9.5 C
Toronto
Tuesday, October 14, 2025
spot_img
Homeਹਫ਼ਤਾਵਾਰੀ ਫੇਰੀਅੱਤਵਾਦ ਵਿਰੋਧੀ ਸੋਧ ਬਿੱਲ ਭਾਰਤੀ ਲੋਕ ਸਭਾ ਵਿਚ ਪਾਸ

ਅੱਤਵਾਦ ਵਿਰੋਧੀ ਸੋਧ ਬਿੱਲ ਭਾਰਤੀ ਲੋਕ ਸਭਾ ਵਿਚ ਪਾਸ

ਹੁਣ ਇਕੱਲੇ ਵਿਅਕਤੀ ਨੂੰ ਵੀ ਐਲਾਨਿਆ ਜਾ ਸਕੇਗਾ ਅੱਤਵਾਦੀ
ਵਿਰੋਧ ਦੇ ਨਾਲ-ਨਾਲ ਛਿੜੀ ਚਰਚਾ : ਰਾਜਨੀਤਿਕ ਹਥਿਆਰ ਵਜੋਂ ਹੋ ਸਕਦੀ ਹੈ ਇਸ ਬਿਲ ਦੀ ਵਰਤੋਂ
ਇਸ ਬਿਲ ਦੇ ਤਹਿਤ ਐਨ ਆਈ ਏ ਜਿਸ ਅੱਤਵਾਦੀ ਖਿਲਾਫ਼ ਕਾਰਵਾਈ ਕਰੇਗੀ, ਉਸ ਦੀ ਜਾਇਦਾਦ ਜ਼ਬਤ ਕਰਨ ਵੇਲੇ ਐਨ ਆਈ ਏ ਅਧਿਕਾਰੀ ਨੂੰ ਸਬੰਧਤ ਸੂਬੇ ਦੇ ਡੀ ਜੀ ਪੀ ਤੋਂ ਮਨਜ਼ੂਰੀ ਤੱਕ ਲੈਣ ਦੀ ਲੋੜ ਨਹੀਂ ਹੋਵੇਗੀ।

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਲੋਕ ਸਭਾ ਵਿਚ ਐਂਟੀ ਟੈਰਰ ਬਿਲ ਪਾਸ ਹੋਣ ਦੇ ਨਾਲ ਹੀ ਤਹਿ ਹੋ ਗਿਆ ਕਿ ਹੁਣ ਕਿਸੇ ਇਕੱਲੇ ਵਿਅਕਤੀ ਨੂੰ ਅੱਤਵਾਦੀ ਐਲਾਨਿਆ ਜਾ ਸਕੇਗਾ ਤੇ ਉਸ ਦੀ ਜਾਇਦਾਦ ਜ਼ਬਤ ਹੋਵੇਗੀ। ਸੱਤਾਧਾਰੀ ਧਿਰ ਨੇ ਜਿੱਥੇ ਇਸ ਬਿਲ ਨੂੰ ਦੇਸ਼ ਹਿਤੈਸ਼ੀ ਦੱਸਦਿਆਂ ਦਾਅਵਾ ਕੀਤਾ ਕਿ ਇਸ ਦੀ ਦੁਰਵਰਤੋਂ ਨਹੀਂ ਹੋਵੇਗੀ, ਉਥੇ ਕਾਂਗਰਸ ਅਤੇ ਤ੍ਰਿਣਾਮੂਲ ਕਾਂਗਰਸ ਨੇ ਇਸ ਦਾ ਵਿਰੋਧ ਕਰਦਿਆਂ ਵਾਕਆਊਟ ਤੱਕ ਕੀਤਾ। ਜਦੋਂਕਿ ਬਿਲ ਪਾਸ ਹੋਣ ਤੋਂ ਬਾਅਦ ਦੇਸ਼ ਭਰ ਵਿਚ ਇਸ ਖਿਲਾਫ਼ ਕੁਝ ਵਿਰੋਧੀ ਸੁਰਾਂ ਉਠੀਆਂ, ਉਥੇ ਇਹ ਚਰਚਾ ਵੀ ਜ਼ੋਰ ਫੜਨ ਲੱਗੀ ਹੈ ਕਿ ਇਸ ਬਿਲ ਦੀ ਵਰਤੋਂ ਰਾਜਨੀਤਿਕ ਹਥਿਆਰ ਵਜੋਂ ਵੀ ਹੋ ਸਕਦੀ ਹੈ। ਲੋਕ ਸਭਾ ਨੇ ‘ਗ਼ੈਰਕਾਨੂੰਨੀ ਗਤੀਵਿਧੀਆਂ ਰੋਕਣ ਬਾਰੇ ਸੋਧ ਬਿੱਲ-2019’ ਨੂੰ ਪਾਸ ਕਰ ਦਿੱਤਾ। ਇਹ ਬਿੱਲ ਅੱਤਵਾਦ ਖ਼ਿਲਾਫ਼ ਸਖ਼ਤੀ ਕਰਨ ‘ਤੇ ਕੇਂਦਰਤ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦ ਵਿਰੋਧੀ ਇਸ ਕਾਨੂੰਨ ਵਿਚ ਕੀਤੀਆਂ ਸੋਧਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਸੁਰੱਖਿਆ ਏਜੰਸੀਆਂ ਨੂੰ ਅੱਤਵਾਦੀਆਂ ਤੋਂ ਇਕ ਕਦਮ ਅਗਾਂਹ ਰੱਖਣ ਲਈ ਇਹ ਜ਼ਰੂਰੀ ਹਨ। ਲੋਕ ਸਭਾ ਵਿਚ ਇਸ ਸੋਧ ਬਿੱਲ ‘ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਸ਼ਾਹ ਨੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਇਸ ਤਰ੍ਹਾਂ ਦੇ ਕਾਨੂੰਨਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਤੇ ਮਕਸਦ ਸਿਰਫ਼ ਅੱਤਵਾਦ ਨੂੰ ਜੜ੍ਹੋਂ ਪੁੱਟਣਾ ਹੀ ਹੋਣਾ ਚਾਹੀਦਾ ਹੈ। ਸੋਧ ਬਿੱਲ ਨੂੰ ਲੋਕ ਸਭਾ ਵਿਚ ਜ਼ੁਬਾਨੀ ਤੌਰ ‘ਤੇ ਪਾਸ ਕੀਤਾ ਗਿਆ। ਸ਼ਾਹ ਨੇ ਦੱਸਿਆ ਕਿ ਸੋਧ ਬਿੱਲ ਦੀਆਂ ਤਜਵੀਜ਼ਾਂ ਵਿਚ ਇਹ ਵੀ ਸ਼ਾਮਲ ਹੈ ਕਿ ਅੱਤਵਾਦ ਨਾਲ ਰਾਬਤਾ ਰੱਖਣ ਸਬੰਧੀ ਸ਼ੱਕ ਦੇ ਦਾਇਰੇ ਵਿਚ ਆਏ ਵਿਅਕਤੀ ਨੂੰ ਵੀ ਅੱਤਵਾਦੀ ਵੱਜੋਂ ਹੀ ਲਿਆ ਜਾਵੇ। ਕਾਂਗਰਸ ਵੱਲੋਂ ਸੋਧਾਂ ਦਾ ਵਿਰੋਧ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਸ਼ਾਹ ਨੇ ਕਿਹਾ ਕਿ ਜੇਕਰ ਯੂਪੀਏ ਆਪਣੇ ਕਾਰਜਕਾਲ ਦੌਰਾਨ ਸੋਧਾਂ ਕਰ ਕੇ ਖ਼ੁਦ ਨੂੰ ਸਹੀ ਠਹਿਰਾ ਸਕਦੀ ਹੈ ਤਾਂ ਹੁਣ ਐੱਨਡੀਏ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ? ਗ੍ਰਹਿ ਮੰਤਰੀ ਨੇ ਕਿਹਾ ਕਿ ਵਿਚਾਰਧਾਰਾ ਦੇ ਨਾਂ ‘ਤੇ ਕੁਝ ਲੋਕ ‘ਸ਼ਹਿਰੀ ਮਾਓਵਾਦ’ ਨੂੰ ਹੁਲਾਰਾ ਦੇ ਰਹੇ ਹਨ ਤੇ ਸਰਕਾਰ ਨੂੰ ਉਨ੍ਹਾਂ ਨਾਲ ਕੋਈ ਹਮਦਰਦੀ ਨਹੀਂ ਹੈ। ਇਸ ਸੋਧ ਬਿੱਲ ਦੇ ਹੱਕ ਵਿਚ 287 ਸੰਸਦ ਮੈਂਬਰਾਂ ਨੇ ਵੋਟ ਪਾਈ ਜਦਕਿ ਵਿਰੋਧ ਵਿਚ ਸਿਰਫ਼ ਅੱਠ ਹੀ ਵੋਟਾਂ ਪਈਆਂ। ਸ਼ਾਹ ਨੇ ਕਿਹਾ ਕਿ ਜੇ ਕੋਈ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਪਾਇਆ ਗਿਆ ਤਾਂ ਕੌਮੀ ਜਾਂਚ ਏਜੰਸੀ (ਐਨਆਈਏ) ਲਾਜ਼ਮੀ ਉਸ ਦਾ ਕੰਪਿਊਟਰ ਤੇ ਹੋਰ ਸਮੱਗਰੀ ਜ਼ਬਤ ਕਰੇਗੀ। ਵੋਟਿੰਗ ਤੋਂ ਪਹਿਲਾਂ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਸੋਧ ਬਿੱਲ ਸਬੰਧੀ ਕਾਰਵਾਈ ਦਾ ਬਾਈਕਾਟ ਕੀਤਾ। ਸ਼ਾਹ ਨੇ ਕਾਂਗਰਸ ‘ਤੇ ਵੋਟ ਬੈਂਕ ਦੀ ਸਿਆਸਤ ਕਰਨ ਦਾ ਦੋਸ਼ ਲਾਇਆ। ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦਾ ਮੰਤਵ ਅੱਤਵਾਦ ਨਾਲ ਲੜਨਾ ਹੈ ਤੇ ਇਹ ਮਾਇਨੇ ਨਹੀਂ ਰੱਖਦਾ ਕਿ ਸੱਤਾ ਵਿਚ ਪਾਰਟੀ ਕਿਹੜੀ ਹੈ। ਇਸ ਮੌਕੇ ਕੁਝ ਵਿਰੋਧੀ ਧਿਰਾਂ ਦੇ ਮੈਂਬਰਾਂ ਵੱਲੋਂ ਸੁਝਾਈਆਂ ਸੋਧਾਂ ਵੀ ਵੋਟਿੰਗ ਦੌਰਾਨ ਖ਼ਾਰਜ ਕਰ ਦਿੱਤੀਆਂ ਗਈਆਂ। ਇਸੇ ਦੌਰਾਨ ਜਦ ਏਆਈਐਮਆਈਐਮ ਮੈਂਬਰ ਅਸਦੂਦੀਨ ਓਵਾਇਸੀ ਨੇ ਸੋਧਾਂ ਸਬੰਧੀ ਵੋਟਾਂ ਦੀ ਵੰਡ ਦੀ ਮੰਗ ਕੀਤੀ ਤਾਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਹ ਮੈਂਬਰਾਂ ਨੂੰ ਇਨ੍ਹਾਂ ਦੇ ਸਮਰਥਨ ਜਾਂ ਵਿਰੋਧ ਵਿਚ ਖੜ੍ਹੇ ਹੋ ਕੇ ਵੋਟਿੰਗ ਕਰਨ ਲਈ ਕਹਿ ਸਕਦੇ ਹਨ। ਸ਼ਾਹ ਨੇ ਆਪਣੇ ਭਾਸ਼ਨ ਦੌਰਾਨ ਕਿਹਾ ਕਿ ਖੱਬੇ ਪੱਖੀ ਹਿੰਸਾ ਨੂੰ ਵੀ ਪਹਿਲਾਂ ਵਿਚਾਰਧਾਰਾ ਦਾ ਹੀ ਹਿੱਸਾ ਮੰਨਿਆ ਗਿਆ ਤੇ ਬਾਅਦ ਵਿਚ ਇਸ ਦੀ ਵਰਤੋਂ ਦੂਜਿਆਂ ਦੀ ਹੱਤਿਆ ਕਰਨ ਲਈ ਲੋਕਾਂ ਨੂੰ ਭਰਮਾਉਣ ਲਈ ਕੀਤੀ ਗਈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਕਾਨੂੰਨ ਸਾਬਕਾ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਹੀ ਲਾਗੂ ਹੋਇਆ ਸੀ। ਸ਼ਾਹ ਨੇ ਕਿਹਾ ਕਿ ਕੱਟੜਵਾਦੀ ਪ੍ਰਚਾਰਕ ਨਫ਼ਰਤ ਤੇ ਦਹਿਸ਼ਤਗਰਦੀ ਦੀ ਵਿਚਾਰਧਾਰਾ ਦਾ ਪ੍ਰਸਾਰ ਕਰ ਰਹੇ ਹਨ। ਇਸ ਨੂੰ ਸਖ਼ਤ ਕਾਨੂੰਨ ਨਾਲ ਹੀ ਰੋਕਿਆ ਜਾ ਸਕਦਾ ਹੈ।
ਬਿੱਲ ਸੰਘੀ ਢਾਂਚੇ ਤੇ ਵਿਅਕਤੀਗਤ ਅਜ਼ਾਦੀ ਲਈ ਖ਼ਤਰਾ: ਕਾਂਗਰਸ
ਸੋਧ ਬਿੱਲ ‘ਤੇ ਚਰਚਾ ਦੌਰਾਨ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਸਰਕਾਰ ਦੇਸ਼ ਦੇ ਸੰਘੀ ਢਾਂਚੇ ਅਤੇ ਵਿਅਕਤੀਗਤ ਅਜ਼ਾਦੀ ਨੂੰ ਖ਼ਤਰੇ ਵਿਚ ਪਾ ਰਹੀ ਹੈ। ਕਾਂਗਰਸ ਨੇ ਚਿੰਤਾ ਜਤਾਈ ਕਿ ਇਨ੍ਹਾਂ ਸੋਧਾਂ ਦੀ ਭਵਿੱਖੀ ਸਰਕਾਰਾਂ ਦੁਰਵਰਤੋਂ ਕਰ ਸਕਦੀਆਂ ਹਨ।
ਕਿਸੇ ਵਿਅਕਤੀ ਨੂੰ ਅੱਤਵਾਦੀ ਐਲਾਨਣ ਦੇ 4 ਅਧਾਰ
1. ਜੋ ਵਿਅਕਤੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਵੇਗਾ ਜਾਂ ਇਸ ਵਿਚ ਸਹਿਯੋਗ ਕਰੇਗਾ।
2. ਜੋ ਵਿਅਕਤੀ ਕਿਸੇ ਅੱਤਵਾਦੀ ਘਟਨਾ ਦੀ ਤਿਆਰੀ ਕਰ ਰਿਹਾ ਹੋਵੇਗਾ।
3. ਜੋ ਦੇਸ਼ ਵਿਚ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਕੰਮ ਕਰੇਗਾ।
4. ਜੋ ਵਿਅਕਤੀ ਕਿਸੇ ਵੀ ਤਰ੍ਹਾਂ ਨਾਲ ਅੱਤਵਾਦ ਨਾਲ ਜੁੜਿਆ ਹੋਇਆ ਪਾਇਆ ਜਾਵੇਗਾ।
ਕਬੂਲਨਾਮਾ : ਪਾਕਿ ਵਿਚ ਅੱਜ ਵੀ 40 ਹਜ਼ਾਰ ਅੱਤਵਾਦੀ : ਇਮਰਾਨ ਖ਼ਾਨ
ਵਾਸ਼ਿੰਗਟਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਮੰਗਲਵਾਰ ਨੂੰ ਵੱਡਾ ਖੁਲਾਸਾ ਕੀਤਾ। ਇਮਰਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਜ਼ਮੀਨ ‘ਤੇ 40 ਅੱਤਵਾਦੀ ਗਰੁੱਪ ਸਰਗਰਮ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਪਾਕਿਸਤਾਨ ਵਿਚ 30 – 40 ਹਜ਼ਾਰ ਅੱਤਵਾਦੀ ਮੌਜੂਦ ਹਨ। ਇਨ੍ਹਾਂ ਵਿਚੋਂ ਕੁਝ ਅੱਤਵਾਦੀ ਕਸ਼ਮੀਰ ਅਤੇ ਅਫਗਾਨਿਸਤਾਨ ਵਿਚ ਲੜ ਰਹੇ ਹਨ। ਇਮਰਾਨ ਖਾਨ ਨੇ ਕੈਪੀਟਲ ਹਿੱਲ ਵਿਚ ਅਮਰੀਕੀ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਅੱਤਵਾਦ ਦੇ ਖਿਲਾਫ ਅਮਰੀਕਾ ਦੀ ਲੜਾਈ ਲੜ ਰਹੇ ਹਾਂ। ਪਾਕਿਸਤਾਨ ਦਾ 9/11 ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਮਰਾਨ ਖਾਨ ਕਾਂਗਰੈਸ਼ਨਲ ਪਾਕਿਸਤਾਨ ਕਾਕਸ ਦੀ ਪ੍ਰਧਾਨ ਸ਼ੀਲਾ ਜੈਕਸ਼ਨ ਲੀ ਵਲੋਂ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੁਲਾਕਾਤ ਤੋਂ ਬਾਅਦ ਅਮਰੀਕਾ ਅਤੇ ਪਾਕਿ ਦਾ ਰਿਸ਼ਤਾ ਵੱਖਰੇ ਪੱਧਰ ‘ਤੇ ਹੋਵੇਗਾ : ਖਾਨ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਨੂੰ ਇਮਾਨਦਾਰੀ ਨਾਲ ਦੱਸਿਆ ਕਿ ਪਾਕਿਸਤਾਨ ਸ਼ਾਂਤੀ ਪ੍ਰਕਿਰਿਆ ਵਿਚ ਕੀ ਕਰ ਸਕਦਾ ਹੈ। ਅਸੀਂ ਉਮੀਦ ਕਰਦੇ ਹਨ ਕਿ ਹੁਣ ਤੋਂ ਸਾਡਾ ਰਿਸ਼ਤਾ ਵੱਖਰੀ ਪੱਧਰ ‘ਤੇ ਹੋਵੇਗਾ।
ਅਮਰੀਕਾ ਕੋਲੋਂ ਪਿਛਲੀਆਂ ਪਾਕਿ ਸਰਕਾਰਾਂ ਨੇ ਸੱਚਾਈ ਲੁਕੋ ਕੇ ਰੱਖੀ
ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਵਿਚ ਪਿਛਲੀਆਂ ਸਰਕਾਰਾਂ ਨੇ ਅਮਰੀਕਾ ਨੂੰ ਸੱਚ ਨਹੀਂ ਦੱਸਿਆ। ਖਾਸ ਤੌਰ ‘ਤੇ ਪਿਛਲੇ 15 ਸਾਲਾਂ ਵਿਚ। ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ 40 ਅੱਤਵਾਦੀ ਗਰੁੱਪ ਸਰਗਰਮ ਸਨ। ਪਰ ਅਸੀਂ ਅਮਰੀਕਾ ਦੀ ਲੜਾਈ ਵਿਚ ਸ਼ਾਮਲ ਹੋਏ। ਜਦੋਂ ਅਮਰੀਕਾ ਸਾਡੀ ਮੱਦਦ ਦੀ ਇੱਛਾ ਕਰ ਰਿਹਾ ਸੀ, ਉਸ ਸਮੇਂ ਪਾਕਿ ਹੋਂਦ ਬਚਾਉਣ ਲਈ ਲੜ ਰਿਹਾ ਸੀ।
ਪਾਕਿ ਦੀ ਵਿਰੋਧੀ ਧਿਰ ਦਾ ਪਲਟਵਾਰ :
ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਆਰੋਪ ਲਗਾਇਆ ਕਿ ਇਮਰਾਨ ਝੂਠੇ ਅਤੇ ਅੱਤਵਾਦੀਆਂ ਦੇ ਹਮਾਇਤੀ ਹਨ। ਉਨ੍ਹਾਂ ਨੇ ਅਮਰੀਕਾ ਦੀ ਯਾਤਰਾ ਵਿਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।

RELATED ARTICLES
POPULAR POSTS