Breaking News
Home / ਹਫ਼ਤਾਵਾਰੀ ਫੇਰੀ / ਕਸ਼ਮੀਰ ਵਾਦੀ ‘ਚੋਂ ਹਿੰਦੂ ਪਰਿਵਾਰ ਕਰਨ ਲੱਗੇ ਹਿਜ਼ਰਤ

ਕਸ਼ਮੀਰ ਵਾਦੀ ‘ਚੋਂ ਹਿੰਦੂ ਪਰਿਵਾਰ ਕਰਨ ਲੱਗੇ ਹਿਜ਼ਰਤ

ਘੱਟ ਗਿਣਤੀ ਭਾਈਚਾਰੇ ‘ਚ ਡਰ ਦਾ ਮਾਹੌਲ ਵਧਿਆ
ਸ੍ਰੀਨਗਰ : ਦੱਖਣੀ ਕਸ਼ਮੀਰ ‘ਚ ਸ਼ੱਕੀ ਅੱਤਵਾਦੀਆਂ ਵੱਲੋਂ ਇਕ ਦਲਿਤ ਮਹਿਲਾ ਅਧਿਆਪਕਾ ਦੀ ਹੱਤਿਆ ਮਗਰੋਂ ਘੱਟ ਗਿਣਤੀ ਭਾਈਚਾਰੇ ਦੇ ਮੁਲਾਜ਼ਮਾਂ ‘ਚ ਡਰ ਦਾ ਮਾਹੌਲ ਵਧ ਗਿਆ ਹੈ ਜਿਸ ਕਾਰਨ ਕਰੀਬ 125 ਹਿੰਦੂ ਪਰਿਵਾਰ ਵਾਦੀ ‘ਚੋਂ ਹਿਜਰਤ ਕਰ ਗਏ ਹਨ। ਅਨੁਸੂਚਿਤ ਜਾਤਾਂ ਅਤੇ ਜਨਜਾਤੀਆਂ (ਐੱਸਸੀ ਐਂਡ ਐੱਸਟੀ) ਦੇ ਕਸ਼ਮੀਰ ‘ਚ ਕੰਮ ਕਰ ਰਹੇ ਮੁਲਾਜ਼ਮ ਵੀ ਕਸ਼ਮੀਰੀ ਪੰਡਿਤਾਂ ਵੱਲੋਂ ਦਿੱਤੇ ਜਾ ਰਹੇ ਧਰਨੇ ‘ਚ ਸ਼ਾਮਲ ਹੋ ਗਏ। ਸਾਰੇ ਮੁਲਾਜ਼ਮ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਜੰਮੂ ‘ਚ ਟਰਾਂਸਫਰ ਕੀਤਾ ਜਾਵੇ। ਖਿੱਤੇ ‘ਚ ਮਿੱਥ ਕੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਮੰਗਲਵਾਰ ਨੂੰ ਅੱਤਵਾਦੀਆਂ ਨੇ ਕੁਲਗਾਮ ਜ਼ਿਲ੍ਹੇ ਦੇ ਇਕ ਸਕੂਲ ਅੰਦਰ ਅਧਿਆਪਕਾ ਰਜਨੀ ਬਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਾਰਾਮੂਲਾ ਦੀ ਹਿੰਦੂ ਕਸ਼ਮੀਰੀ ਪੰਡਿਤ ਕਾਲੋਨੀ ਦੇ ਆਗੂ ਅਵਤਾਰ ਕ੍ਰਿਸ਼ਨ ਭੱਟ ਨੇ ਕਿਹਾ ਕਿ ਇਲਾਕੇ ‘ਚ ਰਹਿੰਦੇ ਕਰੀਬ 350 ਪਰਿਵਾਰਾਂ ‘ਚੋਂ ਅੱਧੇ ਮੰਗਲਵਾਰ ਤੋਂ ਇਥੋਂ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ ਅਸੀਂ ਵੀ ਟਰੱਕ ਡਰਾਈਵਰਾਂ ਨਾਲ ਗੱਲਬਾਤ ਕੀਤੀ ਹੋਈ ਹੈ ਕਿਉਂਕਿ ਸਾਨੂੰ ਕਿਸੇ ਵੀ ਸਮੇਂ ਘਰ-ਬਾਰ ਛੱਡਣਾ ਪੈ ਸਕਦਾ ਹੈ। ਮਿੱਥ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਕਾਰਨ ਅਸੀਂ ਸਦਮੇ ‘ਚ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਫੌਰੀ ਕਿਸੇ ਸੁਰੱਖਿਅਤ ਥਾਂ ‘ਤੇ ਭੇਜੇ। ਕਸ਼ਮੀਰੀ ਪੰਡਿਤਾਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਕਸ਼ਮੀਰ ਛੱਡਣ ਤੋਂ ਰੋਕਣ ਲਈ ਸ੍ਰੀਨਗਰ ਦੀ ਇੰਦਰਾ ਨਗਰ ਕਾਲੋਨੀ ਨੂੰ ਸੀਲ ਕਰ ਦਿੱਤਾ ਹੈ। ਕੈਂਪਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਜਿਥੇ ਕਈ ਹਜ਼ਾਰ ਕਸ਼ਮੀਰ ਪੰਡਿਤ ਪਰਿਵਾਰ ਰਹਿ ਰਹੇ ਹਨ। ਉਧਰ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਕਿਸੇ ਸੁਰੱਖਿਅਤ ਥਾਂ ‘ਤੇ ਨਾ ਵਸਾਇਆ ਤਾਂ ਉਹ ਵਾਦੀ ਛੱਡ ਕੇ ਚਲੇ ਜਾਣਗੇ। ਲਗਾਤਾਰ ਜਾਰੀ ਪ੍ਰਦਰਸ਼ਨਾਂ ਮਗਰੋਂ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਹੁਣ ਫੈਸਲਾ ਲਿਆ ਹੈ ਕਿ ਪ੍ਰਧਾਨ ਮੰਤਰੀ ਮੁੜ ਵਸੇਬਾ ਪੈਕੇਜ ਤਹਿਤ ਕੰਮ ਕਰ ਰਹੇ ਸਾਰੇ 4500 ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੂੰ 6 ਜੂਨ ਤੱਕ ਕਿਸੇ ਸੁਰੱਖਿਅਤ ਥਾਂ ‘ਤੇ ਤਾਇਨਾਤ ਕੀਤਾ ਜਾਵੇਗਾ। ਇਕ ਅਧਿਕਾਰੀ ਨੇ ਦੱਸਿਆ ਕਿ ਕਰੀਬ 4500 ਪਰਵਾਸੀ ਮੁਲਾਜ਼ਮ ਜ਼ਿਲ੍ਹੇ ਜਾਂ ਮਿਉਂਸਿਪਲ ਦੀ ਹੱਦ ਅੰਦਰ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਕਰੀਬ 500 ਮੁਲਾਜ਼ਮਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਅਨੁਸੂਚਿਤ ਜਾਤਾਂ ਦੇ ਮੁਲਾਜ਼ਮਾਂ ਨੇ ਕਸ਼ਮੀਰ ਦੇ ਸਿੱਖਿਆ ਨਿਰਦੇਸ਼ਕ ਨੂੰ ਚਿੱਠੀ ਸੌਂਪ ਕੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਸੁਰੱਖਿਆ ਦੀ ਗਾਰੰਟੀ ਪ੍ਰਸ਼ਾਸਨ ਵੱਲੋਂ ਨਹੀਂ ਲਈ ਜਾਂਦੀ, ਉਹ ਆਪਣੀ ਡਿਊਟੀ ‘ਤੇ ਹਾਜ਼ਰ ਨਹੀਂ ਹੋਣਗੇ ਅਤੇ ਕਸ਼ਮੀਰ ਛੱਡ ਕੇ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਜਾਨ ਦਾ ਖੌਅ ਬਣਨ ਕਾਰਨ ਉਹ ਕੰਮ ‘ਤੇ ਨਹੀਂ ਆ ਸਕਦੇ ਹਨ।
ਕਸ਼ਮੀਰੀ ਪੰਡਿਤ ਪ੍ਰਦਰਸ਼ਨ ਕਰ ਰਹੇ ਨੇ ਪਰ ਭਾਜਪਾ ਜਸ਼ਨ ਮਨਾਉਣ ‘ਚ ਰੁੱਝੀ: ਰਾਹੁਲ
ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕਸ਼ਮੀਰੀ ਪੰਡਿਤ ਪ੍ਰਦਰਸ਼ਨ ਕਰ ਰਹੇ ਹਨ ਪਰ ਭਾਜਪਾ ਮੋਦੀ ਸਰਕਾਰ ਦੇ ਅੱਠ ਸਾਲਾਂ ਦੇ ਜਸ਼ਨ ਮਨਾਉਣ ‘ਚ ਰੁੱਝੀ ਹੋਈ ਹੈ। ਉਨ੍ਹਾਂ ਇਹ ਟਿੱਪਣੀ ਉਸ ਸਮੇਂ ਕੀਤੀ ਹੈ ਜਦੋਂ ਇਕ ਦਿਨ ਪਹਿਲਾ ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਸਕੂਲ ਅਧਿਆਪਕਾ ਦਾ ਅੱਤਵਾਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕਸ਼ਮੀਰ ‘ਚ ਪਿਛਲੇ ਪੰਜ ਮਹੀਨਿਆਂ ‘ਚ 15 ਸੁਰੱਖਿਆ ਕਰਮੀ ਸ਼ਹੀਦ ਹੋ ਗਏ ਅਤੇ 18 ਆਮ ਨਾਗਰਿਕ ਮਾਰੇ ਗਏ। ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਿਤ ਤਿੰਨ ਹਫਤਿਆਂ ਤੋਂ ਧਰਨੇ ‘ਤੇ ਬੈਠੇ ਹਨ ਪਰ ਭਾਜਪਾ ਅੱਠ ਸਾਲਾਂ ਦੇ ਜਸ਼ਨ ਮਨਾਉਣ ‘ਚ ਰੁੱਝੀ ਹੋਈ ਹੈ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …