Breaking News
Home / ਹਫ਼ਤਾਵਾਰੀ ਫੇਰੀ / ਕੈਪਟਨ ਸਰਕਾਰ ਨੇ ਗੋਡੇ ਟੇਕੇ, ਹਾਈ ਕੋਰਟ ‘ਚ ਦਿੱਤਾ ਲਿਖ ਕੇ

ਕੈਪਟਨ ਸਰਕਾਰ ਨੇ ਗੋਡੇ ਟੇਕੇ, ਹਾਈ ਕੋਰਟ ‘ਚ ਦਿੱਤਾ ਲਿਖ ਕੇ

ਚੰਡੀਗੜ੍ਹ ਪੰਜਾਬ ਦਾ ਨਹੀਂ
ਚੰਡੀਗੜ੍ਹ : ਚੰਡੀਗੜ੍ਹ ਨਾ ਹਰਿਆਣਾ ਦਾ ਹੈ ਅਤੇ ਨਾ ਹੀ ਪੰਜਾਬ ਦਾ। ਹਰਿਆਣਾ ਸਰਕਾਰ ਪਹਿਲਾਂ ਹੀ ਹਾਈਕੋਰਟ ਵਿਚ ਕਹਿ ਚੁੱਕੀ ਹੈ ਕਿ ਚੰਡੀਗੜ੍ਹ ਸਿਰਫ ਹਰਿਆਣਾ ਦੀ ਰਾਜਧਾਨੀ ਹੈ, ਉਸਦਾ ਹਿੱਸਾ ਨਹੀਂ। ਹੁਣ ਪੰਜਾਬ ਸਰਕਾਰ ਨੇ ਵੀ ਚੰਡੀਗੜ੍ਹ ‘ਤੇ ਆਪਣਾ ਹੱਕ ਛੱਡ ਦਿੱਤਾ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦਾ ਹਿੱਸਾ ਨਹੀਂ ਹੈ। ਦੋਵਾਂ ਦੀ ਸਿਰਫ ਰਾਜਧਾਨੀ ਹੈ।
ਪੰਜਾਬ ਸਰਕਾਰ ਨੇ ਹਾਈਕੋਰਟ ਵਿਚ ਹਲਫਨਾਮਾ ਦਾਖਲ ਕਰਕੇ ਕਿਹਾ ਕਿ ਚੰਡੀਗੜ੍ਹ 1966 ਤੋਂ ਪਹਿਲਾਂ ਪੰਜਾਬ ਦਾ ਭਾਗ ਸੀ, ਪਰ ਹੁਣ ਨਹੀਂ। ਚੰਡੀਗੜ੍ਹ ਕੇਂਦਰ ਸ਼ਾਸ਼ਿਤ ਪ੍ਰਦੇਸ਼ ਹੈ ਅਤੇ ਪੰਜਾਬ ਦੀ ਰਾਜਧਾਨੀ ਹੈ। ਇਸ ਨੂੰ ਲੈ ਕੇ 9 ਜੂਨ 1966 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪ੍ਰਧਾਨਗੀ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਲਏ ਫੈਸਲੇ ਨਾਲ ਜੁੜੇ ਦਸਤਾਵੇਜ਼ ਕੋਰਟ ਵਿਚ ਪੇਸ਼ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਦਾ ਜੁਡੀਸ਼ੀਅਲ ਸਰਵਿਸਿਜ਼ ਨੂੰ ਲੈ ਕੇ ਆਪਣਾ ਵੱਖਰਾ ਕੈਡਰ ਨਹੀਂ ਹੈ। ਪੰਜਾਬ ਸਰਕਾਰ ਨੇ ਹਫਲਨਾਮਾ ਦਾਖਲ ਕਰਦੇ ਹੋਏ ਸ਼ਹਿਰ ਦੀ ਭੂਗੋਲਿਕ ਸਥਿਤੀ ‘ਤੇ ਆਪਣਾ ਰੁਖ ਸਪੱਸ਼ਟ ਕਰਦੇ ਹੋਏ ਸ਼ਹਿਰ ਦੇ ਹਰਿਆਣਾ ਜਾਂ ਪੰਜਾਬ ਦਾ ਹਿੱਸਾ ਨਾ ਹੋਣ ਦੀ ਗੱਲ ਕਹੀ ਹੈ।
ਪਹਿਲਾਂ ਜ਼ਮੀਨ ਖੋਹੀ, ਫਿਰ ਜ਼ੁਬਾਨ ਖੋਹੀ ਤੇ ਹੁਣ ਖੋਹ ਲਿਆ ਚੰਡੀਗੜ੍ਹ : ਦੀਪਕ ਚਨਾਰਥਲ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਦਾ ਆਖਣਾ ਹੈ ਕਿ ਪਹਿਲਾਂ ਚੰਡੀਗੜ੍ਹ ਉਸਾਰਨ ਲਈ ਕੌਡੀਆਂ ਦੇ ਭਾਅ ਜ਼ਮੀਨਾਂ ਖੋਹੀਆਂ, ਫਿਰ ਅਫ਼ਸਰਸ਼ਾਹੀ ਨੂੰ ਖੁਸ਼ ਕਰਨ ਲਈ ਚੰਡੀਗੜ੍ਹ ਦੀ ਸਰਕਾਰੀ ਤੇ ਪ੍ਰਸ਼ਾਸਨਿਕ ਭਾਸ਼ਾ ਪੰਜਾਬੀ ਨੂੰ ਖੁੱਡੇ ਲਾ ਕੇ ਅੰਗਰੇਜ਼ੀ ਨੂੰ ਬਣਾ ਲਿਆ ਤੇ ਹੁਣ ਪੰਜਾਬ ਸਰਕਾਰ ਨੇ ਖੁਦ ਹੀ ਲਿਖ ਕੇ ਦੇ ਦਿੱਤਾ ਕਿ ਚੰਡੀਗੜ੍ਹ ਸਾਡਾ ਨਹੀਂ। ਅਫ਼ਸੋਸ ਕੈਪਟਨ ਸਰਕਾਰ ਦੀ ਇਸ ਨਲਾਇਕੀ ‘ਤੇ ਨਾ ਅਕਾਲੀ ਦਲ ਬੋਲਿਆ, ਨਾ ‘ਆਪ’ ਬੋਲੀ, ਬਸ ਹੁਣ ਚੰਡੀਗੜ੍ਹ ਨਾਂ ਦੀ ਹੀ ਪੰਜਾਬ ਦੀ ਰਾਜਧਾਨੀ ਹੈ, ਪੰਜਾਬੀਆਂ ਦਾ ਹੱਕ ਖੁਸ ਗਿਆ।
ਹਾਈਕੋਰਟ ਨੇ ਪੁੱਛਿਆ ਸੀ : ਚੰਡੀਗੜ੍ਹ ਕਿਸ ਦਾ ਹਿੱਸਾ ਹੈ ਦੱਸੋ
ਚੰਡੀਗੜ੍ਹ ਦੇ ਫੂਲ ਕੁਮਾਰ ਦੀ ਪਟੀਸ਼ਨ ‘ਤੇ ਹਾਈਕੋਰਟ ਨੇ ਪੁੱਛਿਆ ਸੀ ਕਿ ਕੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਅਤੇ ਕੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦਾ ਹਿੱਸਾ ਹੈ? ਇਹ ਸਵਾਲ ਹਾਈਕੋਰਟ ਨੇ ਕੇਂਦਰ, ਪੰਜਾਬ ਸਰਕਾਰ, ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੀਤਾ ਸੀ। ਇਸ ‘ਤੇ ਜਵਾਬ ਦਾਖਲ ਕਰਦੇ ਹੋਏ ਕੇਂਦਰ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਸੀ ਕਿ ਚੰਡੀਗੜ੍ਹ ਨਾ ਤਾਂ ਪੰਜਾਬ ਦਾ ਹਿੱਸਾ ਹੈ ਅਤੇ ਨਾ ਹੀ ਹਰਿਆਣਾ ਦਾ। ਇਕ ਸਿਰਫ ਦੋਵਾਂ ਦੀ ਰਾਜਧਾਨੀ ਹੈ। ਕੇਂਦਰ ਵਲੋਂ ਵਧੀਕ ਸਾਲਿਸਟਰ ਜਨਰਲ ਸਤਿਆਪਾਲ ਜੈਨ ਨੇ ਕਿਹਾ ਸੀ ਕਿ 1966 ਤੋਂ ਪਹਿਲਾਂ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ। ਹਰਿਆਣਾ ਦੇ ਏਜੀ ਬਲਦੇਵ ਮਹਾਜਨ ਨੇ ਕਿਹਾ ਸੀ ਕਿ ਚੰਡੀਗੜ੍ਹ ਹਰਿਆਣਾ ਦੀ ਰਾਜਧਾਨੀ ਹੈ, ਨਾ ਕਿ ਹਿੱਸਾ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …