ਔਟਵਾ : ਗਰਮੀਆਂ ਦੇ ਇਸ ਸੀਜ਼ਨ ਵਿੱਚ ਬਰੈਂਪਟਨ ਵਿੱਚ ਲੋਕਾਂ ਨਾਲ ਵਿਚਰਨ ਤੋਂ ਬਾਅਦ ਬਰੈਂਪਟਨ ਸਾਊਥ ਦੇ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਪਾਰਲੀਮੈਂਟ ਸੈਸ਼ਨ ਵਿੱਚ ਆਪਣੀ ਰਾਈਡਿੰਗ ਦੀ ਨੁਮਾਇੰਦਗੀ ਕਰਨ ਲਈ ਅੱਜ ਕੱਲ੍ਹ ਔਟਵਾ ਵਿੱਚ ਹਨ। ਹੁਣ ਜਿਉਂ ਹੀ ਪਾਰਲੀਮੈਂਟ ਦਾ ਇਹ ਸੈਸ਼ਨ ਆਰੰਭ ਹੋਇਆ ਹੈ, ਸੋਨੀਆ ਸਿੱਧੂ ਨੇ ਹਾਊਸ ਆਫ਼ ਕਾਮਨਜ਼ ਦੀ ਹੈੱਲਥ ਸਬੰਧੀ ਸਟੈਂਡਿੰਗ ਕਮੇਟੀ ਦੇ ਚੇਅਰ ਵਜੋਂ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ, ਜਿੱਥੇ ਉਹ ਹੈੱਲਥ ਕੇਅਰ ਨੂੰ ਹੋਰ ਮਜ਼ਬੂਤ ਕਰਨ ਅਤੇ ਨਾ-ਮੁਰਾਦ ਬੀਮਾਰੀਆਂ ਨਾਲ ਜੂਝ ਰਹੇ ਕੈਨੇਡਾ-ਵਾਸੀਆਂ ਦੀ ਸਹਾਇਤਾ ਕਰਨ ਲਈ ਆਪਣੇ ਯਤਨ ਜਾਰੀ ਰੱਖਣਗੇ। ਇਸ ਵੱਡੇ ਕਾਰਜ ਨਾਲ ਉਹ ਆਪਣਾ ਧਿਆਨ ਪਰਿਵਾਰਾਂ ਦੀ ਚੰਗੇਰੀ ਸਿਹਤ ਸੰਭਾਲ ਅਤੇ ਸਮੂਹ ਕੈਨੇਡਾ ਵਿੱਚ ਕਮਿਊਨਿਟੀਆਂ ਲਈ ਲੰਮੇਂ ਸਮੇਂ ਦੀਆਂ ਭਲਾਈ ਦੀਆਂ ਸਕੀਮਾਂ ਉੱਪਰ ਕੇਂਦ੍ਰਿਤ ਕਰ ਰਹੇ ਹਨ। ਇਸ ਹਫ਼ਤੇ ਵਿੱਚ ਹਾਊਸ ਆਫ਼ ਕਾਮਨਜ਼ ਵਿੱਚ ਬੋਲਦਿਆਂ ਸੋਨੀਆ ਸਿੱਧੂ ਨੇ ਬਰੈਂਪਟਨ ਵਿੱਚ ਲੋਕਾਂ ਦੀ ਸੁਰੱਖ਼ਿਆ ਦੇ ਅਹਿਮ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਲੈਣ ਲਈ ਕਿਹਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਹੱਲਾ-ਗੁੱਲਾ ਤੇ ਹਿੰਸਕ ਕਾਰਵਾਈਆਂ ਕਰਨ ਵਾਲੇ ਅਪਰਾਧੀਆਂ ਨੂੰ ਗਲ਼ੀਆਂ, ਬਾਜ਼ਾਰਾਂ ਤੋਂ ਦੂਰ ਰੱਖਣ ਦੀ ਲੋੜ ਉੱਪਰ ਜ਼ੋਰ ਦਿੱਤਾ ਅਤੇ ਇਸਦੇ ਨਾਲ ਹੀ ਫ਼ੈੱਡਰਲ ਸਰਕਾਰ ਦੀ ਦੋਸ਼ੀਆਂ ਲਈ ਜ਼ਮਾਨਤ ਦੇ ਨਿਯਮਾਂ ਵਿੱਚ ਸੋਧ ਕਰਨ, ਧੱਕੇ ਨਾਲ ਘਰਾਂ ਵਿੱਚ ਆ ਵੜਨ ਵਾਲਿਆਂ ਤੇ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਹੋਣ ਵਾਲਿਆਂ ਵਿਰੁੱਧ ਸਖ਼ਤੀ ਕਰਨ ਅਤੇ ਲਾਅ ਇਨਫ਼ਰਸਮੈਂਟ ਵਿੱਚ ਸਿੱਧੇ ਪੂੰਜੀ-ਨਿਵੇਸ਼ ਕਰਨ ਦੀ ਯੋਜਨਾ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਉਨ੍ਹਾਂ ਕਿਹਾ ਕਿ ਕਮਿਊਨਿਟੀਆਂ ਨੂੰ ਸੁਰੱਖ਼ਿਅਤ ਰੱਖਣ ਲਈ ਸਰਕਾਰ ਦੇ ਹਰੇਕ ਪੱਧਰ ‘ਤੇ ਮਿਲਵਰਤਣ ਤੇ ਸਹਿਯੋਗ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਅਤੇ ਕੈਨੇਡਾ-ਵਾਸੀਆਂ ਦੇ ਜੀਵਨ-ਪੱਧਰ ਨੂੰ ਉੱਚਾ ਚੁੱਕਣ ਦੇ ਇਨ੍ਹਾਂ ਕਦਮਾਂ ਦੀ ਜਾਣਕਾਰੀ ਦਿੱਤੀ:
* ਪਹਿਲੇ ਵੱਡੇ ਪੰਜ ਪ੍ਰਾਜੈੱਕਟ :ਫ਼ੈੱਡਰਲ ਸਰਕਾਰ ਵੱਲੋਂ 60 ਬਿਲੀਅਨ ਡਾਲਰਾਂ ਵਾਲੇ ਪੰਜ ਵੱਡੇ ਪ੍ਰਾਜੈੱਕਟਾਂ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਤਰਲ ਕੁਦਰਤੀ ਗੈਸ ਦਾ ਫ਼ੈਲਾਅ, ਐਟਮੀ ਸ਼ਕਤੀ, ਮਾਈਨਿੰਗ ਅਤੇ ਨਾਜ਼ੁਕ ਧਾਤਾਂ, ਆਦਿ ਸ਼ਾਮਲ ਹਨ। ਇਸ ਦੇ ਨਾਲਹਜ਼ਾਰਾਂ ਵਧੀਆ ਨੌਕਰੀਆਂ ਪੈਦਾ ਹੋਣਗੀਆਂ, ਕੈਨੇਡਾ ਦੀ ਵਿੱਤੀ ਪ੍ਰਭੂਸਤਾ ਸੁਰੱਖ਼ਿਅਤ ਹੋਵੇਗੀ ਅਤੇ ਅਤੇ ਜੀ-7 ਦੇਸ਼ਾਂ ਦੇ ਸੰਗਠਨ ਵਿੱਚ ਕੈਨੇਡਾ ਦੀ ਵਿੱਤੀ-ਸਥਿਤੀ ਮਜ਼ਬੂਤ ਹੋਵੇਗੀ।
* ਬਿਲਡ ਕੈਨੇਡਾ ਹੋਮਜ਼ :ਕੈਨੇਡਾ ਵਿੱਚ ਹੋਰ ਨਵੇਂ ਘਰ ਬਨਾਉਣ ਲਈ ਇੱਕ ‘ਬਿਲਡ ਕੈਨੇਡਾ ਹੋਮਜ਼’ ਨਾਮ ਹੇਠ ਨਵੀ ਫ਼ੈੱਡਰਲ ਏਜੰਸੀ ਕਾਇਮ ਕੀਤੀ ਗਈ ਹੈ ਜੋ ਯਥਾਯੋਗ ਨਵੇਂ ਰਿਹਾਇਸ਼ੀ ਘਰ ਅਤੇ ਨਾਨ-ਮਾਰਕੀਟਿੰਗ ਘਰਾਂ ਦੇ ਬਨਾਉਣ ਦੇ ਕੰਮ ਵਿੱਚ ਤੇਜ਼ੀ ਲਿਆਏਗੀ। 13 ਬਿਲੀਅਨ ਡਾਲਰ ਦੇ ਮੁੱਢਲੇ ਪੂੰਜੀ-ਨਿਵੇਸ਼ ਨਾਲ ਇਹ ‘ਬਿਲਡ ਕੈਨੇਡਾ ਹੋਮਜ਼’ ਪ੍ਰੋਵਿੰਸਾਂ, ਮਿਊਂਸਪਲ ਕਮੇਟੀਆਂ, ਇੰਡੀਜੀਨੀਅਸ ਕਮਿਊਨਿਟੀਆਂ ਅਤੇ ਪ੍ਰਾਈਵੇਟ ਡਿਵੈੱਲਪਰਾਂ ਨਾਲ ਸਹਿਯੋਗ ਕਰਕੇ ਘਰਾਂ ਦੀ ਗਿਣਤੀ ਦੁੱਗਣੀ ਕਰਨ, ਬਿਲਡਿੰਗ-ਟਾਈਮ ਘੱਟ ਕਰਨ ਅਤੇ ਕੈਨੇਡਾ ਵਿੱਚ ਬੇ-ਘਰਿਆਂ ਦੀ ਗਿਣਤੀ ਘੱਟ ਕਰਨ ਲਈ ਯਤਨ ਕਰੇਗੀ।
ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਸਰਕਾਰ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਨਾਲ ਬਰੈਂਪਟਨ ਵਿੱਚ ਸੁਰੱਖਿਅਤਾ ਕਾਇਮ ਰੱਖਣ ਵਿੱਚ ਸਹਾਇਤਾ ਮਿਲੇਗੀ, ਕੈਨੇਡਾ ਦਾ ਅਰਥਚਾਰਾ ਮਜ਼ਬੂਤ ਹੋਵੇਗਾ ਅਤੇ ਦੇਸ਼ ਨਵੇਂ ਘਰਾਂ ਦਾ ਨਿਰਮਾਣ ਹੋਵੇਗਾ ਜਿਨ੍ਹਾਂ ਦੀ ਕੈਨੇਡਾ-ਵਾਸੀਆਂ ਨੂੰ ਜ਼ਰੂਰਤ ਹੈ। ਹੁਣ ਜਦੋਂ ਪਾਰਲੀਮੈਂਟ ਦਾ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ, ਮੈਂ ਬਰੈਂਪਟਨ ਸਾਊਥ ਤੇ ਸਮੁੱਚੇ ਬਰੈਂਪਟਨ-ਵਾਸੀਆਂ ਲਈ ਹਰ ਰੋਜ਼ ਆਪਣਾ ਕੰਮ ਨਿਰੰਤਰ ਜਾਰੀ ਰੱਖਾਂਗੀ।”