Home / ਮੁੱਖ ਲੇਖ / ਪ੍ਰਿੰ. ਸਰਵਣ ਸਿੰਘ ਦੀ ਪੁਸਤਕ ઑਸ਼ਬਦਾਂ ਦੇ ਖਿਡਾਰੀ਼

ਪ੍ਰਿੰ. ਸਰਵਣ ਸਿੰਘ ਦੀ ਪੁਸਤਕ ઑਸ਼ਬਦਾਂ ਦੇ ਖਿਡਾਰੀ਼

ਪੂਰਨ ਸਿੰਘ ਪਾਂਧੀ
ਪੰਜਾਬੀ ਖੇਡ ਸਾਹਿਤ ਵਿਚ ਪ੍ਰਿੰ. ਸਰਵਣ ਸਿੰਘ ਦਾ ਵੱਡਾ ਨਾਂ ਹੈ। ਉਹ ਖੇਡਾਂ ਖਿਡਾਰੀਆਂ ਬਾਰੇ ਵਿਲੱਖਣ ਖੇਡ ਸ਼ੈਲੀ ਦਾ ਜਨਮਦਾਤਾ ਹੈ। ਪ੍ਰਿੰਸੀਪਲੀ ਤੋਂ ਰਿਟਾਇਰ ਹੋਣ ਪਿੱਛੋਂ ਉਹ ਹਰ ਸਾਲ ਇੱਕ ਦੋ ਕਿਤਾਬਾਂ ਪੰਜਾਬੀ ਮਾਂ ਦੀ ਝੋਲ਼ੀ ਵਿਚ ਪਾਉਂਦਾ ਆ ਰਿਹਾ ਹੈ। ਹੁਣ ਪੰਜਾਬੀ ਖੇਡ ਸਾਹਿਤ ਬਾਰੇ ਨਵੀਂ ਪੁਸਤਕ ઑਸ਼ਬਦਾਂ ਦੇ ਖਿਡਾਰੀ਼ ਰਿਲੀਜ਼ ਹੋਈ ਹੈ। ઑਪੰਜਾਬੀ ਟ੍ਰਿਬਿਊਨ਼ ਤੇ ਕੁਝ ਹੋਰ ਅਖ਼ਬਾਰਾਂ ਰਸਾਲਿਆਂ ਦਾ ਕੋਈ ਹਫ਼ਤਾ ਅਜਿਹਾ ਨਹੀਂ ਹੁੰਦਾ; ਜਿਸ ਵਿਚ ਪ੍ਰਿੰਸੀਪਲ ਸਾਹਿਬ ਦੀ ਕੋਈ ਨਾ ਕੋਈ ਨਵੀਂ ਰਚਨਾ ਨਾ ਛਪੀ ਹੋਵੇ। ਹਰ ਹਫ਼ਤੇ ਨਵੀਂ ਰਚਨਾ ਛਪਦੀ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਏਨਾ ਲਿਖੀ ਕਿਵੇਂ ਜਾ ਰਿਹੈ? ਜਿਵੇਂ ਉਹਦੀ ਕਲਮ ‘ਤੇ ਸਰਸਵਤੀ ਸਵਾਰ ਹੋਵੇ! ਕੇਵਲ ਖੇਡਾਂ ਬਾਰੇ ਹੀ ਉਸ ਦੇ ਸੈਂਕੜੇ ਆਰਟੀਕਲ ਛਪ ਚੁੱਕੇ ਹਨ। ਦੇਸ ਪਰਦੇਸ ਦਾ ਸ਼ਾਇਦ ਹੀ ਕੋਈ ਪੰਜਾਬੀ ਅਖ਼ਬਾਰ ਜਾਂ ਰਸਾਲਾ ਹੋਵੇ; ਜਿਸ ਵਿਚ ਉਹਦੀ ਕੋਈ ਰਚਨਾ ਨਾ ਛਪੀ ਹੋਵੇ।
ਕਿਸੇ ਰਚਨਾ ਨੂੰ ਰੌਚਕ ਤੇ ਸੁਆਦਲੀ ਬਨਾਉਣ ਲਈ ਅਕਸਰ ਕਲਪਣਾ ਦਾ ਸਹਾਰਾ ਲਿਆ ਜਾਂਦਾ ਹੈ। ਪਰ ਸਰਵਣ ਸਿੰਘ ਆਪਣੀ ਰਚਨਾ ਨੂੰ ਰਸਦਾਰ ਤੇ ਰੌਚਕ ਬਨਾਉਣ ਦੀ ਕਲਾ ਦਾ ਏਨਾ ਮਾਹਰ ਹੈ ਕਿ ਉਸ ਦੀ ਕਲਪਣਾ ਵੀ ਯਥਾਰਥ ਦਾ ਲਿਬਾਸ ਪਹਿਨ ਕੇ ਹੀ ਹਾਜ਼ਰ ਹੁੰਦੀ ਹੈ। ਬਿਰਤਾਂਤ ਸਿਰਜਣ ਵਿਚ ਉਹ ਏਨੀ ਸ਼ਿੱਦਤ ਭਰਦਾ ਹੈ ਕਿ ਪਾਠਕ ਉਹ ਬਿਰਤਾਂਤ ਆਪਣੇ ਨਾਲ਼ ਹੀ ਵਰਤਦਾ ਅਨੁਭਵ ਕਰਦਾ ਹੈ। ਜਿਵੇਂ ਹਰ ਹਾਦਸਾ, ਹਰ ਪਲ, ਹਰ ਅਹਿਸਾਸ ਉਸ ਦਾ ਆਪਣਾ ਹੋਵੇ। ਕਿਤੇ ਕਿਤੇ ਇੰਜ ਵੀ ਲਗਦੈ ਜਿਵੇਂ ਉਹ ਖਿਡਾਰੀ ਦੇ ਸਾਹਾਂ ਦੀ ਰਫਤਾਰ ਦਾ ਲੇਖਾ ਜੋਖਾ ਕਰ ਰਿਹਾ ਹੋਵੇ ਤੇ ਉਸ ਦੀ ਧੜਕਣ ਦੀ ਧੁਨ ਨਾਲ਼ ਇੱਕ ਸੁਰ ਹੋ ਰਿਹਾ ਹੋਵੇ। ਉਸ ਦੀ ਸ਼ੈਲੀ ਦੀ ਇਹੋ ਖੂਬੀ ਪਾਠਕ ਦੀ ਲਿਵ ਰਚਨਾ ਨਾਲੋਂ ਟੁੱਟਣ ਨਹੀਂ ਦਿੰਦੀ, ਕਰਤਾਰੀ ਤੇ ਸਰਸ਼ਾਰੀ ਰਸ ਪਰਦਾਨ ਕਰਦੀ ਰਹਿੰਦੀ ਹੈ।
ਉਹ ਚਾਲੀ ਤੋਂ ਵੱਧ ਕਿਤਾਬਾਂ ਦਾ ਕਰਤਾ ਹੈ; ਜਿਨ੍ਹਾਂ ਵਿਚ ਖਿਡਾਰੀਆਂ ਦੇ ਰੇਖਾ ਚਿੱਤਰ, ਖੇਡ ਮੇਲਿਆਂ ਦੇ ਅੱਖੀਂ ਡਿੱਠੇ ਨਜ਼ਾਰੇ, ਖੇਡਾਂ ਦੀ ਜਾਣ ਪਛਾਣ ਤੇ ਉਨ੍ਹਾਂ ਦਾ ਇਤਹਾਸ, ਖੇਡ ਮੇਲੇ, ਪੰਜਾਬ ਦੀਆਂ ਦੇਸੀ ਖੇਡਾਂ, ਦੇਸ ਪਰਦੇਸ ਦੇ ਸਫ਼ਰਨਾਮੇ, ਪਿੰਡ ਦੀ ਸੱਥ ‘ਚੋਂ, ਜੀਵਨੀਆਂ, ਸਵੈਜੀਵਨੀ ਅਤੇ ਸੰਪਾਦਿਤ ਤੇ ਅਨੁਵਾਦਿਤ ਪੁਸਤਕਾਂ ਸ਼ਾਮਲ ਹਨ। ਸ਼ਬਦਾਂ ਨੂੰ ਢੁਕਵੇਂ ਥਾਂ ਜੋੜਨ ਤੇ ਬੀੜਨ ਦੀ ਕਲਾ ਦਾ ਮਾਹਰ ਹੈ ਅਤੇ ਵਾਰਤਕ ਨੂੰ ਵੇਗ ਮਈ, ਲੈਅ ਮਈ ਤੇ ਰਸੀਲੀ ਬਣਾਉਣ ਉਸਤਾਦ ਹੈ। ਉਸ ਦੀ ਖੇਡ ਸ਼ੈਲੀ ਵਿਚ ਅਜਿਹਾ ਵੇਗ ਤੇ ਵਹਾਅ ਹੁੰਦਾ ਹੈ ਕਿ ਉਸ ਦਾ ਹਰ ਸ਼ਬਦ ਨ੍ਰਿਤ ਕਰਦਾ ਤੇ ਹਰ ਵਾਕ ਜਲਤਰੰਗ ਵਾਂਗ ਸੰਗੀਤਕ ਧੁਨਾਂ ਪੈਦਾ ਕਰਦਾ ਜਾਪਦਾ ਹੈ। ਪਾਠਕ ਦੇ ਜ਼ਿਹਨ ਵਿਚ ਸੁਰ ਹੋਈ ਸਿਤਾਰ ਦੇ ਪੋਟੇ ਵਜਦੇ ਤੇ ਸੁਰੀਲਾ ਨਗਮਾਂ ਛੇੜਦੇ ਜਾਪਦੇ ਹਨ। ਸਮੁੱਚੀ ਵਾਰਤਕ ਵਿਚ ਕੋਈ ਵਾਕ ਜਾਂ ਵਾਕ ਵਿਚ ਕੋਈ ਸ਼ਬਦ ਬੇਲੋੜਾ ਨਹੀਂ ਰੜਕਦਾ। ਵਾਰਤਕ ਨੂੰ ਚਮਕਾਉਣ ਲਿਸ਼ਕਾਉਣ ਲਈ ਉਹ ਵਾਧੂ ਦੇ ਅਲੰਕਾਰ ਜਾਂ ਵਿਸ਼ੇਸ਼ਣ ਨਹੀਂ ਲਾਉਂਦਾ ਤੇ ਨਾ ਹੀ ਖ਼ਸਤਾ ਕਰਾਰੀ ਬਨਾਉਣ ਲਈ ਘਟੀਆ ਕਲੋਲਾਂ ਵਾਲੀਆਂ ਜੁਗਤਾਂ ਵਰਤਦੈ। ਉਸ ਦੇ ਚੁਸਤ ਫਿਕਰਿਆਂ ਵਿਚ ਲੋਹੜਿਆਂ ਦਾ ਵੇਗ ਤੇ ਵਹਾਅ ਹੁੰਦਾ ਹੈ ਜੋ ਪਾਠਕ ਨੂੰ ਆਪਮੁਹਾਰੇ ਆਪਣੇ ਨਾਲ਼ ਵਹਾਈ ਜਾਂਦਾ ਹੈ।
ਵਰਿਆਮ ਸਿੰਘ ਸੰਧੂ ਉਸ ਨੂੰ ઑਪੰਜਾਬੀ ਵਰਤਕ ਦਾ ਉੱਚਾ ਬੁਰਜ਼ ਦਾ ਖ਼ਿਤਾਬ ਦਿੰਦਾ ਹੋਇਆ ਕਹਿੰਦਾ ਹੈ ਕਿ ਸਰਵਣ ਸਿੰਘ ਪੰਜਾਬੀ ਖੇਡ-ਸਾਹਿਤ ਦਾ ਸ਼ਹਿਨਸ਼ਾਹ ਹੈ। ਖੇਡ ਸਾਹਿਤ ਵਿਚ ਉਹਦੇ ਬੁਲੰਦ ਰੁਤਬੇ ਵੱਲ ਦੇਖ ਕੇ ਬਹੁਤ ਸਾਰੇ ਨਵੇਂ ਲੇਖਕ ਵੀ ਖੇਡ-ਲੇਖਣ ਦੇ ਮੈਦਾਨ ਵਿਚ ਨਿੱਤਰੇ ਹਨ। ਸਰਵਣ ਸਿੰਘ ਇਹਨਾਂ ਲੇਖਕਾਂ ਦਾ ઑਗੁਰੂ ਦ੍ਰੋਣਾਚਾਰੀਆ਼ ਹੈ ਅਤੇ ਖੇਡ-ਲੇਖਣੀ ਦੀ ਮੈਰਾਥਨ ਦੌੜ ਦਾ ઑਭੀਸ਼ਮ ਪਿਤਾਮਾ਼ ਵੀ। ਲਿਖਣ ਨੂੰ ਤਾਂ ਉਸ ਨੇ ਕਹਾਣੀਆਂ ਵੀ ਲਿਖੀਆਂ ਨੇ, ਜੀਵਨੀਆਂ ਵੀ ਲਿਖੀਆਂ ਨੇ, ਰੇਖਾ-ਚਿੱਤਰ ਵੀ ਲਿਖੇ ਨੇ, ਸਵੈਜੀਵਨੀ ਲਿਖੀ ਹੈ, ਸਫਰਨਾਮੇ ਲਿਖੇ ਹਨ, ਹਾਸ-ਵਿਅੰਗ ਲਿਖਿਆ ਹੈ, ਪੱਤਰਕਾਰੀ ਕੀਤੀ ਹੈ, ਕੁਮੈਂਟਰੀ ਕੀਤੀ ਹੈ ਅਤੇ ਇਹਨਾਂ ਸਭਨਾਂ ਖੇਤਰਾਂ ਵਿਚ ਹੀ ਕਮਾਲ ਕੀਤਾ ਹੈ ਪਰ ਖੇਡ-ਲੇਖਣ ਦੇ ਖੇਤਰ ਵਿਚ ਉਸ ਨੇ ਅਜਿਹੀਆਂ ਮੱਲਾਂ ਮਾਰੀਆਂ ਹਨ ਕਿ ਪਿਛਲੀ ਅੱਧੀ ਸਦੀ ਉਹਦਾ ਮਾਊਂਟ-ਐਵਰੈਸਟੀ ਝੰਡਾ ਸਭਨਾਂ ਤੋਂ ਉੱਚਾ ਅਸਮਾਨੀ ਝੁੱਲ ਰਿਹਾ ਹੈ।
ਡਾ. ਹਰਿਭਜਨ ਸਿੰਘ ਸਰਵਣ ਸਿੰਘ ਨੂੰ ઑਸ਼ਬਦਾਂ ਦਾ ਓਲਿੰਪੀਅਨ਼ ਕਹਿੰਦਾ ਲਿਖਦਾ ਹੈ, ”ਵੇਖਣ ਨੂੰ ਉਹਦੀ ਲਿਖਤ ਸਿੱਧੀ ਸਾਦੀ ਜਾਪਦੀ ਹੈ। ਪਰ ਉਹਦੀ ਸ਼ਬਦ-ਘਾੜਤ ਪਿੱਛੇ ਕਰੜੀ ਸਾਧਨਾ ਦਾ ਝਾਉਲਾ ਪੈਂਦਾ ਹੈ। ਉਹਦੀ ਰਚਨਾ ਦੋਖ ਦਵੈਤ ਜਾਂ ਦੁਰਭਾਵਨਾ ਤੋਂ ਅਸਲੋਂ ਪਾਕ ਸ਼ਾਫ ਹੈ। ਉਸ ਨੂੰ ਨਾ ਕਿਸੇ ਨਾਲ਼ ਖੁਣਸ ਹੈ ਨਾ ਖਾਰ, ਨਾ ਕੀਨਾ ਨਾ ਕਦੂਰਤ। ਉਸ ਨੇ ਜਿਸ ਕਿਸੇ ਬਾਰੇ ਜੋ ਕੁਝ ਵੀ ਲਿਖਿਆ ਹੈ, ਉੱਚਾ ਵੀ ਹੈ ਤੇ ਸੁੱਚਾ ਵੀ। ਜੇ ਸਾਹਿਤ ਵਿਚਲੇ ਕੋਝ ਤੋਂ ਤੁਹਾਡਾ ਮਨ ਉਚਾਟ ਹੋ ਜਾਵੇ ਤਾਂ ਸਰਵਣ ਸਿੰਘ ਦੇ ਖੇਡ ਸੰਸਾਰ ਵਿਚ ਪ੍ਰਵੇਸ਼ ਕਰੋ। ਤੁਹਾਨੂੰ ਪਤਾ ਲੱਗੇਗਾ ਕਿ ਨਿਰਭਉ ਤੇ ਨਿਰਵੈਰ ਅਕਾਲ ਪੁਰਖ ਅਜੇ ਜਿਉਂਦਾ ਹੈ।”
ਪ੍ਰਿੰ. ਸਰਵਣ ਸਿੰਘ ਦੀ ਨਵੀਂ ਕਿਤਾਬ ઑਸ਼ਬਦਾਂ ਦੇ ਖਿਡਾਰੀ਼ ਵਿਚ ਚੋਟੀ ਦੇ 24 ਲੇਖਕਾਂ ਦੀ ਖੇਡ ਰਚਨਾ ਬਾਰੇ ਚਰਚਾ ਕੀਤੀ ਗਈ ਹੈ। ਉਹ ਸ਼ਬਦਾਂ ਨਾਲ਼ ਖੇਡਦੇ ਹੋਣ ਕਰਕੇ ਹੀ ਸ਼ਬਦਾਂ ਦੇ ਖਿਡਾਰੀ ਹਨ। ਉਨ੍ਹਾਂ ਦੀ ਬੋਲੀ ਸ਼ੈਲੀ ਵਿਚ ਖੇਡ ਵਰਗੀ ਤੇਜ਼ੀ, ਤੀਬਰਤਾ ਤੇ ਰੌਚਕਤਾ ਹੈ। ਪਾਠਕ ਨੂੰ ਉਹ ਆਪਣੀ ਰਚਨਾ ਨਾਲੋਂ ਟੁੱਟਣ ਨਹੀਂ ਦਿੰਦੇ, ਰੁਕਣ ਨਹੀਂ ਦਿੰਦੇ; ਸਾਹ ਤੱਕ ਵੀ ਨਹੀਂ ਲੈਣ ਦਿੰਦੇ ਅਤੇ ਆਪਣੇ ਵੇਗ ਤੇ ਵਹਾਅ ਵਿਚ ਵਹਾਈ ਰਖਦੇ ਹਨ। ਉਨ੍ਹਾਂ ਵਿਚੋਂ ਕੁਝ ਇਕਨਾਂ ਦੇ ਨਾਂ ਹਨ: ਬਲਵੰਤ ਗਾਰਗੀ, ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਬਲਬੀਰ ਸਿੰਘ ਕੰਵਲ, ਸੂਬਾ ਸਿੰਘ, ਵਰਿਆਮ ਸਿੰਘ ਸੰਧੂ, ਪਾਸ਼, ਪਹਿਲਵਾਨ ਦਾਰਾ ਸਿੰਘ, ਪੂਰਨ ਸਿੰਘ ਪਾਂਧੀ, ਪ੍ਰਿੰ. ਬਲਕਾਰ ਸਿੰਘ, ਪ੍ਰੋ. ਕਰਮ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਬਲਿਹਾਰ ਸਿੰਘ ਰੰਧਾਵਾ ਤੇ ਗੁਰਮੇਲ ਮਡਾਹੜ।
ਲੇਖਕ ਦੀਆਂ ਹੋਰ ਕਿਤਾਬਾਂ ਨਾਲੋਂ ਇਸ ਕਿਤਾਬ ਦੀ ਵਿਸ਼ੇਸ਼ਤਾ ਇਸ ਕਰ ਕੇ ਵਧੇਰੇ ਹੈ ਕਿ ਇਸ ਵਿਚ ਇਸ ਨੇ ਜਿੱਥੇ ਰਚਨਾਕਾਰ ਦੀ ਰਚਨਾ ਦੀ ਬੋਲੀ ਸ਼ੈਲੀ ਦੇ ਅਦਭੁਤ ਦਰਸ਼ਨ ਕਰਵਾਏ ਹਨ; ਉੱਥੇ ਸਬੰਧਤ ਲੇਖਕ ਦੇ ਜੀਵਨ ਦਾ ਆਦਿ ਅੰਤ, ਮਹਾਨਤਾ ਵਿਸ਼ੇਸ਼ਤਾ ਤੇ ਪ੍ਰਾਪਤੀਆਂ ਦਾ ਕਿੱਸਾ ਵੀ ਨਾਲ਼ ਦੀ ਨਾਲ਼ ਬਿਆਨ ਕੀਤਾ ਹੈ। ਕਿਤਾਬ ਦੇ ਮੁੱਖ ਸਫੇ ‘ਤੇ ਪੰਜਾਬੀ ਦੇ ਕੁਝ ਧੁਰੰਤਰ ਲੇਖਕਾਂ ਦੀਆਂ ਮੂਰਤਾਂ ਹਨ; ਜੋ ਸਹੀ ਅਰਥਾਂ ਵਿਚ ઑਸ਼ਬਦਾਂ ਦੇ ਖਿਡਾਰੀ਼ ਹਨ। ਜਿਨ੍ਹਾਂ ਦੀ ਰਚਨਾ ਵਿਚ ਵੇਦਾਂ ਦੀਆਂ ਰਿਚਾਂ ਤੇ ਮੰਤਰਾਂ ਵਰਗੀ ਆਭਾ ਵਰਗਾ ਪ੍ਰਭਾਵ ਅਤੇ ਇਲਹਾਮ ਵਰਗਾ ਸੱਚ ਹੈ।
ਮੇਰੇ ਵਿਚਾਰ ਵਿਚ ઑਸ਼ਬਦਾਂ ਦੇ ਖਿਡਾਰੀ਼ ਪੁਸਤਕ 2021 ਦੀ ਪੰਜਾਬੀ ਵਿਚ ਵਾਰਤਕ ਦੀ ਸਭ ਤੋਂ ਉੱਤਮ, ਅਹਿਮ ਤੇ ਬਿਹਤਰੀਨ ਪੁਸਤਕ ਹੈ। ਮੇਰੇ ਵੱਲੋਂ ਪ੍ਰਿੰਸੀਪਲ ਸਰਵਣ ਸਿੰਘ ਨੂੰ ਹਾਰਦਿਕ ਮੁਬਾਰਕਾਂ!

Check Also

ਸਿਆਸਤ ਦੇ ਡਿੱਗ ਰਹੇ ਮਿਆਰ

ਹਮੀਰ ਸਿੰਘ ਖ਼ੂਬਸੂਰਤ ਸਮਾਜ ਸਿਰਜਣ ਦਾ ਸੁਪਨਾ ਹਰ ਪੀੜ੍ਹੀ ਦੇ ਲੋਕ ਲੈਂਦੇ ਰਹੇ ਹਨ ਅਤੇ …