ਸਰਕਾਰ ਨੇ ਕੈਬਨਿਟ ਮੀਟਿੰਗ ‘ਚ ਲਿਆ ਫ਼ੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਹੁਣ ਜ਼ਮੀਨ ਦਾ ਇੰਤਕਾਲ ਮਹਿੰਗਾ ਹੋ ਗਿਆ ਹੈ। ਸੂਬਾ ਸਰਕਾਰ ਨੇ ਇੰਤਕਾਲ ਦੀ ਫੀਸ 300 ਰੁਪਏ ਤੋਂ ਵਧਾ ਕੇ 600 ਰੁਪਏ ਕਰ ਦਿੱਤੀ ਹੈ। ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਫ਼ੈਸਲੇ ਨਾਲ ਸਰਕਾਰ ਨੂੰ ਲਗਪਗ 10 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਮੁੱਖ ਮੰਤਰੀ ਨੇ ਮਾਲੀਆ ਵਿਭਾਗ ਨੂੰ ਜ਼ਮੀਨ ਮਾਲਕਾਂ ਦੇ ਹਿੱਤ ਵਿਚ ਸਾਰੇ ਬਕਾਇਆ ਇੰਤਕਾਲ ਨਿਪਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਲਈ ਕਿਹਾ ਹੈ। ਨਾਲ ਹੀ ਦਸਤਾਵੇਜ਼ਾਂ ਨੂੰ ਛੇਤੀ ਪੂਰਿਆਂ ਕਰਨ ਦੇ ਹੁਕਮ ਵੀ ਦਿੱਤੇ ਹਨ। ਇਹ ਮੁੱਦਾ ਕੈਬਨਿਟ ਦੀ ਮੀਟਿੰਗ ਵਿਚ ਕੁਝ ਮੰਤਰੀਆਂ ਨੇ ਹੀ ਉਠਾਇਆ। ਮੰਤਰੀਆਂ ਨੇ ਕਿਹਾ ਕਿ ਕਈ ਇੰਤਕਾਲ ਸਾਲਾਂ ਤੋਂ ਲੰਬਿਤ ਪਏ ਹਨ। ਮੁੱਖ ਮੰਤਰੀ ਨੇ ਮੁੱਖ ਸਕੱਤਰ ਤੇ ਵਿੱਤ ਕਮਿਸ਼ਨਰ (ਮਾਲੀਆ) ਨੂੰ ਇਸ ‘ਤੇ ਕਾਰਵਾਈ ਕਰਨ ਲਈ ਕਿਹਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਕਿ ਇਹ ਫੀਸ ਪਿਛਲੀ ਵਾਰ ਅਕਤੂਬਰ 2012 ਵਿਚ ਵਧਾਈ ਗਈ ਸੀ। ਉਦੋਂ ਇਸ ਨੂੰ 150 ਰੁਪਏ ਤੋਂ ਵਧਾ ਕੇ 300 ਰੁਪਏ ਕੀਤਾ ਗਿਆ ਸੀ। ਸੂਬੇ ਦੇ ਖ਼ਜ਼ਾਨੇ ‘ਤੇ ਖ਼ਰਚੇ ਦਾ ਬੋਝ ਵਧਣ ਨਾਲ ਸੂਬਾ ਸਰਕਾਰ ਨੇ ਅੱਠ ਸਾਲ ਬਾਅਦ ਫੀਸ ਵਧਾਈ ਹੈ।
ਮੰਤਰੀ ਮੰਡਲ ਵਲੋਂ ਸਕੂਲ ਫੀਸਾਂ ਦੇ ਮੁੱਦੇ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਰਾਜ ਦੇ ਐਡਵੋਕੇਟ ਜਨਰਲ ਦੀ ਵੀ ਇਸ ਮੁੱਦੇ ‘ਤੇ ਰਾਏ ਲਈ ਗਈ ਤੇ ਫੈਸਲਾ ਲਿਆ ਗਿਆ ਕਿ ਇਸ ਸਬੰਧੀ ਇਕਹਿਰੇ ਜੱਜ ਦੇ ਫੈਸਲੇ ਨੂੰ ਡਵੀਜ਼ਨ ਬੈਂਚ ਸਾਹਮਣੇ ਦੁਬਾਰਾ ਚੁਣੌਤੀ ਦਿੱਤੀ ਜਾਵੇ, ਕਿਉਂਕਿ ਇਕਹਿਰੇ ਬੈਂਚ ਵਲੋਂ ਤਾਲਾਬੰਦੀ ਦੌਰਾਨ ਦੇ ਸਮੇਂ ਲਈ ਵੀ ਨਿੱਜੀ ਸਕੂਲਾਂ ਨੂੰ ਫੀਸਾਂ ਉਗਰਾਉਣ ਦਾ ਹੱਕ ਦੇ ਦਿੱਤਾ ਸੀ। ਮੁੱਖ ਮੰਤਰੀ ਨੇ ਵੀ ਆਪਣੇ ਪੁਰਾਣੇ ਸਟੈਂਡ ਨੂੰ ਦੁਹਰਾਇਆ ਕਿ ਤਾਲਾਬੰਦੀ ਦੌਰਾਨ, ਜਿਨ੍ਹਾਂ ਸਕੂਲਾਂ ਆਨਲਾਈਨ ਜਾਂ ਦੂਜੀਆਂ ਕਲਾਸਾਂ ਨਹੀਂ ਲਈਆਂ, ਉਹ ਮਾਪਿਆਂ ਤੋਂ ਫੀਸ ਵਸੂਲਣ ਦੇ ਹੱਕਦਾਰ ਨਹੀਂ ਹਨ।
ਮੰਤਰੀ ਮੰਡਲ ਵਲੋਂ 3200 ਕਰੋੜ ਦੀ ਲਾਗਤ ਨਾਲ 2000 ਏਕੜ ਸਰਕਾਰੀ ਤੇ ਪੰਚਾਇਤੀ ਜ਼ਮੀਨ ‘ਤੇ ਆਧੁਨਿਕ ਉਦਯੋਗਿਕ ਪਾਰਕ ਅਤੇ ਏਕੀਕ੍ਰਿਤ ਉਦਪਾਦਨ ਕਲੱਸਟਰ ਰਾਜਪੁਰਾ ਨੇੜੇ ਤੇ ਮੱਤੇਵਾਲ ਲੁਧਿਆਣਾ ਵਿਖੇ ਸਥਾਪਤ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ। ਇਨ੍ਹਾਂ ਦੋਹਾਂ ਉਦਯੋਗਿਕ ਪਾਰਕਾਂ ਲਈ 1-1 ਹਜ਼ਾਰ ਏਕੜ ਜ਼ਮੀਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਵਿਚ ਆਉਣ ਵਾਲੇ ਨਿਵੇਸ਼ਕਾਰਾਂ ਤੇ ਉਦਯੋਗਪਤੀਆਂ ਨੂੰ ਜ਼ਮੀਨ ਦੀ ਪ੍ਰਾਪਤੀ ਵਿਚ ਸਮਾਂ ਖਰਾਬ ਨਾ ਕਰਨਾ ਪਵੇ ਤੇ ਉਨ੍ਹਾਂ ਨੂੰ ਪਹਿਲਾਂ ਤੋਂ ਵਿਕਸਿਤ ਉਦਯੋਗਿਕ ਪਾਰਕਾਂ ਵਿਚ ਪਲਾਟ ਅਲਾਟ ਕੀਤੇ ਜਾ ਸਕਣ। ਰਾਜ ਸਰਕਾਰ ਦੇ ਇਕ ਬੁਲਾਰੇ ਅਨੁਸਾਰ ਇਨ੍ਹਾਂ ਪਾਰਕਾਂ ਵਿਚ ਲੋੜੀਂਦੀਆਂ ਸਹੂਲਤਾਂ ਦਾ ਪਹਿਲਾਂ ਹੀ ਪ੍ਰਬੰਧ ਕਰ ਦਿੱਤਾ ਜਾਵੇਗਾ। ਮੀਟਿੰਗ ਵਿਚ ਕੋਰੋਨਾ ਮਹਾਂਮਾਰੀ ਕਾਰਨ ਸੂਬੇ ਵਿਚ ਪੈਦਾ ਹੋਈ ਸਥਿਤੀ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਗਿਆ ਕਿ ਸੂਬੇ ਦੇ ਸਿਹਤ ਸਲਾਹਕਾਰ ਡਾ. ਕੇ. ਕੇ. ਤਲਵਾੜ ਨੇ ਖ਼ਬਰਦਾਰ ਕੀਤਾ ਹੈ ਕਿ ਸੂਬੇ ਲਈ ਅਗਲੇ 4 ਹਫ਼ਤੇ ਖ਼ਤਰੇ ਭਰਪੂਰ ਹਨ ਤੇ ਇਸ ਲਈ ਸਰਕਾਰ ਤੇ ਸਾਰੇ ਲੋਕਾਂ ਨੂੰ ਲੋੜੀਂਦੇ ਸੁਰੱਖਿਆ ਕਦਮ ਚੁੱਕਣ ਲਈ ਪਾਬੰਦ ਹੋਣਾ ਪਵੇਗਾ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …