Breaking News
Home / ਮੁੱਖ ਲੇਖ / ਆਲਮੀ ਮੇਲਾ ਹੈ ਵਿਸਾਖੀ

ਆਲਮੀ ਮੇਲਾ ਹੈ ਵਿਸਾਖੀ

ਤਲਵਿੰਦਰ ਸਿੰਘ ਬੁੱਟਰ
ਵਿਸਾਖੀ ਦਾ ਸਬੰਧ ਸਿਰਫ਼ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਹੀ ਨਹੀਂ ਜੁੜਿਆ ਹੋਇਆ, ਸਗੋਂ ਇਹ ਮੇਲਾ ਦੁਨੀਆ ਭਰ ‘ਚ ਵੱਖੋ-ਵੱਖਰੇ ਰੂਪਾਂ ਵਿਚ ਮਨਾਇਆ ਜਾਂਦਾ ਹੈ। ਕਿਤੇ ਇਹ ਮੇਲਾ ਫ਼ਸਲਾਂ ਪੱਕਣ ‘ਤੇ ਖੁਸ਼ੀਆਂ ਦੇ ਹੁਲਾਸ ਦਾ ਪ੍ਰਤੀਕ ਹੈ, ਕਿਤੇ ਸੱਭਿਆਚਾਰਕ ਮਹੱਤਤਾ ਰੱਖਦਾ ਹੈ ਅਤੇ ਕਿਤੇ ਧਾਰਮਿਕ ਆਸਥਾ ਵਜੋਂ ਮਨਾਇਆ ਜਾਂਦਾ ਹੈ। ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। ਈਸਵੀ ਕੈਲੰਡਰ ਅਨੁਸਾਰ ਵੈਸਾਖ ਮਹੀਨਾ ਅਪ੍ਰੈਲ ‘ਚ ਆਉਂਦਾ ਹੈ। ਵਿਸਾਖੀ ਦਾ ਦਿਨ ਬਿਕਰਮੀ ਸਾਲ ਦੇ ਨਵੇਂ ਦਿਨ ਵਜੋਂ ਮਨਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਜ਼ਿਕਰ ਕਰਦੇ ਹਨ, ‘ਵੈਸ਼ਾਖ. ਵਿਸ਼ਾਖਾ ਨਛਤਰ ਵਾਲੀ ਜਿਸ ਮਹੀਨੇ ਦੀ ਪੂਰਨਮਾਸ਼ੀ ਹੈ। ਵੈਸ਼ਾਖ ਦਾ ਪਹਿਲਾ ਪ੍ਰਵਿਸ਼ਾ ਸੂਰਜ ਦੇ ਹਿਸਾਬ ਵੈਸ਼ਾਖ ਦਾ ਪਹਿਲਾ ਦਿਨ।’ ਭਾਵ ਕਿ ਵਿਸਾਖੀ, ਵੈਸਾਖ ਮਹੀਨੇ ਦੇ ਪਹਿਲੇ ਦਿਨ ਹੁੰਦੀ ਹੈ। ਬਿਕਰਮੀ ਸਾਲ ਦਾ ਪਹਿਲਾ ਦਿਨ ਹੋਣ ਕਰਕੇ ਹਿੰਦੂ ਧਰਮ ‘ਚ ਵਿਸਾਖੀ ਦਾ ਵੱਡਾ ਮਹੱਤਵ ਹੈ। ਹਿੰਦੂ ਭਾਈਚਾਰੇ ਵਲੋਂ ਹਰਿਦੁਆਰ ‘ਚ ਵਿਸਾਖੀ ਵੱਡੇ ਪੱਧਰ ‘ਤੇ ਮਨਾਈ ਜਾਂਦੀ ਹੈ। ਲੱਖਾਂ ਲੋਕ ਗੰਗਾ ਨਦੀ ‘ਚ ਇਸ਼ਨਾਨ ਕਰਕੇ ਨਵੇਂ ਸਾਲ ਦਾ ਆਰੰਭ ਕਰਦੇ ਹਨ। ਹਰਿਦੁਆਰ ਵਿਖੇ ਹਿੰਦੂ ਸੰਤ ਆਪੋ-ਆਪਣੇ ਅਖਾੜਿਆਂ ‘ਚੋਂ ਮੰਡਲੀਆਂ ਦੇ ਰੂਪ ‘ਚ ‘ਹਰਿ ਕੀ ਪਉੜੀ’ ਵਿਖੇ ਪਹੁੰਚਦੇ ਹਨ। ਸੰਤ ਮੰਡਲੀਆਂ ਵਲੋਂ ਵਿਸਾਖੀ ਮੌਕੇ ਕੁੰਭ ਦੇ ਮੇਲੇ ਵਾਂਗ ਹੀ ਗੰਗਾ ਨਦੀ ‘ਚ ‘ਸ਼ਾਹੀ ਇਸ਼ਨਾਨ’ ਕੀਤਾ ਜਾਂਦਾ ਹੈ। ਇਤਿਹਾਸਕ ਰੂਪ ਵਿਚ ਵਿਸਾਖੀ ਦਾ ਸਬੰਧ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਵਜੋਂ ਸਿੱਖ ਧਰਮ ਨਾਲ ਜੁੜ ਗਿਆ, ਜਿਸ ਤੋਂ ਬਾਅਦ ਵਿਸਾਖੀ ਖ਼ਾਲਸਾ ਪੰਥ ਦਾ ਪਵਿੱਤਰ ਦਿਹਾੜਾ ਬਣ ਗਿਆ। ਪਰ ਵਿਸਾਖੀ ਦਾ ਦਿਹਾੜਾ ਸਿੱਖ ਧਰਮ ਵਿਚ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਸਿੱਖਾਂ ਵਿਚ ਵਿਸਾਖੀ ਮਨਾਉਣ ਦੀ ਸ਼ੁਰੂਆਤ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਕੀਤੀ ਸੀ। ਇਸ ਦਿਨ ਸਿੱਖ ਸੰਗਤਾਂ ਦੂਰੋਂ-ਦੂਰੋਂ ਗੁਰੂ ਸਾਹਿਬਾਨ ਦੇ ਦਰਸ਼ਨਾਂ ਲਈ ਆਉਂਦੀਆਂ ਅਤੇ ਗੁਰੂ-ਜਸ ਸਰਵਣ ਕਰਦੀਆਂ। ਸੱਭਿਆਚਾਰਕ ਰੂਪ ‘ਚ ਵਿਸਾਖੀ ਪੰਜਾਬ ਸਮੇਤ ਉਤਰੀ ਭਾਰਤ ਵਿਚ ਹਾੜ੍ਹੀ ਦੀ ਫ਼ਸਲ ਪੱਕਣ ਦੀ ਖੁਸ਼ੀ ‘ਚ ਮਨਾਈ ਜਾਂਦੀ ਹੈ। ਢੋਲ ਦੇ ਡਗੇ ਉਤੇ ਕੁੜਤੇ, ਚਾਦਰੇ ਅਤੇ ਛਮਲੇ ਵਾਲੀਆਂ ਪੱਗਾਂ ਬੰਨ੍ਹੀਂ ਪੰਜਾਬੀ ਗੱਭਰੂ ਗੋਲ ਚੱਕਰ ਬਣਾ ਕੇ ਕਣਕਾਂ ਵਿਚ ਹੀ ਨੱਚਣ ਲੱਗਦੇ। ਘਰ ਆਏ ਦਾਣਿਆਂ ਅਤੇ ਵਿਸਾਖੀ ਮੌਕੇ ਫ਼ਸਲ ਦੀ ਵੇਚ-ਵੱਟ ਦੀ ਖੁਸ਼ੀ ‘ਚ ਕਿਸਾਨਾਂ ਵਲੋਂ ਭੰਗੜੇ ਪਾਏ ਜਾਂਦੇ। ਵਿਸਾਖੀ ਵਾਲੇ ਦਿਨ ਕਿਸਾਨ ਦੀ ਖੁਸ਼ੀ ਨੂੰ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਇਉਂ ਰੂਪਮਾਨ ਕੀਤਾ ਹੈ :
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਵਿਸਾਖੀ ਦਾ ਦਿਹਾੜਾ ਵੱਖ-ਵੱਖ ਰੂਪਾਂ ਅਤੇ ਢੰਗਾਂ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਨੂੰ ਵੈਸਾਖੀ ਜਾਂ ਬੈਸਾਖੀ ਵੀ ਕਿਹਾ ਜਾਂਦਾ ਹੈ। ਖੇਤਰੀ ਭਾਸ਼ਾਵਾਂ ‘ਚ ਇਸ ਦੇ ਵੱਖੋ-ਵੱਖਰੇ ਨਾਂਅ ਹਨ। ਤਾਮਿਲਨਾਡੂ ਵਿਚ ਵੈਸਾਖ ਮਹੀਨੇ ਨੂੰ ‘ਵਿਸ਼ੂ’ ਕਿਹਾ ਜਾਂਦਾ ਹੈ ਅਤੇ ਵਿਸਾਖੀ ਵਾਲੇ ਦਿਨ ‘ਪੁਥਾਂਡੂ’ ਤਿਓਹਾਰ ਮਨਾਇਆ ਜਾਂਦਾ ਹੈ। ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਵੀ ਵਿਸਾਖੀ ਕਣਕ ਪੱਕਣ ਦੀ ਖੁਸ਼ੀ ਵਜੋਂ ਮਨਾਈ ਜਾਂਦੀ ਹੈ। ਹਿਮਾਚਲ ਪ੍ਰਦੇਸ਼ ਵਿਚ ਵੈਸਾਖ ਅਤੇ ਕੱਤਕ ਮਹੀਨੇ ਵਿਚ, ਸਾਲ ‘ਚ ਦੋ ਵਾਰ ਵਿਸਾਖੀ ਮਨਾਈ ਜਾਂਦੀ ਹੈ। ਲੋਕ ਇਕ ਗਰਮ ਪਾਣੀ ਵਾਲੇ ਝਰਨੇ ਕੋਲ ਮਾਤਾ ਦੇ ਮੰਦਰ ‘ਚ ਜਾ ਕੇ ਪੂਜਾ ਕਰਦੇ ਹਨ। ਮਾਤਾ ਦੀ ਇਕ ਖ਼ਾਸ ਕਿਸਮ ਦੀ ਬਣਾਈ ਮੂਰਤੀ ਦੇ ਮੂੰਹ ‘ਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਹਨ। ਲੋਕ ਅੱਗ ਦੀਆਂ ਲਾਟਾਂ ਨੂੰ ਪਵਿੱਤਰ ਮੰਨ ਕੇ ਪੂਜਾ ਕਰਦੇ ਹਨ। ਨਦੀਆਂ ਕੰਢੇ ਇਸ਼ਨਾਨ ਵੀ ਕਰਦੇ ਹਨ।
ਬਿਹਾਰ ਵਿਚ ਵਿਸਾਖੀ ਸੂਰਜ ਦੇਵਤਾ ਦੀ ਖਿਦਮਤ ਵਿਚ ਸੂਰਜਪੁਰ-ਬਾਰਾਗਾਉਂ ਵਿਚ ਮਨਾਈ ਜਾਂਦੀ ਹੈ। ਉੜੀਸਾ ਵਿਚ ਕੋਨਾਰਕ ਦੇ ਮੰਦਰ ਵਿਚ ਸੂਰਜ ਦੇਵਤਾ ਦੀ ਮੰਨਤ ਬਹੁਤ ਸ਼ਰਧਾ ਨਾਲ ਮਨਾਈ ਜਾਂਦੀ ਹੈ। ਭਾਰਤ ਦੇ 7 ਉਤਰ-ਪੂਰਬੀ ਸੂਬਿਆਂ ਦੇ ਆਦਿਵਾਸੀ ਵੀ ਆਪੋ-ਆਪਣੇ ਸੱਭਿਆਚਾਰ, ਧਰਮ ਅਤੇ ਜ਼ੁਬਾਨਾਂ ਵਿਚ ਇਸ ਤਿਉਹਾਰ ਨੂੰ ਬੜੇ ਜੋਸ਼ ਨਾਲ ਮਨਾਉਂਦੇ ਹਨ। ਮਨੀਪੁਰ ਵਿਚ ਮਨਾਇਆ ਜਾਂਦਾ ਇਹ ਤਿਉਹਾਰ ਖ਼ਾਸ ਤੌਰ ‘ਤੇ ਯਾਦਗਾਰੀ ਹੁੰਦਾ ਹੈ। ਆਸਾਮ ਵਿਚ ਵਿਸਾਖੀ 14 ਅਪਰੈਲ ਨੂੰ ‘ਰੰਗਲੀ ਬਿਹੂ’ ਦੇ ਨਾਂਅ ਨਾਲ ਮਨਾਉਂਦੇ ਹਨ। ਲੋਕ ਸੁੰਦਰ ਕੱਪੜੇ ਪਹਿਨ ਕੇ ਢੋਲ-ਢਮੱਕੇ ਦੌਰਾਨ ਖ਼ੁਸ਼ੀ ਭਰਪੂਰ ਨਾਚ-ਗਾਣੇ ਦਾ ਆਨੰਦ ਮਾਣਦੇ ਹਨ।
ਬੰਗਾਲ ਵਿਚ ‘ਨਬਾ ਬਰਸ਼ਾ’ (ਨਵਾਂ ਸਾਲ) ਮਨਾਇਆ ਜਾਂਦਾ ਹੈ। ਬੰਗਾਲੀ ਲੋਕ ਗੰਗਾ ਇਸ਼ਨਾਨ ਜਾਂ ਨਦੀਆਂ, ਤਾਲਾਬਾਂ ਵਿਚ ਨਹਾਉਂਦੇ ਹਨ। ਘਰਾਂ ਨੂੰ ਰੰਗੋਲੀ ਨਾਲ ਸਜਾਉਂਦੇ ਹਨ। ਦੱਖਣੀ-ਭਾਰਤ ਵਿਚ ਤਾਮਿਲ ਅਤੇ ਤੇਲਗੂ ਲੋਕ ਵੀ ਵੈਸਾਖ ਨਵੇਂ ਸਾਲ ਦੇ ਤੌਰ ‘ਤੇ ਮਨਾਉਂਦੇ ਹਨ। ਲੱਕੜੀ ਦੇ ਰੱਥ ‘ਤੇ ਜਲੂਸ ਕੱਢਦੇ ਹਨ। ਕੇਰਲਾ ਦੇ ਲੋਕ ਮੰਦਰਾਂ ਵਿਚ ਵਿਸ਼ਨੂੰ ਦੀ ਸਿਮਰਤੀ ਵਿਚ ‘ਪੂਰਮ’ ਮਨਾਉਂਦੇ ਹਨ। ਅਨੇਕਾਂ ਢੰਗਾਂ ਨਾਲ ਸਜੇ ਮੰਦਰਾਂ ਵਿਚੋਂ ਹਾਥੀ ਨਿਕਲਦੇ ਹਨ। ਹਾਥੀਆਂ ਦਾ ਸਮੂਹ ਇਕ ਵੱਡੇ ਮੰਦਰ ਕੋਲ ਇਕੱਤਰ ਹੁੰਦਾ ਹੈ। ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਚਲੇ ਜਾਂਦੇ ਹਨ। ਸ਼ਾਮ ਨੂੰ ਪਹਿਲਾ ‘ਪੂਰਮ’ ਦੋ ਪਾਰਟੀਆਂ ਨਾਲ ਕੀਤਾ ਜਾਂਦਾ ਹੈ। ਹਰੇਕ ਪਾਰਟੀ ਮੁਕੰਮਲ ਤੌਰ ‘ਤੇ ਸਜੇ ਪੰਦਰਾਂ-ਪੰਦਰਾਂ ਹਾਥੀਆਂ ਅਤੇ ਕੇਰਲਾ ਦੇ ਰਵਾਇਤੀ ਸੰਗੀਤਕਾਰਾਂ ਸਮੇਤ ਵੱਡੇ ਮੰਦਰ ਕੋਲ ਆਉਂਦੀ ਹੈ। ਮੰਦਰ ਦੀ ਪਰਿਕਰਮਾ ਕਰਨ ਪਿਛੋਂ ਇਕ ਖੁੱਲ੍ਹੇ ਮੈਦਾਨ ਵਿਚ ਇਕੱਠੇ ਹੁੰਦੇ ਹਨ। ਵੱਖ-ਵੱਖ ਪਾਰਟੀਆਂ ਦੇ ਸਜੇ-ਸੰਵਰੇ ਹਾਥੀ ਇਕ-ਦੂਜੇ ਦੇ ਆਹਮੋ-ਸਾਹਮਣੇ ਖੜ੍ਹੇ ਹੁੰਦੇ ਹਨ। ਫਿਰ ਉਹ ਪਾਰਟੀਆਂ ਆਪਣੇ ਗੂੜ੍ਹੇ ਰੰਗਾਂ ਦੀਆਂ ਛਤਰੀਆਂ ਦਾ ਵਟਾਂਦਰਾ ਕਰਦੀਆਂ ਹਨ। ਇਸ ਰੀਤ ਨੂੰ ‘ਕੁਦਾਮੱਤਨ ਰਸਮ’ ਕਹਿੰਦੇ ਹਨ। ਸਾਰੀ ਫ਼ਿਜ਼ਾ ਸੰਗੀਤ ਦੀ ਗੂੰਜ ਨਾਲ ਸਰਸ਼ਾਰ ਹੋ ਜਾਂਦੀ ਹੈ ਅਤੇ ਰਾਤ ਦੇ 9 ਵਜੇ ਪਹਿਲੇ ਪੂਰਮ ਦੀ ਸਮਾਪਤੀ ਹੁੰਦੀ ਹੈ।
ਦੂਜਾ ਪੂਰਮ ਅੱਧੀ-ਰਾਤ ਨੂੰ ‘ਇਲਾਂਗੀ’ ਦਰੱਖ਼ਤ ਥੱਲੇ ਸੰਗੀਤ ਦੀ ਖ਼ਾਸ ਧੁਨ ਵਜਾ ਕੇ ਆਰੰਭ ਕੀਤਾ ਜਾਂਦਾ ਹੈ। ਇਸ ਧੁਨ ਨੂੰ ‘ਇਲਾਂਗੀਥਾਰਾ ਮੈਲਨ’ ਕਿਹਾ ਜਾਂਦਾ ਹੈ। ਫਿਰ ਸੱਤ ਮਸ਼ਾਲਾਂ ਦੀ ਅਗਵਾਈ ਵਿਚ ਜਲੂਸ ਸ਼ੁਰੂ ਹੁੰਦਾ ਹੈ। ਇਸ ਪਿੱਛੇ ਵੰਨ-ਸੁਵੰਨੀ ਸਜਾਵਟ ਕੀਤੇ ਹਾਥੀਆਂ ਦਾ ਦਿਲਕਸ਼ ਝੁੰਡ ਹੁੰਦਾ ਹੈ। ਦਿਨ ਚੜ੍ਹਦੇ ਦੌਰਾਨ ਪਟਾਕੇ ਵਜਾਉਣ ਦੇ ਮੁਕਾਬਲੇ ਨਾਲ ਇਸ ਤਿਉਹਾਰ ਦੀ ਸਮਾਪਤੀ ਹੋ ਜਾਂਦੀ ਹੈ।
ਪਾਂਡੀਚਰੀ ਦੇ ਮੰਦਰ ਵਿਚ ਵਿਸਾਖੀ ਦਾ ਦਿਨ ‘ਕਮਾਰਚੀ ਅਮਾਂ’ ਦੇਵੀ ਨੂੰ ਸਮਰਪਿਤ ਹੁੰਦਾ ਹੈ। ਦੇਵੀ ਦੇ ਬੁੱਤ ਨੂੰ ਗਹਿਣਿਆਂ ਅਤੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਘੋੜਿਆਂ, ਰੱਥਾਂ ਅਤੇ ਸ਼ੇਰ ਦੇ ਰੂਪ ‘ਚ ਬਣੀਆਂ ਬੱਗੀਆਂ ‘ਚ ਜਲੂਸ ਕੱਢੇ ਜਾਂਦੇ ਹਨ। ਨੌਵੇਂ ਦਿਨ ਇਕ ਸ਼ਾਨਦਾਰ ਜਲੂਸ ਨਾਲ ਇਸ ਤਿਉਹਾਰ ਦੀ ਸਮਾਪਤੀ ਹੁੰਦੀ ਹੈ। ਪਾਕਿਸਤਾਨ ਵਿਚ ਵੀ ਵਿਸਾਖੀ ਹਰਸ਼ੋ-ਹੁਲਾਸ ਨਾਲ ਮਨਾਈ ਜਾਂਦੀ ਹੈ। ਭਾਵੇਂਕਿ ਮੁਸਲਮਾਨਾਂ ਵਿਚ ਵਿਸਾਖੀ ਦਾ ਕੋਈ ਧਾਰਮਿਕ ਮਹੱਤਵ ਨਹੀਂ ਹੈ, ਪਰ ਅਣਵੰਡੇ ਭਾਰਤ ਦੀਆਂ ਸੱਭਿਆਚਾਰਕ ਰਵਾਇਤਾਂ ਅਨੁਸਾਰ ਉਥੇ ਵਿਸਾਖੀ ਮਨਾਉਣ ਦਾ ਰੁਝਾਨ ਲਗਾਤਾਰ ਜਾਰੀ ਹੈ। ਪਾਕਿ ਵਿਚ ਵਿਸਾਖੀ ਫ਼ਸਲਾਂ ਪੱਕਣ ਦੀ ਖੁਸ਼ੀ ‘ਚ ਮਨਾਈ ਜਾਂਦੀ ਹੈ। ਕਸੂਰ ਦੇ ਪਿੰਡ ਬਾਬਾ ਰਾਮ ਥੰਮਨ ਵਿਚ ਮੁਸਲਮਾਨ ਭਾਈਚਾਰੇ ਵਲੋਂ ਬਹੁਤ ਵੱਡਾ ਵਿਸਾਖੀ ਮੇਲਾ ਕਰਵਾਇਆ ਜਾਂਦਾ ਹੈ। ਲਾਹੌਰ ‘ਚ ਪੰਜਾਬੀ ਭਾਈਚਾਰੇ ਵਲੋਂ ਖਾਣ-ਪੀਣ ਦੇ ਸਮਾਗਮ ਅਤੇ ਸੈਮੀਨਾਰ ਕੀਤੇ ਜਾਂਦੇ ਹਨ। ਐਮਨਾਬਾਦ ‘ਚ ਹਰ ਸਾਲ ਬਹੁਤ ਵੱਡਾ ਖੇਡ ਮੇਲਾ ਹੁੰਦਾ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ ‘ਚ ਵਿਸਾਖੀ ਮੌਕੇ ਕੁਸ਼ਤੀ, ਕਬੱਡੀ, ਘੋੜ ਦੌੜਾਂ, ਬੁੱਢਿਆਂ ਦੀਆਂ ਦੌੜਾਂ ਸਮੇਤ ਅਨੇਕਾਂ ਰਵਾਇਤੀ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਫ਼ਸਲਾਂ ਪੱਕਣ ‘ਤੇ ਕਾਦਰ ਦੇ ਸ਼ੁਕਰਾਨੇ ਦਾ ਦਿਹਾੜਾ ਮਨਾਉਣ ਦੀ ਰੀਤ ਮਨੁੱਖੀ ਸੱਭਿਅਤਾ ਵਿਚ ਸ਼ੁਰੂ ਤੋਂ ਹੀ ਚਲਦੀ ਆਈ ਹੈ। ਭਾਰਤ ਹੀ ਨਹੀਂ, ਵੱਖ-ਵੱਖ ਦੇਸ਼ਾਂ ਅਤੇ ਪੁਰਾਤਨ ਸੱਭਿਅਤਾਵਾਂ ਦਾ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ। ਅਮਰੀਕਾ ਵਿਚ ਅਜਿਹਾ ਤਿਉਹਾਰ 1621 ਈਸਵੀ ਤੋਂ ਸ਼ੁਰੂ ਹੋਇਆ। ਹਰ ਸਾਲ ਫ਼ਸਲ ਦੀ ਵਾਢੀ ਤੋਂ ਬਾਅਦ ‘ਸ਼ੁਕਰਾਨੇ ਦੇ ਪ੍ਰਗਟਾਵੇ’ ਦਾ ਦਿਨ ਮਨਾਇਆ ਜਾਂਦਾ ਹੈ। ਸੰਨ 1863 ਵਿਚ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੇ ਬਾਕਾਇਦਾ ਇਸ ਤਿਉਹਾਰ ਨੂੰ ਕੌਮੀ ਦਿਵਸ ਵਜੋਂ ਮਾਨਤਾ ਦੇ ਦਿੱਤੀ। ਇਸ ਤਿਉਹਾਰ ਲਈ ਆਮ ਤੌਰ ‘ਤੇ ਹਰੇਕ ਸਾਲ ਦੇ ਨਵੰਬਰ ਦੇ ਚੌਥੇ ਵੀਰਵਾਰ ਨੂੰ ਛੁੱਟੀ ਹੁੰਦੀ ਹੈ। ਕੈਨੇਡਾ ਵਿਚ ਇਹ ਤਿਉਹਾਰ ਸੰਨ 1879 ਈਸਵੀ ਵਿਚ ਮਨਾਉਣਾ ਸ਼ੁਰੂ ਕੀਤਾ ਗਿਆ। ਇਹ ਤਿਉਹਾਰ ਹਰ ਸਾਲ ਅਕਤੂਬਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਲੋਕ ਇਸ ਤਿਉਹਾਰ ਮੌਕੇ ਖ਼ਾਸ ਪਕਵਾਨ-‘ਟਰਕੀ’ (ਵੱਡਾ ਮੁਰਗ਼ਾ) ਖਾਂਦੇ ਹਨ। ਪ੍ਰਾਚੀਨ ਯੂਨਾਨ, ਰੋਮਨ, ਹਿਬਰੂ, ਚੀਨ ਅਤੇ ਮਿਸਰ ਦੇ ਲੋਕਾਂ ਵਿਚ ਵੀ ਫ਼ਸਲ ਦੀ ਵਾਢੀ ਮੌਕੇ ਤਿਉਹਾਰ ਮਨਾਉਣ ਦਾ ਇਤਿਹਾਸ ‘ਚ ਜ਼ਿਕਰ ਮਿਲਦਾ ਹੈ। ਪ੍ਰਾਚੀਨ ਯੂਨਾਨ ਵਿਚ ਲੋਕ ਅਨਾਜ ਦੀ ਦੇਵੀ ‘ਡਿਮੀਟਰ’ ਨੂੰ ਸਮਰਪਿਤ ਖ਼ਰੀਫ਼ ਦੀ ਫ਼ਸਲ ਮੌਕੇ ਵਾਢੀ ਦਾ ਤਿਉਹਾਰ ਮਨਾਉਂਦੇ ਸਨ। ਰੋਮਨ ਲੋਕ ਵਾਢੀ ਦਾ ‘ਸੀਰੀਲੀਆ’ ਤਿਉਹਾਰ ਆਪਣੀ ਅਨਾਜ ਦੀ ਦੇਵੀ ‘ਸੀਰੇਸ’ ਦੇ ਸ਼ੁਕਰਾਨੇ ‘ਚ ਮਨਾਉਂਦੇ ਸਨ। ਪ੍ਰਾਚੀਨ ਚੀਨ ਦੇ ਲੋਕ ਵਾਢੀ ਦਿਵਸ ਅੱਠਵੇਂ ਮਹੀਨੇ ਦੀ 15 ਤਰੀਕ ਨੂੰ ਪੂਰਨਮਾਸੀ ਵਾਲੇ ਦਿਨ ‘ਚੁੰਗ ਚੂਈ’ ਤਿਉਹਾਰ ਨਾਲ ਮਨਾਉਂਦੇ ਸਨ। ਲੋਕ ਇਸ ਦਿਨ ਨੂੰ ਚੰਦ ਦਾ ਜਨਮ-ਦਿਨ ਸਮਝਦੇ ਸਨ।
ਹਿਬਰੂ ਜਾਂ ਯਹੂਦੀ ਲੋਕ 3000 ਸਾਲ ਤੋਂ ਵੀ ਵੱਧ ਸਮੇਂ ਤੋਂ ਵਾਢੀ ਦਾ ਤਿਉਹਾਰ ਮਨਾਉਂਦੇ ਆ ਰਹੇ ਹਨ। ਇਸ ਤਿਉਹਾਰ ਨੂੰ ਉਹ ‘ਸੁੱਕੋਟ’ (ਸ਼ੁਕਕੋਟਹ) ਕਹਿੰਦੇ ਹਨ। ਇਹ ਤਿਉਹਾਰ ਹਰੇਕ ਪੱਤਝੜ ਮੌਸਮ ਵਿਚ ਮਨਾਇਆ ਜਾਂਦਾ ਹੈ। ਮਿਸਰ ਵਿਚ ਵਾਢੀ ਦਾ ਤਿਉਹਾਰ ‘ਮਿਨ’ ਦੇਵਤਾ ਦੀ ਖਿਦਮਤ ਵਿਚ ਮਨਾਇਆ ਜਾਂਦਾ ਸੀ। ਇਸ ਦੇਵਤਾ ਨੂੰ ਬਨਸਪਤੀ ਅਤੇ ਜਣਨ-ਸ਼ਕਤੀ ਦਾ ਦੇਵਤਾ ਮੰਨਿਆ ਜਾਂਦਾ ਸੀ। ਇਹ ਤਿਉਹਾਰ ਮਿਸਰੀ ਲੋਕਾਂ ਦੀ ਫ਼ਸਲ ਦੀ ਵਾਢੀ ਮੌਕੇ ਬਹਾਰ ਮੌਸਮ ਵਿਚ ਮਨਾਇਆ ਜਾਂਦਾ ਸੀ।

 

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …