7.7 C
Toronto
Friday, November 14, 2025
spot_img
Homeਹਫ਼ਤਾਵਾਰੀ ਫੇਰੀਢੀਂਡਸਾ ਦਾ ਆਪਣਾ 'ਸ਼੍ਰੋਮਣੀ ਅਕਾਲੀ ਦਲ'

ਢੀਂਡਸਾ ਦਾ ਆਪਣਾ ‘ਸ਼੍ਰੋਮਣੀ ਅਕਾਲੀ ਦਲ’

ਨਵਾਂ ਦਲ ਬਣਾ ਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ, ਤੱਕੜੀ ਚੋਣ ਨਿਸ਼ਾਨ ਲੈ ਕੇ ਰਹਾਂਗੇ
ਸੇਵਾ ਸਿੰਘ ਸੇਖਵਾਂ, ਬੀਰਦਵਿੰਦਰ ਸਿੰਘ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਸੁਖਦੇਵ ਸਿੰਘ ਢੀਂਡਸਾ ਦੇ ਨਵੇਂ ਦਲ ਵਿਚ ਸ਼ਾਮਲ, ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਵੱਲੋਂ ਵੀ ਸਮਰਥਨ ਦਾ ਐਲਾਨ, ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਐਲਾਨ ਮੌਕੇ ਬਲਵੰਤ ਸਿੰਘ ਰਾਮੂਵਾਲੀਆ ਤੇ ਮਨਜੀਤ ਸਿੰਘ ਜੀ ਕੇ ਵੀ ਰਹੇ ਹਾਜ਼ਰ
ਲੁਧਿਆਣਾ/ਬਿਊਰੋ ਨਿਊਜ਼ : 35 ਸਾਲ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਰਹਿੰਦਿਆਂ ਸੂਬੇ ਤੋਂ ਲੈ ਕੇ ਕੇਂਦਰ ਤੱਕ ਦੀਆਂ ਸਰਕਾਰਾਂ ਵਿਚ ਸੱਤਾ ਸੁੱਖ ਮਾਣ ਚੁੱਕੇ ਸੁਖਦੇਵ ਸਿੰਘ ਢੀਂਡਸਾ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ। ਪ੍ਰਕਾਸ਼ ਸਿੰਘ ਬਾਦਲ ਨਾਲੋਂ ਸੁਖਬੀਰ ਸਿੰਘ ਬਾਦਲ ‘ਤੇ ਜ਼ਿਆਦਾ ਨਿਸ਼ਾਨਾ ਵਿੰਨ੍ਹਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਇਹੋ ਹੈ ਤੇ ਸੁਖਬੀਰ ਬਾਦਲ ਨੂੰ ਅਸੀਂ ਪ੍ਰਧਾਨਗੀ ਤੋਂ ਲਾਂਭੇ ਕਰਦੇ ਹਾਂ। ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਜੇਕਰ ਪਾਰਟੀ ਦੀ ਰਜਿਸਟ੍ਰੇਸ਼ਨ ਵਿਚ ਕੋਈ ਮੁਸ਼ਕਿਲ ਆਈ ਤਾਂ ਡੈਮੋਕ੍ਰੇਟਿਕ ਸ਼ਬਦ ਜੋੜ ਲਵਾਂਗੇ। ਨਵੀਂ ਪਾਰਟੀ ਦੇ ਗਠਨ ਤੋਂ ਅਗਲੇ ਦਿਨ ਵੀਰਵਾਰ ਨੂੰ ਢੀਂਡਸਾ ਤੇ ਸੇਖਵਾਂ ਹੋਰਾਂ ਨੇ ਸਾਥੀਆਂ ਸਣੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਮੱਥਾ ਟੇਕਿਆ। ਢੀਂਡਸਾ ਦੇ ਨਵੇਂ ਦਲ ਦਾ ਪਹਿਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਹੋਣਾ ਹੈ।
ਕੈਪਟਨ ਦੀ ਸਹਿਮਤੀ ਨਾਲ ਹੀ ਚਲਦੇ ਹਨ ਬਾਦਲਾਂ ਦੇ ਧੰਦੇ : ਢੀਂਡਸਾ
ਚੰਡੀਗੜ੍ਹ : ਪੰਜਾਬ ਵਿਚ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਹੋਣ ਦੇ ਦੋਸ਼ ਲਾਏ ਹਨ। ਕਾਂਗਰਸ ਦੇ ਇਸ਼ਾਰੇ ‘ਤੇ ਨਵੀਂ ਪਾਰਟੀ ਕਾਇਮ ਕਰਨ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਢੀਂਡਸਾ ਨੇ ਕਿਹਾ ਕਿ ਸੂਬੇ ਵਿੱਚ ਸਾਲ 2017 ਵਿੱਚ ਜਦੋਂ ਤੋਂ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਹੋਂਦ ਵਿਚ ਆਈ ਹੈ ਉਦੋਂ ਤੋਂ ਹੀ ਸੁਖਬੀਰ ਸਿੰਘ ਬਾਦਲ ਦੀਆਂ ਟਰਾਂਸਪੋਰਟ ਕੰਪਨੀਆਂ ਅਤੇ ਕੇਬਲ ਦੇ ਧੰਦਾ ਬੇਰੋਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾਵਾਂ ਅਤੇ ਮੰਤਰੀਆਂ ਵੱਲੋਂ ਦਬਾਅ ਦੇ ਬਾਵਜੂਦ ਮੁੱਖ ਮੰਤਰੀ ਵੱਲੋਂ ਕੋਈ ਕਾਰਵਾਈ ਨਾ ਕਰਨ ਤੋਂ ਸਾਬਤ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵਿਚਾਲੇ ਡੂੰਘਾ ਗੱਠਜੋੜ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਦਲਾਂ ਦਾ ਅਮਰਿੰਦਰ ਸਿੰਘ ਨਾਲ ਸਮਝੌਤਾ ਨਾ ਹੋਇਆ ਹੁੰਦਾ ਤਾਂ ਟਰਾਂਸਪੋਰਟ ਅਤੇ ਕੇਬਲ ਦੇ ਕਾਰੋਬਾਰ ਸਮੇਤ ਹੋਰ ਧੰਦੇ ਬਿਲਕੁਲ ਨਹੀਂ ਸਨ ਚੱਲ ਸਕਦੇ।
ਬ੍ਰਹਮਪੁਰਾ ਦੀ ਘਰ ਵਾਪਸੀ ਦੀ ਤਿਆਰੀ!
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਟਕਸਾਲੀ ਅਕਾਲੀ ਦਲ ਬਣਾਉਣ ਵਾਲੇ ਤਿੰਨੋਂ ਲੀਡਰ ਵੱਖੋ-ਵੱਖ ਹੋ ਗਏ ਹਨ। ਰਤਨ ਸਿੰਘ ਅਜਨਾਲਾ, ਪੁੱਤਰ ਬੋਨੀ ਦੇ ਅਕਾਲੀ ਦਲ ਬਾਦਲ ‘ਚ ਵਾਪਸ ਜਾਣ ਤੋਂ ਬਾਅਦ ਘਰ ਬੈਠੇ ਹਨ, ਸੇਵਾ ਸਿੰਘ ਸੇਖਵਾਂ ਟਕਸਾਲੀ ਅਕਾਲੀ ਦਲ ਨੂੰ ਛੱਡ ਕੇ ਢੀਂਡਸਾ ਦੇ ਨਵੇਂ ਦਲ ‘ਚ ਸ਼ਾਮਲ ਹੋ ਗਏ ਹਨ ਤੇ ਪੀਜੀਆਈ ‘ਚ ਜ਼ੇਰੇ ਇਲਾਜ ਰਣਜੀਤ ਸਿੰਘ ਬ੍ਰਹਮਪੁਰਾ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਕਰ ਰਹੇ ਹਨ ਤੇ ਸੁਖਦੇਵ ਢੀਂਡਸਾ ਨੂੰ ਭੰਡ ਰਹੇ ਹਨ। ਬ੍ਰਹਮਪੁਰਾ ਨੂੰ ਜਿੱਥੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਯਾਦ ਆਈ, ਉਥੇ ਹੀ ਬਾਦਲ ਦਲ ਨੂੰ ਵੀ ਬ੍ਰਹਮਪੁਰਾ ਦਾ ਹੇਜ਼ ਜਾਗਿਆ ਤੇ ਦਲਜੀਤ ਚੀਮਾ ਉਨ੍ਹਾਂ ਨੂੰ ਮਿਲਣ ਪਹੁੰਚੇ। ਸੰਭਾਵਨਾ ਹੈ ਕਿ ਟਕਸਾਲੀ ਅਕਾਲੀ ਦਲ ਦਾ ਭੋਗ ਪਾ ਕੇ ਰਣਜੀਤ ਸਿੰਘ ਬ੍ਰਹਮਪੁਰਾ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ‘ਚ ਸ਼ਾਮਲ ਹੋ ਸਕਦੇ ਹਨ।

RELATED ARTICLES
POPULAR POSTS