Breaking News
Home / ਮੁੱਖ ਲੇਖ / ਸਿਰਫ਼ ਬਹਿਕਾਵਿਆਂ ‘ਚ ਨਹੀਂ ਆਉਣਗੇ ਪੰਜਾਬ ਦੇ ਲੋਕ

ਸਿਰਫ਼ ਬਹਿਕਾਵਿਆਂ ‘ਚ ਨਹੀਂ ਆਉਣਗੇ ਪੰਜਾਬ ਦੇ ਲੋਕ

316844-1rZ8qx1421419655-300x225ਗੁਰਮੀਤ ਸਿੰਘ ਪਲਾਹੀ
ਪੰਜਾਬ ਵਿਚ ਜਿਵੇਂ ਅੱਜ ਕੱਲ ਆਮ ਆਦਮੀ ਦੀਆਂ ਸਮੱਸਿਆਵਾਂ, ਔਖਿਆਈਆਂ, ਦੁਸ਼ਵਾਰੀਆਂ ਦੀ ਚਰਚਾ ਹੈ, ਉਵੇਂ ਹੀ ਆਮ ਆਦਮੀ ਪਾਰਟੀ ਦੀ ਚਰਚਾ ਹੈ। ਚਰਚਾ ਹੈ ਕਿ ਇਹ ”ਆਪ” ਪੰਜਾਬ ਵਿਚ ਰਾਜ ਕਰਨ ਆ ਰਹੀ ਹੈ ਅਤੇ ਇਹੋ ਪਾਰਟੀ ਲੋਕਾਂ ਦੇ ਦੁਖ ਦਲਿੱਦਰ ਦੂਰ ਕਰ ਸਕਦੀ ਹੈ। ਆਮ ਆਦਮੀ ਪਾਰਟੀ ਵਿਦੇਸ਼ ਵਸਦੇ ਪੰਜਾਬੀਆਂ ਰਾਹੀਂ ਪੰਜਾਬ ਵਿਚ ਬਹੁਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਨ੍ਹਾਂ ਵਲੋਂ ਇਸ ਪਾਰਟੀ ਨੂੰ ਤਨੋਂ, ਮਨੋਂ, ਧਨੋਂ,ਹਰ ਕਿਸਮ ਦਾ ਸਹਿਯੋਗ, ਸਹਾਇਤਾ ਦਿਤੀ ਗਈ ਅਤੇ ਪਿਛਲੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ਵਿਚੋਂ ਇਹ ਪਾਰਟੀ ਚਾਰ ਲੋਕ ਸਭਾ ਸੀਟਾਂ ਜਿੱਤ ਕੇ, ਲਗਭਗ 30 ਪ੍ਰਤੀਸ਼ਤ ਵੋਟਾਂ ਪ੍ਰਪਾਤ ਕਰਕੇ ਆਪਣੀ ਧਾਂਕ ਬਿਠਾ ਗਈ। ਮੁਸੀਬਤਾਂ ਦੇ ਮਾਰੇ ਲੋਕ, ਪੰਜਾਬ ‘ਚ ਕੁਝ ਚੰਗੇ ਦੀ ਪ੍ਰਾਪਤੀ ਦੀ ਆਸ ਵਿੱਚ ਖਾਸ ਕਰਕੇ ਨੌਜਵਾਨ ਆਮ ਮੁਹਾਰੇ ਇਸ ਪਾਰਟੀ ਵੱਲ ਖਿੱਚੇ ਤੁਰੇ ਗਏ। ਇਸ ਵੇਲੇ ਵਿਧਾਨ ਸਭਾ 2017 ਦੀਆਂ ਚੋਣ ਤਿਆਰੀਆਂ ‘ਚ ਇਹ ਪਾਰਟੀ ਆਪਣਾ ਸੱਭੋ ਕੁਝ ਦਾਅ ‘ਤੇ ਲਾਕੇ ”ਪੰਜਾਬ ਜਿੱਤਣ “ਦੀ ਮੁਹਿੰਮ ‘ਤੇ ਤੁਰੀ ਹੋਈ ਹੈ, ਬਾਵਜੂਦ ਇਸ ਗੱਲ ਦੇ ਕਿ ਲੋਕ ਸਭਾ ਚੋਣਾਂ ‘ਚ ਲੜੇ-ਜਿੱਤੇ ਲੋਕ ਸਭਾ ਮੈਬਰ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ ਸਮੇਤ ਕੁਝ ਲੋਕ ਇਸ ਤੋਂ ਕਿਨਾਰਾ ਕਰੀ ਬੈਠੇ ਹਨ। ਅਤੇ ਅੰਦਰੋਂ ਬਾਹਰੋਂ ਇਸ ਨੂੰ ਪੰਜਾਬ ਦੀਆਂ ਬਾਕੀ ਬਹੁਤੀਆਂ ਰਾਜਨੀਤਕ ਪਾਰਟੀਆਂ ਵਰਗੀ ”ਤਾਕਤ ਦੀ ਭੁੱਖੀ “ਪਾਰਟੀ ਗਰਦਾਨਣ ਲੱਗ ਪਏ ਹਨ।
”ਆਪ” ਪੰਜਾਬ ਸਰ ਕਰਨ ਲਈ ਹਾਕਮ ਜਮਾਤ ਅਤੇ ਕਾਂਗਰਸ ਨੂੰ ਆਪਣੇ ਨਿਸ਼ਾਨੇ ‘ਤੇ ਲਿਆਕੇ ਪੰਜਾਬ ‘ਚ ਫੈਲੇ ਭ੍ਰਿਸ਼ਟਾਚਾਰ, ਨਸ਼ਿਆਂ ਦੇ ਵਪਾਰ, ਰੇਤਾ-ਬਜਰੀ ਖਨਣ, ਕੁਨਬਾਪਰਵਰੀ, ਬੇਰੁਜ਼ਗਾਰੀ, ਸਰਕਾਰੀ ਬਦ-ਇੰਤਜਾਮੀ ਦੇ ਮੁੱਦਿਆਂ ਨੂੰ ਅੱਗੇ ਰੱਖਕੇ ਵਾਹੋ-ਦਾਹੀ ਰੈਲੀਆਂ, ਮੀਟਿੰਗਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਵੱਡੀ ਗਿਣਤੀ ‘ਚ ਵੱਖੋ ਵੱਖਰੀਆਂ ਰਾਜਨੀਤਕ ਪਾਰਟੀਆਂ ਦੇ ਛੋਟੇ-ਵੱਡੇ ਨੇਤਾ ਬੁਧੀਜੀਵੀ, ਸਾਬਕਾ ਅਫਸਰ ”ਆਪ” ਵਿਚ ਸ਼ਾਮਲ ਵੀ ਹੋ ਰਹੇ ਹਨ, ਇਸ ਆਸ ਨਾਲ ਕਿ ਪੰਜਾਬ ‘ਚ ਚੌਧਰ ਸੰਭਾਲ ਰਹੀ ”ਆਪ”ਵਿੱਚ, ਉਹ ਵੀ ਪੰਜਾਬ ਦੇ ਅਗਲੇ ਚੌਧਰੀ ਬਣ ਜਾਣਗੇ। ਸਵਾਰਥੀ ਨੇਤਾਵਾਂ, ਮੌਕਾ ਪ੍ਰਸਤ ਅਫਸਰਾਂ ਨੂੰ ਪਾਰਟੀ ਵਿਚ ਸ਼ਾਮਲ ਕੀਤੇ ਜਾਣ ‘ਤੇ ”ਆਪ”ਦੇ ਸਧਾਰਨ ਵਰਕਰਾਂ ‘ਚ ਨਿਰਾਸ਼ਾ ਇਸ ਗੱਲੋਂ ਵੱਧ ਰਹੀ ਹੈ ਕਿ ਪੜ੍ਹੇ-ਲਿਖੇ ਚਤੁਰ-ਚਲਾਕ, ਤਿਕੜਮ ਬਾਜ਼ ਲੋਕਾਂ ਦਾ ਪਾਰਟੀ ਉਤੇ ਕਬਜ਼ਾ ਅਤੇ ਦਬਾਅ ਵੱਧ ਰਿਹਾ ਹੈ, ਅਤੇ ਆਮ ਵਰਕਰ ਨੂੰ ਬਾਕੀ ਪਾਰਟੀਆਂ ਦੇ ਆਮ ਵਰਕਰਾਂ ਵਾਂਗਰ ਅਣਗੌਲਿਆਂ ਜਾਣ ਲੱਗ ਪਿਆ ਹੈ। ਉਂਜ ਬਹੁਤੇ ਬੁਧੀਜੀਵੀ, ਪੰਜਾਬ ਹਿਤੈਸ਼ੀ, ਸਿਆਣੇ ”ਆਪ”ਤੋਂ ਦੂਰੀ ਇਸ ਕਰਕੇ ਬਣਾਈ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਪਾਰਟੀ ਦੀਆਂ ਨੀਤੀਆਂ, ਕਾਰਜ ਸ਼ੈਲੀ ਅਤੇ ਪੰਜਾਬ ਮੁੱਦਿਆਂ ਦੀ ਸਮਝ ਪ੍ਰਤੀ ਬਹੁਤੀ ਸਪੱਸ਼ਟਤਾ ਨਜ਼ਰੀ ਨਹੀਂ ਆ ਰਹੀ!ਉਹ ਸਵਾਲ ਕਰਦੇ ਹਨ ਪਹਿਲਾ ਕਿ ਆਮ ਆਦਮੀ ਪਾਰਟੀ ਸਿਰਫ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਨਾਲ ਪੰਜਾਬ ਦੇ ਮਸਲਿਆ ਦੇ ਹੱਲ ਕਰ ਦੇਵੇਗੀ ਦੂਜਾ ਕਿ ਉਹ ਪੰਜਾਬ ‘ਚ ਕਿਸਾਨਾਂ ਮਜ਼ਦੂਰਾਂ ਦੀ ਹੋ ਰਹੀ ਦੁਰਦਸ਼ਾ ਦਾ ਹੱਲ ਕਰਨ ਲਈ ਕਿਹੜਾ ਪੈਂਤੜਾ ਆਪਨਾਏਗੀ?ਤੀਜਾ ਕਿ ਉਹ ਦਗੜ-ਦਗੜ ਕਰਦੇ ਤੁਰੇ ਫਿਰਦੇ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਦਾ ਕਿਵੇਂ ਪ੍ਰਬੰਧ ਕਰੇਗੀ ?ਚੌਥਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਉਹ ਸਮੇਤ ਸ਼ਰਾਬ ਨਸ਼ਾਬੰਦੀ ਇਥੇ ਲਾਗੂ ਕਰ ਦੇਵੇਗੀ ?ਪੰਜਵਾਂ ਕਿ ਪੰਜਾਬ ‘ਚ ਮੌਜੂਦਾ ਤੇ ਪਹਿਲੀਆਂ ਸਰਕਾਰਾਂ ਵਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ‘ਚ ਸਰਕਾਰੀ ਸਰਪ੍ਰਸਤੀ ਨੂੰ ਤਿਹਾਂਜਲੀ ਦਿਤੇ ਜਾਣ ਬਾਅਦ, ਕੀ ਉਹ ਕੋਈ ਪਰਪੱਕ ਸਿੱਖਿਆ ਪਾਲਿਸੀ ਅਤੇ ਹਰ ਇੱਕ ਲਈ ਚੰਗੀ ਸਿਹਤ ਨੀਤੀ ਬਨਾਉਣ ਤੇ ਲਾਗੂ ਕਰਨ ਲਈ ਉਪਰਾਲੇ ਕਰੇਗੀ?ਛੇਵਾਂ ਕਿ ਐਸ.ਵਾਈ.ਐਲ.ਪਾਣੀਆਂ ਦੇ ਮੁੱਦੇ ਨੂੰ ਉਹ ਕਿਵੇਂ ਹੱਲ ਕਰੇਗੀ? ਅਤੇ ਦਿਨੋ ਦਿਨ ਘੱਟਦੇ ਪਾਣੀ ਦੇ ਜ਼ਮੀਨ ਹੇਠਲੇ ਤੱਲ ਨੂੰ ਰੋਕਣ ਲਈ, ਉਹ ਕਿਹੜੇ ਸਾਧਨ ਅਪਨਾਏਗੀ?ਪੰਜਾਬ ਨਾਲੋਂ ਵੱਧ ਹਰਿਆਣਾ, ਦਿੱਲੀ ਦੇ ਲੋਕਾਂ ਲਈ ਪਾਣੀ ਦੇਣ ਦੀ ਚਾਹਤ ਤਹਿਤ ਪੰਜਾਬ ਦੇ ਪਾਣੀ ਕੁਰਬਾਨ ਤਾਂ ਨਹੀਂ ਕਰ ਦੇਵੇਗੀ? ਸੱਤਵਾਂ ਕਿ ਪੰਜਾਬ ਦੀ ਮਾਤਾ ਭਾਸ਼ਾ ਨੂੰ ਪੰਜਾਬ ‘ਚ ਕਾਰੋਬਾਰੀ ਭਾਸ਼ਾ ਬਨਉਣ ਸਬੰਧੀਅਤੇ ਇਸ ਨੂੰ ਦਫ਼ਤਰ ਅਤੇ ਅਦਾਲਤਾਂ ‘ਚ ਲਾਗੂ ਕਰਨ ਸਬੰਧੀ ਉਸਦਾ ਕੀ ਦ੍ਰਿਸ਼ਟੀ ਕੋਨ ਹੋਵੇਗਾ?ਅੱਠਵਾਂ ਕਿ ਕੀ ਉਹ ਪੰਜਾਬ ਦੇ ਉਨਾ੍ਹਂ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕਨ ਚੁੱਕੇਗੀ, ਕਿਹੜੇ ਕਰਜ਼ੇ ਦੀਆਂ ਪੰਡਾਂ ਸਿਰ ਚੁੱਕੀ ਖਦਕੁਸ਼ੀਆਂ ਦੇ ਰਾਹ ਪਏ ਹਨ।ਨੌਵਾਂ ਕਿ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਨਿਰਧਾਰਨ ਕਰਨ ਲਈ ਕੀ ਉਹ ਡਾ: ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਾਉਣ ਲਈ ਕੇਂਦਰ ਉਤੇ ਜੋਰ ਪਾਏਗੀ?ਦਸਵਾਂ ਕਿ ਪੰਜਾਬ ‘ਚ ਘਾਟੇ ਦੀ ਖੇਤੀ ਨੂੰ ਮੁੜ ਮੁਨਾਫੇ ‘ਚ ਬਦਲਣ ਲਈ ਖੇਤੀ ਅਧਾਰਤ ਕਾਰਖਾਨੇ ਲਗਾਉਣ ਸਬੰਧੀ ਉਸਦਾ ਦ੍ਰਿਸ਼ਟੀਕੋਨ ਕੀ ਹੋਵੇਗਾ?ਗਿਆਰਾਂ ਕਿ ਪੰਜਾਬ ਦੇ ਉਜੜ ਰਹੇ ਖੇਤ, ਫਾਊਂਡਰੀ, ਅਤੇ ਛੋਟੇ ਉਦਯੋਗਾਂ ਦੀ ਪ੍ਰਫੁਲਤਾ ਲਈ ਉਹ ਕਿਹੜੇ ਯਤਨ ਕਰੇਗੀ?ਬਾਰਹਵਾਂ ਕਿ ਕੀ ਉਹ ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਖਾਦਾਂ ਉਤੇ ਸਬਸਿਡੀ ਦੇਣ ਦੀ ਹਾਮੀ ਹੈ? ਤੇਹਰਵਾਂ ਕਿ ਪੰਜਾਬ ਦੇ ਸਮਾਜਿਕ ਮਾਮਲਿਆਂ, ਵਿਆਹਾਂ ‘ਚ ਵਾਧੂ ਖਰਚ ਉਤੇ ਰੋਕ, ਲੜਕੀਆਂ ਦਾ ਪੇਟ ‘ਚ ਕਤਲ, ਦਹੇਜ ਆਦਿ ਸਬੰਧੀ ਉਸਦੀ ਕੀ ਪਹੁੰਚ ਹੋਵੇਗੀ ਆਦਿ ।
ਪੰਜਾਬ ਖੋਖਲਾ ਹੋ ਚੁੱਕਾ ਹੈ- ਕਰਜ਼ ਧਾਰੀ! ਇੰਨਾ ਕਰਜ਼ਾ ਸਿਰ ਚੁੱਕੀ ਬੈਠਾ ਹੈ ਕਿ ਪੰਜਾਬ ਅਗਲੇ ਸੱਤ ਸਾਲਾਂ ਵਿੱਚ ਵੀ ਉਹ ਕਰਜ਼-ਮੁਕਤ ਨਹੀਂ ਹੋ ਸਕਦਾ, ਜੇਕਰ ਉਹ ਹੁਣ ਵੀ ਕਰਜ਼ਾ ਚੁੱਕਣਾ ਬੰਦ ਕਰ ਦੇਵੇ। ਕਰਜ਼ੇ ਉਤੇ ਵਿਆਜ਼ ਹੀ ਇੰਨਾ ਹੈ ਕਿ ਇਹੋ ਜਿਹੀ ਹਾਲਤ ਵਿੱਚ ਆਉਣ ਵਾਲੀ ਕੋਈ ਵੀ ਸਰਕਾਰ ਚਾਹੇ ਉਹ ”ਆਪ” ਦੀ ਹੋਵੇ ਜਾਂ ਕਾਂਗਰਸ ਦੀ ਉਹ ਲੋਕਾਂ ਨੂੰ ਸੁੱਖ ਕਿਵੇਂ ਦੇ ਸਕੇਗੀ? ਪੰਜਾਬ ਦੀ ਆਪਹੁਦਰੀ ਹੋ ਚੁੱਕੀ ਨੌਕਰਸ਼ਾਹੀ ਪੰਜਾਬ ਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਹੀਂ, ਸਗੋਂ ਉਲਝਾਉਣ ਵਜੋਂ ਜਾਣੀ ਜਾਣ ਲੱਗੀ ਹੈ।
ਕੀ ਹੁਣ ਵਾਲੀ ਮੌਜੂਦਾ ਸਰਕਾਰ ਨੂੰ ਨਿੰਦਕੇ, ਉਸ ਵਿਰੁੱਧ ਜਾਇਜ਼-ਨਜ਼ਾਇਜ਼ ਧੂੰਆਧਾਰ ਪ੍ਰਚਾਰ ਕਰਕੇ ਹੀ ਕੀ ਚੋਣਾਂ ‘ਚ ਜਿੱਤ ਪ੍ਰਾਪਤ ਕਰ ਲਵੇਗੀ ਆਮ ਆਦਮੀ ਪਾਰਟੀ? ਕੀ ਪਾਰਟੀ ਦੇ ਉੱਚ ਨੇਤਾ ਅਤੇ ਵਰਕਰ, ਹੁਣ ਤੱਕ ਆਪਣੀ ਸੋਚ ਅਤੇ ਪਾਰਟੀ ਦੀਆਂ ਨੀਤੀਆਂ ਪ੍ਰਤੀ ਪ੍ਰਪੱਕ ਹੋ ਚੁੱਕੇ ਹਨ ਕਿ ਉਹ ਕੋਈ ਆਹੁਦਾ ਜਾਂ ਚੋਣ ਟਿਕਟ ਕਿਸੇ ਇੱਕ ਨੂੰ ਮਿਲਣ ਤੇ ਬਾਕੀ ਰੁੱਸ ਕੇ ਨਹੀਂ ਬੈਠਣਗੇ ਤੇ ਪਾਰਟੀ ਵਿਰੋਧੀ ਸਰਗਰਮੀਆਂ ਨਹੀਂ ਕਰਨਗੇ? ਕਿਉਂਕਿ ਆਮ ਆਦਮੀ ਪ੍ਰਤੀ ਹਵਾ ਦਾ ਸੁਭਾਵਕ ਜਿਹਾ ਰੁਖ ਵੇਖਕੇ ਵੱਡੀ ਗਿਣਤੀ ‘ਚ ਵਰਕਰ ਟਿਕਟਾਂ ਦੇ ਦਾਅਵੇਦਾਰ ਬਣੇ ਬੈਠੇ ਹਨ, ਇਹ ਜਾਣਦਿਆਂ ਹੋਇਆਂ ਵੀ ਕਿ ਉਹ ਇਸ ਸੰਵਾਧਨਿਕ ਆਹੁਦੇ ਨਾਲ ਵਿਧਾਨ ਸਭਾ ‘ਚ ਜਾਕੇ ਇਨਸਾਫ ਕਰ ਸਕਣਗੇ ਜਾਂ ਨਹੀ ਜਾਂ ਫਿਰ ਦਿਲੀ ਦੇ ਬਹੁ-ਗਿਣਤੀ ਚੁਣੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਤਰ੍ਹਾਂ ”ਗੂਠਾ ਲਾਊ” ਮੈਂਬਰ ਬਣਕੇ, ਲੱਖ ਰੁਪਈਆ ਮਹੀਨਾ ਤਨਖਾਹ ਲੈਣ ਜੋਗੇ ਹੀ ਰਹਿ ਜਾਣਗੇ।
2017 ਦੀਆਂ ਚੋਣਾਂ ‘ਚ ਜਿੱਤ ‘ਚ ਪ੍ਰਾਪਤੀ ਲਈ, ਕੀ ਆਮ ਆਦਮੀ ਪਾਰਟੀ ਨੂੰ ਹੁਣੇ ਹੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਨਹੀਂ ਆਉਣਾ ਚਾਹੀਦਾ ਤੇ ਇੱਕ ਪ੍ਰਭਾਵਸ਼ਾਲੀ ਗਰੁੱਪ ਵਜੋਂ ਲੋਕ-ਮੰਗਾਂ ਮਨਾਉਣ ਵਾਲਾ ਦਾ ਰਸਤਾ ਨਹੀਂ ਅਖ ਤਿਆਰ ਕਰ ਲੈਣਾ ਚਾਹੀਦਾ? ਕੀ ਆਮ ਅਦਮੀ ਪਾਰਟੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਸਬੰਧੀ ਵਾਈਟ ਪੇਪਰ ਜਾਰੀ ਨਹੀਂ ਕਰ ਸਕਦੀ, ਜੋ ਇਸ ਵੇਲੇ ਵੱਡੀ ਸਮੱਸਿਆ ਹੈ? ਕਿਸਾਨ ਖੁਦਕੁਸ਼ੀ ਕਰਦੇ ਹਨ, ਉਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੱਕ ਨਹੀਂ ਦਿਤਾ ਜਾ ਰਿਹਾ, ਹੁਣ ਤੱਕ ਆਰ.ਟੀ.ਆਈ.ਰਾਹੀ ਪ੍ਰਾਪਤ ਸੂਚਨਾ ਅਨੁਸਾਰ ਪਿਛਲੇ ਡੇਢ ਦਹਾਕੇ ‘ਚ 2632 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਜਦਕਿ ਪੰਜਾਬ ਦੀਆਂ ਯੁਨੀਵਰਸਿਟੀ ਵਲੋਂ ਕੀਤੇ ਸਰਵੇ ਅਨੁਸਾਰ 3354 ਕਿਸਾਨਾਂ ਅਤੇ 2972 ਮਜ਼ਦੂਰਾਂ ਖੁਦਕੁਸ਼ੀ ਕੀਤੀ, ਪਰ ਬਹੁਤ ਘੱਟ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਮੁਆਵਜ਼ਾ ਮਿਲਿਆ। ਸਰਕਾਰੀ ਮਸ਼ੀਨਰੀ ਉਨਾਂ ਨੂੰ ਖੱਜਲ-ਖੁਆਰ ਕਰ ਰਹੀ ਹੈ। ਕੀ ਰਾਹਤ ਪ੍ਰਾਪਤ ਕਰਵਾਉਣ ਲਈ ”ਆਪ” ਨੇਤਾ ਵਰਕਰ ਜਿਹੜੇ ਆਉਣ ਵਾਲੀ ਸਰਕਾਰ ਬਨਾਉਣ ਦਾ ਸੁਪਨਾ ਵੇਖ ਰਹੇ ਹਨ, ਲੋਕਾਂ ਨਾਲ ਖੜਕੇ ਸਰਕਾਰੀ ਮਸ਼ੀਨਰੀ ਨੂੰ ਚੁਸਤ-ਫੁਰਤ ਬਨਾਉਣ ਲਈ ਧਰਨੇ-ਮੁਜ਼ਾਹਰੇ,ਰੈਲੀਆਂ-ਘਿਰਾਓ ਨਹੀਂ ਕਰ ਸਕਦੇ? ਕੀ ਪ੍ਰਭਾਵਸ਼ਾਲੀ ਗਰੁੱਪ ਵਜੋਂ ਲੱਖ-ਦੋ-ਲੱਖ ਦਾ ਲਿਆ ਕਰਜ਼ਾ ਮੁਆਫ ਕਰਨ ਲਈ ਸਰਕਾਰ ‘ਤੇ ਦਬਾਅ ਨਹੀਂ ਬਣਾ ਸਕਦੇ? ਕੀ ਉਹ ਰੇਤਾ-ਬਜ਼ਰੀ-ਨਸ਼ਾ-ਅਤੇ ਨਿੱਜੀ ਪ੍ਰਾਈਵੇਟ ਸਕੂਲ ਮਾਫੀਏ ਵਲੋਂ ਲੋਕਾਂ, ਮਾਪਿਆਂ ਦੀ ਲੁੱਟ ਖਤਮ ਕਰਨ ਲਈ ਇੱਕ ਜ਼ੋਰਦਾਰ ਧਿਰ ਬਨਣ ਦਾ ਹੌਸਲਾ ਨਹੀਂ ਕਰ ਸਕਦੇ ਜਾਂ ਫਿਰ ਕੀ ਉਹ ਵੀ ਕਾਂਗਰਸ ਪ੍ਰਧਾਨ ਦੇ ਇਨਾਂ ਫੋਕੇ ਐਲਾਨਾਂ ਵਾਂਗਰ ਕਿ ਕਿਸਾਨੋ ਕੁਝ ਚਿਰ ਉਡੀਕੋ, ਸਾਨੂੰ ਸਰਕਾਰ ਬਨਾਉਣ ਦਿਉ, ਸੱਭੋ ਕੁਝ ਠੀਕ ਹੋਜੂ! ਜਾਂ ਨਸ਼ਾ ਤਸਕਰਾਂ ਨੂੰ ਪੰਜਾਬੋਂ ਦੂਰ ਕਰਨਾ ਤਾਂ ਇੱਕ ਹਫਤੇ ਦਾ ਕੰਮ ਹੈ! ਵਾਂਗਰ ਹੀ ਐਲਾਨ ਕਰਕੇ, ਗੱਦੀ ਹਥਿਆਕੇ ਉਸੇ ਰਾਹ ਤੁਰਨ ਦਾ ਮਨ ਬਣਾਈ ਬੈਠੇ ਹਨ, ਜਿਹੜੇ ਰਾਹੀਂ ਹੁਣ ਦੇ ਹਾਕਮ ਤੁਰੇ ਹੋਏ ਹਨ! ਜਾਂ ਕੀ ਉਨਾਂ ਕੋਲ ਕੋਈ ਇਹੋ ਜਿਹੀ ਗਿੱਦੜਸਿੰਗੀ ਹੈ, ਜੀਹਨੂੰ ਵਰਤਕੇ ਉਹ ਪੰਜਾਬ ਦੇ ਚਿਰਾਂ ਪੁਰਾਣੇ ਮਸਲੇ ਮਿੰਟਾਂ ਸਕਿੰਟਾਂ ‘ਚ ਹੱਲ ਕਰ ਦੇਣਗੇ।
ਪੰਜਾਬ ਦੇ ਸੰਘਰਸ਼ਸ਼ੀਲ ਲੋਕ ਇਸ ਵੇਰ ਸੂਬੇ ‘ਚ ਤਬਦੀਲੀ ਦੇ ਹਾਮੀ ਹਨ। ਉਹ ਰਿਵਾਇਤੀ ਪਾਰਟੀਆਂ ਅਕਾਲੀ-ਭਾਜਪਾ-ਕਾਂਗਰਸ ਦੇ ਰਾਜ ਕਰਨ ਦੇ ਤਰੀਕੇ ਤੋਂ ਅੱਕੇ ਹੋਏ ਹਨ- ਇਸ ਸਬੰਧੀ ਦੋ ਰਾਵਾਂ ਨਹੀਂ ਹੋ ਸਕਦੀਆਂ। ਬਹੁ-ਗਿਣਤੀ ਦੀ ਸੋਚ ਇਹ ਬਣ ਚੁੱਕੀ ਹੈ ਕਿ ਉਨਾਂ ਨੂੰ ਮੌਜੂਦਾ ਹਾਕਮਾਂ ਤੋਂ ਛੁਟਕਾਰਾ ਮਿਲੇ, ਪਰ ਅੱਗੇ ਉਹੀ ਪਾਰਟੀ ਜਾਂ ਲੋਕ ਆਉਣ ਜਿਹੜੇ ਕੰਗਲੇ ਹੋ ਚੁਕੇ ਪੰਜਾਬ ਨੂੰ ਮੁੜ ਰੰਗਲਾ ਬਨਾਉਣ ਦੀ ਸਮਰੱਥਾ ਰੱਖਦੇ ਹੋਣ। ਕੋਈ ਸਮਰੱਥਾਵਾਨ, ਪ੍ਰਪੱਕ ਸੋਚ ਵਾਲੀ ਰਾਜਨੀਤਕ ਧਿਰ ਹੀ ਆਰਥਿਕ, ਸਮਾਜਿਕ, ਰਾਜਨੀਤਕ ਤੌਰ ‘ਤੇ ਡੁੱਬ ਰਹੇ ਪੰਜਾਬ ਦੀ ਬੇੜੀ ਬੰਨੇ ਲਾ ਸਕਦੀ ਹੈ। ਹੁਣ ਸਿਰਫ ਬਹਿਕਾਵਿਆਂ ‘ਚ ਨਹੀਂ ਆਉਣਗੇ ਪੰਜਾਬ ਦੇ ਲੋਕ, ਕਿਉਂਕਿ ਵੱਖੋ ਵਖਰੇ ਸਮਿਆਂ ‘ਤੇ ਪੰਜਾਬ ਦੇ ਲੋਕਾਂ ਨੇ ਜ਼ਜ਼ਬਿਆਂ ‘ਚ ਆਕੇ ਬਹੁਤ ਸਾਰੇ ਤਜ਼ਰਬੇ ਕੀਤੇ ਹਨ। ਭਵਿੱਖ ‘ਚ ਕੀਤਾ ਕੋਈ ਵੀ ਜ਼ਜ਼ਬਾਤੀ ਕੱਚਾ ਫੈਸਲਾ, ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆਕੇ ਖੜਾ ਕਰ ਦੇਵੇਗਾ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …