5 ਲੱਖ ਪੰਜਾਬੀ ਵਿਦਿਆਰਥੀ ਵੀ ਹਨ ਇਸੇ ਘੇਰੇ ‘ਚ
ਟੋਰਾਂਟੋ : ਕੈਨੇਡਾ ਵਿਚ 23 ਲੱਖ ਇੰਟਰਨੈਸ਼ਨਲ ਵਿਦਿਆਰਥੀਆਂ ‘ਤੇ ਡਿਪੋਰਟ ਦੀ ਤਲਵਾਰ ਲਟਕ ਗਈ ਹੈ। ਇਸ ਘੇਰੇ ਵਿਚ ਪੰਜਾਬ ਨਾਲ ਸਬੰਧਤ 5 ਲੱਖ ਵਿਦਿਆਰਥੀ ਵੀ ਆ ਰਹੇ ਹਨ। ਜਸਟਿਨ ਟਰੂਡੋ ਸਰਕਾਰ ਨੇ ਕੈਨੇਡਾ ਪੋਸਟ ਗਰੈਜੂਏਟ ਵਰਕ ਪਰਮਿਟ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਮੇਂ ਕਰੀਬ 14 ਲੱਖ ਵਿਦਿਆਰਥੀ ਕੈਨੇਡਾ ਵਿਚ ਪੋਸਟ ਗਰੈਜੂਏਟ ਵਰਕ ਪਰਮਿਟ ‘ਤੇ ਕੰਮ ਕਰ ਰਹੇ ਹਨ ਅਤੇ ਸਰਕਾਰ ਨੇ ਸਖਤੀ ਵਰਤੀ ਤਾਂ ਇਨ੍ਹਾਂ ਨੂੰ ਅਗਲੇ ਸਾਲ ਆਪਣੇ ਮੂਲ ਦੇਸ਼ਾਂ ਵਿਚ ਵਾਪਸ ਜਾਣਾ ਪੈ ਸਕਦਾ ਹੈ। ਵਰਕ ਪਰਮਿਟ ‘ਤੇ ਕੰਮ ਕਰ ਰਹੇ ਪੰਜਾਬ ਤੋਂ ਪਹੁੰਚੇ ਨਵੇਂ ਵਿਦਿਆਰਥੀਆਂ ਦਾ ਅੰਕੜਾ ਪੰਜ ਲੱਖ ਤੋਂ ਜ਼ਿਆਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਦੋ ਸਾਲ ਦੇ ਸਟੱਡੀ ਵੀਜ਼ਾ ਵਾਲੇ ਵਿਦਿਆਰਥੀਆਂ ਲਈ ਪੰਜ ਸਾਲ ਅਤੇ ਇਕ ਸਾਲ ਦੇ ਸਟੱਡੀ ਪ੍ਰੋਗਰਾਮ ਦੇ ਲਈ ਪਹੁੰਚੇ ਵਿਦਿਆਰਥੀਆਂ ਲਈ ਦੋ ਸਾਲ ਦਾ ਵਰਕ ਪਰਮਿਟ ਜਾਰੀ ਕਰਨ ਦੀ ਮੰਗ ਕੀਤੀ ਹੈ। ਜਿਨ੍ਹਾਂ ਦੇ ਪਰਮਿਟ 1 ਜਨਵਰੀ 2024 ਨੂੰ ਪੂਰੇ ਹੋ ਜਾਣਗੇ, ਉਨ੍ਹਾਂ ਨੂੰ ਨਵਾਂ ਵਰਕ ਪਰਮਿਟ ਨਹੀਂ ਮਿਲੇਗਾ। ਹਾਲਾਂਕਿ ਜਿਨ੍ਹਾਂ ਦਾ ਪੀਜੀ ਵਰਕ ਪਰਮਿਟ 31 ਦਸੰਬਰ 2023 ਨੂੰ ਪੂਰਾ ਹੋ ਰਿਹਾ ਹੈ, ਉਹ ਜਾਰੀ ਐਕਸਟੈਨਸ਼ਨ ਲਈ ਅਪਲਾਈ ਕਰ ਸਕਦੇ ਹਨ। ਵਿਦਿਆਰਥੀਆਂ ਨੇ ਇਕ ਦਸਤਖਤ ਮੁਹਿੰਮ ਸ਼ੁਰੂ ਕਰਕੇ ਆਪਣੀਆਂ ਮੰਗਾਂ ਲਈ ਸਮਰਥਨ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਹੈ।