ਕੈਨੇਡਾ ਤੋਂ ਪੰਜਾਬ ਜਾ ਕੇ ਸ਼ਹੀਦ ਹੋਣ ਵਾਲੇ ਮਹਾਨ ਯੋਧੇ
ਬਾਣੀ ਤੇ ਬਾਣੇ ਦੀ ਧਾਰਨੀ ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ
(ਦੂਜੀ ਤੇ ਆਖਰੀ ਕਿਸ਼ਤ)
‘ਬਬਰ ਅਕਾਲੀ’ ਜਥੇਬੰਦੀ ਦੀ ਮਰਿਆਦਾ ਅਤੇ ਨਿਯਮ : ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੀ ਜੀਵਨ ਅਤੇ ਸ਼ਖਸੀਅਤ ਬਾਰੇ ਜਾਣਨ ਸਮੇਂ ਉਹਨਾਂ ਦੀ ਜਥੇਬੰਦੀ ਦੀ ਮਰਿਆਦਾ ਤੇ ਨਿਯਮ ਗੌਰ ਕਰਨ ਯੋਗ ਹਨ। ਬਬਰ ਅਕਾਲੀ ਜਥੇ ਵਿੱਚ ਵਿਸ਼ੇਸ਼ ਮਰਿਯਾਦਾ ਤੇ ਨਿਯਮ ਬਣਾਏ ਗਏ ਸਨ, ਜਿਹਨਾਂ ਦੀ ਪਾਲਣਾ ਹਰ ਬਬਰ ਅਕਾਲੀ ਲਈ ਲਾਜ਼ਮੀ ਸੀ। ‘ਬੱਬਰ ਅਕਾਲੀਆਂ ਦਾ ਇਤਿਹਾਸ’ (ਲੇਖਕ ਡਾਕਟਰ ਬਖਸ਼ੀਸ਼ ਸਿੰਘ ਨਿੱਝਰ) ਪੰਨਾ 2 ਅਨੁਸਾਰ ‘ਹਰ ਬਬਰ ਅਕਾਲੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ, ਨਿਯਮ ਅਨੁਸਾਰ ਸਵੇਰੇ, ਸ਼ਾਮ ਪੜ੍ਹਨੀ ਜ਼ਰੂਰੀ ਹੈ। ਬਬਰ ਅਕਾਲੀ ਆਪਣੀ ਪਾਰਟੀ ਜਾਂ ਮੈਂਬਰ ਦਾ ਵਿਰੋਧ ਨਹੀਂ ਕਰੇਗਾ। ਵਾਰਦਾਤ ਵੇਲੇ ਕਿਸੇ ਇਸਤਰੀ ਦੀ ਇੱਜ਼ਤ ਨੂੰ ਹੱਥ ਨਹੀਂ ਪਾਵੇਗਾ। ਕਿਸੇ ਧਰਮ, ਜਾਤ-ਪਾਤ ਨਾਲ ਵਿਤਕਰਾ ਨਹੀਂ ਕਰੇਗਾ। ਹਮਲਾ ਕਰਨ ਸਮੇਂ ਕਿਸੇ ਵੀ ਵਾਰਦਤ ਵਾਲੀ ਥਾਂ ਤੋਂ ਕੋਈ ਸ਼ੈ ਚੋਰੀ ਨਹੀਂ ਕਰੇਗਾ, ਜਥੇਦਾਰ ਦੀ ਆਗਿਆ ਬਿਨਾ ਕੋਈ ਕਦਮ ਨਹੀਂ ਚੁੱਕੇਗਾ। ਜਥੇਬੰਦੀ ਨਾਲ ਗਦਾਰੀ ਨਹੀਂ ਕਰੇਗਾ ਅਤੇ ਕੋਈ ਭੇਦ ਬਾਹਰ ਨਹੀਂ ਕੱਢੇਗਾ।
ਬਾਣੀ ਤੇ ਬਾਣੇ ਦੀ ਧਾਰਨੀ ਬਬਰ ਅਕਾਲੀ ਯੋਧੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਸੁਰਮਈ ਰੰਗ ਦਾ ਦਸਤਾਰਾ ਸਜਾਉਂਦੇ ਸਨ। ਇਸ ਤੋਂ ਇਲਾਵਾ ਕਕਾਰ ਵਜੋਂ ਆਪ ਤਿੰਨ ਫੁਟੀ ਕਿਰਪਾਨ ਪਹਿਨਦੇ ਸਨ। ਬੱਬਰ ਅਕਾਲੀਆਂ ਦੇ ਲਿਬਾਸ ਬਾਰੇ ਕਿਤਾਬ ‘ਬੱਬਰ ਅਕਾਲੀ ਲਹਿਰ ਅਤੇ ਇਸ ਦੇ ਆਗੂ’ (ਲੇਖਕ ਗੁਰਬਚਨ ਸਿੰਘ) ਦੇ ਪੰਨਾ 15 ਉਪਰ ਅੰਕਿਤ ਹੈ ਕਿ ਬਬਰ ਅਕਾਲੀ ਜਥੇ ਦੇ ਮੈਂਬਰ ਸੱਤ ਬਾਣੀਆਂ ਦੇ ਨਿਤਨੇਮੀ ਤੇ ਪੰਜ-ਕਕਾਰਾਂ ਦੀ ਰਹਿਤ ਦੇ ਧਾਰਨੀ ਸਨ। ਉਹ ਆਦਮੀ ਨੂੰ ਜਥੇ ਦਾ ਮੈਂਬਰ ਬਿਲਕੁਲ ਨਹੀਂ ਸੀ ਬਣਾਇਆ ਜਾਂਦਾ, ਜੋ ਗੁਰਸਿੱਖੀ ਅਸੂਲਾਂ ਵਿੱਚ ਢਿੱਲੜ ਹੋਵੇ ਅਤੇ ਇਸ ਅਰਸੇ ਵਿੱਚ ਵੀ ਚੱਕਰਵਰਤੀ ‘ਅਕਾਲੀ ਲਿਬਾਸ’ ਰੱਖਦੇ ਸਨ ਅਤੇ ‘ਸੁਰਮਈ ਦਸਤਾਰੇ’ ਕਦੇ ਨਹੀਂ ਸਨ ਬਦਲਦੇ। ਇੱਥੇ ਜ਼ਿਕਰਯੋਗ ਯੋਗ ਹੈ ਕਿ ਪਹਿਲੀ ਵਾਰ ਨੌ ਇੰਚ ਤੋਂ ਲੰਮੀ ਕਿਰਪਾਨ ਰੱਖਣ ‘ਤੇ ਕਾਨੂੰਨੀ ਪਾਬੰਦੀ ਅੰਗਰੇਜ਼ ਕਾਲ ਦੌਰਾਨ, ਬਬਰ ਅਕਾਲੀ ਜਥੇਬੰਦੀ ਦੇ ਮੈਂਬਰਾਂ ਕਾਰਨ ਲਗਾਈ ਗਈ ਸੀ। (‘ਬੱਬਰ ਅਕਾਲੀ’, ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 17)
ਸ਼ਹੀਦ ਕਰਮ ਸਿੰਘ ਬਬਰ ਅਕਾਲੀ ਦੀ ਜੁਝਾਰੂ ਕਵਿਤਾ : ਜੁਝਾਰੂ ਕਵੀ ਜਥੇਦਾਰ ਕਰਮ ਸਿੰਘ ਬੱਬਰ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਈ ਫ਼ਲਸਫ਼ੇ ਤੋਂ ਸੇਧ ਲੈ ਕੇ ਗ਼ੁਲਾਮੀ ਖ਼ਿਲਾਫ਼ ਲੜਨ ਅਤੇ ਜ਼ਾਲਮਾਂ ਨੂੰ ਸੋਧਣ ਲਈ ਕਾਵਿ ਰਚਨਾਵਾਂ ਲਿਖਦੇ। ਅਜਿਹੀ ਮਹਾਨ ਸੋਚ ਕਾਰਨ ਹੀ ਉਹਨਾਂ ਦੇ ‘ਬਬਰ ਅਕਾਲੀ’ ਪਰਚੇ ਵਿੱਚ ਲੇਖ ਅਤੇ ਕਵਿਤਾਵਾਂ ਮੁਰਦਾ ਦਿਲਾਂ ‘ਚ ਰੂਹ ਫੂਕ ਦਿੰਦੀਆਂ ਸਨ। ‘ਬਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ, ਹੱਥੀਂ ਆਪਣੀ ਦਫ਼ਾ ਲਗਾ ਭਾਈ’ ਅਤੇ ‘ਕਰਮ ਸਿੰਘ ਹੁਣ ਬਬਰ ਦਾ ਰੂਪ ਧਾਰੋ, ਵੇਲਾ ਆ ਗਿਆ ਧੂਮ ਧੁਮਾਵਣੇ ਦਾ’ ਵਰਗੇ ਅਨੇਕਾਂ ਕਾਵਿ-ਬੰਦ ਜੁਝਾਰੂ ਸੋਚ ਪ੍ਰਗਟਾਉਂਦੇ ਸਨ। ਹੋਰ ਮਿਸਾਲਾਂ ਹਨ ;
”ਸ਼ਾਂਤਮਈ ਨੇ ਕੁਝ ਸਵਾਰਿਆ ਨਾ,
ਕੰਮ ਸ਼ੁਰੂ ਕਰਦੇ ਦੂਜੇ ਦਾ ਭਾਈ।
ਤੁਖਮ ਛੋੜ ਨਹੀਂ ਹੁਣ ਜ਼ਾਲਮਾਂ ਦਾ,
ਜਿਨ੍ਹਾਂ ਦਿੱਤੇ ਹਨ ਲੋਕ ਸਤਾ ਭਾਈ।
‘ਕਰਮ ਸਿੰਘ’ ਕਰਤਾਰ ਦੀ ਓਟ ਲੈ ਕੇ,
ਹੁਣ ਜ਼ਾਲਮਾਂ ਵੰਡੀਆਂ ਪਾ ਭਾਈ।”
ਆਪ ਦੀਆਂ ਕਵਿਤਾਵਾਂ ਦਾ ਲੋਕਾਂ ‘ਤੇ ਡੂੰਘਾ ਅਸਰ ਪਿਆ ਅਤੇ ਥਾਂ-ਥਾਂ ਲੋਕ ਅੰਗਰੇਜ਼ਾਂ ਖਿਲਾਫ਼ ਲਾਮਬੰਦ ਹੋਣ ਲੱਗੇ। ‘ਖੰਡਾ ਪਕੜੋ ਸ਼ੇਰੋ’, ‘ਬੂਟੇ ਦੇਸ਼ ਆਜ਼ਾਦੀ ਦੇ’, ‘ਝੋਲੀ ਚੁੱਕ ਨਹੀਂ ਛੱਡਣੇ ਅਤੇ ‘ਅੱਖਾਂ ਖੋਲੋ’ ਆਦਿਕ ਕੁਝ ਮਿਸਾਲਾਂ ਹਨ। ਜਿਵੇਂ ਕਿ ;
”ਪਕੜੋ ਖੰਡਾ ਸ਼ੇਰੋ, ਆਖੇ ਬੱਬਰ ਪੁਕਾਰ।
ਖੰਡਾ ਪਕੜੋ, ਸਾਣ ਤੇ ਲਾਉ, ਤੇਜ਼ ਕਰੋ ਇਹਦੀ ਧਾਰ।
ਬਿਨਾਂ ਖੰਡਿਓਂ ਨਾ ਮਿਲੇ, ਆਜ਼ਾਦੀ ਆਖੇ ਬਬਰ ਵੰਗਾਰ।”
”ਪੰਥ ਖਾਲਸਾ ਅਰਜ਼ ਗੁਜ਼ਾਰਦਾ ਹਾਂ
ਕਿਉਂ ਨਹੀਂ ਸਮਝਦਾ ਇਹਨਾਂ ਦੀ ਚਾਲ ਜਲਦੀ।
ਸ਼ਾਂਤੀ ਨਾਲ ਨਹੀਂ ਪਾਜੀਆਂ ਬਾਜ਼ ਆਉਣਾ
ਕਰੀਏ ਤੇਜ਼ ਤਲਵਾਰ ਦੀ ਧਾਰ ਜਲਦੀ।”
ਬੱਬਰ ਅਕਾਲੀ ਭਾਈ ਕਰਮ ਸਿੰਘ ਦੌਲਤਪੁਰ ਦੀਆਂ ਕਵਿਤਾਵਾਂ ਸਿੱਖੀ ਜਜ਼ਬਾ ‘ਤੇ ਅਧਾਰਤ ਹੁੰਦੇ ਸਨ। ਆਪਣੇ ਭਾਸ਼ਣਾ ਵਿੱਚ ‘ਜ਼ਫਰਨਾਮੇ’ ਵਿੱਚੋਂ ਹਵਾਲੇ ;
”ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤੋ ਬੁਰਦਨ ਬ ਸ਼ਮਸ਼ੀਰ ਦਸਤ॥
ਇਸ ਦੇ ਨਾਲ ਹੀ ਹੋਰ ਮਿਸਾਲਾ ਜਿਵੇਂ ਕਿ ;
”ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ॥
ਸੈਫ ਸਰੋਹੀ ਸੈਹਿਬੀ ਜੇਹੀ ਹਮਾਰੇ ਪੀਰ॥”
ਲੋਕਾਂ ਨੂੰ ਸੰਘਰਸ਼ ਤੇ ਆਜ਼ਾਦੀ ਦੇ ਰਾਹ ‘ਤੇ ਤੋਰਨ ਲਈ ਬਬਰ ਅਕਾਲੀਆਂ ਦੀਆਂ ਤਕਰੀਰਾਂ, ਜੋਸ਼ ਭਰਪੂਰ ਹੁੰਦੀਆਂ। (ਇਤਿਹਾਸਕ ਹਵਾਲਾ ‘ਬਬਰ ਅਕਾਲੀ ਲਹਿਰ ਦਾ ਇਤਿਹਾਸ’ ਲੇਖਕ ਮਿਲਖਾ ਸਿੰਘ ਬਬਰ, ਪੰਨਾ 47-49)
ਬਬਰ ਅਕਾਲੀਆਂ ਦਾ ਲੋਕ ਪੱਖੀ ਰਾਜ ਪ੍ਰਬੰਧ : ਬਬਰ ਅਕਾਲੀਆਂ ਵੱਲੋਂ ਐਲਾਨ ਕੀਤਾ ਗਿਆ ਉਹਨਾਂ ਦੇ ਹੁੰਦਿਆਂ ਕਿ ਕੋਈ ਵੀ ਠੇਕੇਦਾਰ ਸ਼ਰਾਬ ਤੇ ਸੜਕਾਂ ਦੁਆਲੇ ਲੱਗੇ ਅੰਬਾਂ ਦਾ ਤੇ ਜਾਮਣਾਂ ਦਾ ਠੇਕਾ ਨਹੀਂ ਲਵੇਗਾ। ਇਸ ਦਾ ਅਸਰ ਇਹ ਹੋਇਆ ਕਿ 1922-23 ਦੌਰਾਨ ਕਿਸੇ ਵੀ ਠੇਕੇਦਾਰ ਨੇ ਜਾਮਣਾਂ ਅਤੇ ਅੰਬਾਂ ਦਾ ਠੇਕਾ ਲੈਣ ਦੀ ਹਿੰਮਤ ਨਾ ਕੀਤੀ। ਭਾਈ ਕਰਮ ਸਿੰਘ ਬਬਰ ਅਕਾਲੀ ਨੇ ਦੌਲਤਪੁਰ ਵਿਖੇ ਨਾਨਕ ਸ਼ਾਹੀ ਇੱਟਾਂ ਨਾਲ ਖੂਹ ਪਟਵਾਇਆ ਅਤੇ ਲੋਕਾਂ ਨੂੰ ਸਾਫ ਸੁਥਰੇ ਪਾਣੀ ਦੀਆਂ ਸੇਵਾਵਾਂ ਦਿੱਤੀਆਂ। ਪਿੰਡ ਵਿੱਚ ਸਹਿਕਾਰੀ ਬੈਂਕ ਬਣਾ ਕੇ ਲੋਕ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ। ਅਗਾਂਹ ਵਧੂ ਸੋਚ ਅਨੁਸਾਰ ਪਿੰਡ ਵਿੱਚ ਇੰਜਣ ਲਾ ਕੇ ਆਟਾ ਪੀਹਣ ਵਾਲੀ ਚੱਕੀ ਸਥਾਪਿਤ ਕੀਤੀ। ਜੁਝਾਰੂ ਸੋਚ ਅਧੀਨ ਭੋਰੇ ਤੋਂ ਖੂਹ ਤੱਕ ਜਾਣ ਲਈ, ਦੋ ਸੁਰੰਗਾਂ ਅਤੇ ਹਥਿਆਰ ਬੰਦ ਸਮਾਨ ਦੀ ਤਿਆਰੀ ਦਾ ਪ੍ਰਬੰਧ ਕੀਤਾ। ਕਿਸਾਨੀ ਖੇਤਰ ਨੂੰ ਮਜ਼ਬੂਤ ਕਰਨ ਲਈ ਇਲਾਕੇ ਦੇ ਕਿਰਤੀਆਂ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਇਨ੍ਹਾਂ ਬਬਰਾਂ ਦੀ ਲੋਕ ਪ੍ਰਿਅਤਾ ਦਾ ਅਸਰ ਘੱਟ ਕਰਨ ਲਈ ਅੰਗਰੇਜ਼ਪ੍ਰਸਤ ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਤੇ ਜਗੀਰਦਾਰਾਂ ਨੇ ਬਬਰਾਂ ਦੀ ਕਿਰਦਾਰਕੁਸ਼ੀ ਦੀਆਂ ਸਾਜਿਸ਼ਾਂ ਰਚੀਆਂ। ਸਰਕਾਰੀ ਸ਼ੈਅ ਉੱਪਰ ਅਖੌਤੀ ‘ਅਮਨ ਕਮੇਟੀਆਂ’ ਬਣਾਉਣ, ਨਾਚ-ਗਾਉਣ ਅਤੇ ਭੋਗ-ਵਿਲਾਸ ਦਾ ਪ੍ਰਚਾਰ ਕਰਨ ਅਤੇ ਰਾਤਾਂ ਨੂੰ ਦਿਖਾਵੇ ਮਾਤਰ ਪਹਿਰਾ ਲਾਉਣ ਵਾਲੇ ਮਸ਼ਵਰਿਆਂ ਨਾਲ, ਬਬਰਾਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੇ ਕਾਰੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ ‘ਲੋਕਾਂ ਦੇ ਹੱਕਾ ਲਈ ਲੜਨ ਵਾਲੇ’ ਯੋਧਿਆਂ ਖਿਲਾਫ਼ ਹੀ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਹ ਵਰਤਾਰੇ ਮੁਰਦਾ ਜ਼ਮੀਰ ਅਤੇ ਗ਼ੁਲਾਮ ਮਾਨਸਿਕਤਾ ਦੇ ਪ੍ਰਤੱਖ ਸਬੂਤ ਸਨ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਬਬਰ ਅਕਾਲੀਆਂ ਦੇ ਅਜਿਹੀਆਂ ਅਮਨ ਕਮੇਟੀਆਂ ਤੇ ਅਖੌਤੀ ਸੱਭਿਆਚਾਰਕ ਮੇਲਿਆਂ ਦੇ ਪਾਜ ਉਧੇੜੇ ਅਤੇ ਕਈ ਵਾਰ ਉਹਨਾਂ ਦੀਆਂ ਸਟੇਜਾਂ ਤੇ ਹੀ ਜਾ ਕੇ, ਲੋਕਾਂ ਨੂੰ ਲਾਮਬੱਧ ਕੀਤਾ ਅਤੇ ਹਲੂਣੇ ਦਿੱਤੇ।
ਜਥੇਬੰਦੀ ਦੇ ਅਨੁਸ਼ਾਸਨ : ਬੱਚਿਆਂ ਅਤੇ ਔਰਤਾਂ ‘ਤੇ ਹਮਲੇ ਨਾ ਕਰਨਾ : 12 ਜਨਵਰੀ,1923 ਨੂੰ ‘ਬਬਰ ਅਕਾਲੀ ਦੁਆਬਾ’ ਅਖਬਾਰ ਵਿੱਚ ਜੁਝਾਰੂਆਂ ਦੀਆਂ ਚਿੱਠੀਆਂ ਛਾਪੀਆਂ, ਇਨ੍ਹਾਂ ਵਿੱਚ ਜਲੰਧਰ ਜ਼ਿਲ੍ਹੇ ਵਿਚ ਬੱਬਰਾਂ ਵੱਲੋਂ ਟੋਡੀਆਂ ਨੂੰ ਸੋਧਣ ਦਾ ਐਲਾਨ ਛਾਪਿਆ ਗਿਆ ਸੀ। ਜਥੇਬੰਦੀ ਦੇ ਅਨੁਸ਼ਾਸਨ ਨੂੰ ਮੁੱਖ ਰੱਖਦਿਆਂ 25 ਨਵੰਬਰ,1922 ਨੂੰ ਇਕ ਬੈਠਕ ‘ਚ ਮੈਂਬਰਾਂ ਨੂੰ ਔਰਤਾਂ ਅਤੇ ਬੱਚਿਆਂ ਉਤੇ ਹਮਲੇ ਨਾ ਕਰਨ ਦੀ ਹਦਾਇਤ ਤੋਂ ਇਲਾਵਾ, ਝੋਲੀ-ਚੁੱਕਾਂ ਨੂੰ ਸੋਧਣ ਦੀ ਜਿੰਮੇਵਾਰੀ ਲਈ ਬਬਰ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਅਤੇ ਉਦੈ ਸਿੰਘ ਦੇ ਨਾਮ ਦਾ ਮਤਾ ਪਾਸ ਕੀਤਾ ਗਿਆ। 11 ਮਾਰਚ,1923 ਨੂੰ ਨੰਗਲ ਸਾਮਾਂ ਪਿੰਡ ਦਾ ਲੰਬਰਦਾਰ ਸੋਧਿਆ। 19 ਮਾਰਚ,1923 ਨੂੰ ਸੀਆਈਡੀ ਸਿਪਾਹੀ ਲਾਭ ਸਿੰਘ ਨੂੰ ਡਾਨਸੀਵਾਲ ਪਿੰਡ ਵਿਚ ਖਤਮ ਕੀਤਾ। 21 ਮਾਰਚ,1923 ਨੂੰ ਪਿੰਡ ਕੌਲਗੜ੍ਹ, ਸਭਸ ਨਗਰ ਵਿਖੇ ਅੰਗਰੇਜ਼ ਪ੍ਰਸਤਾਂ ਨੂੰ ਸੋਧਣ ਦੀ ਜਿੰਮੇਵਰੀ ਲੈਣ ਦਾ ਬਬਰ ਅਕਾਲੀਆਂ ਦਾ ਦੂਜਾ ਐਲਾਨ ‘ਬਬਰ ਅਕਾਲੀ’ ਅਖਬਾਰ ਵਿੱਚ ਪ੍ਰਕਸ਼ਿਤ ਕੀਤਾ ਗਿਆ। ਭਾਈ ਕਰਮ ਸਿੰਘ ਬਬਰ ਅਕਾਲੀ ਨੇ ਆਪਣਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਕੀਤਾ। 20 ਮਈ,1923 ਨੂੰ ਹਿਯਾਤਪੁਰ ਰੁੜਕੀ ਦੇ ਦੋ ਅੰਗਰੇਜ਼-ਪ੍ਰਸਤ ਰਲਾ ਅਤੇ ਦਿੱਤੂ ਨੂੰ ਕੌਮੀ ਯੋਧਿਆਂ ਨਾਲ ਗ਼ੱਦਾਰੀ ਕਰਨ ਤੋਂ ਬਾਜ਼ ਨਾ ਆਉਣ ਕਾਰਨ ਖੁਦ ਬਬਰ ਅਕਾਲੀ ਨੇ ਸੋਧਿਆ। ਹਿਯਾਤਪੁਰ ਰੁੜਕੀ ਭਾਈ ਕਰਮ ਸਿੰਘ ਬਬਰ ਅਕਾਲੀ ਦਾ ਨਾਨਕਾ ਪਿੰਡ ਸੀ। ਇਸੇ ਦੌਰਾਨ ਕੁਝ ਅੰਗਰੇਜ਼-ਪ੍ਰਸਤ ਸੰਪਰਦਾਰਵਾਂ ਨੇ ਬਬਰ ਅਕਾਲੀਆਂ ਦੀਆਂਕਾਰਵਾਈਆਂ ਵਿਰੁੱਧ ਮਤੇ ਪਾਸ ਕੀਤੇ।
ਬਬਰ ਅਕਾਲੀਆਂ ਦਾ ਚੀਫ ਖਾਲਸਾ ਦੀਵਾਨੀਏ ਧੜੇ ਵੱਲੋਂ ਵਿਰੋਧ : ਬਬਰ ਅਕਾਲੀ ਯੋਧਿਆਂ ਨੇ ਅਗਸਤ,1922 ਦੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਅਕਾਲੀਆਂ ਉੱਪਰ ਪੁਲਿਸ ਦੇ ਤਸ਼ੱਦਦ ਬਾਰੇ, ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਛੇੜਣ ਲਈ ਆਖਿਆ ਗਿਆ, ਪਰ ਨਰਮ-ਖਿਆਲੀ ਅਕਾਲੀ ਆਗੂਆਂ ਵੱਲੋਂ ਇਹ ਗੱਲ ਨਾ ਮੰਨੀ ਗਈ। ਦੂਜੇ ਪਾਸੇ ਜੁਝਾਰੂ ਬਬਰ ਅਕਾਲੀਆਂ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਅਤੇ ਇਕ ਖੁੱਲ੍ਹੀ ਚਿੱਠੀ ਗਵਰਨਰ ਪੰਜਾਬ ਦੇ ਨਾਲ ਲਿਖਦਿਆਂ ਕਿਹਾ, ”ਐ ਗਵਰਨਰ ਪੰਜਾਬ! ਤੇਰੀਆਂ ਬੇਇਨਸਾਫ਼ੀਆਂ ਅਤੇ ਜ਼ੁਲਮਾਂ ਤੋਂ ਤੰਗ ਆ ਕੇ, ਬਬਰ ਅਕਾਲੀਆਂ ਨੇ ਆਪਣਾ ਸ਼ਾਂਤਮਈ ਦਾ ਰਾਹ ਤਿਆਗ ਕੇ, ਹੁਣ ਤਲਵਾਰ ਦਾ ਰਸਤਾ ਫੜਿਆ ਹੈ।” ਝੋਲੀ ਚੁੱਕਾਂ ਦੇ ਸੋਧੇ ਲੱਗਣ ਕਾਰਨ ਨਰਮ-ਖ਼ਿਆਲੀ ਅਕਾਲੀ ਅਤੇ ਚੀਫ਼ ਖ਼ਾਲਸਾ ਦੀਵਾਨ ਵਾਲੇ ਬਬਰਾਂ ਦਾ ਵਿਰੋਧ ਕਰਨ ਲੱਗੇ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਬਰਾਂ ਦੇ ਮੁਕੱਦਮੇ ਵੀ ਲੜੇ, ਪਰ ਇਹ ਵੀ ਸੱਚ ਹੈ ਕਿ 29 ਮਈ,1923 ਨੂੰ ਸ਼੍ਰੋਮਣੀ ਕਮੇਟੀ ਨੇ ਬਬਰ ਅਕਾਲੀਆਂ ਨੂੰ ਪੰਥ ਵਿਰੋਧੀ ਘੋਸ਼ਿਤ ਕਰ ਦਿੱਤਾ। ਦੁਖਦਾਈ ਪੱਖ ਇਹ ਹੈ ਕਿ ਸਰਕਾਰ ਨੂੰ ਖੁਸ਼ ਕਰਨ ਲਈ ਇਹ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਬਰਾਂ ਦੀ ਕਤਲਾਂ ਦੀ ਪਾਲਿਸੀ ਦੀ ਨਿਖੇਧੀ ਕਰਦੀ ਹੈ ਤੇ ਪੰਥ ਅੱਗੇ ਅਪੀਲ ਕਰਦੀ ਹੈ ਕਿ ਕੋਈ ਸੱਜਣ ਇਨ੍ਹਾਂ ਦੀ ਸਹਾਇਤਾ ਨਾ ਕਰੇ, ਸਗੋਂ ਇਨ੍ਹਾਂ ਨੂੰ ਦੇਸ਼ ਤੇ ਕੌਮ ਲਈ ਹਾਨੀਕਾਰਕ ਸਮਝੇ। (ਹਵਾਲਾ ਕਿਤਾਬ ‘ਬਬਰ ਅਕਾਲੀ’, ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 135)
‘ਬਬਰ ਅਕਾਲੀ’ ਅਖਬਾਰ ਦਾ ਡੂੰਘਾ ਪ੍ਰਭਾਵ : ‘ਬਬਰ ਅਕਾਲੀ’ ਅਖ਼ਬਾਰ ਰਾਹੀਂ ਸਿੱਖ ਪਲਟਣਾਂ, ਸਕੂਲਾਂ, ਕਾਲਜਾਂ ਆਦਿ ਤੋਂ ਇਲਾਵਾ ਬਾਹਰਲੇ ਪ੍ਰਾਂਤਾਂ ਵਿੱਚ ਵੀ ਅੰਗਰੇਜ਼ਾਂ ਦੇ ਵਿਰੁੱਧ ਜ਼ਬਰਦਸਤ ਪ੍ਰਚਾਰ ਕੀਤਾ ਗਿਆ ਅਤੇ ਦੇਸ਼ਵਾਸੀਆਂ ਨੂੰ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰਨ ਲਈ ਪ੍ਰੇਰਿਆ ਗਿਆ।
ਅੰਗਰੇਜ਼ ਸਰਕਾਰ ਵੱਲੋਂ ਸਾਈਕਲੋ ਸਟਾਈਲ ਮਸ਼ੀਨਾਂ ਚੁੱਕਣ ਅਤੇ ਅਖ਼ਬਾਰ ਜ਼ਬਤ ਕਰਨ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਛਾਪੇ ਮਾਰਨ ‘ਤੇ ਪੁਲਸ ਦੇ ਹੱਥ ਕੁਝ ਨਾ ਲੱਗਦਾ, ਕਿਉਂਕਿ ‘ਬਬਰ ਅਕਾਲੀ’ ਅਖ਼ਬਾਰ ਕਦੇ ਇੱਕ ਥਾਂ ਤੋਂ ਅਤੇ ਕਿਸੇ ਦੂਜੀ ਥਾਂ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਸੀ।
ਗੁਪਤ ਤੌਰ ‘ਤੇ ਬਬਰ ਅਕਾਲੀ ਅਖ਼ਬਾਰ ਛਾਪਣ ਦੇ ਮੁੱਖ ਕੇਂਦਰ ਕੋਟ ਫਤੂਹੀ, ਪੰਡੋਰੀ ਕੋਠੀ, ਫਤਹਿਪੁਰ ਜੱਸੋਵਾਲ ਅਤੇ ਗੁਰਦੁਆਰਾ ਕਿਸ਼ਨਪੁਰ ਵਿੱਚ ਕਾਇਮ ਸਨ, ਪਰ ਇਸਦੇ ਬਾਵਜੂਦ ਇਨ੍ਹਾਂ ਪਰਚਿਆਂ ਨੂੰ ‘ਉਡਾਰੂ ਪ੍ਰੈਸ’ ਰਾਹੀਂ ਖੁਫ਼ੀਆ ਢੰਗ ਨਾਲ ਖਾਸ ਟਿਕਾਣਿਆਂ ‘ਤੇ ਪਹੁੰਚਾਇਆ ਜਾਂਦਾ ਤੇ ਫ਼ੌਜਾਂ ਤੱਕ ਡਾਕ ਰਾਹੀਂ ਦੂਰ-ਦੁਰਾਡੇ ਭੇਜਿਆ ਜਾਂਦਾ। ਮਗਰੋਂ ਪੁਲਿਸ ਦੀ ਸਰਗਰਮੀ ਵਧ ਜਾਣ ਕਰਕੇ ਪਰਚਾ ਛਾਪਣ ਲਈ ਇੱਕ ਹੋਰ ਸਾਈਕਲੋ-ਸਟਾਈਲ ਮਸ਼ੀਨ ਖ਼ਰੀਦੀ ਗਈ। ਇੱਕ ਮਸ਼ੀਨ ਜਲੰਧਰ ਨੇੜੇ ਅਤੇ ਦੂਜੀ ਕੰਢੀ ਦੇ ਇਲਾਕੇ ਵਿੱਚ ਰੱਖੀ ਗਈ, ਤਾਂ ਕਿ ਲੋੜ ਪੈਣ ‘ਤੇ ਦੋਵਾਂ ‘ਚੋਂ ਕਿਸੇ ਵੀ ਥਾਂ ਤੋਂ ਪਰਚਾ ਛਾਪ ਲਿਆ ਜਾਵੇ। ਇਸ ਤਰ੍ਹਾਂ ਦੀਆਂ ਕਈ ਕਾਰਵਾਈਆਂ ਬੱਬਰ ਅਕਾਲੀ ਯੋਧਿਆਂ ਦੀ ਗੁਰੀਲਾ ਨੀਤੀ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਅਗਸਤ 1922 ਤੋਂ ਮਈ 1923 ਤੱਕ ਬੱਬਰ ਅਕਾਲੀ ਅਖ਼ਬਾਰ ਦੇ ਪੰਦਰਾਂ ਅੰਕ ਛਾਪੇ ਗਏ। ਇਹਨਾਂ ਵਿਚ ਵਿਸਾਖੀ, ਮਾਘੀ ਤੇ ਕਲਗੀਧਰ ਅੰਕ ਵੀ ਸ਼ਾਮਲ ਸਨ।
ਬਬਰ ਅਕਾਲੀ ਭਾਈ ਕਰਮ ਸਿੰਘ ਜੀ ਦੀ ਸ਼ਹਾਦਤ : ਬਬਰ ਅਕਾਲੀ ਲਹਿਰ ਦੇ ਨਾਇਕ ਭਾਈ ਕਰਮ ਸਿੰਘ ਬਬਰ ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਸੰਘਰਸ਼ ਕਰਦਿਆਂ, 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ, ਪੁਲਿਸ ਮੁਕਾਬਲੇ ਵਿਚ ਸ਼ਹੀਦ ਹੋਏ। ਇਸ ਮੌਕੇ ਆਪ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜੂ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟਾਂ ਨੇ ਵੀ ਸ਼ਹੀਦੀਆਂ ਪਾਈਆਂ। ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਦਾ ਅਸਥਾਨ ਗੁਰਦੁਆਰਾ ਚੌਂਤਾਂ ਸਾਹਿਬ, ਇਹਨਾਂ ਬਬਰ ਅਕਾਲੀ ਯੋਧਿਆਂ ਦਾ ਸ਼ਹੀਦੀ ਅਸਥਾਨ ਹੈ। ਬਬਰ ਅਕਾਲੀ ਯੋਧਿਆਂ ਦੀਆਂ ਸ਼ਹਾਦਤਾਂ ਬਾਰੇ ਲੋਕ ਮਨਾਂ ਵਿੱਚ ਇਹ ਸ਼ਬਦ ਪ੍ਰਚਲਤ ਹੋ ਚੁੱਕੇ ਸਨ ;
”ਲਾੜੀ ਮੌਤ ਨੂੰ ਕਰਨ ਪ੍ਰਣਾਮ ਚੱਲੇ,
ਸੇਹਰੇ ਲਟਕਦੇ ਬਬਰ ਅਕਾਲੀਆਂ ਦੇ”
ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀ ਯੋਧਿਆਂ ਦੀਆਂ ਸ਼ਹੀਦੀਆਂ ਸਦਕਾ ਹੀ ਦੇਸ਼ ਦੀਆਂ ਅੰਗਰੇਜ਼ਾਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ। ਪਰ ਅੱਜ ਦੁਖਦਾਈ ਗੱਲ ਇਹ ਹੈ ਕਿ ਨਵ-ਬਸਤੀਵਾਦ ਅਤੇ ਫਾਸ਼ੀਵਾਦ ਦੀਆਂ ਲੋਕ ਵਿਰੋਧੀ ਤਾਕਤਾਂ ਭਾਰਤ ਵਿੱਚ ਸੱਤਾ ‘ਤੇ ਕਾਬਜ਼ ਹਨ। ਅਜੋਕੀ ਫਾਸ਼ੀਵਾਦੀ ਸਟੇਟ ਖਿਲਾਫ਼ ਘੱਟ ਗਿਣਤੀਆਂ ਹੱਕਾਂ ਲਈ ਜੂਝ ਰਹੀਆਂ ਹਨ। ਗ਼ਦਰੀ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਤੇ ਉਨ੍ਹਾਂ ਵਰਗੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਮਿਲੀ ਸੱਤਾਂ ‘ਤੇ ਕਾਬਜ਼ ਫਾਸ਼ੀਵਾਦੀਆਂ ਨੂੰ ਤੱਕ ਕੇ ਮੂੰਹੋਂ ਇਹੀ ਨਿਕਲਦਾ ਹੈ; ‘ਸ਼ੇਰਾਂ ਦੀਆਂ ਮਾਰਾਂ ‘ਤੇ ਗਿੱਦੜ ਦੀਆਂ ਕਲੋਲਾਂ’। ਘੱਟ ਗਿਣਤੀਆਂ ਦੀ ਦੁਸ਼ਮਣ ਅੱਜ ਦੀ ਫਾਸ਼ੀਵਾਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਹੀ ਮਹਾਨ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਨੂੰ ਸੱਚੀ ਸ਼ਰਧਾਂਜਲੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਬਬਰ ਅਕਾਲੀ ਯੋਧਿਆਂ ਖਿਲਾਫ ਪਾਸ ਕੀਤੇ ਮਤੇ ਤੁਰੰਤ ਹਟਾਉਣ ਦੀ ਲੋੜ : ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਹੀਦ ਭਾਈ ਕਰਮ ਸਿੰਘ ਬਬਰ ਨੇ ਆਪਣੀ ਜਾਨ ਦੇ ਕੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਹਨ, ਪਰ ਅਸੀਂ ਇਸ ਮਹਾਨ ਯੋਧੇ ਨੂੰ ਵਿਸਾਰ ਚੁੱਕੇ ਹਾਂ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਬੱਬਰ ਅਕਾਲੀਆਂ ਅਤੇ ਗਦਰੀ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ। ਦੂਜੇ ਪਾਸੇ ਇਹ ਗੱਲ ਜ਼ਰੂਰ ਮਾਣ ਵਾਲੀ ਹੈ ਕਿ ਪਿੰਡ ਦੌਲਤਪੁਰ, ਵਿੱਚ ਬਬਰ ਸ਼ਹੀਦਾਂ ਦੀ ਯਾਦ ‘ਚ ਉਸਾਰੇ ਗਏ ਸਮਾਰਕ ਸਭ ਲਈ ਪ੍ਰੇਰਨਾ ਸਰੋਤ ਹਨ।
ਇੱਥੇ 57 ਬੱਬਰ ਸ਼ਹੀਦਾਂ ਦੀ ਵਿਰਾਸਤ ਵਜੋਂ ਇਨ੍ਹਾਂ ਦੇ ਹਥਿਆਰਾਂ ਅਤੇ ਸਾਹਿਤ ਨੂੰ ਸੰਭਾਲ ਕੇ ਰੱਖਿਆ ਹੈ, ਜੋ ਕਿ ਸੰਘਰਸ਼ ਦੇ ਰਾਹ ‘ਤੇ ਚੱਲਣ ਅਤੇ ਜ਼ੁਲਮ ਖ਼ਿਲਾਫ਼ ਡਟਣ ਵਾਲਿਆਂ ਲਈ ਚਾਨਣ ਮੁਨਾਰੇ ਹਨ। ‘ਬਬਰ ਅਕਾਲੀ ਲਹਿਰ’ ਦੀ ਸ਼ਤਾਬਦੀ ਅਤੇ ‘ਬਬਰ ਅਕਾਲੀ ਅਖ਼ਬਾਰ’ ਦੇ 102ਵੇਂ ਸਥਾਪਨਾ ਦਿਹਾੜੇ ਦੇ ਸਮਾਗਮਾਂ ਦੀ ਸੰਪੂਰਨਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ 1922-23 ਦੌਰਾਨ ਬਬਰ ਅਕਾਲੀ ਯੋਧਿਆਂ ਖਿਲਾਫ ਪਾਸ ਕੀਤੇ ਮਤੇ ਰੱਦ ਕਰੇ ਅਤੇ ਇਸ ਇਤਿਹਾਸਕ ਗ਼ਲਤੀ ਨੂੰ ਤੁਰੰਤ ਦਰੁਸਤ ਕਰੇ। ਅਜਿਹਾ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ।
ਬਬਰ ਅਕਾਲੀ ਅਖ਼ਬਾਰ ਦੇ ਸੰਪਾਦਕ ਭਾਈ ਕਰਮ ਸਿੰਘ ਦੌਲਤਪੁਰ ਅਤੇ ਸਮੂਹ ਬਬਰਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ, ਸ਼੍ਰੋਮਣੀ ਕਮੇਟੀ ਨੂੰ ਅਜਿਹੇ ਮੰਦਭਾਗੇ ਮਤੇ ਤੁਰੰਤ ਹਟਾਉਣ ਦੀ ਲੋੜ ਹੈ। ਬਬਰ ਅਕਾਲੀ ਸ਼ਹੀਦ ਦੇ 102ਵੇਂ ਸ਼ਹੀਦੀ ਸਮਾਗਮ ਮੌਕੇ, ਸਮੁੱਚੇ ਤੌਰ ‘ਤੇ ਮਤੇ ਪਾਸ ਕਰਕੇ ਅਜਿਹੀਆਂ ਇਤਿਹਾਸਿਕ ਗਲਤੀਆਂ ਨੂੰ ਦੂਰ ਕਰਨ ਅਤੇ ਮਹਾਨ ਸ਼ਹੀਦ ਦੇ ਸੁਨਹਿਰੀ ਇਤਿਹਾਸ ਨੂੰ ਉਜਾਗਰ ਕਰਨ ਦੀ ਲੋੜ ਹੈ।
(ਸਮਾਪਤ)
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁਢਲੀ
ਐਬਟਸਫੋਰਡ, ਕੈਨੇਡਾ
1 ਸਤੰਬਰ 1923 : ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼
RELATED ARTICLES

