20 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਪੰਜਾਬ ਦੇ ਬਠਿੰਡਾ ਅਤੇ ਤਰਨਤਾਰਨ ਵਿਚ ਸਭ ਤੋਂ ਜ਼ਿਆਦਾ ਬਿਜਲੀ ਚੋਰੀ

ਪੰਜਾਬ ਦੇ ਬਠਿੰਡਾ ਅਤੇ ਤਰਨਤਾਰਨ ਵਿਚ ਸਭ ਤੋਂ ਜ਼ਿਆਦਾ ਬਿਜਲੀ ਚੋਰੀ

ਮੁਫਤ ਸਹੂਲਤ ਦੇ ਬਾਵਜੂਦ ਇਸ ਸਾਲ 1000 ਕਰੋੜ ਰੁਪਏ ਦੀ ਬਿਜਲੀ ਚੋਰੀ
ਗੈਰਕਾਨੂੰਨੀ ਕੁਨੈਕਸ਼ਨ ਤੇ ਮਿਲੀਭੁਗਤ ਦੱਸੀ ਜਾ ਰਹੀ ਹੈ ਵਜਾ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਵਿਚ ਸਮਾਰਟ ਮੀਟਰ ਯੋਜਨਾ ਦੇ ਤਹਿਤ ਢਾਈ ਲੱਖ ਤੋਂ ਜ਼ਿਆਦਾ ਸਮਾਰਟ ਮੀਟਰ ਲਗਾਉਣ ਅਤੇ ਘਰੇਲੂ ਉਪ ਭੋਗਤਾਵਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣ ਤੋਂ ਬਾਅਦ ਵੀ ਬਿਜਲੀ ਚੋਰੀ ‘ਤੇ ਰੋਕ ਨਹੀਂ ਲੱਗ ਰਹੀ। ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ, ਪਿਛਲੇ ਸਾਲ ਪੰਜਾਬ ਵਿਚ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਹੋਈ ਸੀ। ਇਸ ਸਾਲ ਇਸ ਵਿਚ ਸਿਰਫ 200 ਕਰੋੜ ਰੁਪਏ ਦੀ ਕਮੀ ਆਈ। ਇਸ ਵਾਰ ਕਰੀਬ 1 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਚੋਰੀ ਹੋਈ ਹੈ। ਸੈਂਟਰਲ ਜੋਨ ਇਕ ਮਾਤਰ ਅਜਿਹਾ ਜੋਨ ਹੈ, ਜਿੱਥੇ ਲਾਈਨ ਘਾਟਾ ਸਭ ਤੋਂ ਘੱਟ ਹੈ ਅਤੇ ਸਿਰਫ 43 ਫੀਡਰਾਂ ਨੇ 15 ਤੋਂ 25 ਫੀਸਦੀ ਲਾਈਨ ਘਾਟੇ ਦੀ ਸੂਚਨਾ ਦਿੱਤੀ ਗਈ ਹੈ। ਵੈਸਟ ਸੈਕਟਰ ਵਿਚ ਬਠਿੰਡਾ ਸਰਕਲ ਦੀ ਭਗਤਾ ਸਬ ਡਿਵੀਜ਼ਨ 87.37 ਪ੍ਰਤੀਸ਼ਤ ਲਾਈਨ ਘਾਟੇ ਦੇ ਨਾਲ ਫੀਡਰਾਂ ਦੀ ਸੂਚੀ ਵਿਚ ਸਭ ਤੋਂ ਉਪਰ ਹੈ।
ਇਸ ਤੋਂ ਬਾਅਦ ਤਰਨਤਾਰਨ ਸਰਕਲ ਦੇ ਭਿੱਖੀਵਿੰਡ ਡਿਵੀਜ਼ਨ ਦੇ ਤਹਿਤ ਖੇਮਕਰਨ ਸਬ ਡਿਵੀਜ਼ਨ ਵਿਚ ਇਕ ਫੀਡਰ ਵਿਚ 84.97 ਪ੍ਰਤੀਸ਼ਤ ਨੁਕਸਾਨ ਹੈ। ਬਾਰਡਰ ਜੋਨ ਦੇ ਤਰਨਤਾਰਨ ਸਰਕਲ ਵਿਚ ਸਭ ਤੋਂ ਖਰਾਬ ਡਿਵੀਜ਼ਨ ਭਿੱਖੀਵਿੰਡ ਅਤੇ ਪੱਟੀ ਹਨ। ਸਬ ਅਰਬਨ ਸਰਕਲ ਵਿਚ ਵੈਸਟ ਡਿਵੀਜ਼ਨ ਵਿਚ 7 ਫੀਡਰ ਹਨ, ਜਿਨਾਂ ਵਿਚ 79 ਪ੍ਰਤੀਸ਼ਤ ਤੋਂ ਜ਼ਿਆਦਾ ਘਾਟਾ ਹੈ। ਵੈਸਟ ਸੈਕਟਰ ਵਿਚ ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਸਰਕਲ ਬਿਜਲੀ ਚੋਰੀ ਦੀ ਸ਼ੱਕ ਵਾਲੇ ਖੇਤਰਾਂ ਵਿਚੋਂ ਹਨ।
ਪਾਵਰਕੌਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸਦਾ ਸਭ ਤੋਂ ਵੱਡਾ ਕਾਰਨ ਗੈਰਕਾਨੂੰਨੀ ਕੁਨੈਕਸ਼ਨ ਹਨ। ਇਸ ਵਿਚ ਬਿਜਲੀ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਥੋਂ ਤੱਕ ਸਰਹੱਦੀ ਖੇਤਰ ਦੀ ਗੱਲ ਹੈ, ਉਥੇ ਤਾਂ ਹੁਣ ਵੀ ਪੁਰਾਣੇ ਸਮੇਂ ਦੇ ਮੈਨੂਅਲ ਮੀਟਰ ਲੱਗੇ ਹਨ। ਇਨਾਂ ਵਿਚ ਅਸਾਨੀ ਨਾਲ ਬਿਜਲੀ ਚੋਰੀ ਹੁੰਦੀ ਹੈ।
ਇਸ ਤੋਂ ਇਲਾਵਾ ਚੋਰੀ ਫੜਨ ਗਈ ਟੀਮ ਨੂੰ ਚੈਕਿੰਗ ਨਹੀਂ ਕਰਨ ਦਿੱਤੀ ਜਾਂਦੀ। ਟੀਮਾਂ ਨੂੰ ਬੰਧਕ ਤੱਕ ਬਣਾ ਲਿਆ ਜਾਂਦਾ ਹੈ। ਡਰ ਦੇ ਚੱਲਦਿਆਂ ਜ਼ਿਆਦਾ ਕਰਮਚਾਰੀ ਜਾਂਚ ਕਰਨ ਤੋਂ ਭੱਜਦੇ ਹਨ। ਵਿਭਾਗ ਦੇ ਇੰਜੀਨੀਅਰ ਦੇ ਮੁਤਾਬਕ ਰਾਜਨੀਤਕ ਦਬਾਅ ਦੇ ਕਾਰਨ ਵੀ ਅਜਿਹੇ ਲੋਕਾਂ ‘ਤੇ ਕਾਰਵਾਈ ਕਰਨ ਤੋਂ ਟੀਮਾਂ ਅਸਫਲ ਰਹਿੰਦੀਆਂ ਹਨ।
ਕਾਰਵਾਈ ਕਰੇ ਸਰਕਾਰ : ਇੰਜ. ਐਸੋਸੀਏਸ਼ਨ
ਪੀਐਸਪੀਸੀਐਲ ਇੰਜੀਨੀਅਰ ਐਸੋਸੀਏਸ਼ਨ ਨੇ ਵੀ ਬਿਜਲੀ ਚੋਰੀ ‘ਤੇ ਰੋਕ ਲਗਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਅਤੇ ਚਿੰਤਾ ਵੀ ਜ਼ਾਹਰ ਕੀਤੀ ਹੈ। ਐਸੋਸੀਏਸ਼ਨ ਦੇ ਜਨਰਲ ਸੈਕਟਰੀ ਇੰਜੀ. ਅਜੇ ਪਾਲ ਅਟਵਾਲ ਨੇ ਕਿਹਾ ਹੈ ਕਿ ਮੁਫਤ ਬਿਜਲੀ ਦੀ ਸਹੂਲਤ ਤੋਂ ਬਾਅਦ ਵੀ ਲੋਕ ਚੋਰੀ ਕਰਨਾ ਨਹੀਂ ਛੱਡ ਰਹੇ। ਅਜਿਹੇ ਲੋਕਾਂ ਦੇ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

RELATED ARTICLES
POPULAR POSTS