ਕਾਂਗਰਸ ਆਗੂ ਵੱਲੋਂ ‘ਵੋਟ ਚੋਰੀ’ ਬਾਰੇ ਪ੍ਰੈੱਸ ਕਾਨਫਰੰਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇ ਤਿੱਖਾ ਹਮਲਾ ਬੋਲਦਿਆਂ ਆਰੋਪ ਲਗਾਇਆ ਕਿ ਉਹ ‘ਵੋਟ ਚੋਰੀ’ ਲਈ ਵੋਟਰਾਂ ਦੇ ਨਾਮ ਥੋਕ ਵਿੱਚ ਮਿਟਾ ਕੇ ‘ਕੇਂਦਰੀਕ੍ਰਿਤ ਤਰੀਕੇ ਨਾਲ ਕੀਤੇ ਅਪਰਾਧ’ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨਵੀਂ ਦਿੱਲੀ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਨੇ ਕਰਨਾਟਕ ਸੀਆਈਡੀ ਵੱਲੋਂ ਕੀਤੀ ਜਾ ਰਹੀ ਜਾਂਚ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਜਾਂਚ ਦੇ ਨਤੀਜੇ ਵਜੋਂ ਪਹਿਲਾਂ ਹੀ ਇੱਕ ਐਫਆਈਆਰ ਦਰਜ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਏਜੰਸੀ (ਸੀਆਈਡੀ) ਨੇ 18 ਮਹੀਨਿਆਂ ਵਿੱਚ 18 ਵਾਰ ਚੋਣ ਕਮਿਸ਼ਨ ਤੋਂ ਆਈਪੀ ਐਡਰੈੱਸ, ਡਿਵਾਈਸ ਪੋਰਟ ਅਤੇ ਓਟੀਪੀ ਟ੍ਰੇਲ ਜਿਹੇ ਅਹਿਮ ਤਕਨੀਕੀ ਵੇਰਵੇ ਮੰਗੇ, ਪਰ ਕਮਿਸ਼ਨ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ।
ਰਾਹੁਲ ਨੇ ਆਰੋਪ ਲਗਾਇਆ, ”ਉਹ ਇਹ ਜਾਣਕਾਰੀ ਕਿਉਂ ਨਹੀਂ ਦੇ ਰਹੇ ਹਨ? ਕਿਉਂਕਿ ਇਹ ਤੁਹਾਨੂੰ ਸਿੱਧੇ ਉਸ ਜਗ੍ਹਾ ‘ਤੇ ਲੈ ਜਾਵੇਗਾ ਜਿੱਥੋਂ ਕਾਰਵਾਈ ਚਲਾਈ ਜਾ ਰਹੀ ਹੈ।” ਕਾਂਗਰਸੀ ਆਗੂ ਨੇ ਕਿਹਾ ਕਿ ਕਥਿਤ ਵੋਟਰਾਂ ਨੂੰ ਮਿਟਾਉਣਾ ਅਸਲ ਵਿਚ ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ ਅਤੇ ਓਬੀਸੀ ਨੂੰ ‘ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਉਣਾ’ ਹੈ। ਉਨ੍ਹਾਂ ਆਰੋਪ ਲਾਇਆ ਕਿ ‘ਕੋਈ’ ਤਾਂ ਹੈ ਜੋ ਇਕ ਸੂਬੇ ਤੋਂ ਬਾਅਦ ਦੂਜੇ ਵਿਚ ਵਿਰੋਧੀ ਧਿਰਾਂ ਦੀਆਂ ਵੋਟਾਂ ਮਿਟਾਉਣ ਲਈ ਇਸ ਪੂਰੇ ਅਮਲ ਨੂੰ ਹਾਈਜੈਕ ਕਰ ਰਿਹਾ ਹੈ। ਉਨ੍ਹਾਂ ਕਿਹਾ, ”ਇਹ ਪ੍ਰੈੱਸ ਕਾਨਫਰੰਸ ਐੱਚ-ਬੰਬ ਬਾਰੇ ਨਹੀਂ ਹੈ, ਬਲਕਿ ਇਹ ਦਰਸਾਉਣ ਲਈ ਸੱਦੀ ਹੈ ਕਿ ਚੋਣਾਂ ਵਿੱਚ ਕਿਵੇਂ ਧਾਂਦਲੀ ਕੀਤੀ ਜਾ ਰਹੀ ਹੈ।”
ਕਰਨਾਟਕ ਦੇ ਆਲੰਦ ਵਿਚ 2023 ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੇ ਦਾਅਵਾ ਕੀਤਾ ਕਿ ਵੋਟਾਂ ਕਟਾਉਣ/ਮਿਟਾਉਣ ਲਈ 6,018 ਅਰਜ਼ੀਆਂ ਨਕਲ ਅਤੇ ਸਵੈਚਾਲਿਤ ਪ੍ਰਣਾਲੀਆਂ ਰਾਹੀਂ ਦਾਇਰ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ ਇਸ ਲਈ ਸਾਹਮਣੇ ਆਇਆ ਕਿਉਂਕਿ ਇੱਕ ਬੂਥ ਪੱਧਰੀ ਅਧਿਕਾਰੀ ਨੇ ਦੇਖਿਆ ਕਿ ਉਸ ਦੇ ਚਾਚੇ ਦਾ ਨਾਮ ਸੂਚੀਆਂ ਵਿੱਚੋਂ ਗਾਇਬ ਸੀ।
ਉਸ ਨੇ ਬਿਨੈਕਾਰ ਵਜੋਂ ਸੂਚੀਬੱਧ ਇੱਕ ਗੁਆਂਢੀ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਸ ਨੂੰ ਵੋਟਰ ਵਜੋਂ ਨਾਂ ਮਿਟਾਉਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਕਿਹਾ, ”ਨਾ ਤਾਂ ਉਸ ਵਿਅਕਤੀ ਨੂੰ ਪਤਾ ਸੀ ਜਿਸ ਉੱਤੇ ਵੋਟ ਮਿਟਾਉਣ ਦਾ ਦੋਸ਼ ਹੈ ਤੇ ਨਾ ਹੀ ਉਸ ਵੋਟਰ ਨੂੰ ਜਿਸ ਨਾ ਨਾਮ ਹਟਾਇਆ ਗਿਆ ਸੀ। ਕਿਸੇ ਹੋਰ ਤਾਕਤ ਨੇ ਪੂਰੇ ਅਮਲ ਨੂੰ ਹਾਈਜੈਕ ਕਰ ਲਿਆ ਸੀ।” ਉਨ੍ਹਾਂ ਇਸ ਪੂਰੀ ਕਾਰਜ ਪ੍ਰਣਾਲੀ ਨੂੰ ਸਮਝਾਉਣ ਲਈ ਮਿਸਾਲਾਂ ਵੀ ਪੇਸ਼ ਕੀਤੀਆਂ। ਇੱਕ ਮਾਮਲੇ ਵਿੱਚ 63 ਸਾਲਾ ਗੋਦਾਬਾਈ ਦੇ ਨਾਮ ‘ਤੇ ਫਰਜ਼ੀ ਲੌਗਇਨ ਬਣਾਇਆ ਗਿਆ ਤਾਂ ਕਿ 12 ਵੋਟਰਾਂ ਦੇ ਨਾਂ ਹਟਾਏ ਜਾ ਸਕਣ। ਹਾਲਾਂਕਿ ਇਸ ਕੋਸ਼ਿਸ਼ ਨੂੰ ਸਮੇਂ ਸਿਰ ਰੋਕ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ, ”ਉਸ ਬਿਰਧ ਮਹਿਲਾ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇੰਨਾ ਕੁਝ ਹੋ ਰਿਹਾ ਹੈ। ਕਰਨਾਟਕ ਤੋਂ ਬਾਹਰਲੇ ਮੋਬਾਈਲ ਨੰਬਰ ਵਰਤੇ ਗਏ ਸਨ, ਇਹ ਕਿਸ ਦੇ ਨੰਬਰ ਸਨ, ਅਤੇ ਓਟੀਪੀ ਕੌਣ ਤਿਆਰ ਕਰ ਰਿਹਾ ਸੀ?”
ਇੱਕ ਹੋਰ ਮਿਸਾਲ ਸੂਰਿਆਕਾਂਤ ਨਾਮ ਦੇ ਇੱਕ ਵਿਅਕਤੀ ਦੀ ਸੀ, ਜਿਸ ਬਾਰੇ ਗਾਂਧੀ ਨੇ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਉਸ ਦੇ ਨਾਮ ‘ਤੇ ਸਿਰਫ਼ 14 ਮਿੰਟਾਂ ਵਿੱਚ 12 ਡਿਲੀਸ਼ਨ ਦਾਇਰ ਕੀਤੇ ਗਏ ਸਨ। ਉਸ ਨੂੰ ਬਬੀਤਾ ਦੇ ਨਾਲ ਸਟੇਜ ‘ਤੇ ਬੁਲਾਇਆ ਗਿਆ ਸੀ, ਜਿਸ ਦਾ ਨਾਮ ਕਥਿਤ ਤੌਰ ‘ਤੇ ਉਸ ਦੀ ਚੋਰੀ ਕੀਤੀ ਗਈ ਪਛਾਣ ਰਾਹੀਂ ਕੱਟ ਦਿੱਤਾ ਗਿਆ ਸੀ।

