ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿਣ ਦੀ ਤਿਆਰੀ ਨਾਲ ਦੁਨੀਆ ਭਰ ਦੇ ਦੇਸ਼ਾਂ ਤੋਂ ਲੋਕ ਪੁੱਜ ਰਹੇ ਹਨ। 20ਵੀਂ ਸਦੀ ਦੇ ਅਖੀਰ ‘ਚ ਅਤੇ ਹੁਣ ਚੱਲ ਰਹੀ 21ਵੀਂ ਸਦੀ ਦੇ ਮੌਜੂਦਾ ਦੌਰ ‘ਚ ਕੈਨੇਡਾ ਦੀ ਸਰਕਾਰ ਵਲੋਂ ਦੇਸ਼ ਦੇ ਦਰਵਾਜ਼ੇ ਬੀਤੇ ਸਾਰੇ ਸਮਿਆਂ ਨਾਲੋਂ ਵੱਧ ਖੋਲ੍ਹੈੇ ਹੋਏ ਹਨ। ਇੱਥੋਂ ਤੱਕ ਵੀ ਵਾਪਰ ਰਿਹਾ ਹੈ ਕਿ ਸਹੀ ਵੀਜ਼ਾ ਲੈ ਕੇ ਕੈਨੇਡਾ ਦੇ ਹਵਾਈ ਅੱਡਿਆਂ ਅੰਦਰ ਪਹੁੰਚ ਰਹੇ ਵਿਦੇਸ਼ੀਆਂ ਨੂੰ ਨਿੱਕੇ-ਨਿੱਕੇ ਨੁਕਸ ਕੱਢ ਕੇ ਵਾਪਸ ਮੋੜਨ ਦਾ ਰੁਝਾਨ ਠੱਲ ਹੋ ਗਿਆ ਜਾਪਦਾ ਹੈ।
2023 ਤੋਂ 2025 ਤੱਕ ਦੇ ਇਮੀਗ੍ਰੇਸ਼ਨ ਪ੍ਰੋਗਰਾਮ ‘ਚ ਸਰਕਾਰ ਵਲੋਂ ਯੋਗਤਾ ਪ੍ਰਾਪਤ ਅਤੇ ਕੈਨੇਡਾ ਦੀ ਰੋਜ਼ਗਾਰ ਮੰਡੀ ਦੀਆਂ ਜ਼ਰੂਰਤਾਂ ਮੁਤਾਬਿਕ ਵਿਦੇਸ਼ੀਆਂ ਨੂੰ ਆਉਣ ਦਾ ਮੌਕਾ ਪਹਿਲ ਦੇ ਆਧਾਰ ‘ਤੇ ਦਿੱਤਾ ਜਾ ਰਿਹਾ ਹੈ। ਵਰਕ ਪਰਮਿਟ ਵੀ ਇਸੇ ਆਧਾਰ ‘ਤੇ ਵੱਧ ਦਿੱਤੇ ਜਾ ਰਹੇ ਹਨ ਸ਼ਰਨਾਰਥੀ ਅਤੇ ਤਰਸ ਦੇ ਆਧਾਰ ‘ਤੇ ਇਮੀਗ੍ਰੇਸ਼ਨ ਨੂੰ ਬਹੁਤਾ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਬਜੁਰਗਾਂ ਦੇ ਮੁਕਾਬਲੇ ਨੌਜਵਾਨ ਉਮਰ ਦੇ ਲੋਕਾਂ ਨੂੰ ਪੱਕੇ ਵੀਜ਼ੇ ਦੇਣ ‘ਚ ਪਹਿਲ ਹੈ। ਇੱਥੋਂ ਤੱਕ ਕਿ ਕੈਨੇਡਾ ‘ਚ ਪਹੁੰਚ ਕੇ ਸਥਾਪਿਤ ਹੋ ਚੁੱਕੇ ਲੋਕਾਂ ਦੇ ਮਾਪਿਆਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਤੋਂ ਵੀ ਸਰਕਾਰ ਨੇ ਬੀਤੇ ਲਗਪਗ 10 ਸਾਲਾਂ ਤੋਂ ਕਿਨਾਰਾ ਕੀਤਾ ਹੋਇਆ ਹੈ। ਪਰ ਯੋਗਤਾ ਵਾਲੇ ਲੋਕਾਂ ਨੂੰ ਕੈਨੇਡਾ ‘ਚ ਰਹਿ ਰਹੇ ਉਨ੍ਹਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਕੋਲ ਪਹੁੰਚਣ ‘ਚ ਰਾਹਤ ਦਿੱਤੀ ਜਾਂਦੀ ਹੈ।
ਕੈਨੇਡਾ ਦੀ ਲੋੜ ਮੁਤਾਬਿਕ ਯੋਗਤਾ ‘ਚ ਵਿਦਿਆ, ਕਿੱਤੇ ਦਾ ਤਜ਼ਰਬਾ ਅਤੇ ਬੋਲੀ ਦੇ ਗਿਆਨ ਨੂੰ ਪ੍ਰਮੁੱਖ ਪੈਮਾਨੇ ਵਜੋਂ ਲਿਆ ਜਾਂਦਾ ਹੈ। ਆਪਣੇ ਦੇਸ਼ਾਂ ‘ਚ ਬੀ.ਏ. ਜਾਂ ਐਮ.ਏ. ਦੇ ਨਾਲ ਤਕਨੀਕੀ ਸਿੱਖਿਆ ਅਤੇ ਤਿੰਨ ਕੁ ਸਾਲਾਂ ਦੇ ਕੰਮ ਦੇ ਤਜ਼ਰਬੇ ਨਾਲ ਆਈਲੈਟਸ ਦੇ 6.5 ਤੋਂ 7.5 ਤੱਕ ਬੈਂਡ ਲੈ ਸਕਣ ਵਾਲੇ ਵਿਦੇਸ਼ੀਆਂ ਨੂੰ ਆਪਣੇ ਦੇਸ਼ਾਂ ਤੋਂ ਐਕਸਪ੍ਰੈਸ ਐਂਟਰੀ ਰਾਹੀਂ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦਾ ਵੀਜ਼ਾ ਲੈ ਕੇ (ਲਗਪਗ ਮੁਫਤ ‘ਚ) ਕੈਨੇਡਾ ਪਹੁੰਚਣ ਦੀਆਂ ਸੰਭਾਵਨਾਵਾਂ ਮੌਜੂਦ ਹਨ।
ਅਜਿਹੀ ਯੋਗਤਾ ਹਾਸਲ ਕੀਤੇ ਬਿਨਾ 12ਵੀਂ ਕੁ ਪੜ੍ਹ ਕੇ ਕੈਨੇਡਾ ‘ਚ ਜਾਣ ਦੀ ਕਾਹਲੀ ਕਰਨ ਨਾਲ ਉੱਥੇ ਇਕ ਵੱਡੇ ਸੰਘਰਸ਼ (ਕਾਹਲੀਆਂ ਅੱਗੇ ਟੋਇਆਂ) ਦੇ ਰਾਹ ਖੁੱਲ੍ਹਦੇ ਹਨ, ਜਿਸ ਦੇ ਸਿੱਟੇ ਵਜੋਂ ਮੁੰਡੇ ਅਤੇ ਕੁੜੀਆਂ ਬਾਰੇ ਅਨੇਕ ਪ੍ਰਕਾਰ ਦੀਆਂ ਦੁਖਦਾਈ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …