‘ਡਿਜ਼ੀਟਲ ਇੰਡੀਆ’ ਨਾ ਪਹੁੰਚ ਸਕਿਆ 130 ਫੁੱਟ ਤੱਕ ਫਸੇ ਫਤਹਿਵੀਰ ਤੱਕ
ਬੋਰਵੈਲ ‘ਚ ਗਰਕ ਹੋਈ ‘ਪੰਜਾਬ ਸਰਕਾਰ’
ਪੰਜਾਬ ਅਰਦਾਸਾਂ ਕਰਦਾ ਰਿਹਾ, ਪ੍ਰਸ਼ਾਸਨ ਤਜ਼ਰਬੇ ਤੇ ਮੁੱਖ ਮੰਤਰੀ ਹਿਮਾਚਲ ਦੀਆਂ ਪਹਾੜੀਆਂ ‘ਚ ਅਰਾਮ
ਗੁਆਂਢੀ ਮੁਲਕ ਪਾਕਿਸਤਾਨ ਨੂੰ 2 ਘੰਟਿਆਂ ਵਿਚ ਤਬਾਹ ਕਰਨ ਦੇ ਦਾਅਵੇ ਕਰਨ ਵਾਲਾ ਮੁਲਕ 6 ਦਿਨਾਂ ਵਿਚ 130 ਫੁੱਟ ‘ਤੇ ਫਸੇ ਬੋਰਵੈਲ ‘ਚੋਂ ਜਵਾਕ ਨੂੰ ਬਾਹਰ ਨਹੀਂ ਕੱਢ ਸਕਿਆ। ਡਿਜ਼ੀਟਲ ਇੰਡੀਆ ਤੇ ਬੁਲਟ ਟਰੇਨ ਦੇ ਦਾਅਵਿਆਂ, ਵਾਅਦਿਆਂ ਵਾਲੀ ਨਾ ਸਰਕਾਰ ਕਿਤੇ ਨਜ਼ਰੀਂ ਆਈ, ਨਾ 56 ਇੰਚ ਦੇ ਸੀਨੇ ਵਾਲੇ ਪ੍ਰਧਾਨ ਮੰਤਰੀ ਦੇ ਸੀਨੇ ਵਿਚ ਟੀਸ ਜਾਗੀ, ਨਾ ਪੰਜਾਬ ਸਰਕਾਰ ਦੀ ਅੱਖ ਖੁੱਲ੍ਹੀ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਹਿਮਾਚਲ ਦੀਆਂ ਠੰਢੀਆਂ ਹਸੀਨ ਵਾਦੀਆਂ ‘ਚੋਂ ਭਗਵਾਨਪੁਰਾ ਪਹੁੰਚੇ। ਹਾਂ ਭਗਵਾਨਪੁਰਾ ਪਹੁੰਚਿਆ ਮੁੱਖ ਮੰਤਰੀ ਦਾ ਚਾਪਰ ਜਾਂ ਦੋ ਟਵੀਟ। ਪ੍ਰਸ਼ਾਸਨ ਦੇ ਤਜ਼ਰਬਿਆਂ ਦੇ ਚਲਦਿਆਂ ਫਤਹਿਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ।
ਪ੍ਰਸ਼ਾਸਨ ਦੀ ਲਾਪਰਵਾਹੀ ਨੇ ਲਈ ਫਤਹਿ ਦੀ ਜਾਨ : ਸੁਨਾਮ : ਸਰਕਾਰ ਤੇ ਪ੍ਰਸ਼ਾਸਨ ਵੱਲੋਂ 109 ਘੰਟੇ ਵੱਖ-ਵੱਖ ‘ਜੁਗਾੜ’ ਕਰਕੇ ਚਲਾਏ ਬਚਾਅ ਕਾਰਜਾਂ ਤੋਂ ਬਾਅਦ ਬੋਰਵੈੱਲ ਵਿਚੋਂ ਬਾਹਰ ਕੱਢਿਆ ਫ਼ਤਹਿਵੀਰ ਅਖ਼ੀਰ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਫਤਹਿਵੀਰ ਨੂੰ ਬੋਰਵੈਲ ਵਿਚੋਂ ਕੱਢਣ ਲਈ ਪ੍ਰਸ਼ਾਸਨ ਵਲੋਂ ਵਰਤੀ ਗਈ ਲਾਪਰਵਾਹੀ ਨੇ ਫਤਹਿ ਦੀ ਜਾਨ ਲੈ ਲਈ। ਮੰਗਲਵਾਰ ਸੁਵੱਖਤੇ ਕਰੀਬ ਸਵਾ ਪੰਜ ਵਜੇ ਐਨਡੀਆਰਐੱਫ ਵੱਲੋਂ ਦੋ ਸਾਲਾ ਬੱਚੇ ਨੂੰ 130 ਫੁੱਟ ਡੂੰਘੇ ਬੋਰ ਵਿਚੋਂ ਬਾਹਰ ਕੱਢਿਆ ਗਿਆ ਤੇ ਤੁਰੰਤ ਪੀਜੀਆਈ (ਚੰਡੀਗੜ੍ਹ) ਲਿਜਾਇਆ ਗਿਆ। ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਸ਼ੇਰੋਂ ਦੇ ਸ਼ਮਸ਼ਾਨਘਾਟ ਵਿਚ ਫ਼ਤਹਿ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 6 ਜੂਨ ਨੂੰ ਬਾਅਦ ਦੁਪਹਿਰ ਕਰੀਬ 4 ਵਜੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਸੁਨਾਮ ਦੇ ਪਿੰਡ ਭਗਵਾਨਪੁਰਾ ਦੇ ਕਿਸਾਨ ਸੁਖਵਿੰਦਰ ਸਿੰਘ ਦਾ ਦੋ ਸਾਲਾ ਇਕਲੌਤਾ ਪੁੱਤਰ ਫ਼ਤਹਿਵੀਰ ਸਿੰਘ ਖੇਡਦਾ ਹੋਇਆ ਘਰ ਦੇ ਸਾਹਮਣੇ ਹੀ ਖੇਤ ਵਿਚਲੇ ਇੱਕ ਖੁੱਲ੍ਹੇ ਬੋਰਵੈੱਲ ਵਿਚ ਡਿੱਗ ਗਿਆ ਸੀ।