Breaking News
Home / ਭਾਰਤ / ਰਾਮ ਰਹੀਮ ਖਿਲਾਫ ਕਾਨੂੰਨੀ ਲੜਾਈ ਲੜ ਰਹੇ ਅੰਸ਼ੁਲ ਛਤਰਪਤੀ ਨੇ ਕੀਤਾ ਖੁਲਾਸਾ

ਰਾਮ ਰਹੀਮ ਖਿਲਾਫ ਕਾਨੂੰਨੀ ਲੜਾਈ ਲੜ ਰਹੇ ਅੰਸ਼ੁਲ ਛਤਰਪਤੀ ਨੇ ਕੀਤਾ ਖੁਲਾਸਾ

ਡੇਰਾ ਮੁਖੀ ਦੇ ਸਿਰ ‘ਤੇ ਰਿਹਾ ਕਾਂਗਰਸ ਦਾ ਹੱਥ
ਪਰਨੀਤ ਕੌਰ, ਭਰਤਇੰਦਰ ਚਾਹਲ ਤੇ ਹਰਮਿੰਦਰ ਜੱਸੀ ਕੇਸ ਖਤਮ ਕਰਵਾਉਣ ਲਈ ਸੀਬੀਆਈ ‘ਤੇ ਪਾਉਂਦੇ ਰਹੇ ਦਬਾਅ
ਚੰਡੀਗੜ੍ਹ/ਬਿਊਰੋ ਨਿਊਜ਼
ਪਿਛਲੇ 15 ਸਾਲਾਂ ਤੋਂ ਆਪਣੇ ਪੱਤਰਕਾਰ ਪਿਤਾ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਕਾਨੂੰਨੀ ਲੜਾਈ ਲੜਦੇ ਆ ਰਹੇ ਪੱਤਰਕਾਰ ਅੰਸ਼ੁਲ ਛਤਰਪਤੀ ਨੇ ਵੱਡਾ ਖ਼ੁਲਾਸਾ ਕਰਦਿਆਂ ਦੋਸ਼ ਲਾਇਆ ਹੈ ਕਿ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਅਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਉਨ੍ਹਾਂ ਦੇ ਪਿਤਾ ਦੇ ਕੇਸ ਨੂੰ ਖ਼ਤਮ ਕਰਵਾਉਣ ਲਈ ਸੀਬੀਆਈ ‘ਤੇ ਦਬਾਅ ਪੁਆਉਂਦੇ ਰਹੇ ਹਨ।
ਅੰਸ਼ੁਲ ਛਤਰਪਤੀ ਨੇ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਰਾਮ ਰਹੀਮ ਨੇ 2005 ਵਿੱਚ ਇਸ ਮਾਮਲੇ ਵਿਚ ਸੀਬੀਆਈ ਦੇ ਪੜਤਾਲੀਆ ਅਫ਼ਸਰਾਂ ‘ਤੇ ਦਬਾਅ ਬਣਾਉਣ ਲਈ ਚੰਡੀਗੜ੍ਹ ਵਿੱਚ ਵਿਸ਼ਾਲ ਇਕੱਠ ਕੀਤਾ ਸੀ ਤਾਂ ਉਸ ਵੇਲੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੀ ਅਗਵਾਈ ਹੇਠ ਪੰਜਾਬ ਦੇ ਕਈ ਨੇਤਾਵਾਂ ਨੇ ਇਸ ਕੇਸ ਨੂੰ ਖ਼ਤਮ ਕਰਵਾਉਣ ਲਈ ਦਿੱਲੀ ਵਿੱਚ ਡੇਰੇ ਲਾ ਕੇ ਸੀਬੀਆਈ ‘ਤੇ ਦਬਾਅ ਪਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੇਲੇ ਸੀਬੀਆਈ ਦੀ ਇੱਕ ਟੀਮ ਡੇਰਾ ਸਿਰਸਾ ਵਿੱਚ ਡੇਰਾ ਮੁਖੀ ਤੋਂ ਪੁੱਛ-ਪੜਤਾਲ ਕਰਨ ਲਈ ਗਈ ਸੀ ਤਾਂ ਉਸ ਵੇਲੇ ਭਰਤਇੰਦਰ ਸਿੰਘ ਚਾਹਲ, ਤਤਕਾਲੀ ਵਿਧਾਇਕ ਹਰਮਿੰਦਰ ਸਿੰਘ ਜੱਸੀ ਤੇ ਇੱਕ ਹੋਰ ਕਾਂਗਰਸੀ ਆਗੂ ਸਿਰਸਾ ਪੁੱਜ ਕੇ ਬਾਬੇ ਨੂੰ ਬਚਾਉਣ ਲਈ ਯਤਨ ਕਰਦੇ ਰਹੇ ਸਨ। ਉਸ ਵੇਲੇ ਸੀਬੀਆਈ ਦੀ ਟੀਮ ਪਹਿਲਾਂ ਸਿਰਸਾ ਸਥਿਤ ਪੀਡਬਲਿਯੂਡੀ ਦੇ ਰੈਸਟ ਹਾਊਸ ਵਿਚ ਪੁੱਜੀ ਸੀ ਤੇ ਇਸ ਦੌਰਾਨ ਜਾਣਕਾਰੀ ਮਿਲੀ ਸੀ ਕਿ ਚਾਹਲ ਤੇ ਜੱਸੀ ਸਿਰਸਾ ਵਿੱਚ ਮੌਜੂਦ ਹਨ ਤੇ ਰਾਮ ਰਹੀਮ ਨੂੰ ਬਚਾਉਣ ਲਈ ਕਈ ਪਾਸੇ ਫੋਨ ਕਰ ਰਹੇ ਹਨ।
ਅੰਸ਼ੁਲ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਇਨੈਲੋ, ਕਾਂਗਰਸ, ਭਾਜਪਾ ਤੇ ਅਕਾਲੀ ਦਲ ਆਦਿ ਡੇਰੇ ਤੋਂ ਵੋਟਾਂ ਦੀਆਂ ਗੱਠੜੀਆਂ ਹਾਸਲ ਕਰਨ ਲਈ ਸੌਦੇ ਕਰਦੀਆਂ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਦੀ ਮੌਜੂਦਾ ਭਾਜਪਾ ਸਰਕਾਰ ਨੇ ਤਾਂ ਡੇਰੇ ਨਾਲ ਤਾਜ਼ਾ ਸੌਦਾ ਕੀਤਾ ਹੈ ਤੇ ਸਿਰਸੇ ਲਈ ਅਲਾਟ ਹੋਇਆ ਮੈਡੀਕਲ ਕਾਲਜ ਇਸੇ ਸੌਦੇ ਤਹਿਤ ਡੇਰੇ ਵਿੱਚ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਾਮ ਚੰਦਰ ਛਤਰਪਤੀ ਨੇ ਆਪਣੀ ਅਖ਼ਬਾਰ ‘ਪੂਰਾ ਸੱਚ’ ਵਿੱਚ ਸਭ ਤੋਂ ਪਹਿਲਾਂ ਪੀੜਤ ਸਾਧਵੀਆਂ ਦੀ ਗੁੰਮਨਾਮ ਚਿੱਠੀ 30 ਮਈ 2002 ਨੂੰ ਛਾਪੀ ਸੀ, ਜਿਸ ਤੋਂ ਖ਼ਫ਼ਾ ਰਾਮ ਰਹੀਮ ਨੇ 24 ਅਕਤੂਬਰ 2002 ਨੂੰ ਉਸ ਦੇ ਪਿਤਾ ਨੂੰ ਗੋਲੀਆਂ ਮਰਵਾ ਦਿੱਤੀਆਂ, ਜਿਸ ਕਾਰਨ 21 ਨਵੰਬਰ 2002 ਨੂੰ ਉਹ ਦਮ ਤੋੜ ਗਏ। ਅੰਸ਼ੁਲ ਨੇ ਦੋਸ਼ ਲਾਇਆ ਕਿ ਉਸ ਵੇਲੇ ਦੀ ਇਨੈਲੋ ਸਰਕਾਰ ਨੇ ਡੇਰੇ ਨਾਲ ਮਿਲੀਭੁਗਤ ਕਰ ਕੇ ਉਨ੍ਹਾਂ ਦੇ ਪਿਤਾ ਦੇ ਧਾਰਾ 164 ਤਹਿਤ ਬਿਆਨ ਨਹੀਂ ਦਰਜ ਹੋਣ ਦਿੱਤੇ। ਉਸ ਦੇ ਪਿਤਾ ਵੱਲੋਂ ਮਰਨ ਤੋਂ ਪਹਿਲਾਂ ਦਿੱਤੇ ਬਿਆਨ ਵਿੱਚ ਬਾਕਾਇਦਾ ਗੁਰਮੀਤ ਰਾਮ ਰਹੀਮ ਦਾ ਨਾਮ ਵੀ ਐਫਆਈਆਰ ਵਿੱਚ ਦਰਜ ਕਰਵਾਇਆ ਗਿਆ ਸੀ, ਪਰ ਪੁਲਿਸ ਨੇ ਬਾਅਦ ਵਿੱਚ ਇਸ ਤੱਥ ਨੂੰ ਗਾਇਬ ਕਰ ਦਿੱਤਾ ਸੀ।

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …