ਡਗ ਫੋਰਡ ਦੀ ਪਾਰਟੀ ਨੇ ਦੋ ਤਿਹਾਈ ਬਹੁਮਤ ਕੀਤਾ ਹਾਸਲ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਸੱਤਾਧਾਰੀ ਪੀਸੀ ਪਾਰਟੀ ਨੇ ਮੁੜ ਤੋਂ ਸੱਤਾ ਹਾਸਲ ਕਰ ਲਈ ਹੈ। ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਵਿਚ ਪੀਸੀ ਪਾਰਟੀ ਨੇ ਨਾ ਸਿਰਫ਼ ਭਾਰੀ ਬਹੁਮਤ ਨਾਲ ਚੋਣ ਜਿੱਤੀ ਹੈ ਬਲਕਿ ਪਿਛਲੀ ਵਾਰ ਨਾਲੋਂ ਵੀ ਵੱਧ ਸੀਟਾਂ ਜਿੱਤ ਕੇ ਲਗਭਗ ਦੋ ਤਿਹਾਈ ਬਹੁਮਤ ਹਾਸਲ ਕਰ ਲਿਆ। ਤਾਜ਼ਾ ਨਤੀਜਿਆਂ ਮੁਤਾਬਕ ਪੀਸੀ ਪਾਰਟੀ ਨੇ 83, ਐਨਡੀਪੀ 31, ਲਿਬਰਲ 08, ਗੀ੍ਰਨ ਪਾਰਟੀ 01 ਅਤੇ ਅਜ਼ਾਦ ਉਮਦੀਵਾਰ 01 ਸੀਟ ਜਿੱਤਣ ਵਿਚ ਕਾਮਯਾਬ ਰਹੇ। ਜ਼ਿਕਰਯੋਗ ਹੈ ਕਿ ਪੀਸੀ ਪਾਰਟੀ ਨੂੰ ਬਹੁਮਤ ਹਾਸਲ ਕਰਨ ਲਈ 124 ਸੀਟਾਂ ਵਾਲੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿਚ ਸਿਰਫ਼ 63 ਸੀਟਾਂ ਜਿੱਤਣ ਦੀ ਲੋੜ ਸੀ। ਪ੍ਰੰਤੂ 83 ਸੀਟਾਂ ਜਿੱਤ ਕੇ ਪੀਸੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ।
ਜੇਕਰ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ ਪੀਲ ਰੀਜਨ ਵਿਚ ਪੀਸੀ ਪਾਰਟੀ ਦੇ ਸਾਰੇ ਪੰਜਾਬੀ ਉਮੀਦਵਾਰ ਚੋਣ ਜਿੱਤ ਗਏ ਹਨ ਜਿਨ੍ਹਾਂ ਵਿਚ ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ, ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ, ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ, ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ, ਮਿਸੀਸਾਗਾ ਸਟਰੀਟਸ ਵਿਲ ਤੋਂ ਨੀਨਾ ਤਾਂਗੜੀ ਦਾ ਨਾਮ ਜ਼ਿਕਰਯੋਗ ਹੈ। ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬਰੈਂਪਟਨ ਅਤੇ ਮਿਸੀਸਾਗਾ ਤੋਂ ਐਨਡੀਪੀ ਅਤੇ ਲਿਬਰਲ ਨੂੰ ਇਕ ਵੀ ਸੀਟ ਨਹੀਂ ਮਿਲੀ ਅਤੇ ਪੀਸੀ ਪਾਰਟੀ ਨੇ ਸਾਰੀਆਂ ਸੀਟਾਂ ਜਿੱਤ ਕੇ ਐਨਡੀਪੀ ਅਤੇ ਲਿਬਰਲ ਨੂੰ ਵੱਡਾ ਝਟਕਾ ਦਿੱਤਾ ਹੈ। ਐਨਡੀਪੀ ਲਈ ਇਹ ਵੀ ਗੱਲ ਵੀ ਚਿੰਤਾਜਨਕ ਹੈ ਕਿ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਖੁੱਲ੍ਹ ਕੇ ਪ੍ਰੋਵਿੰਸ਼ੀਅਲ ਐਨਡੀਪੀ ਉਮੀਦਵਾਰਾਂ ਦੇ ਹੱਕ ਚੋਣ ਪ੍ਰਚਾਰ ਕਰਨ ਦੇ ਬਾਵਜੂਦ ਵੀ ਐਨਡੀਪੀ ਪਿਛਲੀਆਂ ਜਿੱਤੀਆਂ ਤਿੰਨ ਸੀਟਾਂ ਵੀ ਹਾਰ ਗਈ। ਇਨ੍ਹਾਂ ਚੋਣ ਨਤੀਜਿਆਂ ਵਿਚ ਇਕ ਹੋਰ ਖਾਸ ਗੱਲ ਦੇਖਣ ਨੂੰ ਇਹ ਵੀ ਮਿਲੀ ਕਿ ਲੋਕਾਂ ਵਿਚ ਇਨ੍ਹਾਂ ਚੋਣਾਂ ਨੂੰ ਲੈ ਕੇ ਕੋਈ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਅਤੇ ਕੁੱਲ 25 ਫੀਸਦੀ ਵੋਟਾਂ ਹੀ ਓਨਟਾਰੀਓ ਵਿਚ ਪਾਈਆਂ ਗਈਆਂ, ਜਿਸ ਦਾ ਫਾਇਦਾ ਵੱਡੇ ਪੱਧਰ ‘ਤੇ ਪੀਸੀ ਪਾਰਟੀ ਨੂੰ ਪਹੁੰਚਿਆ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …