Breaking News
Home / ਹਫ਼ਤਾਵਾਰੀ ਫੇਰੀ / ਟਰੰਪ ਕੈਨੇਡਾ ਨੂੰ ਤੋੜਨਾ ਚਾਹੁੰਦੇ ਹਨ, ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ : ਕਾਰਨੀ ਤੇ ਪੀਅਰੇ

ਟਰੰਪ ਕੈਨੇਡਾ ਨੂੰ ਤੋੜਨਾ ਚਾਹੁੰਦੇ ਹਨ, ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ : ਕਾਰਨੀ ਤੇ ਪੀਅਰੇ

ਦੋਵਾਂ ਆਗੂਆਂ ਵੱਲੋਂ ਟਰੰਪ ਨੂੰ ਕੈਨੇਡਾ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ ਦੀ ਨਸੀਹਤ
ਟੋਰਾਂਟੋ : ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਕੰਸਰਵੇਟਿਵ ਪਾਰਟੀ ਤੇ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੈਨੇਡਾ ਦੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਕਾਰਨੀ ਤੇ ਪੋਲੀਵਰ ਨੇ ਇਹ ਬਿਆਨ ਅਜਿਹੇ ਮੌਕੇ ਦਿੱਤਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਵਪਾਰਕ ਜੰਗ ਤੇ ਰਲੇਵੇਂ ਦੀ ਪੇਸ਼ਕਸ਼ ਨਾਲ ਕੈਨੇਡਾ ਦੀ ਪ੍ਰਭੁਸੱਤਾ ਨੂੰ ਖਤਰੇ ਜਿਹੀਆਂ ਚੁਣੌਤੀਆਂ ਦਰਪੇਸ਼ ਹਨ। ਕਾਰਨੀ ਨੇ ਐਲਾਨ ਕੀਤਾ ਕਿ 28 ਅਪਰੈਲ ਨੂੰ ਵੋਟਿੰਗ ਤੋਂ ਪਹਿਲਾਂ ਪੰਜ ਹਫਤਿਆਂ ਲਈ ਚੋਣ ਪ੍ਰਚਾਰ ਦੀ ਮੁਹਿੰਮ ਚੱਲੇਗੀ। ਕਾਰਨੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਗੈਰਵਾਜਬ ਵਪਾਰਕ ਪੇਸ਼ਕਦਮੀ ਤੇ ਸਾਡੀ ਪ੍ਰਭੂਸੱਤਾ ਖਿਲਾਫ ਉਨ੍ਹਾਂ ਦੀਆਂ ਧਮਕੀਆਂ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਦਾਅਵਾ ਹੈ ਕਿ ਕੈਨੇਡਾ ਅਸਲ ਵਿਚ ਕੋਈ ਦੇਸ਼ ਨਹੀਂ ਹੈ। ਉਹ ਸਾਨੂੰ ਤੋੜਨਾ ਚਾਹੁੰਦੇ ਹਨ ਤਾਂ ਕਿ ਅਮਰੀਕਾ ਸਾਡਾ ਮਾਲਕ ਬਣ ਸਕੇ। ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਕਾਰਨੀ ਨੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਟੈਕਸਾਂ ਕਰਕੇ ਕੈਨੇਡਿਆਈ ਅਰਥਚਾਰੇ ਨੂੰ ਦਰਪੇਸ਼ ਖ਼ਤਰੇ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਮਜ਼ਬੂਤ ਫਤਵੇ ਦੀ ਲੋੜ ਹੈ।
ਉਧਰ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਲੀਵਰ, ਜੋ ਮੱਧਕਾਲੀ ਚੋਣਾਂ ਵਿਚ ਕਾਰਨੀ ਨੂੰ ਟੱਕਰ ਦੇਣਗੇ, ਨੇ ਕਿਹਾ ਕਿ ਉਹ ਟਰੰਪ ਦੇ ਸਾਹਮਣੇ ਖੜ੍ਹੇ ਹੋਣਗੇ। ਪੋਲੀਵਰ ਨੇ ਕਿਹਾ ਕਿ ਮੈਂ ਇਸ ਗੱਲ ‘ਤੇ ਜ਼ੋਰ ਦੇਵਾਂਗਾ ਕਿ ਰਾਸ਼ਟਰਪਤੀ ਟਰੰਪ ਕੈਨੇਡਾ ਦੀ ਆਜ਼ਾਦੀ ਤੇ ਪ੍ਰਭੂਸੱਤਾ ਨੂੰ ਮਾਨਤਾ ਦੇਣ।

 

Check Also

ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …