ ਜੱਲ੍ਹਾ ਤੇ ਹੀਰਾ ਸਿੰਘ ਡੋਗਰਾ ਵੀ ਨੱਸਣ ਲੱਗੇ ਫੌਜ ਨੇ ਘੇਰ ਕੇ ਮਾਰ ਦਿੱਤੇ। ਉਨ੍ਹਾਂ ਦੇ ਸਿਰ ਲਾਹੌਰ ਦੇ ਦਰਵਾਜਿਆਂ ਤੇ ਟੰਗ ਦਿੱਤੇ ਅਤੇ ਬਾਬਾ ਬੀਰ ਸਿੰਘ ਜੀ ਅਤੇ ਸਾਥੀ ਸਿੰਘਾਂ ਦੀ ਸ਼ਹੀਦੀ ਦਾ ਬਦਲਾ ਕੇ ਬਾਬਾ ਜੀ ਨੂੰ ਸ਼ਰਧਾਂਲਜੀ ਦਿੱਤੀ। ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 27 ਵਿਸਾਖ, ਨੂੰ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਨਾਲ ਸਬੰਧਤ ਵੱਖ-ਵੱਖ ਅਸਥਾਨਾਂ ”ਤੇ ਸਮਾਗਮ ਕੀਤੇ ਜਾਂਦੇ ਹਨ।
ਢਾਡੀ, ਕਵੀਸ਼ਰ ਬਾਬਾ ਜੀ ਦੀ ਸੂਰਮਤਾਈ ਦੇ ਜਸ ਗਾਉਂਦੇ ਹਨ। ਇਸ ਮਹਾਨ ਸੂਰਬੀਰ ਯੋਧੇ ਨੂੰ ਕੌਮ ਸਦਾ ਸਿਜਦਾ ਕਰਦੀ ਰਹੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

 

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …