1.6 C
Toronto
Friday, February 20, 2026
spot_img
Homeਮੁੱਖ ਲੇਖ21 ਫਰਵਰੀ : ਕੌਮਾਂਤਰੀ ਮਾਂ-ਬੋਲੀ ਦਿਹਾੜੇ 'ਤੇ ਵਿਸ਼ੇਸ਼

21 ਫਰਵਰੀ : ਕੌਮਾਂਤਰੀ ਮਾਂ-ਬੋਲੀ ਦਿਹਾੜੇ ‘ਤੇ ਵਿਸ਼ੇਸ਼

‘ਇਕ ਰਾਸ਼ਟਰ-ਇਕ ਭਾਸ਼ਾ’ ਦੀ ਸਾਜਿਸ਼ ਮਾਂ ਬੋਲੀਆਂ ਲਈ ਸਭ ਤੋਂ ਵੱਡਾ ਖ਼ਤਰਾ
ਡਾ. ਗੁਰਵਿੰਦਰ ਸਿੰਘ
001-604-825-1550

ਸੰਸਾਰ ਭਰ ‘ਚ 21 ਫਰਵਰੀ ਨੂੰ ਲੋਕ ਮਾਂ ਬੋਲੀ ਦਿਹਾੜੇ ਵਜੋਂ ਮਨਾਉਂਦਿਆਂ, ਕੋਈ ਨਾ ਕੋਈ ਅਜਿਹਾ ਸੰਕਲਪ ਲੈਂਦੇ ਹਨ , ਜਿਸ ‘ਤੇ ਸਾਲ ਭਰ ਕੰਮ ਕਰਕੇ ਉਹ ਆਪਣੀ ਬੋਲੀ ਨੂੰ ਪ੍ਰਫੁੱਲਤ ਕਰਨ ‘ਚ ਬਣਦਾ ਹਿੱਸਾ ਪਾ ਸਕਣ। 21 ਫਰਵਰੀ ਦਾ ਆਲਮੀ ਮਾਂ-ਬੋਲੀ ਦਿਨ ਸਾਨੂੰ 1952 ਦੇ ਢਾਕਾ ਯੂਨੀਵਰਸਿਟੀ ਦੇ ਆਪਣੀ ਮਾਂ-ਬੋਲੀ ਬੰਗਲਾ ਨੂੰ ਪੂਰਬੀ ਪਾਕਿਸਤਾਨ ਦੀ ਕੌਮੀ ਬੋਲੀ ਬਣਾਉਣ ਦੀ ਮੰਗ ਕਰਦਿਆਂ ਸ਼ਹੀਦ ਹੋਏ ਵਿਦਿਆਰਥੀਆਂ ਅਬਦੁਸ ਸਲਾਮ, ਅਬੁਲ ਬਰਕਤ, ਰਫੀਕ ਉਦ-ਦੀਨ ਅਹਿਮਦ, ਅਬਦੁਲ ਜਬਾਰ ਤੇ ਸ਼ਫ਼ੀਉਰ ਰਹਿਮਾਨ ਅਤੇ ਸੈਂਕੜੇ ਫੱਟੜਾਂ ਦੀ ਯਾਦ ਦਿਵਾਉਂਦਾ ਹੈ। 21 ਫਰਵਰੀ 1972 ਨੂੰ ਬੰਗਲਾ ਦੇਸ਼ ਦੇ ਸੰਵਿਧਾਨ ਮੁਤਾਬਕ ਬੰਗਾਲੀ ਨੂੰ ਕੌਮੀ ਬੋਲੀ ਬਣਾਇਆ ਗਿਆ। ਬੰਗਲਾ ਦੇਸ਼ ਵਲੋਂ ਯੁਨੈਸਕੋ ਨੂੰ ਫੌਰਨ ਇਹ ਸੁਝਾਅ ਭੇਜਿਆ ਗਿਆ ਕਿ ਸਾਡੀ ਮਾਤ ਬੋਲੀ ਨੂੰ ਇਸ ਦਿਨ ਬਣਦਾ ਸਤਿਕਾਰ ਮਿਲਿਆ ਹੈ, ਇਸ ਲਈ ਇਸ ਦਿਨ ਨੂੰ ਕੌਮਾਂਤਰੀ ਮਾਂ ਬੋਲੀ ਦਿਨ ਵਜੋਂ ਮਨਾਇਆ ਜਾਵੇ। 17 ਨਵੰਬਰ 1999 ਨੂੰ ਜਨਰਲ ਕਾਨਫਰੰਸ ਵਿੱਚ ਯੁਨੈਸਕੋ ਵੱਲੋਂ, 21 ਫਰਵਰੀ ਨੂੰ ਮਾਂ ਬੋਲੀ ਦਿਨ ਵੱਜੋਂ ਮਨਾਉਣ ਦਾ ਸਮਰਥਨ ਦੇ ਦਿੱਤਾ ਗਿਆ। ਇਸ ਦਿਨ ਸੰਸਾਰ ਪੱਧਰ ‘ਤੇ ਹਰ ਖਿੱਤੇ ਵਿੱਚ ਆਪਣੀ-ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ ਤੇ ਸਨਮਾਨ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ। ਸੰਸਾਰ ਪੱਧਰ ‘ਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੁਆਰਾ ਅੱਜਕੱਲ੍ਹ ਲਗਭਗ 6500 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਬਾਰੇ ਯੂਨੈਸਕੋ ਨੇ ਰਿਪੋਰਟ ਜਾਰੀ ਕੀਤੀ ਹੈ। ਵਿਸ਼ਵ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਵੀ ਹੈ। ਇਹ 11ਵੇਂ ਸਥਾਨ ‘ਤੇ ਆਉਂਦੀ ਹੈ। ਇੱਕ ਅੰਦਾਜ਼ੇ ਅਨੁਸਾਰ ਪੰਜਾਬੀ ਸੰਸਾਰ ਦੇ 15 ਕਰੋੜ ਤੋਂ ਵੱਧ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਹੈ।
ਕੈਨੇਡਾ ਵਿਚ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਦੀਆਂ ਮਿਸਾਲਾਂ ਪੰਜਾਬ ਦੀ ਧਰਤੀ ‘ਤੇ ਵੀ ਦਿੱਤੀਆਂ ਜਾਂਦੀਆਂ ਹਨ। 8 ਜੁਲਾਈ 1994 ਵਾਲੇ ਦਿਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਖੇ, ਪੰਜਾਬੀ ਨੂੰ ਦੂਜੀ ਜ਼ੁਬਾਨ ਦਾ ਦਰਜਾ ਹਾਸਲ ਹੋਇਆ: ਕੈਨੇਡਾ ਵਸਦੇ ਪੰਜਾਬੀਆਂ ਅੰਦਰ ਮਾਂ-ਬੋਲੀ ਲਈ ਠਾਠਾਂ ਮਾਰਦੇ ਪਿਆਰ ਦੀ ਗੱਲ ਕਰਦਿਆਂ ਆਮ ਹੀ ਕਿਹਾ ਜਾਂਦਾ ਹੈ ਕਿ ਕੈਨੇਡਾ ਵਿਚ ‘ਦੂਜਾ ਪੰਜਾਬ’ ਵਸਦਾ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਸੌ ਸਾਲ ਤੋਂ ਵੱਧ ਸਮੇਂ ਤੋਂ ਇਥੇ ਵਸੇ ਪੰਜਾਬੀਆਂ ਨੇ ਆਪਣੀ ਬੋਲੀ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ। ਇਥੋਂ ਦੇ ਕਈ ਸ਼ਹਿਰਾਂ ‘ਚ ਪੰਜਾਬ ਤੋਂ ਘੁੰਮਣ ਆਇਆ ਪੰਜਾਬੀ ਜਦੋਂ ਘਰੋਂ ਬਾਹਰ ਨਿਕਲਦਾ ਹੈ, ਤਾਂ ਉਸ ਨੂੰ ਭੁਲੇਖਾ ਪੈਣ ਲੱਗ ਪੈਂਦਾ ਹੈ ਕਿ ਉਹ ਸ਼ਾਇਦ ਪੰਜਾਬ ਦੇ ਕਿਸੇ ਸ਼ਹਿਰ ‘ਚ ਘੁੰਮ ਰਿਹਾ ਹੋਵੇ। ਪੰਜਾਬੀ ਵਿਚ ਲੱਗੇ ਸਾਈਨ ਬੋਰਡ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕੈਨੇਡਾ ਵਿੱਚ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਦੀ ਚੜ੍ਹਤ ਹੈ। ਮਾਂ-ਬੋਲੀ ਪੰਜਾਬੀ ਨਾਲੋਂ ਟੁੱਟੇ ਪੰਜਾਬੀ, ਆਪਣੀ ਬੋਲੀ ਨਾਲ ਕੈਨੇਡਾ ਆ ਕੇ ਕਿਵੇਂ ਜੁੜਦੇ ਹਨ, ਇਸ ਦੀ ਮਿਸਾਲ ਉੱਘੇ ਸਾਹਿਤਕਾਰ ਰਾਜਿੰਦਰ ਸਿੰਘ ਬੇਦੀ ਦੇ ਪੋਤਰੇ ਤੇ ਫ ਿਨਿਰਮਾਤਾ ਨਰਿੰਦਰ ਬੇਦੀ ਦੇ ਪੁੱਤਰ, ਫਿਲਮ ਅਦਾਕਾਰ ਅਤੇ ਨਿਰਮਾਤਾ ਰਜਤ ਬੇਦੀ ਨੇ ਸਾਂਝੀ ਕੀਤੀ। ਉਸਨੇ ਕਿਹਾ ਕਿ ਬੰਬਈ ਵਿਚ ਰਹਿੰਦਿਆਂ ਉਹ ਪੰਜਾਬੀ ਨਹੀਂ ਸੀ ਬੋਲਦਾ, ਪਰ ਜਦੋਂ ਉਹ ਕੈਨੇਡਾ ਆਇਆ, ਤਾਂ ਇਥੇ ਆ ਕੇ ਨਾ ਸਿਰਫ਼ ਪੰਜਾਬੀ ਬੋਲਣ ਹੀ ਲੱਗਿਆ, ਸਗੋਂ ਪੰਜਾਬੀ ਫਿਲਮਾਂ ਵੱਲ ਵੀ ਉਤਸ਼ਾਹਤ ਹੋ ਗਿਆ। ਰਜਤ ਬੇਦੀ ਨੇ ਕਿਹਾ ਕਿ ਉਸ ਨੂੰ ਅਤੇ ਉਸ ਵਰਗੇ ਅਨੇਕਾਂ ਹੋਰਨਾਂ ਨੂੰ ਕੈਨੇਡਾ ਨੇ ਪੰਜਾਬ ਨਾਲ ਜੁੜਿਆ ਹੈ।
ਕੈਨੇਡਾ ਦੀਆਂ ਵੱਖ-ਵੱਖ ਸਮੇਂ ਦੀਆਂ ਮਰਦਮਸ਼ੁਮਾਰੀਆਂ ਦੇ ਅੰਕੜੇ ਇਥੇ ਪੰਜਾਬੀ ਦੀ ਤਰੱਕੀ ਦੀ ਗਵਾਹੀ ਭਰਦੇ ਹਨ। ਇਨ੍ਹਾਂ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕੈਨੇਡਾ ਦੀ ਕੁੱਲ ਗਿਣਤੀ ਦੇ ਹਿਸਾਬ ਨਾਲ 0.43 ਫ਼ੀਸਦੀ ਤੋਂ 2 ਫ਼ੀਸਦੀ ਦੇ ਨੇੜੇ ਜਾ ਪਹੁੰਚੀ ਹੈ। ਕੈਨੇਡਾ ਦੀ ਮੌਜੂਦਾ ਸਮੇਂ ਆਬਾਦੀ 4 ਕਰੋੜ 60 ਲੱਖ ਤੱਕ ਪਹੁੰਚ ਚੁੱਕੀ ਹੈ। ਜੇਕਰ ਕੈਨੇਡਾ ‘ਚ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਉਣ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ, ਮਰਦਮ ਸ਼ੁਮਾਰੀ ਦੇ ਇਕ ਵਰਗ ਅਨੁਸਾਰ ਘਰਾਂ ਵਿੱਚ ਬਹੁਤਾ ਸਮਾਂ ਪੰਜਾਬੀ ਬੋਲਣ ਵਾਲਿਆਂ ਦੀ 2021 ਦੀ ਮਰਦਮਸ਼ੁਮਾਰੀ ਦੌਰਾਨ ਗਿਣਤੀ 827,150 ਹੈ, ਜਦ ਕਿ ਕੈਨੇਡਾ ਦੀਆਂ ਨਾਨ-ਆਫੀਸ਼ੀਅਲ ਬੋਲੀਆਂ ਤੋਂ ਇਲਾਵਾ ਪੰਜਾਬੀ ਬੋਲੀ ਦੀ ਜਾਣਕਾਰੀ ਰੱਖਣ ਵਾਲਿਆਂ ਦੀ ਸੰਖਿਆ 942, 170 (2016 ਤੋਂ 41 ਗੁਣਾ ਵੱਧ) ਹੈ। 2021 ਦੀ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਵਿਚ ਪਹਿਲੇ ਨੰਬਰ ‘ਤੇ ਉਨਟੈਰੀਉ ਪ੍ਰੋਵਿੰਸ (397, 865), ਦੂਜੇ ‘ਤੇ ਬ੍ਰਿਟਿਸ਼ ਕਲੰਬੀਆ (315,000) ਅਤੇ ਤੀਜੀ ਨੰਬਰ ‘ਤੇ ਐਲਬਰਟਾ (126,365) ਆਉਂਦਾ ਹੈ।
ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਕੈਨੇਡਾ ਵਿੱਚ ਪੰਜਾਬੀ ਬੋਲੀ ਦੀਆਂ ਵੱਡੀਆਂ ਪ੍ਰਾਪਤੀਆਂ ਹਨ, ਉਥੇ ਅਜੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਮਰਦਮਸ਼ੁਮਾਰੀ ਸਮੇਂ ਪੰਜਾਬੀਆਂ ਵਲੋਂ ਮਾਂ-ਬੋਲੀ ਲਿਖਵਾਉਣ ਲਈ ਉਤਸ਼ਾਹ ਅਜੇ ਵੀ ਓਨਾ ਨਹੀਂ, ਜਿੰਨਾ ਹੋਣਾ ਚਾਹੀਦਾ ਹੈ। ਕੈਨੇਡਾ ਵਿਚ ਘੱਟੋ-ਘੱਟ 5 ਲੱਖ ਤੋਂ ਵੱਧ ਗਿਣਤੀ ਵਿੱਚ ਅਜਿਹੇ ਹੋਰ ਪੰਜਾਬੀ ਵੀ ਵਸਦੇ ਹਨ, ਜਿਹੜੇ ਮਰਦਮਸ਼ੁਮਾਰੀ ਦੌਰਾਨ ਆਪਣੀ ਮਾਂ-ਬੋਲੀ ਪੰਜਾਬੀ ਨਹੀਂ ਲਿਖਵਾਉਂਦੇ ਜਾਂ ਮਰਦਮਸ਼ੁਮਾਰੀ ਵਿੱਚ ਮਾਂ- ਬੋਲੀ ਵਾਲੇ ਖਾਨੇ ਭਰਦੇ ਹੀ ਨਹੀ। ਇਥੇ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਆਏ ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਪੰਜਾਬੀ ਵੀ ਮਰਦਮ ਸ਼ੁਮਾਰੀ ਵਿਚ ਅਪਣੇ ਫ਼ਾਰਮਾਂ ਵਿਚ ਮਾਂ ਬੋਲੀ ਪੰਜਾਬੀ ਲਿਖ ਸਕਦੇ ਹਨ। ਕੈਨੇਡਾ ਦੇ ਪੰਜਾਬੀ ਮੀਡੀਏ ਵਲੋਂ ਵਾਰ-ਵਾਰ ਪ੍ਰਚਾਰਨ ਦੇ ਬਾਵਜੂਦ, ਬਹੁਤ ਸਾਰੇ ਪੰਜਾਬੀ ਕਾਗਜ਼ਾਂ ‘ਚ ਆਪਣੀ ਮਾਂ-ਬੋਲੀ ਲਿਖਵਾਉਣ ਤੋਂ ਹੀ ਘੇਸਲ ਮਾਰ ਜਾਂਦੇ ਹਨ। ਜੇ ਰੁਝਾਨ ਇਹੀ ਰਿਹਾ, ਤਾਂ 2026 ਦੀ ਮਰਦਮਸ਼ੁਮਾਰੀ ਵਿਚ ਪੰਜਾਬੀ ਬੋਲੀ ਦਾ ਪੰਜਵਾਂ ਸਥਾਨ ਵੀ ਖੁੱਸਣ ‘ਚ ਦੇਰ ਨਹੀਂ ਲੱਗਣੀ।
ਕੈਨੇਡਾ ‘ਚ ਅੰਗਰੇਜ਼ੀ ਤੇ ਫਰੈਂਚ ਦਫ਼ਤਰੀ ਰੂਪ ‘ਚ ਸਰਕਾਰੀ ਭਾਸ਼ਾਵਾਂ ਹਨ, ਪਰ ਇਥੇ ਕੌਮੀ ਬੋਲੀ ਦੇ ਨਾਂਅ ‘ਤੇ ਝਗੜੇ ਖੜ੍ਹੇ ਕਰਨ ਵਾਲਾ ਅਜਿਹਾ ਕੋਈ ਰੇੜਕਾ ਨਹੀਂ, ਜਿਵੇਂ ਕਿ ਭਾਰਤ ‘ਚ ਹਿੰਦੀ ਨੂੰ ਲੈ ਕੇ ‘ਇਕ ਭਾਸ਼ਾ ਤੇ ਇਕ ਰਾਸ਼ਟਰ’ ਆਦਿ ਦੇ ਬੇਤੁਕੇ ਨਾਅਰੇ ਲਾਏ ਜਾਂਦੇ ਹਨ।
ਇਥੇ ਚੁਣੌਤੀ ਇਹ ਹੈ ਕਿ ਇੰਮੀਗਰਾਂਟ ਭਾਈਚਾਰੇ ਦੀ ਬੋਲੀ ਹੋਣ ਕਾਰਨ ਪੰਜਾਬੀ ਅਜੇ ਵੀ ਸੰਘਰਸ਼ ਦੇ ਦੌਰ ‘ਚੋਂ ਗੁਜ਼ਰ ਰਹੀ ਹੈ। ਅੱਜ ਕੈਨੇਡਾ ‘ਚ ਵਸਦੇ ਪੰਜਾਬੀ ਜੇਕਰ ਆਪਣੀ ਨਾਗਰਿਕਤਾ ਕਾਰਨ ‘ਕੈਨੇਡੀਅਨ’ ਹਨ, ਤਾਂ ਫਿਰ ਉਨ੍ਹਾਂ ਦੀ ਬੋਲੀ ਵਿਦੇਸ਼ੀ ਕਿਵੇਂ ਹੋਈ? ਜੇਕਰ ਪਾਰਲੀਮੈਂਟ ਤੇ ਕਈ ਸੂਬਿਆਂ ‘ਚ ਪੰਜਾਬੀ ਸਿਆਸਤਦਾਨਾਂ ਦਾ ਬੋਲਬਾਲਾ ਹੈ, ਫਿਰ ਉਹ ਆਪਣੀ ਮਾਂ-ਬੋਲੀ ਲਈ ਦ੍ਰਿੜ੍ਹ ਇਰਾਦਾ ਕਿਉਂ ਨਹੀਂ ਰੱਖਦੇ? ਯਕੀਨਨ ਤੌਰ ‘ਤੇ ਜੇਕਰ ਸਾਡੇ ਰਾਜਸੀ ਲੀਡਰ ਪ੍ਰਣ ਕਰਨ ਕਿ ਉਨ੍ਹਾਂ ਪੰਜਾਬੀ ਨੂੰ ‘ਕੈਨੇਡੀਅਨ ਬੋਲੀ’ ਵਜੋਂ ਮਾਨਤਾ ਦਿਵਾਉਣੀ ਹੈ ਤੇ ਵਿਦੇਸ਼ੀ ਬੋਲੀ ਨਹੀਂ ਰਹਿਣ ਦੇਣਾ, ਤਾਂ ਪੰਜਾਬੀ ਵੀ ਕੈਨੇਡਾ ‘ਚ ਬੇਗਾਨੀ ਨਹੀਂ ਰਹੇਗੀ ਤੇ ਉਹ ਕੈਨੇਡਾ ਦੀ ਬੋਲੀ ਵਜੋਂ ਮਾਨਤਾ ਹਾਸਲ ਕਰ ਲਵੇਗੀ। ਬੀ.ਸੀ. ਸੂਬੇ ਦੀ ਹੀ ਗੱਲ ਕਰੀਏ, ਤਾਂ ਇਥੋਂ ਦੇ ਸਾਬਕਾ ਵਿੱਦਿਆ ਮੰਤਰੀ ਮਨਮੋਹਣ ਸਿੰਘ ਮੋਅ ਸਹੋਤਾ ਦੇ ਉੱਦਮ ਨਾਲ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲ ਗਿਆ ਸੀ ਤੇ ਪੰਜਾਬੀ ਸਕੂਲਾਂ ‘ਚ ਪੜ੍ਹਾਉਣ ਦਾ ਰਾਹ ਪੱਧਰਾ ਹੋ ਗਿਆ ਸੀ। ਪੰਜਾਬੀ ਪੜ੍ਹਾਉਣ ਵਾਲੇ ਸਕੂਲ, ਅਕੈਡਮੀਆਂ ਤੇ ਹੋਰ ਅਦਾਰੇ ਆਪੋ-ਆਪਣੇ ਉਪਰਾਲੇ ਕਰ ਰਹੇ ਹਨ, ਪਰ ਪਬਲਿਕ ਸਕੂਲਾਂ ‘ਚ ਪੰਜਾਬੀ ਪੜ੍ਹਾਈ ਜਾਣ ਲਈ ਬੱਚਿਆਂ ਦਾ ਨਾਂਅ ਖ਼ਾਸ ਤੌਰ ‘ਤੇ ਦਾਖ਼ਲ ਕਰਨ ਦੀ ਲੋੜ ਹੁੰਦੀ ਹੈ।
ਪੰਜਾਬੀ ਬੋਲੀ ਲਈ ਸਭ ਤੋਂ ਵੱਧ ਚਿੰਤਾ ਦੀ ਗੱਲ ਅੱਜ ਇਹ ਹੈ ਕਿ ਇਥੇ ਪੰਜਾਬੀ ਨੂੰ ਗਿਣੇ-ਮਿਥੇ ਢੰਗ ਨਾਲ ਖੂੰਜੇ ਲਾਉਣ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ। ਪੰਜਾਬੀ ਬੋਲੀ ਦੇ ਨਾਂਅ ‘ਤੇ ਪੰਜਾਬੀ ਸੂਬਾ ਬਣਨ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਤੇ ਫ਼ਿਰਕੂ ਵਿਚਾਰ ਪੰਜਾਬ ਵਿਚ ਜ਼ੋਰ ਫੜ ਰਹੇ ਸਨ, ਅੱਜ ਉਹੀ ਸਥਿਤੀ ਕੈਨੇਡਾ ਵਿਚ ਬਣਦੀ ਜਾ ਰਹੀ ਹੈ।ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਅੰਦਰਲੇ ਭਾਰਤੀ ਸਫ਼ਾਰਤਖਾਨੇ ਹਿੰਦੀ ਨੂੰ ਮੁਫ਼ਤ ਪੜ੍ਹਾਉਣ ਲਈ ਤਾਂ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਜਦ ਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਨਾਲ ਸਰਾਸਰ ਵਿਤਕਰਾ ਕਰ ਰਹੇ ਹਨ। ਭਾਰਤੀ ਸਿਆਸਤ ‘ਚ ਵਧ ਰਿਹਾ ਫਾਸ਼ੀਵਾਦ, ਧਰੁਵੀਕਰਨ ਅਤੇ ‘ਇਕ ਬੋਲੀ ਤੇ ਇਕ ਰਾਸ਼ਟਰ’ ਦਾ ਨਾਅਰਾ ਭਾਰਤ ਵਿੱਚ ਹਿੰਦੀ ਭਾਸ਼ਾ ਨੂੰ ਛੱਡ ਕੇ ਬਾਕੀ ਭਾਸ਼ਾਵਾਂ ਭਾਸ਼ਾਵਾਂ ਲਈ ਸਭ ਤੋਂ ਵੱਡਾ ਖਤਰਾ ਹੈ। ਜੇਕਰ ਐਥਨੋਲੌਗ ਅਨੁਸਾਰ ਵੇਖੀਏ, ਤਾਂ ਭਾਰਤ ਵਿੱਚ 400 ਤੋਂ ਵੱਧ ਜਿਉਂਦੀਆਂ ਬੋਲੀਆਂ ਹਨ। ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ, ਜਦਕਿ ਮਰਦਮਸ਼ੁਮਾਰੀ 2011ਅਨੁਸਾਰ ਭਾਰਤ ਵਿੱਚ 121 ਮੁੱਖ ਬੋਲੀਆਂ ਹਨ, ਪਰ ਅਫਸੋਸ ਹੈ ਕਿ ਵੱਖ-ਵੱਖ ਮਾਂ ਬੋਲੀਆਂ ਨੂੰ ਅੱਖੋਂ ਪਰੋਖੇ ਕਰਕੇ, ਹਿੰਦੀ ਧੱਕੇ ਨਾਲ ਸਭ ਉੱਪਰ ਠੋਸੀ ਜਾ ਰਹੀ ਹੈ ਅਤੇ ਇਕ ਰਾਸ਼ਟਰ ਅਤੇ ਇਕ ਭਾਸ਼ਾ ਦਾ ਅੰਨੇਵਾਹ ਪ੍ਰਚਾਰ ਕਰਕੇ, ਦੇਸ਼ ਦਾ ਬਹੁ-ਭਾਸ਼ਾਹੀ ਢਾਂਚਾ ਤਬਾਹ ਕੀਤਾ ਜਾ ਰਿਹਾ ਹੈ।
ਇਸ ਸਬੰਧ ਵਿੱਚ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਪ੍ਰਚਾਰ ਕੇਵਲ ਭਾਰਤ ਵਿੱਚ ਹੀ ਨਹੀਂ, ਸਗੋਂ ਕੈਨੇਡਾ ਵਿੱਚ ਵੀ ਪੰਜਾਬੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ, ਸਭ ਤੋਂ ਵੱਧ ਘਾਤਕ ਬਣ ਰਿਹਾ ਹੈ। ਕੁਝ ਵਰ੍ਹੇ ਪਹਿਲਾਂ ਕੈਨੇਡਾ ‘ਚ ਪੰਜਾਬੀ ਗਾਇਕ ਗੁਰਦਾਸ ਮਾਨ ਵਲੋਂ ਦਿੱਤਾ ਵਿਵਾਦਗ੍ਰਸਤ ਬਿਆਨ ‘ਇਕ ਬੋਲੀ ਇਕ ਦੇਸ਼’ ਅਤੇ ਮਾਂ-ਮਾਸੀ ਦਾ ਰੇੜਕਾ, ਪੰਜਾਬੀਆਂ ਅੰਦਰ ਬੋਲੀ ਦੇ ਆਧਾਰ ‘ਤੇ ਪਾੜਾ ਪਾਉਣ ਵਾਲਾ ‘ਘਾਤਕ ਪ੍ਰਚਾਰ’ ਹੋ ਨਿਬੜਿਆ। ਦੁੱਖ ਇਸ ਗੱਲ ਦਾ ਹੈ ਕਿ ਕਈ ਪ੍ਰਮੋਟਰ ਇਸ ਤੋਂ ਸਬਕ ਨਹੀਂ ਸਿੱਖੇ ਅਤੇ ਮਾਰਚ-ਅਪ੍ਰੈਲ 2026 ‘ਚ ਗੁਰਦਾਸ ਮਾਨ ਦੇ ਸ਼ੋਅ ਕਰ ਰਹੇ ਹਨ ਅਤੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦਾ ਸਾਜਸ਼ੀ ਪ੍ਰਚਾਰ ਕਰ ਰਹੇ ਹਨ। ਭਾਰਤ ਅੰਦਰ ਰਾਸ਼ਟਰਵਾਦੀ-ਫਾਸ਼ੀਵਾਦੀ ਏਜੰਡੇ ਤਹਿਤ ਅਪਣਾਏ ਜਾ ਰਹੇ ਰਾਹ ‘ਇੱਕ ਦੇਸ਼ ਇੱਕ ਬੋਲੀ’ ਦੀ ਤਰਜ਼ ‘ਤੇ ਗੁਰਦਾਸ ਮਾਨ ਦੇ ਸ਼ਬਦਾਂ ਨੂੰ ਲੈ ਕੇ ਉੱਠੇ ਗੰਭੀਰ ਇਤਰਾਜ਼ਾਂ ‘ਤੇ ਗੁਰਦਾਸ ਮਾਨ ਦਾ ਇਹ ਕਹਿਣਾ ਕਿ ‘ਉੱਤਰ ਤੋਂ ਲੈ ਕੇ ਦੱਖਣ ਤੱਕ ਸਾਰੇ ਹਿੰਦੁਸਤਾਨ-ਰਾਸ਼ਟਰ ਵਿੱਚ ਇੱਕ ਭਾਸ਼ਾ’ ਹੋਣੀ ਚਾਹੀਦੀ ਹੈ, ਜਿਵੇਂ ਕਿ ਫਰਾਂਸ ਦੇ ਵਿੱਚ ਤੇ ਜਰਮਨੀ ਦੇ ਵਿੱਚ ਇੱਕ ਭਾਸ਼ਾ ਹੈ, ਬਿਲਕੁਲ ਬੇਤੁਕਾ ਹੈ। ਭਾਰਤ ਵਿੱਚ ਜਨਸੰਘੀ ਤਾਕਤਾਂ ਅਜਿਹਾ ਕਰਨ ਦੀ ਕੋਸ਼ਿਸ਼ ‘ਚ ਹਨ ਅਤੇ ਅਤੇ ਉਨ੍ਹਾਂ ਫਾਸ਼ੀਵਾਦੀ ਨੀਤੀਆਂ ਨਾਲ ਦੱਖਣੀ ਭਾਰਤ ਵਿੱਚ ਵੀ ਹਿੰਦੀ ਨੂੰ ਲਾਗੂ ਕਰਨ ਦਾ ਤਹੱਈਆ ਕੀਤਾ ਹੋਇਆ ਹੈ, ਪਰ ਇਸ ਦੇ ਤਿੱਖੇ ਵਿਰੋਧ ਵਿੱਚ ਉੱਥੋਂ ਦੇ ਸਾਹਿਤਕਾਰ, ਕਲਾਕਾਰ, ਗਾਇਕ-ਗੀਤਕਾਰ ਸਭ ਇੱਕ-ਮੁੱਠ ਹਨ। ਭਾਰਤ ਵਿੱਚ ਭਾਸ਼ਾਵਾਂ ਦੀ ਵੰਨ- ਸੁਵੰਨਤਾ ਸੱਭਿਆਚਾਰ ਵੱਖੋ- ਵੱਖਰੀ ਹਨ।
ਜਬਰੀ ਹਿੰਦੀ ਭਾਸ਼ਾ ਲਾਗੂ ਕਰਨ ਦੀ ਨੀਤੀ ਹਿੰਦੂਤਵੀ ਕੱਟੜਤਾ ਅਤੇ ਘੱਟ ਗਿਣਤੀਆਂ ਦੇ ਵਿਰੋਧ ਵਿੱਚ ਘੜੀ ਗਈ ਚਾਲ ਹੈ, ਜਿਸ ਦਾ ਗੁਰਦਾਸ ਮਾਨ ਵੱਲੋਂ ‘ਹੁੰਗਾਰਾ’ ਭਰਿਆ ਜਾਣਾ, ਨਿਖੇਧੀਜਨਕ ਹੈ। ਕੈਨੇਡਾ ‘ਚ ਸ਼ੋਅ ਕਰਨ ਕਰਨ ਲਈ ਤਰਲੋਮੱਛੀ ਹੋਏ ਗੁਰਦਾਸ ਮਾਨ ਇੱਥੋਂ ਦੀ ਸਥਿਤੀ ਦੇਖ ਸਕਦੇ ਹਨ ਕਿ ਇੱਥੋਂ ਦੇ ਹੀ ਇੱਕ ਸੂਬੇ ਕਿਊਬੈਕ ਵਿੱਚ ਫਰੈਂਚ ਭਾਸ਼ਾ ਦਾ ਬੋਲਬਾਲਾ ਹੈ ਤੇ ਉੱਥੇ ਧੱਕੇ ਨਾਲ ਕਿਸੇ ਹੋਰ ਭਾਸ਼ਾ ਨੂੰ ਲਾਗੂ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੁੱਖ ਇਸ ਗੱਲ ਦਾ ਹੈ ਕਿ ਮਾਨ ਨੇ ਕੈਨੇਡਾ ਦੀ ਉਦਾਹਰਨ ਛੱਡ ਕੇ ਉਹ ਉਦਾਹਰਨਾਂ ਦਿੱਤੀਆਂ, ਜਿੱਥੇ ਭਾਸ਼ਾਈ ਵੰਨ-ਸੁਵੰਨਤਾ ਨਹੀਂ ਹੈ। ਅਜਿਹੀ ਬਿਆਨਬਾਜ਼ੀ ਤੇ ਟਿੱਪਣੀਆਂ ਨੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਨੂੰ ਭਾਰੀ ਸੱਟ ਮਾਰੀ ਹੈ।
ਗੁਰਦਾਸ ਮਾਨ ‘ਕਿਹੋ ਜਿਹਾ ਸੇਵਾਦਾਰ ਹੈ ਮਾਂ ਪੰਜਾਬੀ’ ਦਾ? ਜਿਸ ਪੰਜਾਬੀ ਨੇ ਉਸ ਨੂੰ ਧਨ-ਦੌਲਤ ਤੇ ਸ਼ੋਹਰਤ ਦਿੱਤੀ, ਉਸੇ ਦੀ ਹੀ ਬਦਨਾਮੀ ਕਰ ਰਿਹਾ ਹੈ। ਅਜਿਹੀ ਹਾਲਤ ਵਿੱਚ ਪੰਜਾਬੀ ਦੀ ਨੁਹਾਰ ਫਿੱਕੀ ਪਾਉਣ ਅਤੇ ਇਸ ਦਾ ਸ਼ਿੰਗਾਰ ਖੋਹਣ ਦਾ ਦੋਸ਼ੀ ਉਹ ਖੁਦ ਹੀ ਹੈ, ਹੋਰ ਕੋਈ ਨਹੀਂ। ਗੁਰਦਾਸ ਮਾਨ ਦੀ ਬਿਆਨਬਾਜ਼ੀ ਆਪਣੀ ਹੀ ਗਾਏ ਗੀਤਾਂ ਦੇ ਬਿਲਕੁਲ ਉਲਟ ਅਤੇ ਅਪਮਾਨਜਨਕ ਹੈ।
ਗੁਰਦਾਸ ਮਾਨ ਦੇ ‘ਇੱਕ ਬੋਲੀ-ਇੱਕ ਦੇਸ਼’ ਫਾਸ਼ੀਵਾਦੀ ਏਜੰਡੇ ਜਿਥੇ ਪੰਜਾਬੀ ਮਾਂ ਬੋਲੀ ਦੇ ਮੁੱਢ ਬਹਿ ਕੇ ‘ਜੜ੍ਹਾਂ ਟੁੱਕਣ’ ਦੇ ਬਰਾਬਰ ਹੈ, ਉਥੇ ਮਾਂ ਬੋਲੀ ਪੰਜਾਬੀ ਰਾਹੀਂ ਘਟੀਆ ਸ਼ਬਦਾਵਲੀ (‘ਬੱਤੀ ਵਾਲਾ ਮਾਨ’) ਵਰਤਣਾ ਹੰਕਾਰੀ ਅਤੇ ਕਰੋਧੀ ਸੁਭਾਅ ਦੀ ਜਿਉਂਦੀ ਜਾਗਦੀ ਮਿਸਾਲ ਹੈ। ਗੁਰਦਾਸ ਮਾਨ ਦੇ ਪੰਜਾਬੀ ਵਿਰੋਧੀ ‘ਮਾਂ-ਮਾਸੀ’ ਤੇ ‘ਇੱਕ ਦੇਸ਼ ਇੱਕ ਬੋਲੀ’ ਦੇ ਏਜੰਡੇ ਦਾ ਬੀਤੇ ਸਮੇਂ 2018 ਦੌਰਾਨ ਗਰੈਂਡ ਤਾਜ ਹਾਲ ਸਰੀ ਵਿੱਚ ਹੋਏ ਵੱਡੇ ਇਕੱਠ ਵਿੱਚ ਵਿਰੋਧ ਕਰਨ ਵਾਲਿਆਂ ‘ਚ ਸ਼ਾਮਲ ਬੁਲਾਰਿਆਂ ਅਤੇ ਸਾਹਿਤਕ- ਸਮਾਜਿਕ ਸੰਸਥਾਵਾਂ ਵਿੱਚ ਜੀਵੇਂ ਪੰਜਾਬ ਆਲਮੀ ਸੰਗਤ ਕੈਨੇਡਾ ਤੇ ਵਿਰਾਸਤ ਫਾਊਂਡੇਸ਼ਨ ਕੈਨੇਡਾ ਦੇ ਭੁਪਿੰਦਰ ਮੱਲ੍ਹੀ, ਕੈਨੇਡੀਅਨ ਸਿੱਖ ਸਟਡੀਜ ਅਤੇ ਟੀਚਿੰਗ ਸੁਸਾਇਟੀ ਦੇ ਡਾਕਟਰ ਪੂਰਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਪ੍ਰਿਤਪਾਲ ਸਿੰਘ ਗਿੱਲ, ਕਲਮੀ ਪ੍ਰਵਾਜ਼ ਮੰਚ ਕੈਨੇਡਾ ਦੀ ਮਨਜੀਤ ਕੌਰ ਕੰਗ, ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਦੇ ਬਲਵੰਤ ਸਿੰਘ ਸੰਘੇੜਾ, ਲੋਕ ਲਿਖਾਰੀ ਸਾਹਿਤ ਸਭਾ ਉੱਤਰੀ ਅਮਰੀਕਾ ਦੀ ਸੁਖਵਿੰਦਰ ਕੌਰ ਬੈਂਸ , ਆਲਮੀ ਪੰਜਾਬ ਸੰਗਤ ਕੈਨੇਡਾ ਦੇ ਗੁਰਮੁੱਖ ਸਿੰਘ ਦਿਓਲ, ਸਿੱਖ ਵਿਚਾਰ ਮੰਚ ਦੇ ਕੇਸਰ ਸਿੰਘ ਭੁੱਲਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਐਬਟਸਫੋਰਡ ਦੇ ਡਾ. ਗੁਰਵਿੰਦਰ ਸਿੰਘ, ਇੰਡੀਅਨ ਅਬਰੌਡ ਫਾਰ ਪਲਿਊਰਿਸਟ ਇੰਡੀਅਨ ਦੇ ਗੁਰਪ੍ਰੀਤ ਸਿੰਘ, ਨਾਰਥ ਅਮੈਰਿਕਨ ਸਿੱਖ ਐਂਕਟਿਇਸਟ (ਨਾਸਾ) ਦੇ ਧਰਮ ਸਿੰਘ, ਮੀਡੀਆ ਸ਼ਖ਼ਸੀਅਤਾਂ ਗੁਰਪ੍ਰੀਤ ਸਿੰਘ ਸਹੋਤਾ, ਨਵਜੋਤ ਕੌਰ ਢਿੱਲੋਂ, ਬਲਜਿੰਦਰ ਕੌਰ, ਹਰਜਿੰਦਰ ਸਿੰਘ ਥਿੰਦ, ਗੁਰਲਾਲ ਸਿੰਘ, ਅਮਰਪਾਲ ਸਿੰਘ, ਸਤਵੰਤ ਸਿੰਘ ਤਲਵੰਡੀ, ਹਰਪ੍ਰੀਤ ਸਿੰਘ ਸਮੇਤ ਐਡਮਿੰਟਨ ਤੋਂ ਭਾਈ ਮਹਾ ਸਿੰਘ, ਗੁਲਜ਼ਾਰ ਸਿੰਘ ਨਿਰਮਾਣ, ਕੁਲਮੀਤ ਸਿੰਘ ਸੰਘਾ, ਜਰਨੈਲ ਸਿੰਘ ਬਸੋਤਾ ਅਤੇ ਟਰਾਂਟੋ ਤੋਂ ਪੰਜਾਬੀ ਸਾਹਿਤਕਾਰ ਅਤੇ ਮੀਡੀਆ ਸ਼ਖਸੀਅਤਾਂ ਸ਼ਾਮਲ ਸਨ। ਪੰਜਾਬ ਤੋਂ ਪੁੱਜੇ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ, ਲੇਖਕ ਤੇ ਇਤਿਹਾਸਕਾਰ ਰਾਜਵਿੰਦਰ ਸਿੰਘ ਸ਼ਾਹੀ ਨੇ ਗੁਰਦਾਸ ਮਾਨ ਦੀ ਪੰਜਾਬੀ ਵਿਰੋਧੀ ਟਿੱਪਣੀ ਨੂੰ ਚੁਣੌਤੀ ਦਿੰਦਿਆਂ, ਅਜਿਹੇ ਫਾਰਮੂਲੇ ਨੂੰ ਬੇਤੁੱਕਾ ਕਰਾਰ ਦਿੱਤਾ।
ਗੁਰਦਾਸ ਮਾਨ ਦੇ ਐਬਟਸਫੋਰਡ ‘ਚ 2018 ਦੇ ਫਲਾਪ ਸ਼ੋਅ ‘ਚ ਵਿਰੋਧ ਕਰਨ ਵਾਲੇ ਪੰਜਾਬੀ ਸਾਹਿਤਕਾਰ ਚਰਨਜੀਤ ਸਿੰਘ ਸੁੱਜੋਂ ਨੇ ਕਿਹਾ ਕਿ ਮਾਨ ਵੱਲੋਂ ਸਟੇਜਾਂ ਤੇ ਧੀਆਂ ਭੈਣਾਂ ਦੀ ਹਾਜ਼ਰੀ ‘ਚ ਵਰਤੇ ਗੰਦੀ ਸ਼ਬਦਾਵਲੀ ਨੇ ਉਸ ਦੇ ਅੰਦਰਲੇ ਪੰਜਾਬੀ ਵਿਰੋਧੀ ਤੇ ਫਾਸੀਵਾਦੀ ਪੱਖੀ ਏਜੰਡੇ ਨੂੰ ਨੰਗਾ ਕੀਤਾ ਤੇ ਗੁਰਦਾਸ ਮਾਨ ਨੂੰ ਲੱਖ ਲਾਅਣਤਾਂ ਪਾਈਆਂ ਗਈਆਂ। ਦਿਲਚਸਪ ਗੱਲ ਇਹ ਸੀ ਕਿ ਇਸ ਇਕੱਠ ‘ਚ ਲੋਅਰ ਮੇਨਲੈਂਡ ਦੀਆਂ ਸਾਹਿਤਕ ਅਤੇ ਮੀਡੀਆ ਸੰਸਥਾਵਾਂ ਪੰਜਾਬੀ ਜ਼ਬਾਨ ਦੀ ਪਿੱਠ ‘ਚ ਛੁਰਾ ਮਾਰਨ ਅਤੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦਾ ਪ੍ਰਚਾਰ ਕਰਨ ਵਾਲੇ ਗੁਰਦਾਸ ਮਾਨ ਦੇ ਤਿੱਖੇ ਵਿਰੋਧ ਦੇ ਰੂਪ ‘ਚ ਸੁਨੇਹਾ ਦੇਣ ‘ਚ ਕਾਮਯਾਬ ਰਹੀਆਂ। ਇੱਥੇ ਸਪਸ਼ਟ ਸੁਨੇਹਾ ਅੱਜ ਵੀ ਹੈ ਕਿ ਜੇਕਰ ਗੁਰਦਾਸ ਮਾਨ ਕੈਨੇਡਾ ਵਿੱਚ ਮੁੜ ਸ਼ੋਅ ਕਰਨ ਆਉਂਦਾ ਹੈ, ਤਾਂ ਉਸਦਾ ਤਿੱਖਾ ਵਿਰੋਧ ਕਰਨ ਲਈ ਪੰਜਾਬੀ ਤਿਆਰ ਹਨ ਅਤੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦੇ ਖਿਲਾਫ ਜੋਰਦਾਰ ਸੰਘਰਸ਼ ਲਈ ਤਤਪਰ ਹਨ।
ਕੈਨੇਡਾ ਵਸਦੇ ਪੰਜਾਬੀਆਂ ਨੂੰ ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਇਹ ਵੀ ਪ੍ਰਾਣ ਕਰਨਾ ਬਣਦਾ ਹੈ ਕਿ ਉਹ ਰੰਗ, ਨਸਲ, ਮਜਹਬ ਆਦਿ ਵਲਗਣਾਂ ਤੋਂ ਉੱਪਰ ਉੱਠ ਕੇ ਸੱਚ ‘ਤੇ ਪਹਿਰਾ ਦੇਣ ਅਤੇ ਮਾਂ ਬੋਲੀ ਦੇ ਵਿਰੋਧੀਆਂ ਖਿਲਾਫ ਡਟਣ। ਜੇਕਰ ਉਹ ਪੰਜਾਬੀ ਹਨ, ਤਾਂ ਮਈ 2026 ਵਿੱਚ ਕੈਨੇਡਾ ‘ਚ ਹੋ ਰਹੀ ਮਰਦਮ ਸ਼ੁਮਾਰੀ ਦੌਰਾਨ ਆਪਣੀ ਬੋਲੀ ਪੰਜਾਬੀ ਹੀ ਲਿਖਵਾਉਣ, ਨਾ ਕਿ ਆਪਣੇ ਫ਼ਿਰਕੇ, ਜਾਤ ਜਾਂ ਸਿਆਸੀ ਪ੍ਰਭਾਵ ਅਧੀਨ ਮਾਂ-ਬੋਲੀ ਨਾਲ ਧੋਖਾ ਕਰਨ।
ਆਓ ਫੈਸਲਾ ਕਰੀਏ ਤੇ ਆਪਣੇ ਕਾਰੋਬਾਰ ਅਤੇ ਵਪਾਰ ਮੌਕੇ ਸਾਈਨ-ਬੋਰਡਾਂ, ਕਾਰਡਾਂ ਅਤੇ ਪ੍ਰਚਾਰ ਸਰੋਤਾਂ ਉੱਪਰ ਵੀ ਵੱਧ ਤੋਂ ਵੱਧ ਅੰਗਰੇਜ਼ੀ ਦੇ ਨਾਲ-ਨਾਲ ‘ਗੁਰਮੁਖੀ’ ਲਿਪੀ ਅਤੇ ਪੰਜਾਬੀ ਬੋਲੀ ਵਿੱਚ ਜਾਣਕਾਰੀ ਲਿਖਵਾਈਏ।
ਆਓ, ਚੇਤਾ ਨਾ ਭੁੱਲੀਏ, ਘਰਾਂ ਵਿਚ ਬੋਲੀ ਜਾਣ ਵਾਲੀ ਜ਼ੁਬਾਨ ਮਾਂ ਬੋਲੀ ਪੰਜਾਬੀ ਲਿਖਾਈਏ ਅਤੇ ਰੋਜ਼ ਆਪੋ-ਆਪਣੇ ਪੱਧਰ ‘ਤੇ ਪੰਜਾਬੀ ਲਈ ਦੋ ਸ਼ਬਦ ਜ਼ਰੂਰ ਲਿਖੀਏ। ਕਿਸੇ ਵੀ ਰੂਪ ਵਿੱਚ ਬੋਲੀ ਲਈ ਪ੍ਰਚਾਰ ਕਰੀਏ। ਕੈਨੇਡਾ ਵਸਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਨੂੰ ਆਪਣੀ ‘ਜ਼ਬਾਨ’ ਅਤੇ ‘ਪਛਾਣ’ ਨਾਲ ਜੋੜੀ ਰੱਖਣ ਲਈ ਇਹ ਜ਼ਰੂਰੀ ਹੈ ਕਿ ਮਾਂ ਬੋਲੀ ਪੰਜਾਬੀ ਵੱਧ ਤੋਂ ਵੱਧ ਬੋਲੀਏ ਅਤੇ ਇਹ ਗੱਲ ਕਦੇ ਨਾ ਭੁੱਲੀਏ; ਕਿਉਂਕਿ ਪੰਜਾਬੀ ਸਾਡੀ ਸ਼ਾਨ ਹੈ, ਪਛਾਣ ਹੈ, ਮਾਣ ਹੈ ਤੇ ਜਿੰਦ-ਜਾਨ ਹੈ!

RELATED ARTICLES
POPULAR POSTS