Breaking News
Home / ਮੁੱਖ ਲੇਖ / ਸਥਾਪਨਾ ਦਿਵਸ ‘ਤੇ ਵਿਸ਼ੇਸ਼

ਸਥਾਪਨਾ ਦਿਵਸ ‘ਤੇ ਵਿਸ਼ੇਸ਼

‘ਖ਼ਾਲਸੇ ਦੀ ਵਾਸੀ’ ਸ੍ਰੀ ਅਨੰਦਪੁਰ ਸਾਹਿਬ

-ਤਲਵਿੰਦਰ ਸਿੰਘ ਬੁੱਟਰ

ਸ੍ਰੀ ਅਨੰਦਪੁਰ ਸਾਹਿਬ ਸਿਰਫ਼ ਖ਼ਾਲਸੇ ਦੀ ਜਨਮ ਭੂਮੀ ਹੀ ਨਹੀਂ ਹੈ, ਸਗੋਂ ਇਹ ਖ਼ਾਲਸਾ ਪੰਥ ਦਾ ਜਿਊਂਦਾ-ਜਾਗਦਾ ਇਤਿਹਾਸ, ਪੰਜਾਬ ਦੀ ਸਜੀਵ ਵਿਰਾਸਤ ਅਤੇ ਅਮੀਰ ਖ਼ਾਲਸਈ ਸੱਭਿਆਚਾਰ ਵੀ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਵਡਿਆਈ ‘ਚ ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ‘ਅਸੀਂ ਉਸ ਅਨੰਦਪੁਰ ਤੋਂ ਸਦਕੇ ਹਾਂ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਹਿਮਤ ਦੇ ਬੱਦਲ ਵਰਸਾਏ ਹਨ ਤੇ ਜ਼ਿੰਦਗੀ ਦੇ 27 ਸਾਲ ਉਥੇ ਟਿਕ ਕੇ ਧਰਮ ਨੂੰ ਪਵਿੱਤਰ ਕੀਤਾ ਹੈ। ਅਨੰਦਪੁਰ ਸਾਹਿਬ ਨਾ ਸਿਰਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਟਿਕਾਣਾ ਰਹਿਣ ਕਰਕੇ ਹੀ ਪੂਜਯ ਹੈ ਸਗੋਂ ਖ਼ਾਲਸੇ ਦੀ ਜਨਮ-ਭੂਮੀ ਹੋਣ ਕਾਰਨ ਵੀ ਸਤਿਕਾਰੀ ਜਾਣ ਵਾਲੀ ਥਾਂ ਹੈ। ਇਸੇ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ‘ਖ਼ਾਲਸੇ ਦੀ ਵਾਸੀ’ ਕਿਹਾ ਜਾਂਦਾ ਹੈ।’
ਸ੍ਰੀ ਅਨੰਦਪੁਰ ਸਾਹਿਬ ਨਗਰੀ ਦਾ ਮੁੱਢ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 19 ਜੂਨ 1665 ਈਸਵੀ, ਮੁਤਾਬਕ 21 ਹਾੜ 1722 ਬਿਕਰਮੀ ਨੂੰ ਆਪਣੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂਅ ‘ਤੇ ‘ਚੱਕ ਨਾਨਕੀ’ ਪਿੰਡ ਵਜੋਂ ਬੰਨ੍ਹਿਆ, ਜਿਸ ਨੂੰ ਬਾਅਦ ਵਿਚ 1689 ਈਸਵੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਅਨੰਦਪੁਰ ਸਾਹਿਬ’ ਦਾ ਨਾਂਅ ਦਿੱਤਾ। ਇਸ ਨਗਰੀ ਦੀ ਨੀਂਹ ਨੌਂਵੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਪਾਸੋਂ ਰਖਵਾਈ ਸੀ।
ਪੰਜ ਸਾਲ ਦੀ ਉਮਰ ਵਿਚ ਪਟਨੇ ਦੀ ਧਰਤੀ ਤੋਂ ਆ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 42 ਸਾਲ ਦੀ ਕੁੱਲ ਸੰਸਾਰਿਕ ਉਮਰ ਦਾ ਸਭ ਤੋਂ ਵੱਧ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਜ਼ਾਰਿਆ। ਹਰ ਸ਼ਰਧਾਵਾਨ ਸਿੱਖ ਲਈ ਅਨੰਦਪੁਰ ਸਾਹਿਬ ਦਾ ਚੱਪਾ-ਚੱਪਾ ਆਪਣੇ ਦਸਮ ਪਿਤਾ ਦੇ ਚੋਜਾਂ ਤੇ ਛੋਹ ਨਾਲ ਲਬਰੇਜ਼ ਹੈ।
ਸ੍ਰੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਮਾਖੋਵਾਲ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਮਾਖੋਵਾਲ ਦੀ ਲਾਗਲੀ (ਪੰਜ ਪਿੰਡਾਂ ਦੀ) ਜ਼ਮੀਨ ਰਾਜਾ ਦੀਪ ਚੰਦ ਕਹਿਲੂਰ ਕੋਲੋਂ ਖਰੀਦ ਲਈ। ਰਾਜਾ ਦੀਪ ਚੰਦ, ਰਾਜਾ ਤਾਰਾ ਚੰਦ ਦਾ ਪੁੱਤਰ ਸੀ, ਜਿਹੜਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਗਵਾਲੀਅਰ ਦੇ ਕਿਲ੍ਹੇ ‘ਚੋਂ ਰਿਹਾਅ ਹੋਣ ਵਾਲੇ 52 ਰਾਜਿਆਂ ਵਿਚੋਂ ਇਕ ਸੀ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ, ‘ਕਹਿਲੂਰ ਦੇ ਰਾਜੇ ਨੇ 22 ਹਜ਼ਾਰ ਰੁਪਏ ਵਿਚ ਸਾਰੀ ਜ਼ਮੀਨ ਵੇਚ ਦਿੱਤੀ। ਗੁਰੂ ਜੀ ਨੇ ਅਨੰਦਪੁਰ ਆਬਾਦ ਕਰ ਦਿੱਤਾ।’
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਮੁਗ਼ਲਾਂ ਨਾਲ ਕਈ ਲੜਾਈਆਂ ਵਿਚ ਜੂਝੇ ਸਨ, ਜਿਸ ਕਰਕੇ ਯੁੱਧ ਕਲਾ ਅਤੇ ਸੁਰੱਖਿਆ ਦ੍ਰਿਸ਼ਟੀ ‘ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਨ੍ਹਾਂ ਨੇ ਚੱਕ ਮਾਤਾ ਨਾਨਕੀ-ਸ੍ਰੀ ਅਨੰਦਪੁਰ ਸਾਹਿਬ ਵਸਾਉਣ ਲਈ ਇਕ ਅਜਿਹੇ ਇਲਾਕੇ ਦੀ ਚੋਣ ਕੀਤੀ, ਜਿਹੜਾ ਪਹਾੜੀਆਂ ਨਾਲ ਘਿਰਿਆ ਹੋਣ ਕਾਰਨ ਮਹਿਫ਼ੂਜ਼, ਸ਼ਾਂਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਲਬਰੇਜ਼ ਅਤੇ ਅਧਿਆਤਮਕ ਪਰਿਪੇਖ ‘ਚ ਵੀ ਰਮਣੀਕ, ਸ਼ਾਂਤ, ਅਗੰਮ, ਅਡਿੱਗ ਅਤੇ ਅਜਿੱਤ ਹੋਵੇ।
ਦਰਬਾਰੀ ਕਵੀ ਹੰਸ ਰਾਮ ਦੇ ਪੋਤਰੇ ਹਿੰਦੀ ਦੇ ਪ੍ਰਸਿੱਧ ਕਵੀ ਚੰਦਰ ਸ਼ੇਖਰ ਬਾਜਪਾਈ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਕਿਰਤਕ ਸੁੰਦਰਤਾ ਦੇ ਨਜ਼ਾਰੇ ਦਾ ਨਕਸ਼ਾ ਖਿੱਚਦਿਆਂ ਇਉਂ ਲਿਖਦੇ ਹਨ, ‘ਅਨੰਦਪੁਰ, ਅਨੰਦ ਦੀ ਜੜ੍ਹ, ਅਨੰਦ ਦਾ ਸ਼ਹਿਰ। ਨੇੜੇ ਦਰਿਆ ਵਿਚੋਂ ਉੱਠਦੀ ਮਿਰਗ ਜਲ ਦੀ ਲਹਿਰ ‘ਤੇ ਅੱਖ ਨਹੀਂ ਟਿਕਦੀ। ਦਰਿਆ ਕਿਨਾਰੇ ਧਾਮ ਬਣਾ ਕੇ ਉੱਤੇ ਧਰਮ ਧੁਜਾਵਾਂ ਝੁਲਾ ਦਿੱਤੀਆਂ ਹਨ। ਬਾਗਾਂ ਦਾ ਨਗਰ ਹੈ, ਵਣ ਨਾਲ ਘਿਰਿਆ ਹੈ। ਖੂਹ ਤੇ ਸਰੋਵਰਾਂ ਦੀ ਇੰਨੀ ਭਰਮਾਰ ਹੈ ਕਿ ਸਾਗਰ ਦਾ ਝਉਲਾ ਪੈਂਦਾ ਹੈ। ਬਾਜ਼ਾਰ ਸੋਹਣੇ, ਦੁਕਾਨਾਂ ਉੱਚੀਆਂ ਤੇ ਉਨ੍ਹਾਂ ਵਿਚੋਂ ਹਰ ਸ਼ੈ ਮਿਲਦੀ ਹੈ। ਚਾਰ ਵਰਣ, ਚਾਰ ਆਸ਼ਰਮ ਹੀ ਅਨੰਦ ਪਾਉਂਦੇ ਹਨ।’ ਸ੍ਰੀ ਅਨੰਦਪੁਰ ਸਾਹਿਬ ਜਿਥੇ ਅਗੰਮੀ ਦ੍ਰਿਸ਼ਟੀਆਂ ਵਰਸਾਉਣ ਵਾਲਾ ਆਤਮਿਕ ਜਗਿਆਸੂਆਂ ਲਈ ਸੁਹਾਵਨਾ ਅਸਥਾਨ ਬਣਿਆ, ਉਥੇ ਇਹ ਰਾਜਨੀਤਕ ਤੌਰ ‘ਤੇ ਵੀ ਦੇਸ਼ ਦੀ ਤਕਦੀਰ ਬਦਲਣ ਵਾਲਾ ਸਿਧਾਂਤ ਬਣ ਕੇ ਦੁਨੀਆ ਦੇ ਨਕਸ਼ੇ ‘ਤੇ ਆਇਆ। ਇਤਿਹਾਸਕਾਰ ‘ਆਰਚਰ’ ਲਿਖਦਾ ਹੈ, ‘ਅਨੰਦਪੁਰ ਵਸਾਉਣਾ ਇਕ ‘ਲੰਮੀ ਨਦਰ’ ਦਾ ਰਾਜਨੀਤਕ ਕਰਮ ਵੀ ਸੀ।’
‘ਚੱਕ ਨਾਨਕੀ’ ਨਗਰ ਦੀ ਸਭ ਤੋਂ ਪਹਿਲੀ ਇਮਾਰਤ ‘ਗੁਰੂ ਕੇ ਮਹਿਲ’ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਥੇ 1665 ਈਸਵੀ ਵਿਚ ਆਪਣਾ ਨਿਵਾਸ ਅਸਥਾਨ ਤਿਆਰ ਕਰਵਾਇਆ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਨਾਨਕੀ ਜੀ (ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ), ਮਾਤਾ ਗੁਜਰੀ ਜੀ, ਮਾਤਾ ਜੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਅਤੇ ਚਾਰੇ ਸਾਹਿਬਜ਼ਾਦੇ ਵੱਖ-ਵੱਖ ਮੌਕਿਆਂ ‘ਤੇ ਰਹੇ। ‘ਚੱਕ ਨਾਨਕੀ’ ਦੀ ਪਹਿਲੀ ਇਮਾਰਤ ਹੋਣ ਕਾਰਨ ਇਹ ਵੀ ਸਪੱਸ਼ਟ ਹੈ ਕਿ ਇਸ ਨਗਰ ਦੀ ਮੋੜ੍ਹੀ ਵੀ ਗੁਰੂ ਸਾਹਿਬ ਨੇ ਇੱਥੇ ਹੀ ਗੱਡੀ ਹੋਵੇਗੀ।
ਇਤਿਹਾਸਕ ਹਵਾਲਿਆਂ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜੋ ਪੰਜ ਕਿਲ੍ਹਿਆਂ ਦੀ ਸੁਰੱਖਿਅਤ ਘੇਰਾਬੰਦੀ ਵਿਚ ਸਜਿਆ ਸਿੱਖਾਂ ਦਾ ਪੰਜ ਤਖ਼ਤਾਂ ਵਿਚੋਂ ਤੀਜਾ ਤਖ਼ਤ ਹੈ, 1699 ‘ਚ ਕਿਲਾਨੁਮਾ ਰੂਪ ਵਿਚ ਤਿਆਰ ਹੋਇਆ ਸੀ। ਸੰਨ 1699 ਦੇ ਵਿਸਾਖੀ ਵਾਲੇ ਦਿਨ ‘ਖ਼ਾਲਸਾ ਪੰਥ ਦੀ ਸਾਜਨਾ’ ਵਾਲਾ ਦੁਨੀਆ ਦੇ ਇਤਿਹਾਸ ਦਾ ਇਲਾਹੀ ਤੇ ਇਨਕਲਾਬੀ ਕੌਤਕ ਇਸ ਅਸਥਾਨ ‘ਤੇ ਵਰਤਿਆ ਸੀ।
ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 1689 ਈਸਵੀ ਵਿਚ ਸਭ ਤੋਂ ਪਹਿਲਾਂ ਬਣਾਇਆ ਗਿਆ ਕਿਲ੍ਹਾ ਅਨੰਦਗੜ੍ਹ ਸਾਹਿਬ ਸੀ, ਜੋ ਗੁਰੂ ਸਾਹਿਬ ਵਲੋਂ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਰਾਜਾ ਅਜਮੇਰ ਚੰਦ ਦੀਆਂ ਫ਼ੌਜਾਂ ਨੇ ਢਹਿਢੇਰੀ ਕਰ ਦਿੱਤਾ। ਫ਼ਿਰ ਕਈ ਸਾਲ ਮਗਰੋਂ ਇੱਥੇ ਸਿੱਖਾਂ ਨੇ ਗੁਰਦੁਆਰਾ ਸਾਹਿਬ ਕਾਇਮ ਕੀਤਾ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਲ੍ਹੇ ਅੰਦਰ ਇਕ ਬਾਉਲੀ ਵੀ ਬਣਵਾਈ ਸੀ, ਜਿਸ ਨੂੰ 1783 ਈਸਵੀ ਵਿਚ ਦਿੱਲੀ ਫ਼ਤਹਿ ਕਰਨ ਮਗਰੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਮੁੜ ਸੁਰਜੀਤ ਕਰਵਾਇਆ। ਇਸੇ ਤਰ੍ਹਾਂ ਕਿਲ੍ਹਾ ਲੋਹਗੜ੍ਹ ਨੂੰ ਵੀ ਦਸੰਬਰ 1704 ਅਤੇ ਜਨਵਰੀ 1705 ਦੇ ਵਿਚਕਾਰ ਪਹਾੜੀ ਫ਼ੌਜਾਂ ਨੇ ਢਾਹ ਦਿੱਤਾ। ਕਿਲ੍ਹਾ ਹੋਲਗੜ੍ਹ, ਕਿਲ੍ਹਾ ਫ਼ਤਹਿਗੜ੍ਹ ਅਤੇ ਕਿਲ੍ਹਾ ਤਾਰਾਗੜ੍ਹ ਵੀ ਪਹਾੜੀ ਅਤੇ ਮੁਗ਼ਲ ਫ਼ੌਜਾਂ ਦੇ ਹਮਲਿਆਂ ‘ਚ ਢਹਿ ਗਏ, ਜਿਨ੍ਹਾਂ ਦੀ ਨਿਸ਼ਾਨੀ ਵਜੋਂ ਹੁਣ ਉੱਥੇ ਗੁਰਦੁਆਰੇ ਸਥਾਪਿਤ ਹਨ।
ਗੁਰੂ ਕਾਲ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੀ ਆਬਾਦੀ ਸੈਂਕੜੇ ਵਿਚ ਸੀ। ਇਸ ਤੋਂ ਇਲਾਵਾ ਤਕਰੀਬਨ ਹਰ ਵੇਲੇ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਇਥੇ ਜੁੜੇ ਰਹਿਣ ਵਾਲੇ ਸਿੱਖਾਂ ਕਾਰਨ ਵੀ ਰੌਣਕ ਲੱਗੀ ਰਹਿੰਦੀ ਸੀ। ਮਾਰਚ ਦੇ ਆਖਰੀ ਦਿਨਾਂ ਵਿਚ ਵਿਸਾਖ ਮਹੀਨੇ ਦੇ ਆਰੰਭ ਵਿਚ ਹਜ਼ਾਰਾਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਚ ਜੁੜਦੀਆਂ ਸਨ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 6-7 ਪੋਹ 1761 ਬਿਕਰਮੀ (ਦਸੰਬਰ 1704 ਈਸਵੀ) ਦੀ ਦਰਮਿਆਨੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਤਾਂ ਮਗਰੋਂ ਭਾਈ ਗੁਰਬਖ਼ਸ਼ ਰਾਏ ਉਦਾਸੀ ਇੱਥੋਂ ਦੇ ਗੁਰ-ਅਸਥਾਨਾਂ ਦੀ ਸੇਵਾ-ਸੰਭਾਲ ਕਰਦਾ ਰਿਹਾ। ਕੁਝ ਸਾਲਾਂ ਮਗਰੋਂ ਸੋਢੀ ਗੁਲਾਬ ਸਿੰਘ ਤੇ ਸ਼ਾਮ ਸਿੰਘ ਦੇ ਪਰਿਵਾਰ ਇੱਥੇ ਵੱਸਣ ਲੱਗ ਪਏ। ਹੌਲੀ-ਹੌਲੀ ਮੁੜ ਸ੍ਰੀ ਅਨੰਦਪੁਰ ਸਾਹਿਬ ਵੱਸਣਾ ਸ਼ੁਰੂ ਹੋ ਗਿਆ। ਸੰਨ 1868 ਦੀ ਮਰਦਮਸ਼ੁਮਾਰੀ ਵੇਲੇ ਇੱਥੋਂ ਦੀ ਆਬਾਦੀ 6869 ਸੀ। ਵੀਹਵੀਂ ਸਦੀ ਦੇ ਸ਼ੁਰੂ ਵਿਚ ਇੱਥੇ ਭਿਆਨਕ ਜਾਨਲੇਵਾ ਬਿਮਾਰੀਆਂ ਫ਼ੈਲਣ ਕਾਰਨ ਲੋਕ ਇੱਥੋਂ ਖਿਸਕਣੇ ਸ਼ੁਰੂ ਹੋ ਗਏ ਅਤੇ ਸੰਨ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆ ਕੇ ਕੁਝ ਸਿੱਖ ਵੀ ਇੱਥੇ ਆ ਕੇ ਰਹਿਣ ਲੱਗੇ। ਮਗਰੋਂ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਦਿੱਲੀ ਤੋਂ ਦਰਜਨਾਂ ਸਿੱਖ ਪਰਿਵਾਰ ਉਜੜ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਸੰਨ 1999 ‘ਚ ਖ਼ਾਲਸਾ ਪੰਥ ਦੇ 300 ਸਾਲਾ ਸਾਜਨਾ ਸ਼ਤਾਬਦੀ ਸਮਾਰੋਹ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੀ ਕਾਇਆ-ਕਲਪ ਹੀ ਬਦਲ ਗਈ ਅਤੇ ਸੈਂਕੜੇ ਸ਼ਰਧਾਵਾਨ ਸਿੱਖ ਪੰਜਾਬ ਅਤੇ ਵਿਦੇਸ਼ਾਂ ਤੋਂ ਆ ਕੇ ਇੱਥੇ ਵੱਸਣੇ ਸ਼ੁਰੂ ਹੋ ਗਏ। ਪਿਛਲੇ ਦੋ ਦਹਾਕਿਆਂ ‘ਚ ਸ੍ਰੀ ਅਨੰਦਪੁਰ ਸਾਹਿਬ ਦੀ ਵੱਸੋਂ ਇੰਨੀ ਤੇਜ਼ੀ ਨਾਲ ਵਧੀ ਕਿ 1998 ‘ਚ ਇਥੋਂ ਦੀ ਆਬਾਦੀ ਜੋ ਤਕਰੀਬਨ 13 ਹਜ਼ਾਰ ਸੀ, ਹੁਣ ਵੱਧ ਕੇ ਲਗਭਗ 25 ਹਜ਼ਾਰ ਦੇ ਨੇੜੇ-ਤੇੜੇ ਪਹੁੰਚ ਗਈ ਹੈ।
ਸ੍ਰੀ ਅਨੰਦਪੁਰ ਸਾਹਿਬ ਦੀ ਸਿੱਖ ਪਰੰਪਰਾ, ਸਿੱਖ ਅਧਿਆਤਮਕਤਾ, ਸਿੱਖ ਜੰਗਜੂ ਵਿਚਾਰਧਾਰਾ, ਸਿੱਖ ਬੌਧਿਕਤਾ ਅਤੇ ਅਕਾਦਮਿਕਤਾ ਨੂੰ ਅਦੁੱਤੀ ਦੇਣ ਬਾਰੇ ਪ੍ਰੋਫ਼ੈਸਰ ਪੂਰਨ ਸਿੰਘ ਬਹੁਤ ਖੂਬਸੂਰਤ ਸ਼ਬਦਾਂ ਵਿਚ ਲਿਖਦੇ ਹਨ, ‘ਸ੍ਰੀ ਅਨੰਦਪੁਰ ਸਾਹਿਬ ਵਿਚ ਮਨੁੱਖੀ ਆਤਮਾ ਦੀ ਖ਼ੁਸ਼ੀਆਂ ਭਰੀ ਸ਼ਕਤੀ ਕਈ ਵੱਖ-ਵੱਖ ਰੂਪਾਂ ਵਿਚ ਪ੍ਰਗਟ ਹੁੰਦੀ ਹੈ। ਹਰ ਨਵੇਂ ਦਿਨ ਨਵੇਂ ਖ਼ਿਆਲ ਵਾਯੂ-ਮੰਡਲ ਵਿਚ ਫ਼ੈਲ ਜਾਂਦੇ ਸਨ ਅਤੇ ਖ਼ਾਲਸਾ ਪੰਥ ਨਵੇਂ ਰੰਗਾਂ ਵਿਚ ਰੰਗਿਆ ਜਾਂਦਾ ਸੀ। ਸੇਵਾ ਪੰਥੀ, ਨਿਰਮਲੇ ਤੇ ਸਹਿਜਧਾਰੀ ਨਵੇਂ-ਨਵੇਂ ਉੱਚੇ ਤੇ ਚਮਕੀਲੇ ਫ਼ੈਸਲੇ ਕਰਦੇ ਸਨ ਅਤੇ ਇਨ੍ਹਾਂ ਸਾਰਿਆਂ ਤੋਂ ਪਿਛੇਰੇ ਅਤੇ ਉਚੇਰੇ ਸਨ ਅਕਾਲੀ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਇਸ ਧਰਤੀ ਦੀ ਮਲ-ਮੈਲ ਤੋਂ ਬਿਲਕੁਲ ਸੁਤੰਤਰ ਹੋ ਕੇ ਗੁਰੂ ਦੇ ਸੁਪਨਿਆਂ ਨਾਲ ਇਕਮਿਕ ਕਰ ਲਿਆ ਸੀ। ਸੇਵਾ-ਪੰਥੀਆਂ ਨੇ ਸੇਵਾ ਦੇ ਕਰਤੱਵਾਂ ਲਈ ਆਪਣੇ ਆਪ ਨੂੰ ਅਰਪਣ ਕੀਤਾ ਤੇ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰੈੱਡ ਕਰਾਸ (ਸੁਰਖ਼-ਸਲੀਬ) ਦੀ ਨੀਂਹ ਰੱਖੀ, ਜਿਸ ਨੇ ਮਿੱਤਰਾਂ ਤੇ ਵੈਰੀਆਂ ਦੀ ਇਕੋ ਜਿਹੀ ਸੇਵਾ ਕੀਤੀ।’ ਅਤੇ ‘ਨਿਰਮਲਿਆਂ ਨੇ ਆਪਣੇ ਆਪ ਨੂੰ ਵਿੱਦਿਆ ਪ੍ਰਾਪਤ ਕਰਨ ‘ਤੇ ਲਗਾ ਦਿੱਤਾ। ਉਨ੍ਹਾਂ ਸੰਸਕ੍ਰਿਤ ਤੇ ਵੇਦਾਂਤ ਪੜ੍ਹਿਆ ਅਤੇ ਦੇਸ਼ ਵਿਚ ਵਿੱਦਿਆ ਫ਼ੈਲਾਣ ਤੇ ਉਸ ਸਾਹਿਤ ਨੂੰ ਪਹੁੰਚਾਉਣ ਲਈ ਤੁਰ ਪਏ ਜੋ ਸ੍ਰੀ ਅਨੰਦਪੁਰ ਸਾਹਿਬ ਵਿਚ ਰਚਿਆ ਗਿਆ ਸੀ।’
ਫ਼ੋਨ : 98780-70008.

Check Also

ਜਾਤੀ ਆਧਾਰਿਤ ਮਰਦਮਸ਼ੁਮਾਰੀ ਦਾ ਮਹੱਤਵ

ਕੰਵਲਜੀਤ ਕੌਰ ਗਿੱਲ ਜਦੋਂ ਲੋਕਾਂ ਦੀ ਜਾਤ, ਜਨ-ਜਾਤ, ਗੋਤ ਆਦਿ ਨੂੰ ਧਿਆਨ ਵਿੱਚ ਰੱਖਦਿਆਂ ਨਿਸ਼ਚਿਤ …