-12.6 C
Toronto
Tuesday, January 20, 2026
spot_img
Homeਹਫ਼ਤਾਵਾਰੀ ਫੇਰੀ'ਪਰਵਾਸੀ' ਹੋ ਗਿਆ ਜਵਾਨ

‘ਪਰਵਾਸੀ’ ਹੋ ਗਿਆ ਜਵਾਨ

ਦਿਓ ਵਧਾਈਆਂ ਜੀ ਲੱਗਿਆ 16ਵਾਂ ਸਾਲ
ਮਿੱਟੀ ‘ਚ ਉਗ ਕੇ ਗੰਨੇ ਦੀ ਫਸਲ ਜਦੋਂ ਤਿਆਰ ਹੁੰਦੀ ਹੈ, ਫਿਰ ਸ਼ੁਰੂ ਹੁੰਦਾ ਹੈ ਔਖਾ ਤੇ ਪੀੜ ਭਰਿਆ ਰਾਹ। ਗੰਨੇ ਨੂੰ ਛਿੱਲਣਾ, ਉਸ ਤੋਂ ਅੱਕ ਲਾਹੁਣੇ, ਫਿਰ ਘਲਾੜੀ ‘ਚ ਪੀੜਨਾ, ਰਸ ਨੂੰ ਭੱਠੀ ‘ਤੇ ਉਬਾਲਣਾ, ਫਿਰ ਉਸ ‘ਚੋਂ ਮੈਲ਼ ਕੱਢਣਾ, ਇੰਝ ਲੰਮੇ ਅਤੇ ਤਕਲੀਫ਼ਾਂ ਵਾਲੇ ਰਾਹ ‘ਚੋਂ ਨਿਕਲ ਕੇ ਗੰਨਾ ਗੁੜ ਵਿਚ ਤਬਦੀਲ ਹੋ ਜਾਂਦਾ ਹੈ। ਫਿਰ ਜਿਸ ਕੋਲ ਵੀ ਜਾਂਦਾ ਹੈ ਬੱਸ ਮਿਠਾਸ ਹੀ ਘੋਲਦਾ ਹੈ। ਕੁੱਝ ਅਜਿਹਾ ਹੀ ਹੈ ‘ਪਰਵਾਸੀ’ ਦਾ ਸਫ਼ਰ। ਔਖਾ ਵੀ ਸੀ, ਪੀੜ ਭਰਿਆ ਵੀ ਸੀ, ਘਲਾੜੀ ‘ਚ ਵੀ ਪੀੜਿਆ ਗਿਆ ਤੇ ਸਮੇਂ-ਸਮੇਂ ‘ਤੇ ਸੇਕ ‘ਚ ਵੀ ਤਪਿਆ ਪਰ ਹਰ ਵਾਰ ਨਵੀਂ ਚਮਕ ਨਾਲ ਹੀ ਸਾਹਮਣੇ ਆਇਆ। ਇੰਝ ਤਪ ਕੇ ਮਾਂ ਬੋਲੀ ਪੰਜਾਬੀ ਦਾ ਇਹ ਸਪੂਤ ‘ਪਰਵਾਸੀ’ ਹੁਣ ਜਵਾਨ ਹੋ ਗਿਆ ਹੈ। ਅੱਜ ਖੁਸ਼ੀਆਂ ਮਾਨਣ ਦਾ, ਵਧਾਈਆਂ ਦੇਣ ਦਾ ਤੇ ਮੁਬਾਰਕਾਂ ਲੈਣ ਦਾ ਦਿਨ ਹੈ। ‘ਪਰਵਾਸੀ’ ਨੂੰ ਸਾਲ 16ਵਾਂ ਚੜ੍ਹ ਗਿਆ ਹੈ। ਦੋਸਤੋ ਸੰਨ 2002 ‘ਚ 19 ਅਪ੍ਰੈਲ ਨੂੰ ਟੋਰਾਂਟੋ ਤੋਂ ‘ਪਰਵਾਸੀ’ ਦੇ ਐਡੀਸ਼ਨ ਦੀ ਸ਼ੁਰੂਆਤ ਹੋਈ ਸੀ, ਇੰਝ ਇਸ ਸਫ਼ਰ ਨੇ 15 ਵਰ੍ਹਿਆਂ ਦਾ ਪੈਂਡਾ ਮੁਕਾ ਲਿਆ ਤੇ 16ਵੇਂ ਵਰ੍ਹੇ ਵਿਚ ਦਾਖਲ ਹੋ ਗਿਆ ਹੈ। ਇਸ ਪੂਰੇ ਸਫ਼ਰ ਦੌਰਾਨ ਆਪ ਦਾ ਸਾਥ, ਆਪ ਦਾ ਪਿਆਰ, ਆਪ ਦੀਆਂ ਦੁਆਵਾਂ ਤੇ ਆਪ ਦੀਆਂ ਸਲਾਹਾਂ ਸਭ ਸਾਡੇ ਕੰਮ ਆਉਂਦੀਆਂ ਰਹੀਆਂ। ਬਲਕਿ ‘ਪਰਵਾਸੀ’ ਦੀ ਤੰਦਰੁਸਤੀ ਵਿਚ, ਇਸ ਮੁਕਾਮ ਤੱਕ ਅੱਪੜਨ ਵਿਚ ਆਪ ਵਰਗੇ ਸਹਿਯੋਗੀਆਂ ਤੇ ਸੁਨੇਹੀਆਂ ਦਾ ਵੀ ਓਨਾ ਹੀ ਯੋਗਦਾਨ ਹੈ ਜਿੰਨਾ ‘ਪਰਵਾਸੀ’ ਦੀ ਸਮੁੱਚੀ ਟੀਮ ਦਾ, ‘ਪਰਵਾਸੀ’ ਪਰਿਵਾਰ ਦਾ ਤੇ ਮੇਰੀ ਜੀਵਨ ਸਾਥਣ ਤੇ ਦਲੇਰ ਔਰਤ ਮੀਨਾਕਸ਼ੀ ਸੈਣੀ ਦਾ। ਆਪ ਸਭ ਨੂੰ ਇਸ ਸ਼ੁਭ ਮੌਕੇ ‘ਤੇ ਮੁਬਾਰਕ ਦਿੰਦਿਆਂ ਦਿਲੋਂ ਸ਼ਬਦ ਨਿਕਲ ਰਿਹਾ ਹੈ ਧੰਨਵਾਦ। ਜਦੋਂ ਇਸ 15 ਵਰ੍ਹਿਆਂ ਦੇ ਸਫ਼ਰ ‘ਤੇ ਝਾਤ ਮਾਰਦਾ ਹਾਂ ਤਾਂ ਕਿੰਨੇ ਹੀ ਕਿੱਸੇ, ਕਿੰਨੀਆਂ ਹੀ ਕਹਾਣੀਆਂ, ਕਿੰਨੇ ਹੀ ਘਟਨਾਕ੍ਰਮ ਮੇਰੇ ਦਿਲੋ ਦਿਮਾਗ ‘ਚ ਇਕ ਪਿਕਚਰ ਵਾਂਗ ਘੁੰਮ ਜਾਂਦੇ ਹਨ, 19 ਅਪ੍ਰੈਲ 2002 ਤੋਂ ਸ਼ੁਰੂ ਹੋਏ ‘ਪਰਵਾਸੀ’ ਅਖ਼ਬਾਰ ਦੇ ਨਾਲ ਫਿਰ 2003 ਵਿਚ ਵੈਨਕੂਵਰ ਐਡੀਸ਼ਨ ਆ ਜੁੜਿਆ, 2004 ਤੋਂ ਆਪ ਦਾ ਪਸੰਦੀਦਾ ‘ਪਰਵਾਸੀ ਰੇਡੀਓ’ ਸ਼ੁਰੂ ਹੋਇਆ। ਫਿਰ ‘ਪਰਵਾਸੀ ਐਵਾਰਡ’, ਫਿਰ ‘ਜੀਟੀਏ ਬਿਜਨਸ ਪੇਜਜ਼ ਡਾਇਰੈਕਟਰੀ’ ਅਤੇ ਫਿਰ ਯਾਦਗਾਰ ‘ਪੀਫਾ ਐਵਾਰਡ’। ਇਸ ਦੇ ਨਾਲ-ਨਾਲ ਹੋਰ ਕਿੰਨਾ ਕੁਝ ‘ਪਰਵਾਸੀ’ ਅਦਾਰੇ ਨਾਲ ਜੁੜਿਆ ਹੈ। ਸਭ ਤੋਂ ਵੱਡੀ ਕਮਾਈ ਕਿ ਲੱਖਾਂ ਦੀ ਤਾਦਾਦ ਵਿਚ ‘ਪਰਵਾਸੀ’ ਰੇਡੀਓ ਦੇ ਸਰੋਤੇ ਤੇ ‘ਪਰਵਾਸੀ’ ਅਖ਼ਬਾਰ ਦੇ ਪਾਠਕ ਸਾਨੂੰ ਮਿਲੇ ਹਨ ਅਤੇ ਇੰਝ ਹੀ ਇਸ ਅਦਾਰੇ ਦੀ ਤਾਕਤ ਹਨ ਸਾਡੇ ਬਿਜਨਸ ਸਹਿਯੋਗੀ, ਲੇਖਕ ਅਤੇ ਪੰਜਾਬ ਸਮੇਤ ਦੇਸ਼ ਤੇ ਦੁਨੀਆ ‘ਚ ਵਸਦੇ ਸਾਡੇ ਸਹਿਯੋਗੀ ਪੱਤਰਕਾਰ। ਆਪ ਦਾ ਸਾਥ ਵੀ ਜਾਰੀ ਹੈ ਤੇ ‘ਪਰਵਾਸੀ’ ਦਾ ਸਫਰ ਵੀ ਜਾਰੀ ਹੈ। ਮੁਬਾਰਕਾਂ।
– ਰਜਿੰਦਰ ਸੈਣੀ
‘ਪਰਵਾਸੀ’ ਦੀ 15ਵੀਂ ਵਰ੍ਹੇਗੰਢ ਦੇ ਜਸ਼ਨਾਂ ‘ਚ ਸ਼ਾਮਲ ਹੋਣ ਲਈ ਸੱਦਾ ਪੱਤਰ
‘ਪਰਵਾਸੀ’ ਦੇ ਸਮੂਹ ਪਾਠਕਾਂ ਨੂੰ ਸੱਦਾ ਪੱਤਰ ਹੈ ਕਿ ਉਹ ‘ਪਰਵਾਸੀ’ ਦੇ 15 ਵਰ੍ਹਿਆਂ ਦਾ ਸਫਰ ਪੂਰਾ ਹੋਣ ‘ਤੇ ਆਯੋਜਿਤ ਕੀਤੇ ਜਾ ਰਹੇ ਜਸ਼ਨਾਂ ਵਿਚ ਸ਼ਾਮਲ ਹੋਣ। ਮਿਤੀ 22 ਅਪ੍ਰੈਲ 2017 ਦਿਨ ਸ਼ਨੀਵਾਰ ਨੂੰ ਦੁਪਹਿਰ 12.00 ਤੋਂ 3.00 ਵਜੇ ਤੱਕ ਗਰੇਟ ਪੰਜਾਬ ਬਿਜਨਿਸ ਸੈਂਟਰ ਮਾਲਟਨ ਦੇ ਪਾਰਕਿੰਗ ਲੌਟ ਵਿਚ ‘ਪਰਵਾਸੀ’ ਦੀ 15ਵੀਂ ਵਰ੍ਹਗੰਢ ਦੇ ਸਬੰਧ ਵਿਚ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ‘ਚ ਆਪ ਜੀ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ।
ਨਾਂ ਦੇ ਹੀ ਨਹੀਂ ਵਿਵਹਾਰ ਦੇ ਵੀ ਸੱਜਣ
ਹਰਜੀਤ ਸਿੰਘ ਸੱਜਣ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ
ਸ਼੍ਰੋਮਣੀ ਕਮੇਟੀ ਨੇ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਕੈਨੇਡਾ ਦੇ ਰੱਖਿਆ  ਮੰਤਰੀ ਦਾ ਕੀਤਾ ਸਨਮਾਨ
ਕੈਨੇਡਾ ਦੇ ਪਹਿਲੇ ਦਸਤਾਰਧਾਰੀ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਭਾਰਤ ਨੇ ਦਿੱਤਾ ਗਾਰਡ ਆਫ਼ ਆਨਰ
ਕੈਨੇਡੀਅਨ ਮੰਤਰੀ ਨੂੰ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਹਰਜੀਤ ਸਿੰਘ ਸੱਜਣ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਬਿਆਨਬਾਜ਼ੀ ਵਿਚ ਨਾ ਪੈਣ ਨੂੰ ਤਰਜੀਹ
ਅੰਮ੍ਰਿਤਸਰ/ਬਿਊਰੋ ਨਿਊਜ਼ :
ਕੈਨੇਡਾ ਦੇ ਰੱਖਿਆ ਮੰਤਰੀ ਤੇ ਪੰਜਾਬ ਦੇ ਸਪੂਤ ਹਰਜੀਤ ਸਿੰਘ ਸੱਜਣ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੀਸ ਝੁਕਾਇਆ।  ਹਰਜੀਤ ਸਿੰਘ ਸੱਜਣ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਉਨ੍ਹਾਂ ਨੇ ਮੱਥਾ ਟੇਕਿਆ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਕੀਰਤਨ ਸਰਵਣ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਵੀ ਮੱਥਾ ਟੇਕਿਆ ਤੇ ਕਿਹਾ ਮੇਰਾ ਜੀਵਣਾ ਧੰਨ ਹੋ ਗਿਆ। ਇਸ ਮੌਕੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਨਾਲ ਸਨਮਾਨਿਤ ਵੀ ਕੀਤਾ ਗਿਆ, ਫਿਰ ਹਰਜੀਤ ਸਿੰਘ ਸੱਜਣ ਪਿੰਗਲਵਾੜਾ ਪਹੁੰਚੇ, ਉਸ ਤੋਂ ਬਾਅਦ ਉਹ ਜਲੰਧਰ ਵਿਚ ਯੂਨੀਕ ਹੋਮ ਵੀ ਗਏ ਤੇ ਉਨ੍ਹਾਂ ਦਾ ਜੱਦੀ ਪਿੰਡ ਬੰਬੇਲੀ ਜ਼ਿਲ੍ਹਾ ਹੁਸ਼ਿਆਰਪੁਰ ‘ਚ ਵੀ ਭਰਵਾਂ ਸਵਾਗਤ ਹੋਇਆ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਜਦੋਂ ਨਵੀਂ ਦਿੱਲੀ ਤੋਂ ਹਰਜੀਤ ਸਿੰਘ ਸੱਜਣ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰੇ ਤਦ ਪੰਜਾਬ ਸਰਕਾਰ ਦੇ ਅਫ਼ਸਰਾਂ ਨੇ ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ, ਉਥੇ ਏਅਰਪੋਰਟ ਦੇ ਬਾਹਰ ਮਾਨ ਦਲ, ‘ਆਪ’ ਵਾਲੇ ਤੇ ਕੁਝ ਪੰਥਕ ਜਥੇਬੰਦੀਆਂ ਦੇ ਨਾਲ ਗਰਮ ਖਿਆਲੀ ਜਥੇਬੰਦੀਆਂ ਵੀ ਸਵਾਗਤ ਲਈ ਖੜ੍ਹੀਆਂ ਸਨ। ਹਰਜੀਤ ਸੱਜਣ ਹੁਰਾਂ ਨੇ ਜਿੱਥੇ ਉਨ੍ਹਾਂ ਨੂੰ ਨਿਮਰਤਾ ਨਾਲ ਦੂਰੋਂ ਹੀ ਫਤਿਹ ਬੁਲਾਈ, ਉਥੇ ਅਮਰਿੰਦਰ ਵੱਲੋਂ ਕੀਤੀ ਟਿੱਪਣੀ ਨਾਲ ਵੀ ਉਨ੍ਹਾਂ ਦੂਰੀ ਬਣਾਈ ਰੱਖੀ। ਇੰਝ ਹਰਜੀਤ ਸਿੰਘ ਸੱਜਣ ਨੇ ਦਿਖਾ ਦਿੱਤਾ ਕਿ ਉਹ ਨਾਂ ਦੇ ਹੀ ਨਹੀਂ ਵਿਵਹਾਰ ਦੇ ਵੀ ਸੱਜਣ ਹਨ।

RELATED ARTICLES
POPULAR POSTS