Breaking News
Home / ਮੁੱਖ ਲੇਖ / ਵਾਤਾਵਰਨ ਦੀ ਸ਼ੁੱਧਤਾ ਲਈ ਸ਼੍ਰੋਮਣੀ ਕਮੇਟੀ ਅੱਗੇ ਦਰਕਾਰ ਜ਼ਿੰਮੇਵਾਰੀਆਂ

ਵਾਤਾਵਰਨ ਦੀ ਸ਼ੁੱਧਤਾ ਲਈ ਸ਼੍ਰੋਮਣੀ ਕਮੇਟੀ ਅੱਗੇ ਦਰਕਾਰ ਜ਼ਿੰਮੇਵਾਰੀਆਂ

ਤਲਵਿੰਦਰ ਸਿੰਘ ਬੁੱਟਰ
ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਭਰ ‘ਚ ਸਾਢੇ 5 ਲੱਖ ਰੁੱਖ-ਬੂਟੇ ਲਗਾਏ ਜਾਣਗੇ, ਤਾਂ ਜੋ ਵਾਤਾਵਰਨ ਦੇ ਗੰਭੀਰ ਵਿਗਾੜਾਂ ਦਾ ਸਾਹਮਣਾ ਕਰ ਰਹੇ ਵਿਸ਼ਵ ਭਾਈਚਾਰੇ ਤੱਕ ਪਹਿਲੀ ਪਾਤਿਸ਼ਾਹੀ ਦਾ ਵਾਤਾਵਰਨ ਦੀ ਸ਼ੁੱਧਤਾ ਅਤੇ ਕੁਦਰਤ ਪ੍ਰੇਮ ਦਾ ਨਾਯਾਬ ਸੁਨੇਹਾ ਪਹੁੰਚਾਇਆ ਜਾ ਸਕੇ। ਇਸ ਦੇ ਨਾਲ ਹੀ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ 550 ਦੀਆਂ ਰਵਾਇਤੀ ਕਿਸਮਾਂ ਦੇ ਬੂਟਿਆਂ ਵਾਲਾ ਇਕ ਇਤਿਹਾਸਕ ਬਾਗ਼ ਲਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਹਰੇਕ ਸ਼੍ਰੋਮਣੀ ਕਮੇਟੀ ਮੁਲਾਜ਼ਮ ਅਤੇ ਉਸ ਦੇ ਪਰਿਵਾਰ ਨੂੰ ’13-13’ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਪਾਲਣਾ ਕਰਨ ਦੀ ਅਪੀਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਧਾਰਮਿਕ, ਵਿੱਦਿਅਕ ਅਤੇ ਸਿਹਤ ਸੰਸਥਾਵਾਂ ਨੂੰ ਵਧੇਰੇ ਕੁਦਰਤ-ਪੱਖੀ ਬਣਾਉਣ ਲਈ ‘ਸੂਰਜੀ ਊਰਜਾ’ ਦੇ ਪ੍ਰਾਜੈਕਟ ਲਾਉਣ ਦਾ ਵੀ ਐਲਾਨ ਕੀਤਾ ਗਿਆ ਹੈ।
ਵਾਤਾਵਰਨ ਦੀ ਸੰਭਾਲ ਲਈ ਧਾਰਮਿਕ ਯਤਨ : ਨਿਰਸੰਦੇਹ ਅੱਜ ਦੇ ਵਾਤਾਵਰਨ ਦੇ ਭਾਰੀ ਖ਼ਤਰਿਆਂ-ਸੰਕਟਾਂ ਦਾ ਸਾਹਮਣਾ ਕਰ ਰਹੇ ਯੁੱਗ ਵਿਚ ਸ਼੍ਰੋਮਣੀ ਕਮੇਟੀ ਵਲੋਂ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾਣ ਵਾਲੇ ਇਹ ਯਤਨ, ਵੱਡਾ ਸਾਰਥਿਕ ਉਪਰਾਲਾ ਸਾਬਤ ਹੋ ਸਕਦੇ ਹਨ, ਬਸ਼ਰਤੇ ਜੇਕਰ ਇਨ੍ਹਾਂ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾ ਸਕੇ। ਕੁਝ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਸਾਢੇ 3 ਲੱਖ ਰੁੱਖ ਲਗਾਉਣ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਅਮਲੀ ਰੂਪ ਵਿਚ ਲਾਗੂ ਨਹੀਂ ਕੀਤਾ ਜਾ ਸਕਿਆ। ਪਿਛਲੇ ਅਰਸੇ ਦੌਰਾਨ ਇਤਿਹਾਸਕ ਗੁਰਦੁਆਰਿਆਂ ‘ਚ ਕਾਰ-ਸੇਵਾ ਦੇ ਨਾਂਅ ‘ਤੇ ਸੰਗਮਰਮਰ ਲਗਾਉਣ ਅਤੇ ਇਮਾਰਤੀ ਸੁੰਦਰੀਕਰਨ ਕਰਦਿਆਂ ਗੁਰਦੁਆਰਿਆਂ ਦੇ ਚੌਗਿਰਦੇ ਵਿਚੋਂ ਹਰਿਆਲੀ, ਰੁੱਖਾਂ-ਬੂਟਿਆਂ ਅਤੇ ਪੁਰਾਤਨ ਬਾਗ਼ਾਂ ਦਾ ਵੱਡੀ ਪੱਧਰ ‘ਤੇ ਉਜਾੜਾ ਕੀਤਾ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਰਗੇ ਸਿੱਖ ਧਰਮ ਦੇ ਕੇਂਦਰੀ ਅਸਥਾਨ ਦੇ ਨੇੜੇ ਇਤਿਹਾਸਕ ਗੁਰੂ ਕਾ ਬਾਗ਼ ਅਲੋਪ ਹੋ ਗਿਆ ਅਤੇ ਪਰਕਰਮਾ ਵਿਚਲੀਆਂ ਇਤਿਹਾਸਕ ਬੇਰੀਆਂ ਦੀ ਹੋਂਦ ‘ਤੇ ਵੀ ਪੌਣ-ਪਾਣੀ ‘ਚ ਵਿਗਾੜ ਦੇ ਮਾਰੂ ਅਸਰ ਪੈਣੇ ਸ਼ੁਰੂ ਹੋ ਗਏ।
ਤਕਰੀਬਨ ਡੇਢ ਦਹਾਕਾ ਪਹਿਲਾਂ 2006 ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਹੁੰਦਿਆਂ, ਹੁਣ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਨੂੰ ਵਾਤਾਵਰਨ-ਪੱਖੀ ਬਣਾਉਣ ਲਈ ਪਰਕਰਮਾ ਦੀਆਂ ਛੱਤਾਂ ‘ਤੇ ਸਹਾਰਨਪੁਰ ਤੋਂ ਪੌਦੇ ਲਿਆ ਕੇ ਵਿਸ਼ੇਸ਼ ਗਮਲਿਆਂ ਵਿਚ ਲਾਉਣ ਦੇ ਯਤਨ ਕੀਤੇ ਸਨ ਤਾਂ ਉਸ ਵੇਲੇ ਵਾਤਾਵਰਨ ਪ੍ਰਤੀ ਏਨੀ ਚੇਤਨਾ ਤੇ ਅਹਿਮੀਅਤ ਦੀ ਅਣਹੋਂਦ ਹੋਣ ਕਾਰਨ ਇਹ ਯਤਨ ਸਫਲ ਨਹੀਂ ਹੋ ਸਕੇ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚਲੀਆਂ ਦੁਨੀਆ ਦੀਆਂ ਸਭ ਤੋਂ ਪੁਰਾਤਨ ਇਤਿਹਾਸਕ ਬੇਰੀਆਂ ਸੁੱਕਣ ਲੱਗੀਆਂ ਅਤੇ ਵੱਧ ਰਹੇ ਪ੍ਰਦੂਸ਼ਣ ਦੇ ਮਾਰੂ ਅਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਸੁਨਹਿਰੀ ਇਮਾਰਤ ‘ਤੇ ਦਿਖਾਈ ਦੇਣ ਲੱਗੇ ਤਾਂ ਵਾਤਾਵਰਨ ਮਾਹਰਾਂ ਅਤੇ ਵਿਗਿਆਨੀਆਂ ਦੀ ਸਹਾਇਤਾ ਲਈ ਜਾਣ ਲੱਗੀ। ਇਤਿਹਾਸਕ ਬੇਰੀਆਂ ਦੀ ਸੁਰੱਖਿਆ ਅਤੇ ਪ੍ਰਫੁਲਤਤਾ ਲਈ ਉਨ੍ਹਾਂ ਦੁਆਲੇ ਵਿਗਿਆਨੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਮੀਨ ਨੂੰ ਕੁਦਰਤੀ ਰੂਪ ਦਿੱਤਾ ਜਾਣ ਲੱਗਾ। ਵਾਤਾਵਰਨ ਮਾਹਰਾਂ ਦੀਆਂ ਚਿਤਾਵਨੀਆਂ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਆਲੇ-ਦੁਆਲੇ ਪ੍ਰਦੂਸ਼ਣ ਘਟਾਉਣ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਗਈ। ਪਿਛਲੇ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਲਈ ਵਰਤੇ ਜਾਂਦੇ ਪਲਾਸਟਿਕ ਦੇ ਲਿਫਾਫਿਆਂ ‘ਤੇ ਪਾਬੰਦੀ ਲਗਾ ਕੇ ਆਲੂ ਅਤੇ ਮੱਕੀ ਦੀ ਰਹਿੰਦ-ਖੂੰਹਦ ਤੋਂ ਬਣੇ ਗਲਣਸ਼ੀਲ ਤੇ ਕੁਦਰਤ-ਪੱਖੀ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਾ ਵਿਸ਼ਵ ਦਾ ਪਹਿਲਾ ਧਾਰਮਿਕ ਅਸਥਾਨ ਬਣਨ ਦੀ ਪਹਿਲਕਦਮੀ ਬਦਲੇ ਕੌਮਾਂਤਰੀ ਸੰਸਥਾਵਾਂ ‘ਆਈ.ਐਚ.ਏ. ਫਾਊਂਡੇਸ਼ਨ’ ਅਤੇ ‘ਅਰਥ ਡੇਅ ਨੈੱਟਵਰਕ’ ਅਮਰੀਕਾ ਵਲੋਂ ਸ਼੍ਰੋਮਣੀ ਕਮੇਟੀ ਨੂੰ ਪ੍ਰਮਾਣ ਪੱਤਰ ਦਿੱਤਾ ਗਿਆ। ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਪ੍ਰਦੂਸ਼ਣ ਮੁਕਤ ਅਤੇ ਹਰਿਆ-ਭਰਿਆ ਬਣਾਉਣ ਲਈ ਗੈਰ-ਰਵਾਇਤੀ ਕਿਸਮ ਦਾ ਤਿਆਰ ਕੀਤਾ ਗਿਆ ‘ਵਰਟੀਕਲ ਗਾਰਡਨ’ ਖਿੱਚ ਦਾ ਕੇਂਦਰ ਬਣ ਰਿਹਾ ਹੈ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਨਾਲ ਸਰਾਵਾਂ ਅਤੇ ਇਮਾਰਤਾਂ ਦੀਆਂ ਕੰਧਾਂ ‘ਤੇ ਪਲਾਸਟਿਕ ਦੀਆਂ ਬੋਤਲਾਂ ਵਿਚ ਲਗਭਗ 35 ਹਜ਼ਾਰ ਪ੍ਰਕਾਰ ਦੇ ਫੁੱਲਦਾਰ ਬੂਟੇ ਲਾਏ ਗਏ ਹਨ। ਸ੍ਰੀ ਗੁਰੂ ਰਾਮਦਾਸ ਲੰਗਰ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚਕਾਰ ਇਕ ਖੂਬਸੂਰਤ ‘ਗੁਰੂ ਕਾ ਬਾਗ’ ਵੀ ਤਿਆਰ ਕੀਤਾ ਜਾ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ, ਸਰਾਵਾਂ ਅਤੇ ਸ਼੍ਰੋਮਣੀ ਕਮੇਟੀ ਦਫ਼ਤਰ ਦੀਆਂ ਛੱਤਾਂ ‘ਤੇ ‘ਰੂਫ ਗਾਰਡਨ’ (ਛੱਤ ਉੱਤੇ ਬਗੀਚਾ) ਤਿਆਰ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਲੰਗਰ ‘ਚ ਵਰਤੀ ਜਾਣ ਵਾਲੀ ਕਣਕ ਅਤੇ ਸਬਜ਼ੀਆਂ ਲਈ ‘ਸਤਲਾਣੀ ਸਾਹਿਬ’ ਵਿਖੇ ਸ਼੍ਰੋਮਣੀ ਕਮੇਟੀ ਦੇ ਫਾਰਮ ਹਾਊਸ ‘ਚ ਜੈਵਿਕ ਖੇਤੀ ਦੀ ਸ਼ੁਰੂਆਤ ਅਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦਾ ਇਕ ਵੱਖਰਾ ਵਾਤਾਵਰਨ ਵਿਭਾਗ ਗਠਿਤ ਕਰਕੇ ਸਿੱਖ ਚੇਤਨਾ ਦੇ ਪ੍ਰਸੰਗ ‘ਚ ਵਾਤਾਵਰਨ ਦੀ ਸੰਭਾਲ ਦੀ ਲੋੜ ਨੂੰ ਉਭਾਰਨ ਦਾ ਬੀੜਾ ਚੁੱਕਿਆ ਸੀ ਪਰ ਹੁਣ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਿੱਖ ਪੰਥ ਵਲੋਂ ਕੌਮਾਂਤਰੀ ਪੱਧਰ ‘ਤੇ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ, ਇਸ ਮੁਬਾਰਕ ਮੌਕੇ ‘ਤੇ ਅਜੋਕੇ ਵਿਸ਼ਵ ਪ੍ਰਸੰਗ ‘ਚ ਵਾਤਾਵਰਨ ਚੁਣੌਤੀਆਂ ਦੇ ਹੱਲ ਲਈ ਵਾਤਾਵਰਨ ਦੀ ਸੰਭਾਲ ਅਤੇ ਕੁਦਰਤ ਪ੍ਰੇਮ ਦੇ ਸਿੱਖ ਸੰਕਲਪਾਂ ਨੂੰ ਸਾਹਮਣੇ ਲਿਆਉਣ ਦੀ ਅਹਿਮੀਅਤ ਵੱਧ ਜਾਂਦੀ ਹੈ। ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਗੁਰਦੁਆਰਿਆਂ ਦੇ ਆਲੇ-ਦੁਆਲੇ ਕੁਦਰਤ-ਪੱਖੀ ਵਾਤਾਵਰਨ ਦੀ ਸਿਰਜਣਾ ਲਈ ਜੋ ਫ਼ੈਸਲੇ ਲਏ ਜਾ ਰਹੇ ਹਨ, ਉਨ੍ਹਾਂ ਨੂੰ ਅਮਲੀ ਰੂਪ ‘ਚ ਲਾਗੂ ਕਰਨ ਦੀ ਜ਼ਿੰਮੇਵਾਰੀ ਵੀ ਓਨੀ ਹੀ ਜ਼ਿਆਦਾ ਬਣਦੀ ਹੈ।
ਸਿੱਖ ਧਰਮ ‘ਚ ਵਾਤਾਵਰਨ ਚੇਤਨਾ : ਸਿੱਖ ਧਰਮ ਵਿਚ ਗੁਰੂ ਸਾਹਿਬਾਨ ਨੇ ਵਾਤਾਵਰਨ ਚੇਤਨਾ ਅਤੇ ਕੁਦਰਤ ਪ੍ਰੇਮ ‘ਤੇ ਸਭ ਤੋਂ ਵੱਧ ਜ਼ੋਰ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਗੁਰਵਾਕ ”ਬਲਿਹਾਰੀ ਕੁਦਰਤਿ ਵਸਿਆ॥” ਸੱਚੇ ਧਰਮ ਦੇ ਨਿਭਾਅ ‘ਚ ਵਾਤਾਵਰਨ ਅਤੇ ਕੁਦਰਤ ਦੀ ਅਹਿਮੀਅਤ ਨੂੰ ਪ੍ਰਗਟਾਉਂਦਾ ਹੈ। ਬਾਕੀ ਧਰਮਾਂ ਨਾਲੋਂ ਸਿੱਖ ਧਰਮ ਦਾ ਇਕ ਨਿਆਰਾਪਨ ਇਹ ਵੀ ਹੈ ਕਿ ਸਿੱਖ ਫ਼ਲਸਫ਼ੇ ਵਿਚ ‘ਖਾਲਕ ਅਤੇ ਖਲਕ’ (ਪਰਮਾਤਮਾ ਅਤੇ ਸ੍ਰਿਸ਼ਟੀ) ਨੂੰ ਇਕ ਦੂਜੇ ਦੇ ਪੂਰਕ ਮੰਨਿਆ ਗਿਆ ਹੈ। ”ਫਰੀਦਾ ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ॥” ਜੇਕਰ ਪਰਮਾਤਮਾ ਦੀ ਸਾਜੀ ਸ੍ਰਿਸ਼ਟੀ; ਵਣਸਪਤੀ, ਪਹਾੜ, ਰੁੱਖ, ਹਵਾ ਅਤੇ ਧਰਤੀ, ਜਲ ਤੇ ਅਕਾਸ਼ ਵਿਚ ਰਹਿਣ ਵਾਲੇ ਪ੍ਰਾਣੀ ਸਲਾਮਤ ਨਹੀਂ ਰਹਿਣਗੇ ਤਾਂ ਫਿਰ ਮਨੁੱਖ ਵਲੋਂ ਪਰਮਾਤਮਾ ਦੀ ਕੀਤੀ ਭਜਨ-ਬੰਦਗੀ ਕਿਸ ਲੇਖੇ? ਵਿਸ਼ਵ ਪੱਧਰ ‘ਤੇ ਵਾਤਾਵਰਨ ਪ੍ਰਤੀ ਸਮੱਸਿਆ ਦੇ ਮੱਦੇਨਜ਼ਰ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਿਰਤੀ ਪ੍ਰੇਮ ਨੂੰ ਸਮਰਪਿਤ ਜੀਵਨ ਵਿਸ਼ੇਸ਼ ਤੌਰ ‘ਤੇ ਚਾਨਣ-ਮੁਨਾਰਾ ਹੈ। ਆਪ ਜੀ ਨੇ ਕੀਰਤਪੁਰ ਸਾਹਿਬ ਵਿਖੇ ਨੌਲੱਖਾ ਬਾਗ਼ ਬਣਾਇਆ ਹੋਇਆ ਸੀ, ਜਿੱਥੇ ਵਾਤਾਵਰਨ ਦੀ ਸ਼ੁੱਧਤਾ ਅਤੇ ਸਰੀਰਕ ਦੁੱਖਾਂ-ਰੋਗਾਂ ਦੀ ਨਵਿਰਤੀ ਲਈ ਦੁਰਲੱਭ ਕਿਸਮ ਦੀਆਂ ਜੜ੍ਹੀ-ਬੂਟੀਆਂ ਨਾਲ ਦੁਖੀਆਂ-ਰੋਗੀਆਂ ਦੀ ਹਿਕਮਤ ਵੀ ਕੀਤੀ ਜਾਂਦੀ ਸੀ। ਆਪ ਜੀ ਪ੍ਰਕਿਰਤੀ ਤੇ ਵਣ-ਜੀਵਨ ਪ੍ਰਤੀ ਏਨੇ ਸੰਵੇਦਨਸ਼ੀਲ ਸਨ ਇਕ ਦਿਨ ਆਪਣੇ ਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਬਾਗ਼ ‘ਚ ਟਹਿਲਦਿਆਂ ਆਪ ਜੀ ਦੇ ਚੋਲੇ ਦੀ ਕਲੀ ਨਾਲ ਅੜ ਕੇ ਇਕ ਫੁੱਲ ਟੁੱਟ ਗਿਆ ਅਤੇ ਆਪ ਜੀ ਦੇ ਕੋਮਲ ਮਨ ਨੂੰ ਬੇਹੱਦ ਦੁੱਖ ਲੱਗਾ। ਗੁਰੂ ਦਾਦੇ ਤੋਂ ਸਿੱਖਿਆ ਮਿਲੀ, ”ਦਾਮਨ ਸੰਕੋਚ ਚਲੋ”। ਦਸ ਗੁਰੂ ਸਾਹਿਬਾਨ ਨੇ ਜਿਹੜੇ-ਜਿਹੜੇ ਵੀ ਨਗਰ ਵਸਾਏ, ਜਾਂ ਜਿੱਥੇ-ਜਿੱਥੇ ਵੀ ਟਿਕਾਣਾ ਕੀਤਾ, ਉਥੇ ਵਾਤਾਵਰਨ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦਿੱਤਾ। ਜਲ ਦੇ ਸੋਮਿਆਂ ਦੇ ਕੰਢੇ ਨਗਰ ਵਸਾਉਣੇ ਅਤੇ ਇਤਿਹਾਸਕ ਗੁਰਦੁਆਰਿਆਂ ‘ਚ ਅੱਜ ਵੀ ਪੁਰਾਤਨ ਰੁੱਖਾਂ ਦੀ ਮੌਜੂਦਗੀ ਇਸ ਅਹਿਮੀਅਤ ਨੂੰ ਦਰਸਾਉਂਦੇ ਹਨ। ਪੰਜਾਬ ਦਾ ਵਾਤਾਵਰਨ ਸੰਕਟ : ਗੁਰੂ ਸਾਹਿਬਾਨ ਵਲੋਂ ਵਾਤਾਵਰਨ ਪ੍ਰੇਮ ਅਤੇ ਕੁਦਰਤ-ਪੱਖੀ ਜੀਵਨ-ਜਾਚ ‘ਤੇ ਇੰਨਾ ਜ਼ੋਰ ਦੇਣ ਦੇ ਬਾਵਜੂਦ ਵਾਤਾਵਰਨ ਅਤੇ ਪ੍ਰਕਿਰਤੀ ਦੀ ਅਹਿਮੀਅਤ ਪੱਖੋਂ ਪੰਜਾਬ ਅੱਜ ਏਨਾ ਸੰਵੇਦਨਹੀਣ ਹੋ ਚੁੱਕਾ ਹੈ ਕਿ ਪਦਾਰਥਕ ਵਿਕਾਸ ਦੀ ਹੋੜ ‘ਚ ਕੁਦਰਤ ਦਾ ਸ਼ਿੰਗਾਰ ਹਰੇ-ਭਰੇ ਰੁੱਖਾਂ-ਬੂਟਿਆਂ ‘ਤੇ ਕੁਹਾੜਾ ਚਲਾਉਣ ‘ਚ ਪੰਜਾਬ ਦੇਸ਼ ‘ਚ ਤੀਜੇ ਨੰਬਰ ‘ਤੇ ਹੈ। ਪਿਛਲੇ ਪੌਣੇ ਚਾਰ ਕੁ ਦਹਾਕਿਆਂ ਅੰਦਰ ਹੀ ਪੰਜਾਬ ‘ਚ ਇਕੱਲੇ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਕਾਸ ਕਾਰਜਾਂ ਖ਼ਾਤਰ 5 ਕਰੋੜ ਦਰੱਖ਼ਤ ਖ਼ਤਮ ਕਰ ਦਿੱਤੇ ਗਏ। ਪੰਜਾਬ ਵਿਚ ਇਸ ਵੇਲੇ ਜੰਗਲਾਤ ਹੇਠਲਾ ਰਕਬਾ ਮਹਿਜ 4-5 ਫ਼ੀਸਦੀ ਹੀ ਰਹਿ ਗਿਆ ਹੈ ਜੋ ਕਿ 33 ਫ਼ੀਸਦੀ ਹੋਣਾ ਚਾਹੀਦਾ ਸੀ। ਜੇਕਰ ਮਨੁੱਖ ਨੂੰ ‘ਸਾਹ ਦਾਨ’ (ਆਕਸੀਜਨ) ਦੇਣ ਵਾਲੇ ਰੁੱਖ ਹੀ ਨਾ ਬਚੇ ਤਾਂ ਮਨੁੱਖੀ ਜੀਵਨ ਦੀ ਹੋਂਦ ਕਿਵੇਂ ਕਿਆਸੀ ਜਾ ਸਕਦੀ ਹੈ? ਪੰਜ ਦਰਿਆਵਾਂ ਦੇ ਅੰਮ੍ਰਿਤ ਵਰਗੇ ਪਾਣੀ ‘ਚ ਹੁਣ ਜ਼ਹਿਰ ਘੁਲ੍ਹ ਚੁੱਕਾ ਹੈ। 75 ਫ਼ੀਸਦੀ ਪਾਣੀ ਪੀਣਯੋਗ ਨਹੀਂ ਰਿਹਾ। ਇਹੀ ਹਾਲਤ ਰਹੀ ਤਾਂ 30-40 ਸਾਲਾਂ ਬਾਅਦ ਪੰਜਾਬ ਦੇ ਢਾਈ ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਗ਼ੈਰ ਕੋਈ ਚਾਰਾ ਨਹੀਂ ਬਚੇਗਾ, ਕਿਉਂਕਿ ਪੰਜਾਬ ਜ਼ਹਿਰੀਲਾ ਰੇਗਿਸਤਾਨ ਕਹਾਵੇਗਾ। ਜਲਵਾਯੂ ਅਤੇ ਧਰਤੀ ‘ਚ ਜ਼ਹਿਰੀਲੇ ਤੱਤਾਂ ਦੀ ਬਹੁਤਾਤ ਹੋਣ ਕਾਰਨ ਪੰਜਾਬ ‘ਚ ਸਬਜ਼ੀਆਂ, ਫਲ, ਦੁੱਧ, ਪਾਣੀ ਅਤੇ ਹਵਾ ਵੀ ਜ਼ਹਿਰੀਲੀ ਹੋ ਗਈ ਹੈ। ਅੰਨ-ਪਾਣੀ ਜ਼ਹਿਰੀਲਾ ਹੋਣ ਕਾਰਨ ਨਿੱਕੇ-ਨਿੱਕੇ ਬੱਚੇ ਤੱਕ ਦਿਲ ਦੇ ਰੋਗਾਂ, ਗੁਰਦੇ ਖ਼ਰਾਬ, ਸ਼ੱਕਰ ਰੋਗ ਅਤੇ ਕੈਂਸਰ ਵਰਗੇ ਨਾਮੁਰਾਦ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਦਮਾ, ਬਲੱਡ-ਪ੍ਰੈਸ਼ਰ, ਫ਼ੇਫੜਿਆਂ ਦਾ ਖ਼ਰਾਬ ਹੋਣਾ, ਬਾਂਝਪਣ, ਨਾਮਰਦੀ ਅਤੇ ਅਨੇਕਾਂ ਪ੍ਰਕਾਰ ਦੇ ਹੋਰ ਗੰਭੀਰ ਲਾਇਲਾਜ ਰੋਗਾਂ ਨੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਘੇਰ ਲਿਆ ਹੈ। ਪੰਜਾਬ ‘ਚ ਵਿਸ਼ਵ ਨਾਲੋਂ 100 ਗੁਣਾ ਜ਼ਿਆਦਾ ਦਰ ਨਾਲ ਕੈਂਸਰ ਫ਼ੈਲ ਰਿਹਾ ਹੈ। ਇਹ ਸਾਰੀਆਂ ਨਾਮੁਰਾਦ ਅਲਾਮਤਾਂ ਪੰਜਾਬ ਦੇ ਬੇਹੱਦ ਦੂਸ਼ਿਤ ਹੋ ਰਹੇ ਜਲਵਾਯੂ ਦਾ ਹੀ ਸਿੱਟਾ ਹਨ।
ਧਾਰਮਿਕ ਚੇਤਨਾ ਵਧੇਰੇ ਅਸਰਦਾਰ : ਅੱਜ ਧਾਰਮਿਕ ਪੱਧਰ ‘ਤੇ ਇਹ ਜਾਗਰੂਕਤਾ ਫ਼ੈਲਾਉਣੀ ਬੇਹੱਦ ਜ਼ਰੂਰੀ ਹੈ ਕਿ ਸਾਫ਼ ਹਵਾ, ਸ਼ੁੱਧ ਪਾਣੀ, ਜੈਵਿਕ ਖੇਤੀ, ਵਣ-ਜੀਵਨ ਆਦਿ ਦੀ ਸੁਰੱਖਿਆ ਨਾ-ਕੇਵਲ ਸਿੱਖਾਂ ਨੂੰ ਸਗੋਂ ਸਮੁੱਚੇ ਪੰਜਾਬ ਅਤੇ ਪੰਜਾਬੀਆਂ ਦੀ ਹੋਂਦ ਅਤੇ ਗੁਰੂ ਸਾਹਿਬਾਨ ਦੀ ਇਸ ਧਰਤੀ ਦੇ ਖੁਸ਼ਹਾਲ ਇਤਿਹਾਸ ਨੂੰ ਸਿਰਜਣ ਲਈ ਬੇਹੱਦ ਜ਼ਰੂਰੀ ਹੈ। ਪੰਜਾਬ ਦੇ ਹਰ ਨਾਗਰਿਕ ਖ਼ਾਸ ਕਰਕੇ ਧਾਰਮਿਕ ਸਿੱਖ ਜਥੇਬੰਦੀਆਂ, ਵਿੱਦਿਅਕ ਅਦਾਰਿਆਂ, ਗੁਰੂ-ਘਰਾਂ ਨੂੰ ਹੋਰ ਭਲੇ ਕਾਰਜਾਂ ਦੇ ਨਾਲ, ਵਾਤਾਵਰਨ ਦੀ ਸ਼ੁੱਧਤਾ ਵੱਲ ਭਰਵੀਂ ਤਵੱਜੋਂ ਦੇਣੀ ਬੇਹੱਦ ਜ਼ਰੂਰੀ ਹੈ ਅਤੇ ਗੁਰਬਾਣੀ ਦੇ ਸੁਨੇਹੇ ”ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ” ਉੱਤੇ ਅਮਲ ਕਰਨ ਅਤੇ ਕਰਾਉਣ ਲਈ ਲੋੜੀਂਦੇ ਕਦਮ ਚੁੱਕਣੇ ਬਣਦੇ ਹਨ। ਭਾਵੇਂਕਿ ਅੱਜ ਵਿਸ਼ਵ ‘ਚ ਵਾਤਾਵਰਨ ਚੇਤਨਾ ਦੀ ਹਰ ਪੱਧਰ ‘ਤੇ ਬੇਹੱਦ ਲੋੜ ਹੈ ਪਰ ਜੇਕਰ ਇਹ ਚੇਤਨਾ ਧਾਰਮਿਕ ਅਸਥਾਨਾਂ ਤੋਂ ਸ਼ੁਰੂ ਹੋਵੇ ਤਾਂ ਇਸ ਦੇ ਚੰਗੇ ਨਤੀਜੇ ਕਈ ਗੁਣਾਂ ਵੱਧ ਜਾਣਗੇ। ਕਿਉਂਕਿ ਧਰਮ ਮਨੁੱਖੀ ਜੀਵਨ ਦਾ ਇਕ ਅਹਿਮ ਹਿੱਸਾ ਹੈ ਅਤੇ ਮਨੁੱਖ ਜੀਵਨ-ਜਾਚ ਅਪਨਾਉਣ ਲਈ ਸਭ ਤੋਂ ਜ਼ਿਆਦਾ ਧਰਮ ਤੋਂ ਪ੍ਰਭਾਵਿਤ ਹੁੰਦਾ ਹੈ।
ਸੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵਾਤਾਵਰਨ ਦੀ ਸ਼ੁੱਧਤਾ ਅਤੇ ਕੁਦਰਤ ਪ੍ਰੇਮ ਦੇ ਗੁਰੂ ਸਾਹਿਬ ਦੇ ਸੰਕਲਪਾਂ ਨੂੰ ਜੇਕਰ ਅਮਲੀ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ ਅਤੇ ਗੁਰਦੁਆਰਿਆਂ ਦੇ ਗਲਿਆਰਿਆਂ ਤੋਂ ਸ਼ੁਰੂ ਕਰਕੇ ਪਿੰਡਾਂ ਦੀਆਂ ਸੱਥਾਂ, ਖੇਤਾਂ ਅਤੇ ਸ਼ਹਿਰਾਂ ਦੀਆਂ ਗਲੀਆਂ-ਸੜਕਾਂ ਤੱਕ ਵਾਤਾਵਰਨ ਪ੍ਰੇਮ ਦੀ ਚੇਤਨਾ ਲਹਿਰ ਆਰੰਭ ਕੀਤੀ ਜਾਵੇ ਤਾਂ ਇਹ ਪੰਜਾਬ ਨੂੰ ਇਕ ਗੰਭੀਰ ਵਾਤਾਵਰਨ ਸੰਕਟ ਵਿਚੋਂ ਨਿਕਲਣ ਅਤੇ ਕੁਦਰਤ-ਪੱਖੀ ਵਾਤਾਵਰਨ ਸਿਰਜਣ ‘ਚ ਅਹਿਮ ਭੂਮਿਕਾ ਤਾਂ ਨਿਭਾਅ ਹੀ ਸਕਦੇ ਹਨ, ਨਾਲ ਹੀ ਅੱਜ ਵਿਸ਼ਵ ਨੂੰ ਵਾਤਾਵਰਨ ਦੇ ਇਕ ਵਿਆਪਕ ਸੰਕਟ ਵਿਚੋਂ ਬਾਹਰ ਕੱਢਣ ਲਈ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਇਆ ਰਾਹ ਦਿਖਾ ਸਕਦੇ ਹਨ। ੲੲੲ

Check Also

ਪੰਜਾਬ ਦਾ ਆਰਥਿਕ ਵਿਕਾਸ ਕਿਵੇਂ ਹੋਵੇ

ਬੀ.ਐੱਸ. ਘੁੰਮਣ ਪੰਜਾਬ ਦੇ ਅਰਥਚਾਰੇ ਵਿਚ ਵਿਕਾਸ ਤਾਂ ਹੋ ਰਿਹਾ ਹੈ ਪਰ ਇਸਦੀ ਗਤੀ ਹੋਰਨਾਂ …