ਪੰਜਾਬ ਪੁਲਿਸ ਕਿਸ ਨਾਲ ਹੈ, ਕਿਸੇ ਮ੍ਰਿਤਕ ਦੇ ਪਰਿਵਾਰ ਨਾਲ ਜਾਂ ਅਪਰਾਧੀਆਂ ਨਾਲ?
ਦਿਨ ਦਿਹਾੜੇ ਹੱਤਿਆਵਾਂ, ਇੱਕ ਅਜਿਹਾ ਸਿਲਸਿਲਾ ਜੋ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ
ਅਮਰਜੀਤ ਸਿੰਘ
ਤਕਰੀਬਨ ਸਾਰਾ ਹੀ ਅਕਤੂਬਰ ਮਹੀਨਾ ਕ੍ਰਾਈਮ ਦੇ ਭੇਟ ਚੜ੍ਹ ਗਿਆ ਲਗਦਾ ਹੈ। ਪੰਜਾਬ ਦੇ ਹਰ ਜ਼ਿਲ੍ਹੇ ‘ਚੋਂ ਕੋਈ ਨਾ ਕੋਈ ਖ਼ਬਰ ਅਜਿਹੀ ਮਿਲਦੀ ਰਹੀ ਹੈ ਜਿਸ ਨੇ ਸੂਬੇ ਵਿੱਚ ਅਸ਼ਾਂਤੀ ਪੈਦਾ ਕੀਤੀ। ਕੁੱਝ ਘਟਨਾਵਾਂ ਤਾਂ ਰਾਸ਼ਟਰੀ ਪੱਧਰ ‘ਤੇ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਕਈ ਗੱਲਾਂ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨ ਦੀ ਕਥਨੀ ਤੇ ਕਰਨੀ ਉੱਤੇ ਵੀ ਸਵਾਲ ਉੱਠੇ, ਉਨ੍ਹਾਂ ਦਾ ਜਵਾਬ ਪੰਜਾਬ ਵਾਸੀ ਅੱਜ ਵੀ ਤਲਾਸ਼ ਰਹੇ ਨੇ। ਹੁਣ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਹਿਣ ਤੇ ਲੋਕ ਪਿੰਡਾਂ ‘ਚ ਅਰਦਾਸਾਂ ਕਰਵਾ ਰਹੇ ਨੇ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਹਾਲਾਤ ਸੁਖਾਵੇਂ ਹੋ ਸਕਣ ।
ਇਹ ਸਭ ਕੁੱਝ ਅਗਾਮੀ ਚੋਣਾਂ ਲਈ ਹੋ ਰਹੀ ਸਰਗਰਮੀ ਦਾ ਨਤੀਜਾ ਹੈ ਜਾਂ ਫੇਰ ਪੰਜਾਬ ਦੀ ਕਿਸਮਤ ਹੀ ਮਾੜੀ ਹੈ, ਰੋਜ਼ਾਨਾ ਕਿਸੇ ਨਾ ਕਿਸੇ ਕਤਲ ਦੀ ਖ਼ਬਰ ਆ ਰਹੀ ਹੈ, ਸੂਬਾ ਸਰਕਾਰ ਖੁਦ ਇੱਕ ਵੱਡੀ ਪ੍ਰੇਸ਼ਾਨੀ ਦੇ ਦੌਰ ‘ਚੋਂ ਨਿਕਲ ਰਹੀ ਹੈ, ਕਦੇ ਈਡੀ ਦਾ ਸਾਹਮਣਾ, ਕਦੇ ਹਾਈਕੋਰਟ ਤੇ ਕਦੇ ਸੁਪ੍ਰੀਮ ਕੋਰਟ, ਰੇਲ ਬਣੀ ਪਈ ਹੈ, ਸੈਸ਼ਨ ਸ਼ੁਰੂ ਕੀਤਾ ਤਾਂ ਉੱਥੇ ਵੀ ਪਿੱਟ ਸਿਆਪਾ ਜ਼ਿਆਦਾ ਸੀ ਤੇ ਕੰਮ ਦੀ ਗੱਲ ਘੱਟ।
ਪੰਜਾਬ ਦੀ ਜਨਤਾ ਕਦੇ ਉਤਾਹਾਂ ਮੂੰਹ ਚੁੱਕ ਕੇ ਰੱਬ ਵੱਲ ਵੇਖਦੀ ਹੈ ਤੇ ਕਦੇ ਟੀਵੀ ਚਾਹਿੰਲਾਂ ਦੇ ਕੰਨ ਮਰੋੜਦੀ ਹੈ ਕਿ ਸ਼ਾਇਦ ਕਿਸੇ ਪਾਸਿਓਂ ਕੋਈ ਚੰਗੀ ਖ਼ਬਰ ਮਿਲੇ, ਪਰ ਸ਼ਾਇਦ ਰੱਬ ਵੀ ਪੁਲਿਸ ਤੇ ਪ੍ਰਸ਼ਾਸਨ ਨਾਲ ਹੀ ਰਲ਼ ਗਿਆ ਹੈ, ਹੁਣ ਹਾਲਾਤ ਉਨ੍ਹਾਂ ਦੇ ਵਸੋਂ ਬਾਹਰ ਹੋ ਗਏ ਹਨ।
ਹੁਣ ਤੱਕ ਦਾ ਸਾਰ ਇਹ ਹੈ ਕਿ ਅਕਤੂਬਰ ਦਾ ਸਾਰਾ ਹੀ ਮਹੀਨਾ ਸਰਕਾਰ ਅਤੇ ਪੰਜਾਬ ਪੁਲੀਸ ਲਈ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾ ਕੇ ਰੱਖਣ ਲਈ ਬਹੁਤ ਜ਼ਿਆਦਾ ਸਿਰਦਰਦੀ ਪੈਦਾ ਕਰਦਾ ਰਿਹਾ ਹੈ। ਕਦੇ ਸਨਸਨੀਖੇਜ਼ ਕਤਲ, ਕਦੇ ਅਗਵਾ ਕਾਂਡ ਤੇ ਕਦੇ ਨਸ਼ੇ ਦੇ ਤਸਕਰਾਂ ਨਾਲ ਆਹਮੋ ਸਾਹਮਣੇ ਦੀ ਟੱਕਰ, ਕਦੇ ਨਸ਼ਿਆਂ ਕਾਰਨ ਹੋਈਆਂ ਮੌਤਾਂ, ਕਦੇ ਗੈਂਗਸਟਰਾਂ ਨਾਲ ਮੁਕਾਬਲੇ, ਇਹ ਸਭ ਚਰਚਾ ਦਾ ਵਿਸ਼ਾ ਬਣੇ ਰਹੇ। ਰਹਿੰਦੀ ਖੂੰਹਦੀ ਕਸਰ ਧਰਨੇ ਪ੍ਰਦਰਸ਼ਨਾਂ ਨੇ ਪੂਰੀ ਕਰ ਦਿੱਤੀ। ਕਦੇ ਕੱਚੇ ਡਰਾਈਵਰਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਤੇ ਕਦੇ ਪੱਕੇ ਕਰਮਚਾਰੀਆਂ ਨੇ ਡੀਏ ਦੀ ਕਿਸ਼ਤ ਦੇ ਨਾਂਅ ‘ਤੇ ਮੁੜ ਤੋਂ ਸਮੂਹਿਕ ਛੁੱਟੀ ਲੈ ਕੇ ਦਫ਼ਤਰਾਂ ਵਿੱਚ ਦਿਨ ਦਿਹਾੜੇ ਉੱਲੂ ਬੋਲਣ ਲਗਾ ਦਿੱਤੇ।
ਖ਼ਾਸ ਘਟਨਾਵਾਂ ਦਾ ਜ਼ਿਕਰ ਕਰਨ ਲੱਗੀਏ ਤਾਂ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਚਰਚਾ ਸਭ ਤੋਂ ਪਹਿਲਾਂ ਹੋ ਰਹੀ ਹੈ, ਇਸ ਘਟਨਾ ਨੇ ਸਾਰੇ ਪੰਜਾਬ ਨੂੰ ਅਜਿਹਾ ਹਲੂਣਿਆ ਕਿ ਇਸਦੇ ਝਟਕੇ ਸਾਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵੀ ਮਹਿਸੂਸ ਕੀਤੇ ਗਏ। ਦੋ ਹਫਤੇ ਹੋ ਗਏ, ਹਾਲੇ ਤੱਕ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਹੋਇਆ। ਮੈਨੂੰ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਿ ਝੋਟੇ ਦਾ ਪਰਿਵਾਰ ਹੁਣ ਉਸਦੇ ਕਤਲ ‘ਤੇ ਖੁਦ ਹੀ ਰਾਜਨੀਤੀ ਕਰਨ ਲੱਗ ਪਿਆ ਹੈ। ਇਹ ਪਰਿਵਾਰ, ਆਉਂਦੀਆਂ ਚੋਣਾਂ ਵਿੱਚ ਘਰ ਦੇ ਕਿਸੇ ਮੈਂਬਰ ਨੂੰ ਚੋਣ ਲੜਾ ਵੀ ਸਕਦਾ ਹੈ। ਇਨ੍ਹਾਂ ਦੀਆਂ ਮੰਗਾਂ ਵੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਹੀ ਹਨ।
ਪਤਾ ਨਹੀਂ ਕਿਉਂ ਇਹ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਅਸਤੀਫੇ ਦੀ ਮੰਗ ‘ਤੇ ਅੜੇ ਹੋਏ ਨੇ, ਝੋਟੇ ਦੀ ਲਾਸ਼ ਦੀ ਬੇਹੁਰਮਤੀ ਦਾ ਇਨ੍ਹਾਂ ਨੂੰ ਕੋਈ ਖ਼ਿਆਲ ਨਹੀਂ, ਇੱਕ ਵਾਰ ਉਸਦਾ ਅੰਤਮ ਸਸਕਾਰ ਕਰ ਲੈਂਦੇ, ਫੇਰ ਸੰਘਰਸ਼ ਨੂੰ ਜਿੰਨਾ ਮਰਜ਼ੀ ਖਿੱਚ ਲੈਂਦੇ ਤਾਂ ਇਸ ਵਿੱਚ ਕੀ ਹਰਜ਼ ਸੀ। ਵਿਰੋਧੀ ਰਾਜਨੀਤਿਕ ਪਾਰਟੀਆਂ ਇਹਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਆਮ ਆਦਮੀ ਪਾਰਟੀ ਸਰਕਾਰ ਤੇ ਨਿਸ਼ਾਨਾ ਲਾ ਰਹੀਆਂ ਹਨ। ਭਲਾ ਜਦੋਂ ਸੀਬੀਆਈ ਜਾਂਚ ਕਰ ਰਹੀ ਹੈ ਤਾਂ ਉਸ ਜਾਂਚ ਦੇ ਮੁਕੰਮਲ ਹੋਣ ਤੋਂ ਪਹਿਲਾਂ ਸਰਕਾਰ ਦੀ ਮੰਸ਼ਾ ਤੇ ਸ਼ੱਕ ਕਿਵੇਂ ਕੀਤਾ ਜਾ ਸਕਦਾ ਹੈ ? ਜੋ ਐਲਾਨ ਦੇਸ ਦੇ ਗ੍ਰਹਿ ਮੰਤਰੀ ਨੇ ਕੀਤਾ ਉਹੋ ਸਭ ਕੁੱਝ ਭਗਵੰਤ ਮਾਨ ਇੱਕ ਦਿਨ ਪਹਿਲਾਂ ਕਰ ਚੁਕੇ ਸਨ, ਯਾਨੀ ਝੋਟਾ ਕਤਲ ਦੀ ਸੀਬੀਆਈ ਜਾਂਚ।
ਪਟਿਆਲਾ-ਸੰਗਰੂਰ ਹਾਈਵੇਅ ‘ਤੇ ਨਵਾਬ ਖ਼ਾਨ ਦੇ ਅਗਵਾ ਹੋਣ ਤੋਂ ਲੈਕੇ ਕ ਹੋਣ ਤੱਕ, ਇੱਕ-ਇੱਕ ਪਲ ਲੋਕਾਂ ਨੇ ਬਹੁਤ ਧਿਆਨ ਨਾਲ ਵਾਚਿਆ। ਹਰ ਕੋਈ ਉਮੀਦ ਕਰ ਰਿਹਾ ਸੀ ਕਿ ਉਹ ਇਸ ਕਤਲ ਕਾਂਡ ਦਾ ਖ਼ੁਲਾਸਾ ਛੇਤੀ ਤੋਂ ਛੇਤੀ ਹੁੰਦਾ ਵੇਖਣਾ ਚਾਹੁੰਦਾ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਇੱਕ ਹਿੱਸੇ ਵਿੱਚ ਸਕੂਟਰ ਪਾਰਕਿੰਗ ਨੂੰ ਲੈ ਕੇ ਜਦੋਂ ਅਮਿਤ ਸਭਰਵਾਲ ਨੂੰ ਗੋਲੀਂ ਨਾਲ ਉਡਾ ਦਿੱਤਾ ਗਿਆ ਤਾਂ ਗੁਰੂ ਕੀ ਨਗਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ। ਉਦੋਂ ਵੀ ਨਾ ਕਿਸੇ ਦੇ ਚਿਹਰੇ ‘ਤੇ ਕਤਲ ਦਾ ਭੈਅ ਸੀ ਤੇ ਨਾ ਹੀ ਪੁਲਿਸ ਨੂੰ ਇਸਦੀ ਕੋਈ ਖ਼ਾਸ ਫ਼ਿਕਰ ਸੀ।
ਥੋੜ੍ਹਾ ਹੋਰ ਅੱਗੇ ਵਧੀਏ ਤਾਂ ਲੁਧਿਆਣਾ ਅਤੇ ਬਠਿੰਡਾ ਵਿੱਚ ਸਾਬਕਾ ਸਰਪੰਚਾਂ ਦੇ ਕਤਲ ਤੱਕ ਦੇ ਮਾਮਲੇ, ਇਹ ਸਭ ਇਸੇ ਅਕਤੂਬਰ ਮਹੀਨੇ ਵਿੱਚ ਵਾਪਰੇ ਜਿਸਦੇ ਹਜੇ ਦੋ ਦਿਨ ਬਾਕੀ ਹਨ। ਹਮੇਸ਼ ਵਾਂਗ ਪੰਜਾਬ ਪੁਲਿਸ ਪ੍ਰਮੁੱਖ ਕਤਲ ਮਾਮਲਿਆਂ ਵਿੱਚ ਤੁਰੰਤ ਕਈ ਗ੍ਰਿਫ਼ਤਾਰੀਆਂ ਅਤੇ ਸੰਗਠਿਤ ਅਪਰਾਧ ਵਿਰੁੱਧ ਲਗਾਤਾਰ ਕਾਰਵਾਈ ਦਾ ਹਵਾਲਾ ਦਿੰਦਿਆਂ ਆਪਣਾ ਬਚਾਅ ਬਾਖ਼ੂਬੀ ਕਰ ਰਹੀ ਹੈ। ਜਿਸ ਘਰ ਦਾ ਇੱਕ ਨੌਜਵਾਨ ਜੁਆਕ ਸਦਾ ਲਈ ਤੁਰ ਜਾਂਦਾ ਹੈ ਇਹ ਤਾਂ ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ‘ਤੇ ਕੀ ਬੀਤ ਰਹੀ ਹੈ, ਉਨ੍ਹਾਂ ਨੂੰ ਪੁੱਛੋ ਕਿ ਉਹ ਪੁਲਿਸ ਦੀ ਕਾਰਵਾਈ ਜਾਂ ਪੁਲਿਸ ਦੇ ਜਵਾਬ ਤੋਂ ਕਿੰਨੇ ਮੁਤਫ਼ਿਕ ਹਨ।
ਹੁਣ ਇੱਕ ਆਲਾ ਪੁਲਿਸ ਅਧਿਕਾਰੀ ਦੀ ਵੀ ਸੁਣ ਲਓ। ਨਾਮ ਉਹ ਦੱਸਣਾ ਨਹੀਂ ਚਾਹੁੰਦੇ ਪਰ ਕਹਿ ਰਹੇ ਹਨ ਕਿ ਮਾਮਲਾ ਤਾਂ ਛੋਟਾ ਹੁੰਦਾ ਹੈ ਪਰ ਵਿਰੋਧੀ ਧਿਰ ਸੰਘਰਸ਼ ਛੇੜ ਕੇ ਇਸਨੂੰ ਵੱਡਾ ਬਣਾ ਦਿੰਦੀ ਹੈ। ਉਹ ਤਾਂ ਐਥੋਂ ਤੱਕ ਕਹਿੰਦੇ ਹਨ ਕਿ ਜ਼ਿਆਦਾਤਰ ਕਤਲ ਨਿੱਜੀ ਰੰਜਿਸ਼ ਕਾਰਨ ਹੁੰਦੇ ਹਨ ਤੇ ਇਹ ਕੋਈ ਸੰਗਠਿਤ ਅਪਰਾਧ ਵੀ ਨਹੀਂ ਹੁੰਦਾ। ਪੁਲਿਸ ਤਾਂ ਝੋਟੇ ਦੇ ਕਤਲ ਨੂੰ ਵੀ ਪੁਰਾਣੀ ਰੰਜਿਸ਼ ਕਾਰਨ ਹੋਇਆ ਕਤਲ ਮੰਨ ਰਹੀ ਹੈ, ਕਿਸਦੀ ਮੰਨੀਏ ?
ਹਾਲਾਂਕਿ ਪੁਲੀਸ ਅਧਿਕਾਰੀਆਂ ਨੇ ਝੋਟਾ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੀਤਾ ਅਤੇ ਕਥਿਤ ਹਥਿਆਰ ਤਸਕਰਾਂ ਅਤੇ ਸਰਹੱਦ ਪਾਰ ਸਮਗਲਿੰਗ ਨੈੱਟਵਰਕਾਂ ਵਿਰੁੱਧ ਕਾਰਵਾਈ ਨੂੰ ਵੀ ਉਜਾਗਰ ਕੀਤਾ, ਪਰ ਕੀ ਇਹ ਉਨ੍ਹਾਂ ਦੀ ਖੋਜ ਦੀ ਇੰਤਹਾ ਹੈ ? ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂਕਿ ਹਜੇ ਤੱਕ ਝੋਟੇ ਦੇ ਕਾਤਿਲ ਅਸ਼ਵਨੀ ਕੁਮਾਰ ਨੂੰ ਸਜ਼ਾ ਨਹੀਂ ਮਿਲੀ ਹੈ।
ਮਹੀਨੇ ਦੀ ਸ਼ੁਰੂਆਤ 3 ਅਕਤੂਬਰ ਨੂੰ ਹਿੰਸਕ ਮੋੜ ਨਾਲ ਹੋਈ। ਸਾਬਕਾ ਸਰਪੰਚ ਨਵਤੇਜ ਸਿੰਘ ਨੀਟੂ ਦੀ ਲੁਧਿਆਣਾ ਨੇੜੇ ਖੇਤਾਂ ਤੋਂ ਪਰਤਦਿਆਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਫ਼ਤੀਸ਼ਕਾਰਾਂ ਨੇ ਇਸ ਕਤਲ ਨੂੰ ਜ਼ਮੀਨ ਦੇ ਚੱਲ ਰਹੇ ਪੁਰਾਣੇ ਵਿਵਾਦ ਨਾਲ ਜੋੜਿਆ। ਉਸੇ ਦਿਨ ਬਠਿੰਡਾ ਜ਼ਿਲ੍ਹੇ ਵਿੱਚ ਸਾਬਕਾ ਸਰਪੰਚ ਜਗਤਾਰ ਸਿੰਘ ਉਰਫ਼ ਤਾਰਾ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। 3 ਅਕਤੂਬਰ ਨੂੰ ਹੀ ਅਹਿਮਦਗੜ੍ਹ ਦੀ ਰਹਿਣ ਵਾਲੀ ਕਬਾੜ ਇਕੱਠਾ ਕਰਨ ਵਾਲੀ ਔਰਤ ਸੁਨੀਤਾ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ, ਜਿਸ ਵਿੱਚ ਤਫ਼ਤੀਸ਼ਕਾਰਾਂ ਨੇ ਹਮਲੇ ਪਿੱਛੇ ਪੁਰਾਣੀ ਰੰਜਿਸ਼ ਦਾ ਖ਼ਦਸ਼ਾ ਜਤਾਇਆ।
ਸਭ ਤੋਂ ਵੱਡੀ ਚੁਣੌਤੀ 13 ਅਕਤੂਬਰ ਨੂੰ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਕਤਲ ਬਣੀ ਹੋਈ ਹੈ। ਨਸ਼ੀਲੀਆਂ ਦਵਾਈਆਂ ਦੀ ਵਿਕਰੀ ਅਤੇ ਵਰਤੋਂ ਵਿਰੁੱਧ ਮੁਹਿੰਮ ਚਲਾਉਣ ਲਈ ਜਾਣੇ ਜਾਂਦੇ ਝੋਟਾ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਨਾਲ ਰੋਸ ਪ੍ਰਦਰਸ਼ਨ, ਜਾਮ ਅਤੇ ‘ਪੰਜਾਬ ਬੰਦ’ ਦੀ ਸਥਿਤੀ ਬਣ ਗਈ।
ਅਕਤੂਬਰ ਮਹੀਨੇ ਦੀ ਤਾਂ ਸ਼ੁਰੂਆਤ ਹੀ ਇੱਕ ਹਿੰਸਕ ਘਟਨਾ ਨਾਲ ਹੋਈ ਸੀ ਜਦੋਂ ਤਿੰਨ ਤਰੀਕ ਨੂੰ ਸਾਬਕਾ ਸਰਪੰਚ ਨਵਤੇਜ ਸਿੰਘ ਨੀਟੂ ਦੀ ਲੁਧਿਆਣਾ ਨੇੜੇ ਖੇਤਾਂ ਤੋਂ ਪਰਤਦਿਆਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਵੇਂ ਕਿ ਹੁੰਦਾ ਆਇਆ ਹੈ ਪੁਲਿਸ ਨੇ ਇਸ ਕਤਲ ਨੂੰ ਪੁਰਾਣੇ ਜ਼ਮੀਨੀ ਵਿਵਾਦ ਨਾਲ ਜੋੜ ਦਿੱਤਾ। ਠੀਕ ਇਸੇ ਦਿਨ ਯਾਨੀ ਤਿੰਨ ਅਕਤੂਬਰ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਸਾਬਕਾ ਸਰਪੰਚ ਜਗਤਾਰ ਸਿੰਘ ਉਰਫ਼ ਤਾਰਾ ਦੀ ਕੁਹਾੜੀ ਨਾਲ ਹੱਤਿਆ ਕਰ ਦਿੱਤੀ ਗਈ। ਉਦੋਂ ਤਾਂ ਹੱਦ ਹੀ ਹੋ ਗਈ ਜਦੋਂ 3 ਅਕਤੂਬਰ ਨੂੰ ਹੀ ਅਹਿਮਦਗੜ੍ਹ ਦੀ ਰਹਿਣ ਵਾਲੀ ਕਬਾੜ ਇਕੱਠਾ ਕਰਕੇ ਗੁਜਰ ਬਸਰ ਕਰਨ ਵਾਲੀ ਔਰਤ ਸੁਨੀਤਾ ਦਾ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ। ਇਸ ਕਾਂਡ ਦੀ ਤਫਤੀਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਨੂੰ ਵੀ ਪੁਰਾਣੀ ਰੰਜਿਸ਼ ਦਾ ਅੰਜਾਮ ਕਰਾਰ ਦਿੱਤਾ।
***

