ਲਾਹੌਰ/ਬਿਊਰੋ ਨਿਊਜ਼
ਪਾਕਿਸਤਾਨ ਭਾਰਤੀ ਸਿੱਖ ਸ਼ਰਧਾਲੂਆਂ ਲਈ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹੇਗਾ। ਇਸ ਦੀ ਜਾਣਕਾਰੀ ਸੋਮਵਾਰ ਨੂੰ ਪਾਕਿਸਤਾਨ ਦੇ ਇਕ ਅਧਿਕਾਰੀ ਨੇ ਦਿੱਤੀ। ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟ ਡਾਇਰੈਕਟਰ ਆਤਿਫ਼ ਮਾਜਿਦ ਨੇ ਇਹ ਐਲਾਨ ਪਾਕਿਸਤਾਨੀ ਤੇ ਵਿਦੇਸ਼ੀ ਪੱਤਰਕਾਰਾਂ ਦੀ ਲਾਂਘੇ ਵਾਲੀ ਥਾਂ ਦੀ ਪਹਿਲੀ ਯਾਤਰਾ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਲਾਂਘੇ ਦਾ 86 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਸ ਨੂੰ 9 ਨਵੰਬਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਲਈ ਸ਼ਰਧਾਲੂਆਂ ਨੂੰ ਵੀਜ਼ੇ ਦੀ ਵੀ ਲੋੜ ਨਹੀਂ ਹੋਵੇਗੀ। ਪਾਕਿਸਤਾਨ ਇਸ ਲਾਂਘੇ ਦਾ ਨਿਰਮਾਣ ਭਾਰਤ ਨਾਲ ਲੱਗਦੀ ਸਰਹੱਦ ਤੋਂ ਲੈ ਕੇ ਕਰਤਾਰਪੁਰ ‘ਚ ਗੁਰਦੁਆਰਾ ਦਰਬਾਰ ਸਾਹਿਬ ਤਕ ਕਰ ਰਿਹਾ ਹੈ ਜਦਕਿ ਭਾਰਤ ਵੱਲੋਂ ਡੇਰਾ ਬਾਬਾ ਨਾਨਕ ਤੋਂ ਸਰਹੱਦ ਤਕ ਇਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਦੋਵੇਂ ਮੁਲਕ ਹਰ ਰੋਜ਼ 5,000 ਸਿੱਖ ਯਾਤਰੀਆਂ ਨੂੰ ਭੇਜਣ ‘ਤੇ ਸਹਿਮਤ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਵੰਡ ਤੋਂ ਬਾਅਦ ਇਹ ਪਹਿਲੀ ਵਾਰੀ ਹੋਵੇਗਾ ਜਦੋਂ ਵੀਜ਼ੇ ਤੋਂ ਬਿਨਾ ਕੋਈ ਵੀ ਵਿਅਕਤੀ ਇਕ ਤੋਂ ਦੂਜੇ ਦੇਸ਼ ਵਿਚ ਜਾ ਸਕੇਗਾ। ਮਾਜਿਦ ਨੇ ਕਿਹਾ ਕਿ ਰੋਜ਼ਾਨਾ 5,000 ਸਿੱਖ ਯਾਤਰੀਆਂ ਲਈ 76 ਇਮੀਗਰੇਸ਼ਨ ਕਾਊਂਟਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤ ‘ਚ ਪੰਜ ਹਜ਼ਾਰ ਸ਼ਰਧਾਲੂ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ ਅਤੇ ਬਾਅਦ ‘ਚ ਇਹ ਗਿਣਤੀ ਵਧਾ ਕੇ 10 ਹਜ਼ਾਰ ਕਰ ਦਿੱਤੀ ਜਾਵੇਗੀ ਜਿਸ ਲਈ 152 ਇਮੀਗਰੇਸ਼ਨ ਕਾਊਂਟਰ ਸਥਾਪਤ ਕੀਤੇ ਜਾਣਗੇ। ਮਾਜਿਦ ਨੇ ਕਿਹਾ ਕਿ ਜਿਹੜੇ ਸ਼ਰਧਾਲੂ ਬੱਸ ਰਾਹੀਂ ਆਉਣਗੇ, ਉਨ੍ਹਾਂ ਨੂੰ ਹਵਾਈ ਅੱਡੇ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਕਰਤਾਰਪੁਰ ਸਾਹਿਬ ‘ਚ ਦਾਖ਼ਲ ਹੋਣ ਵਾਲੇ ਹਰ ਸਿੱਖ ਦੇ ਉਂਗਲਾਂ ਦੇ ਨਿਸ਼ਾਨ (ਫਿੰਗਰਪ੍ਰਿੰਟ) ਲਏ ਜਾਣਗੇ। ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਸਿੱਖ ਯਾਤਰੀਆਂ ਨੂੰ ਮੁਫ਼ਤ ਖਾਣਾ ਤੇ ਦਵਾਈਆਂ ਮੁਹੱਈਆ ਕਰਵਾਏਗੀ। ਲਾਂਘੇ ਦੀ ਸੁਰੱਖਿਆ ਦਾ ਜ਼ਿੰਮਾ ਪੰਜਾਬ ਰੇਂਜਰਸ ਨੂੰ ਦਿੱਤਾ ਜਾਵੇਗਾ।
11 ਨਵੰਬਰ ਨੂੰ ਰਵਾਨਾ ਹੋਵੇਗਾ ਪਹਿਲਾ ਜਥਾ : ਕਲਾਨੌਰ : ਕਰਤਾਰਪੁਰ ਲਾਂਘੇ ਦਾ ਕੰਮ 70 ਫੀਸਦੀ ਤੋਂ ਜ਼ਿਆਦਾ ਪੂਰਾ ਹੋ ਚੁੱਕਾ ਹੈ। 31 ਅਕਤੂਬਰ ਤੱਕ ਲਾਂਘੇ ਤੇ ਟਰਮੀਨਲ ਦਾ ਕੰਮ ਪੂਰਾ ਕਰ ਲਿਆ ਜਾਵੇਗਾ। 11 ਨਵੰਬਰ ਨੂੰ ਲਾਂਘੇ ਤੋਂ ਸ਼ਰਧਾਲੂਆਂ ਦਾ ਪਹਿਲਾ ਜਥਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ। ਇਹ ਜਾਣਕਾਰੀ ਸੋਮਵਾਰ ਨੂੰ ਡੇਰਾ ਬਾਬਾ ਨਾਨਕ ਪੁੱਜੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਮੁੱਖ ਸਕੱਤਰ ਗੋਵਿੰਦ ਮੋਹਨ ਨੇ ਦਿੱਤੀ। ਉਹ ਕਰਤਾਰਪੁਰ ਲਾਂਘੇ, ਟਰਮੀਨਲ ਤੇ ਸਰਹੱਦ ‘ਤੇ ਬਣਾਏ ਜਾਣ ਵਾਲੇ ਦਰਸ਼ਨ ਸਥਾਨ ਦੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਸਨ। ਉਨ੍ਹਾਂ ਕਿਹਾ ਕਿ ਲੈਂਡ ਪੋਰਟ ਅਥਾਰਟੀ 50 ਏਕੜ ਵਿਚ ਟਰਮੀਨਲ ਦਾ ਨਿਰਮਾਣ ਕਰ ਰਹੀ ਹੈ। ਕੰਮ ਅਕਤੂਬਰ ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ। ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਮੈਂਬਰ ਅਖਿਲ ਸਕਸੈਨਾ ਨੇ ਦੱਸਿਆ ਕਿ ਟਰਮੀਨਲ ਦੇ ਨਿਰਮਾਣ ਵਿਚ ਇਸ ਵੇਲੇ ਇਕ ਹਜ਼ਾਰ ਤੋਂ ਜ਼ਿਆਦਾ ਲੇਬਰ ਦੇ ਬੰਦੇ ਲੱਗੇ ਹੋਏ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …