ਡਾ. ਭੀਮ ਰਾਓ ਅੰਬੇਦਕਰ
ਪਵਨ ਕੁਮਾਰ ਹੰਸ
ਵੀਹਵੀਂ ਸਦੀ ਦੇ ਮਨੁੱਖੀ ਅਧਿਕਾਰਾਂ ਦੇ ਨਾਇਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ, 1891 ਨੂੰ ਮਹਾਰਾਸ਼ਟਰ ਦੇ ਮਹੂ ਪਿੰਡ ਵਿਚ ਮਾਤਾ ਭੀਮਾ ਬਾਈ ਅਤੇ ਪਿਤਾ ਰਾਮ ਜੀ ਰਾਵ ਸਕਪਾਲ ਦੇ ਘਰ ਹੋਇਆ। ਸੂਰਜ ਦੀ ਰੌਸ਼ਨੀ ਲੈ ਕੇ ਇਹ ਬਾਲਕ ਆਇਆ ਜੋ ਮਨੁੱਖੀ ਅਧਿਕਾਰਾਂ ਦਾ ਨਾਇਕ, ਦਲਿਤਾਂ ਤੇ ਪਛੜੇ ਵਰਗਾਂ ਲਈ ਚਿੰਤਤ ਰਹਿਣ ਵਾਲਾ, ਸਮਾਜਵਾਦੀ, ਮਜ਼ਦੂਰ, ਕਿਸਾਨਾਂ ਦਾ ਹਾਮੀ ਅਤੇ ਸੱਚਾ-ਸੁੱਚਾ ਦੇਸ਼ ਭਗਤ ਸੀ। ਇਕ ਘੱਟ ਆਮਦਨ ਵਾਲੇ ਗਰੀਬ ਪਰਿਵਾਰ ਵਿਚ ਜਨਮ ਲੈ ਕੇ ਵਿਦਵਤਾ, ਖੋਜ, ਗਿਆਨ ਦੀਆਂ ਸਿੱਖਰਾਂ ਨੂੰ ਛੋਹਣ ਅਤੇ ਦੇਸ਼ ਦੇ ਰਾਜਨੀਤਕ ਆਕਾਸ਼ ‘ਚ ਕਰੀਬ ਅੱਧੀ ਸਦੀ ਤੱਕ ਛਾਏ ਰਹਿਣ ਵਾਲੀ ਮਹਾਨ ਸ਼ਖ਼ਸੀਅਤ ਸਨ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ। ਇਸ ਰੌਸ਼ਨੀ ਦਾ ਜੀਵਨ ਦੁੱਖਾਂ-ਤਕਲੀਫਾਂ, ਤੰਗੀਆਂ ਨਾਲ ਭਰਿਆ ਹੋਇਆ ਸੀ। ਇਨ੍ਹਾਂ ਦੀ ਮਾਤਾ ਦਾ ਸਵਰਗਵਾਸ ਉਨ੍ਹਾਂ ਦੀ ਬਾਲ ਅਵਸਥਾ ਵਿਚ ਹੀ ਹੋ ਗਿਆ ਸੀ। ਇਸ ਲਈ ਇਨ੍ਹਾਂ ਦਾ ਪਾਲਣ-ਪੋਸ਼ਣ ਇਨ੍ਹਾਂ ਦੀ ਚਾਚੀ ਮੀਰਾ ਬਾਈ ਨੇ ਕੀਤਾ। ਉਨ੍ਹਾਂ ਨੂੰ ਸਕੂਲ ਦੇ ਦਿਨਾਂ ਵਿਚ ਧੁੱਪ, ਮੀਂਹ ਅਤੇ ਹਨੇਰੀ ਵਿਚ ਕਮਰੇ ਤੋਂ ਬਾਹਰ ਬੈਠਣਾ ਪੈਂਦਾ ਸੀ। ਉਸ ਸਮੇਂ ਦੇਸ਼ ਵਿਚ ਛੂਤ-ਛਾਤ, ਜਾਤ-ਪਾਤ, ਅੰਧ-ਵਿਸ਼ਵਾਸ, ਗਰੀਬੀ, ਲਾਚਾਰੀ ਅਤੇ ਧਾਰਮਿਕ ਕੱਟੜਤਾ ਦਾ ਬੋਲਬਾਲਾ ਸੀ।
ਡਾ: ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਇਨ੍ਹਾਂ ਰੁਕਾਵਟਾਂ ਦੇ ਬਾਵਜੂਦ 5 ਐਮ.ਏ., ਪੀ.ਐਚ.ਡੀ., ਡੀ. ਐਸ.ਸੀ., ਐਲ. ਐਲ.ਬੀ., ਡੀ. ਲਿੱਟ., ਬਾਰ ਐਟ ਲਾਅ ਦੀਆਂ ਵਿਦੇਸ਼ਾਂ ਤੋਂ ਉੱਚ-ਡਿਗਰੀਆਂ ਪ੍ਰਾਪਤ ਕੀਤੀਆਂ। ਇਸ ਤਰ੍ਹਾਂ ਡਾ: ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਇਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਮਾਨਵਤਾਵਾਦੀ, ਸਮਾਜ ਸੁਧਾਰਕ, ਲੇਖਕ, ਕਾਨੂੰਨ ਸਬੰਧੀ ਵਿਦਵਾਨ, ਸੁਤੰਤਰਤਾ ਸੰਗਰਾਮੀ, ਗਰੀਬਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਲੇ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ ਸਨ। ਉਨ੍ਹਾਂ ਨੇ ਸਮੇਂ ਨੂੰ ਮੁੱਖ ਰੱਖਦਿਆਂ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਦਾ ਨਾਅਰਾ ਬੁਲੰਦ ਕੀਤਾ। ਡਾ: ਅੰਬੇਡਕਰ ਸਾਹਿਬ ਇਕ ਉੱਚ-ਕੋਟੀ ਦੇ ਦੇਸ਼ ਭਗਤ ਸਨ। ਅਮਰੀਕਾ ਵਿਚ ਪੀ. ਐਚ.ਡੀ. ਵਾਸਤੇ ਜੋ ਖੋਜ- ਪੱਤਰ ਉਨ੍ਹਾਂ ਨੇ ਲਿਖਿਆ ਸੀ, ਉਸ ਦਾ ਸਿਰਲੇਖ ਸੀ : ਬਰਤਾਨਵੀ ਰਾਜ ਵਿਚ ਭਾਰਤ ਦੇ ਪ੍ਰਾਂਤਾਂ ਵਿਚ ਸਰਮਾਏ ਦਾ ਰੂਪ। ਉਸ ਵਿਚ ਉਨ੍ਹਾਂ ਨੇ ਬਰਤਾਨਵੀ ਸਮਾਜ ਵਿਚ ਭਾਰਤ ਦੇ ਪ੍ਰਾਂਤਾਂ ਵਿਚ ਡਗਮਗਾਉਂਦੀ ਆਰਥਿਕਤਾ ਬਾਰੇ ਲਿਖਿਆ। ਉਨ੍ਹਾਂ ਨੇ ਲਿਖਿਆ ਕਿ ਅੰਗਰੇਜ਼ੀ ਸ਼ਾਸਕ ਵਿੱਦਿਆ ਅਤੇ ਉਦਯੋਗ ਵੱਲ ਧਿਆਨ ਨਹੀਂ ਦੇ ਰਹੇ ਸਨ। ਉਨ੍ਹਾਂ ਨੇ 1910 ਵਿਚ ਪਾਸ ਕੀਤੇ ਪ੍ਰੈੱਸ ਐਕਟ ਦੀ ਵੀ ਨਿਖੇਧੀ ਕੀਤੀ, ਜਿਸ ਵਿਚ ਸਮਾਚਾਰ ਪੱਤਰਾਂ ਦੀ ਆਜ਼ਾਦੀ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਖਤਮ ਕਰ ਦਿੱਤਾ ਗਿਆ ਸੀ।
1922 ਵਿਚ ਵਿਦਿਆਰਥੀ ਸੰਗਠਨ ਦੇ ਇਕ ਸਮਾਗਮ ਵਿਚ ਡਾ: ਅੰਬੇਡਕਰ ਨੇ ਇਕ ਪੇਪਰ ਪੜ੍ਹਿਆ, ਜਿਸ ਦਾ ਸਿਰਲੇਖ ਸੀ ‘ਭਾਰਤ ਵਿਚ ਅੰਗਰੇਜ਼ੀ ਸੰਗਠਨ ਦੀਆਂ ਜ਼ਿੰਮੇਵਾਰੀਆਂ’, ਇਸ ਤਰ੍ਹਾਂ ਸਰਕਾਰ ਉੱਤੇ ਅਨੇਕ ਇਲਜ਼ਾਮ ਲਗਾਉਂਦਿਆਂ ਅੰਗਰੇਜ਼ੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਅਤੇ ਸਿੱਧ ਕਰ ਦਿੱਤਾ ਕਿ ਬਰਤਾਨੀਆ ਦੀ ਗੁਲਾਮੀ ਨੇ ਭਾਰਤ ਨੂੰ ਨਰਕ ਬਣਾ ਦਿੱਤਾ ਹੈ ਤੇ ਆਜ਼ਾਦੀ ਬਗੈਰ ਭਾਰਤੀਆਂ ਦਾ ਕਲਿਆਣ ਨਹੀਂ ਹੋ ਸਕਦਾ। ਲੰਡਨ ਦੀ ਗੋਲਮੇਜ਼ ਕਾਨਫਰੰਸ ਵਿਚ ਬਾਬਾ ਸਾਹਿਬ ਨੇ ਆਪਣੇ ਮਨ ਦੀ ਭੜਾਸ ਕੱਢਦੇ ਹੋਏ ਦਲਿਤਾਂ, ਮਜ਼ਦੂਰਾਂ ਅਤੇ ਹੋਰ ਗਰੀਬ ਭਾਰਤੀਆਂ ਦੀ ਦੁਰਦਸ਼ਾ ਵਾਸਤੇ ਅੰਗਰੇਜ਼ੀ ਸਰਕਾਰ ਨੂੰ ਦੋਸ਼ੀ ਠਹਿਰਾਦਿਆਂ ਅਤੇ ਇਸ ਦਾ ਇਕੋ-ਇਕ ਇਲਾਜ ਆਜ਼ਾਦੀ ਅਤੇ ਲੋਕਾਂ ਦੀ ਲੋਕਾਂ ਵਾਸਤੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦੱਸਿਆ। ਡਾ: ਅੰਬੇਡਕਰ ਨੇ ਦੱਸਿਆ ਕਿ ਰਾਜਨੀਤਕ ਤਾਕਤ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਅਤੇ ਇਹ ਸ਼ਕਤੀ ਹਾਸਲ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੇ ਲੋਕਾਂ ਨੂੰ 1932 ਵਿਚ ਵੋਟ ਰੂਪੀ ਹਥਿਆਰ ਦਿਵਾਇਆ।
ਸੰਨ 1947 ਵਿਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨਿਕ ਕਮੇਟੀ ਵਿਚ 256 ਮੈਂਬਰਾਂ ਵਿਚੋਂ 7 ਮੈਂਬਰਾਂ ਨੇ ਹੀ ਖਰੜਾ ਕਮੇਟੀ ਵਿਚ ਸ਼ਮੂਲੀਅਤ ਪਾਈ, ਜਿਸ ਦੇ ਪ੍ਰਧਾਨ ਡਾ: ਭੀਮ ਰਾਓ ਅੰਬੇਡਕਰ ਨੂੰ ਚੁਣਿਆ ਗਿਆ ਅਤੇ ਉਨ੍ਹਾਂ ਦੀ ਅਗਵਾਈ ਵਿਚ ਹੀ ਭਾਰਤ ਦਾ ਸੰਵਿਧਾਨ ਤਿਆਰ ਕਰਕੇ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ। ਸਾਡੇ ਧਾਰਮਿਕ ਗ੍ਰੰਥਾਂ ਅਤੇ ਵੇਦਾਂ ਦੇ ਅਨੁਸਾਰ ਜਿਸ ਧਰਮ ਵਿਚ ਮਾਣ-ਸਨਮਾਨ ਅਤੇ ਸਮਾਨਤਾ ਦਾ ਅਧਿਕਾਰ ਨਾ ਹੋਵੇ ਉਸ ਧਰਮ ਨੂੰ ਬਦਲ ਦੇਣਾ ਚਾਹੀਦਾ ਹੈ। ਇਸ ਲਈ ਡਾ: ਭੀਮ ਰਾਓ ਅੰਬੇਡਕਰ ਨੇ 14 ਅਕਤੂਬਰ, 1956 ਨੂੰ ਆਪਣੇ ਸੰਕਲਪ ਰਾਹੀਂ ਲੱਖਾਂ ਲੋਕਾਂ ਸਮੇਤ ਬੁੱਧ ਧਰਮ ਗ੍ਰਹਿਣ ਕੀਤਾ। ਡਾ: ਭੀਮ ਰਾਓ ਅੰਬੇਡਕਰ ਦੀਆਂ ਭਾਰਤੀ ਸਮਾਜ ਪ੍ਰਤੀ ਜੀਵਨ ਪ੍ਰਾਪਤੀਆਂ ਨੂੰ ਸਜਦਾ ਕਰਦੇ ਹੋਏ ਸਵਰਗਵਾਸੀ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਵੀ. ਪੀ. ਸਿੰਘ ਨੇ ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਉੱਚੀ ਨਾਗਰਿਕ ਉਪਾਧੀ ‘ਭਾਰਤ ਰਤਨ’ ਦੇ ਕੇ ਸਨਮਾਨਿਤ ਕੀਤਾ। ਡਾ: ਭੀਮ ਰਾਓ ਅੰਬੇਡਕਰ ਦਾ ਸੰਸਦ ਵਿਚ ਸੁਸ਼ੋਭਿਤ ਚਿੱਤਰ ਅੱਜ ਵੀ ਬਾਬਾ ਸਾਹਿਬ ਦਾ ਫਲਸਫਾ ਪੜ੍ਹਾ ਰਿਹਾ ਹੈ ਅਤੇ ਅਸੀਂ ਯੁੱਗ ਪੁਰਸ਼ ਭਾਰਤ ਰਤਨ ਬਾਬਾ ਸਾਹਿਬ ਦੇ ਜਨਮ ਦਿਵਸ ‘ਤੇ ਉਨ੍ਹਾਂ ਨੂੰ ਯਾਦ ਕਰਕੇ ਨਤਮਸਤਕ ਹੁੰਦੇ ਹਾਂ।