-0.1 C
Toronto
Sunday, February 15, 2026
spot_img
Homeਮੁੱਖ ਲੇਖਵਾਤਾਵਰਨ ਬਹੁਪੱਖੀ ਤੇ ਬਹੁਪਰਤੀ ਸਮੱਸਿਆ

ਵਾਤਾਵਰਨ ਬਹੁਪੱਖੀ ਤੇ ਬਹੁਪਰਤੀ ਸਮੱਸਿਆ

ਡਾ. ਸ਼ਿਆਮ ਸੁੰਦਰ ਦੀਪਤੀ
ਜਦੋਂ ਵਾਤਾਵਰਨ ਦੀ ਗੱਲ ਹੁੰਦੀ ਹੈ ਤਾਂ ਧਿਆਨ ਹਵਾ-ਪਾਣੀ ‘ਤੇ ਚਲਾ ਜਾਂਦਾ ਹੈ ਅਤੇ ਅਸੀਂ ਹਵਾ-ਪਾਣੀ ਦੇ ਪ੍ਰਦੂਸ਼ਣ ਬਾਰੇ ਚਿੰਤਾ ਜ਼ਾਹਿਰ ਕਰਦੇ ਹਾਂ। ਵਾਤਾਵਰਨ ਨਾਲ ਜੁੜੇ ਵਿਗਿਆਨੀ ਅਤੇ ਮਾਹਿਰ ਵਧ ਰਹੀ ਕਾਰਬਨ ਡਾਇਆਕਸਾਈਡ ਦੀ ਮਾਤਰਾ ਕਾਰਨ ਧਰਤੀ ਉਤੇ ਪੈ ਰਹੇ ਮਾਰੂ ਅਸਰਾਂ ਬਾਰੇ ਪੇਸ਼ੀਨਗੋਈ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਵਧ ਰਹੇ ਤਾਪਮਾਨ ‘ਤੇ ਨਜ਼ਰ ਰੱਖ ਰਹੇ ਵਿਗਿਆਨੀ ਗਲੇਸ਼ੀਅਰਾਂ ਦੇ ਪਿਘਲਣ ਅਤੇ ਸਮੁੰਦਰ ਪੱਧਰ ਉੱਚਾ ਹੋਣ ਕਾਰਨ ਹੋਣ ਵਾਲੇ ਨੁਕਸਾਨ, ਕਈ ਟਾਪੂਆਂ ਦੇ ਲੋਪ ਹੋਣ ਅਤੇ ਸਮੁੰਦਰੀ ਕਿਨਾਰਿਆਂ ‘ਤੇ ਵਸੀ ਆਬਾਦੀ ਬਾਬਤ ਚਿੰਤਾ ਪ੍ਰਗਟਾਉਂਦੇ ਹਨ। ਓਜ਼ੋਨ ਪਰਤ ਵਿਚ ਹੋ ਰਹੇ ਸੁਰਾਖ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਖਤਰੇ ਪ੍ਰਗਟਾਏ ਜਾ ਰਹੇ ਹਨ। ਸਿਹਤ ਮਾਹਿਰ ਬਦਲ ਰਹੇ ਮੌਸਮ, ਮੀਂਹ ਅਤੇ ਨਮੀ ਨਾਲ ਤਾਪਮਾਨ ਦੀ ਤਬਦੀਲੀ ਦੇ ਮੱਦੇਨਜ਼ਰ ਮਲੇਰੀਆ, ਡੇਂਗੂ ਬਾਰੇ ਫਿਕਰ ਜਤਾ ਰਹੇ ਹਨ। ਕਰੋਨਾ ਮਹਾਮਾਰੀ ਨੇ ਸੰਸਾਰ ਨੂੰ ਝੰਜੋੜਿਆ ਹੈ ਤੇ ਉਸ ਦੇ ਕਾਰਨਾਂ ਵਿਚ ਵੀ ਕਿਤੇ ਨਾ ਕਿਤੇ ਵਾਤਾਵਰਨ ‘ਤੇ ਉਂਗਲ ਟਿਕਦੀ ਹੈ। ਵਾਤਾਵਰਨ ਬਾਰੇ ਬਹੁਤਿਆਂ ਦੀ ਸਮਝ ਇਹੀ ਹੈ।
ਸਵੀਡਨ ਦੀ ਵਿਦਿਆਰਥਣ ਗਰੇਟਾ ਥਨਬਰਗ ਨੇ 2015 ਵਿਚ ਆਪਣੇ ਸਕੂਲ ਦੇ ਵਿਦਿਆਰਥੀਆਂ ਨਾਲ ਵਾਤਾਵਰਨ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਖਬਰਦਾਰ ਕੀਤਾ। ਉਸ ਨੂੰ ਕਿਸੇ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਕੰਮਾਂ ਵਿਚ ਕਿਉਂ ਪੈ ਰਹੀ ਹੈ; ਉਹ ਪੜ੍ਹੇ, ਆਪਣਾ ਕੈਰੀਅਰ ਬਣਾਵੇ। ਉਸ ਦਾ ਜਵਾਬ ਸੀ, ਜੇ ਇਹ ਧਰਤੀ ਹੀ ਨਾ ਰਹੀ ਤਾਂ ਕੁਝ ਬਣ ਕੇ ਵੀ ਕੀ ਕਰਾਂਗੇ। ਇਹ ਨਿਰਾਸ਼ਾ ਭਰੇ ਬੋਲ ਹਨ ਪਰ ਇਨ੍ਹਾਂ ਵਿਚ ਸਾਰਥਕ ਸੁਨੇਹਾ ਹੈ ਕਿ ਅਸੀਂ ਆਪਣੀਆਂ ਹਰਕਤਾਂ ਨਾਲ, ਇਸ ਜਿਊਣ ਜੋਗੀ ਧਰਤੀ ਨੂੰ ਮੁਕਾਉਣ ‘ਤੇ ਲੱਗੇ ਹੋਏ ਹਨ। ਸਾਰੀ ਦੁਨੀਆ ਦੇ ਮੁਲਕ ਵਾਤਾਵਰਨ ਬਾਰੇ ਆਪਣੀ ਫਿਕਰ ਦੇ ਮੱਦੇਨਜ਼ਰ ਹਰ ਸਾਲ ਕਿਸੇ ਨਾ ਕਿਸੇ ਮੁਲਕ ਵਿਚ ਇਕੱਠੇ ਹੋ ਕੇ ਵਿਚਾਰ-ਚਰਚਾ ਕਰਦੇ ਹਨ। 2022 ਵਿਚ ਉਹ ਮਿਸਰ ਵਿਚ ਇਕੱਠੇ ਹੋ ਰਹੇ ਹਨ। ਸਾਰੇ ਮਿਲ ਕੇ ਵਾਤਾਵਰਨ ਬਚਾਉਣ ਲਈ ਟੀਚੇ ਮਿੱਥਦੇ ਹਨ ਅਤੇ ਸਭ ਤੋਂ ਵੱਡਾ ਟੀਚਾ ਹੁੰਦਾ ਹੈ ਕਾਰਬਨ ਡਾਈਆਕਸਾਈਡ ਦੀ ਮਾਤਰਾ ਘੱਟ ਕਰਨਾ। 2021 ਵਿਚ ਕਾਨਫਰੰਸ ਗਲਾਸਗੋ ਵਿਚ ਹੋਈ ਜੋ ਨਿਰੋਲ ਕਾਰਬਨ ਦੇ ਮੁੱਦੇ ‘ਤੇ ਕੇਂਦਰਿਤ ਸੀ ਪਰ ਵੱਡੇ ਸਰਮਾਏਦਾਰ ਮੁਲਕ ਜੋ ਇਨ੍ਹਾਂ ਵਿਗਾੜਾਂ ਵਿਚ ਸਭ ਤੋਂ ਵੱਧ ਹਿੱਸਾ ਪਾ ਰਹੇ ਹਨ (ਜਿਵੇਂ ਅਮਰੀਕਾ), ਅਕਸਰ ਪਿੱਛੇ ਹਟ ਜਾਂਦੇ ਹਨ; ਇਹ ਵੀ ਕਿਹਾ ਜਾ ਸਕਦਾ ਹੈ ਕਿ ਪਾਸ ਕੀਤੀਆਂ ਗੱਲਾਂ ਨੂੰ ਅੰਗੂਠਾ ਦਿਖਾ ਜਾਂਦੇ ਹਨ। ਵਾਤਾਵਰਨ ਸਹੀ ਅਰਥਾਂ ਵਿਚ ਬਹੁਤ ਵਸੀਹ ਪਹਿਲੂ ਹੈ। ਜੇ ਹੋਰ ਸਾਧਾਰਨ ਸ਼ਬਦਾਂ ਵਿਚ ਕਹੀਏ ਅਤੇ ਸਮਝੀਏ ਤਾਂ ਵਾਤਾਵਰਨ ਸਾਡਾ ਆਲਾ-ਦੁਆਲਾ ਹੈ। ਆਲੇ ਦੁਆਲੇ ਵਿਚ ਸਭ ਤੋਂ ਅਹਿਮ ਅਤੇ ਮਹਿਸੂਸ ਹੋਣ ਵਾਲੀ ਹਵਾ ਹੈ ਜੋ ਜ਼ਿੰਦਗੀ ਨਾਲ ਸਿੱਧੀ ਜੁੜਦੀ ਹੈ; ਦੂਸਰਾ ਸਭਿਅਤਾ ਦਾ ਇਤਿਹਾਸ ਪਾਣੀ ਦੇ ਇਰਦ-ਗਿਰਦ ਉਸਰਿਆ ਹੈ। ਇਕ ਹੋਰ ਅਹਿਮ ਪਹਿਲੂ ਹੈ ਲੋਕ, ਸਾਡੇ ਆਲੇ-ਦੁਆਲੇ ਵਿਚ ਵਸੇ ਲੋਕ, ਸਮਾਜ। ਫਿਰ ਹੌਲੀ-ਹੌਲੀ ਸਿਹਤ ਦੀ ਗੱਲ ਆਈ ਅਤੇ ਬਿਮਾਰੀਆਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਹੋਣ ਲੱਗੀ। ਬਿਮਾਰੀ ਨਾਲ ਜੁੜੇ ਤਾਂ ਵਾਤਾਵਰਨ ਨੂੰ ਭੌਤਿਕ, ਰਸਾਇਣਕ ਜੀਵਕ ਵਜੋਂ ਸਮਝਿਆ ਗਿਆ। ਮਨੁੱਖਾਂ ਨਾਲ ਰਹਿੰਦਿਆਂ ਆਪਸੀ ਰਿਸ਼ਤਿਆਂ ਨੂੰ ਵੀ ਇਸ ਪ੍ਰਸੰਗ ਵਿਚ ਦੇਖਿਆ। ਮਾਨਸਿਕ ਵਿਕਾਰਾਂ ਅਤੇ ਰੋਗਾਂ ਲਈ ਕਾਰਨਾਂ ਦੀ ਨਿਸ਼ਾਨਦੇਹੀ ਹੋਈ ਤਾਂ ਫਿਰ ਸਮਾਜਿਕ ਅਤੇ ਮਨੋਵਿਗਿਆਨਕ ਵਾਤਾਵਰਨ ਵੀ ਇਸ ਸਮਝ ਦਾ ਹਿੱਸਾ ਬਣੇ। ਸਮਾਜਿਕ ਵਾਤਾਵਰਨ ਵਿਚ ਜੇ ਸਮਾਜ ਹੈ, ਰਿਸ਼ਤੇ ਹਨ ਤਾਂ ਮਨੁੱਖ ਅਲਗ-ਅਲਗ ਵਰਗਾਂ ਵਿਚ ਰਹਿੰਦੇ ਹਨ।
ਮਨੁੱਖੀ ਰਿਸ਼ਤਿਆਂ ਵਿਚ ਸਾਵਾਂਪਣ ਬਣਿਆ ਰਹੇ, ਇਸ ਲਈ ਹੋਰ ਕਈ ਪੱਖ ਵੀ ਆਪਣੀ ਭੂਮਿਕਾ ਨਿਭਾਉਂਦੇ ਹਨ; ਜਿਵੇਂ ਆਰਥਿਕਤਾ, ਵਿਅਕਤੀ ਦੀ ਖਰੀਦ ਸ਼ਕਤੀ ਜੋ ਸਿੱਧੇ ਅਸਿੱਧੇ ਤੌਰ ‘ਤੇ ਸਿਹਤ ਨਾਲ ਜੁੜਦੀ ਹੈ। ਖਰੀਦ ਸ਼ਕਤੀ ਦਾ ਇਕ ਪਹਿਲੂ ਖੁਰਾਕ ਹੈ ਜੋ ਪਹਿਲੀ ਲੋੜ ਹੈ। ਫਿਰ ਕੱਪੜਾ ਅਤੇ ਮਕਾਨ ਆਉਂਦੇ ਹਨ; ਜੇ ਗਿਣਨੇ ਸ਼ੁਰੂ ਕਰੀਏ ਤਾਂ ਸੂਚੀ ਨਾ ਮੁੱਕਣ ਵਾਲੀ ਹੈ। ਆਰਥਿਕਤਾ ਸਮਾਜ ਵਿਚ ਅਮੀਰੀ ਗਰੀਬੀ ਨਾਲ ਜੁੜਦੀ ਹੈ ਤੇ ਫਿਰ ਲੋਕਾਂ ਵਿਚ ਪਾੜੇ ਦੀ ਗੱਲ ਆਉਂਦੀ ਹੈ। ਸਮਾਜ ਵਿਚ ਚੰਗਾ ਵਾਤਾਵਰਨ ਬਣਿਆ ਰਹੇ ਤਾਂ ਕੋਸ਼ਿਸ਼ ਹੁੰਦੀ ਹੈ ਕਿ ਇਹ ਪਾੜਾ ਘੱਟ ਤੋਂ ਘੱਟ ਹੋਵੇ। ਇਹ ਹਾਲਤ ਪਰਿਵਾਰਕ ਪੱਧਰ ਤੋਂ ਲੈ ਕੇ, ਕਬੀਲੇ ਅਤੇ ਵੱਡੇ ਪ੍ਰਸੰਗ ਵਿਚ ਰਾਜ/ਸ਼ਾਸਨ ਤਕ ਜਾਂਦੀ ਹੈ। ਫਿਰ ਇਕ ਹੋਰ ਪਹਿਲੂ ਅਹਿਮ ਹੋ ਜਾਂਦਾ ਹੈ ਜੋ ਸਿਆਸੀ ਵਾਤਾਵਰਨ ਦਾ ਹੁੰਦਾ ਹੈ। ਇਸ ਵਾਤਾਵਰਨ ਤਹਿਤ ਸਮਾਜ ਨੂੰ ਨੇਮਾਂ ਹੇਠ ਚਲਾਉਂਦੇ ਰੱਖਣ ਦੀ ਗੱਲ ਹੁੰਦੀ ਹੈ। ਫਿਰ ਕਾਨੂੰਨ, ਨੀਤੀਆਂ ਅਤੇ ਲੋਕਾਂ ਲਈ ਪ੍ਰੋਗਰਾਮ ਤੇ ਪ੍ਰਾਜੈਕਟ ਬਣਦੇ ਹਨ ਜਿਨ੍ਹਾਂ ਦਾ ਮਕਸਦ ਮੁਲਕ ਜਾਂ ਰਾਜ ਵਿਚ ਇਕਸਾਰਤਾ ਬਣਾਈ ਰੱਖਣਾ ਹੁੰਦਾ ਹੈ। ਵਾਤਾਵਰਨ ਦੀ ਅਹਿਮੀਅਤ ਸਮਝਣ ਲਈ ਮਨੁੱਖ ਨੂੰ ਕੇਂਦਰ ਵਿਚ ਰੱਖ ਕੇ ਉਸ ਦੇ ਕਿਰਦਾਰ, ਵਿਹਾਰ ਨੂੰ ਸਮਝਣਾ ਜ਼ਰੂਰੀ ਹੈ। ਆਖਰ ਮਕਸਦ ਤਾਂ ਇਹੀ ਹੈ ਕਿ ਮਨੁੱਖ ਸਿਹਤਮੰਦ ਰਹੇ। ਸਿਹਤ ਵਿਚ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਵੀ ਸ਼ਾਮਿਲ ਹੈ। ਇਸ ਲਈ ਆਲੇ-ਦੁਆਲੇ ਭਾਵੇਂ ਤਪਸ਼ ਵਧ ਰਹੀ ਹੈ ਜਾਂ ਕੜਾਕੇ ਦੀ ਠੰਢ ਹੈ, ਹਵਾ ਵਿਚ ਧੂੜ ਤੇ ਧੂੰਆਂ ਹਨ ਜਾਂ ਵਾਇਰਸ ਤੇ ਬੈਕਟੀਰੀਆ ਹਨ, ਫੈਕਟਰੀਆਂ ਵਿਚ ਤਿਆਰ ਹੋ ਰਹੇ ਸਮਾਨ ਦੌਰਾਨ ਫੈਕਟਰੀ ਦੇ ਮਾਹੌਲ ਵਿਚ ਰਸਾਇਣ ਕਣ ਹਨ ਜਾਂ ਸਮਾਜ ਵਿਚ ਆਪਸੀ ਰਿਸ਼ਤਿਆਂ ਨੂੰ ਲੈ ਕੇ ਤਣਾਅ ਹੈ। ਇਸੇ ਤਰ੍ਹਾਂ ਪਰਿਵਾਰ ਵਿਚ ਜਾਂ ਕੰਮ ਵਾਲੀ ਥਾਂ ‘ਤੇ ਆਪਸੀ ਰਿਸ਼ਤਿਆਂ ਵਿਚ ਸਾਵਾਂਪਨ ਨਹੀਂ ਹੈ। ਇਸ ਤੋਂ ਵੀ ਅੱਗੇ, ਅੱਜ ਦੇ ਸਰਮਾਏਦਾਰੀ ਯੁੱਗ ਵਿਚ ਪੈਸੇ ਦੀ ਅੰਨ੍ਹੀ ਦੌੜ ਕਾਰਨ ਮੁਕਾਬਲੇ ਦਾ ਜੋ ਆਲਮ ਹੈ, ਉਹ ਮਾਨਸਿਕ ਰੋਗਾਂ ਨੂੰ ਜਨਮ ਦੇ ਰਿਹਾ ਹੈ। ਅਜਿਹੀ ਹਾਲਤ ਦੇ ਮੱਦੇਨਜਰ ਮਾਨਸਿਕ ਰੋਗਾਂ ਦੇ ਕਾਰਨ ਵੀ ਸਪਸ਼ਟ ਉਲੀਕੇ ਨਹੀਂ ਜਾ ਰਹੇ। ਬੰਦੇ ਦੀ ਹਾਲਤ ਦੇ ਮੱਦੇਨਜ਼ਰ ਮਾਹਿਰ ਡਾਕਟਰ ਦੱਸਦੇ ਹਨ ਕਿ ਧੂੰਏਂ ਨੇ ਫੇਫੜੇ ਖਰਾਬ ਕੀਤੇ ਹਨ ਤੇ ਵਾਇਰਸ ਨਾਲ ਕਰੋਨਾ ਹੋ ਗਿਆ ਹੈ ਜਾਂ ਕੋਈ ਹੋਰ ਅਜਿਹੀ ਬਿਮਾਰੀ। ਮਨੁੱਖੀ ਵਿਕਾਸ ਦਰ ਦੀ ਗੱਲ ਕਰੀਏ ਤਾਂ ਇਸ ਦੇ ਮਾਪਦੰਡ ਵਿਚ ਸਿਹਤ, ਸਿਖਿਆ, ਪ੍ਰਤੀ ਵਿਅਕਤੀ ਆਮਦਨ ਨਾਲ ਸਾਰਿਆਂ ਦੇ ਕੁਲ ਜੋੜ ਤੋਂ ਪਤਾ ਲਗਦਾ ਹੈ ਕਿ ਕੋਈ ਵੀ ਮੁਲਕ ਕਿਸ ਪਾਸੇ ਜਾ ਰਿਹਾ ਹੈ। ਇਹ ਮੁਲਕ ਦੇ ਸਮਾਜਿਕ ਅਤੇ ਸਿਆਸੀ ਵਾਤਾਵਰਨ ਵੱਲ ਇਸ਼ਾਰਾ ਕਰਦੇ ਹਨ।
ਪਿਛਲੇ ਕਾਫ਼ੀ ਸਮੇਂ ਤੋਂ ਦਰਜਾਬੰਦੀ ਮੁਤਾਬਿਕ ਸਾਡਾ ਮੁਲਕ 130 ਦੇ ਨੇੜੇ-ਤੇੜੇ ਰਹਿੰਦਾ ਹੈ। ਦੁਨੀਆ ਦੇ 189 ਮੁਲਕਾਂ ਵਿਚ ਭਾਰਤ ਦੀ ਇਹ ਥਾਂ ਮੁਲਕ ਦੇ ਵਾਤਾਵਰਨ ਬਾਰੇ ਕਈ ਸਵਾਲ ਖੜ੍ਹੇ ਕਰਦੀ ਹੈ। ਇਸ ਮਨੁੱਖੀ ਵਿਕਾਸ ਸੂਚਕ ਅੰਕ ਨਾਲ ਜੇ ਗਲੋਬਲ ਭੁੱਖਮਰੀ ਸੂਚਕ ਅੰਕ ਜੋੜ ਕੇ ਦੇਖੀਏ ਤਾਂ ਹਾਲਤ ਹੋਰ ਸਾਫ਼ ਹੋਵੇਗੀ ਅਤੇ ਕਈ ਅਹਿਮ ਪਹਿਲੂ ਸਾਹਮਣੇ ਆਉਣਗੇ। ਹਾਲਤ ਇਹ ਹੈ ਕਿ ਦੁਨੀਆ ਦੇ 116 ਮੁਲਕਾਂ ਵਿਚੋਂ ਅਸੀਂ 102ਵੇਂ ਨੰਬਰ ‘ਤੇ ਹਾਂ। ਵਾਤਾਵਰਨ ਦੀ ਬਦਲ ਰਹੀ ਹਾਲਤ ਸਦਕਾ ਇਸ ਦੇ ਹੋਰ ਗੰਭੀਰ ਸਿੱਟੇ ਆਉਣ ਦਾ ਖ਼ਦਸ਼ਾ ਹੈ। ਮਨੁੱਖ ਇਸ ਧਰਤੀ ‘ਤੇ ਵਿਕਸਿਤ ਹੋਇਆ ਤੇ ਅੱਜ ਆਪਣੇ ਜੀਵ ਜਗਤ ਵਿਚੋਂ ਸਿਖਰ ‘ਤੇ ਹੈ। ਉਸ ਕੋਲ ਸੂਝਵਾਨ, ਤਰਕਸ਼ੀਲ ਦਿਮਾਗ ਵੀ ਹੈ। ਉਸ ਨੂੰ ਫੈਸਲੇ ਕਰਨ, ਸੋਚਣ ਅਤੇ ਚੰਗੇ ਬੁਰੇ ਵਿਚ ਫਰਕ ਕਰਨ ਦੀ ਦੀ ਜਾਚ ਹੈ। ਉਹ ਜੋ ਵੀ ਕਰਦਾ ਹੈ, ਆਖ਼ਿਰੀ ਮਕਸਦ ਖੁਸ਼ੀ ਅਤੇ ਸੰਤੁਸ਼ਟੀ ਹੈ। ਹੁਣ ਤਾਂ ਖੁਸ਼ੀ ਦਾ ਸੂਚਕ ਅੰਕ ਵੀ ਕੱਢਿਆ ਜਾਂਦਾ ਹੈ। ਇਸੇ ਸਾਲ 2022 ਦੀ ਰਿਪੋਰਟ ਮੁਤਾਬਕ ਅਸੀਂ ਦੁਨੀਆ ਵਿਚੋਂ 156 ਵਿਚੋਂ 136ਵੇਂ ਥਾਂ ‘ਤੇ ਹਾਂ। ਕੌਮਾਂਤਰੀ ਪੱਧਰ ‘ਤੇ ਜਦੋਂ ਖੁਸ਼ੀ ਦਾ ਸੂਚਕ ਅੰਕ ਤਿਆਰ ਕੀਤਾ ਜਾਂਦਾ ਹੈ ਤਾਂ ਉਸ ਵਿਚ ਮਾਨਸਿਕ ਤੌਰ ‘ਤੇ ਸੰਤੁਸ਼ਟੀ ਸਰੀਰਕ ਸਿਹਤ, ਸਿੱਖਿਆ, ਸਮੇਂ ਦਾ ਸਹੀ ਇਸਤੇਮਾਲ, ਸਭਿਆਚਾਰਕ ਵੰਨ-ਸਵੰਨਤਾ ਦੀ ਇੱਜ਼ਤ, ਸਰਕਾਰੀ ਤੰਤਰ ਦਾ ਲੋਕ ਹਿੱਤ ਵਿਚ ਇਸਤੇਮਾਲ, ਮੁਲਕ ਦੇ ਵਾਤਾਵਰਨ ਦੀ ਜੈਵਿਕ ਵੰਨ-ਸਵੰਨਤਾ, ਭ੍ਰਿਸ਼ਟਾਚਾਰ, ਸਮਾਜਿਕ ਸੁਰੱਖਿਆ ਦਾ ਵਧੀਆ ਤੰਤਰ ਆਦਿ ਸ਼ਾਮਿਲ ਕੀਤੇ ਜਾਂਦੇ ਹਨ। ਜੋ ਚੀਜ਼ ਦਿਸਦੀ ਹੈ ਤੇ ਫੌਰੀ ਤੌਰ ‘ਤੇ ਤੰਗ ਕਰਦੀ ਹੈ, ਉਹ ਅਹਿਮ ਹੋ ਜਾਂਦੀ ਹੈ ਤੇ ਲਾਜ਼ਮੀ ਤੌਰ ‘ਤੇ ਧਿਆਨ ਵੀ ਮੰਗਦੀ ਹੈ ਪਰ ਜਦੋਂ ਅਸੀਂ ਵਾਤਾਵਰਨ ਦੀ ਗੱਲ ਕਰ ਰਹੇ ਹਾਂ, ਆਪਣੇ ਆਲੇ-ਦੁਆਲੇ ਵੀ ਤਾਂ ਕੁਝ ਡੂੰਘਾਈ ਨਾਲ ਝਾਤ ਮਾਰ ਕੇ ਦੇਖੀਏ ਕਿ ਇਹ ਕਿਵੇਂ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ, ਤੇ ਕਿਵੇਂ ਇਹ ਕਈ ਪੱਖਾਂ ਤੋਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਵੀ ਕਰ ਰਿਹਾ ਹੈ।
ਜੇ ਕਹੀਏ ਕਿ ਸਰੀਰਕ ਤੌਰ ‘ਤੇ ਬਦਹਾਲ ਤੇ ਬਿਮਾਰ ਅਤੇ ਮਾਨਸਿਕ ਤੌਰ ‘ਤੇ ਉਦਾਸ ਤੇ ਨਿਰਾਸ਼। ਇਸ ਤਰ੍ਹਾਂ ਜੇ ਮਨੁੱਖ ਦਾ ਅੰਤਮ ਨਿਸ਼ਾਨਾ ਸੰਤੁਸ਼ਟੀ ਅਤੇ ਖੁਸ਼ੀ ਹੈ, ਜੇ ਮਨੁੱਖ ਨੇ ਆਪਣੇ ਆਲੇ-ਦੁਆਲੇ ਨੂੰ ਸਮਝਣਾ ਤੇ ਉਸ ਮੁਤਾਬਿਕ ਬਣਾਉਣਾ ਹੈ ਤਾਂ ਇਹ ਬਹੁਪਰਤੀ ਅਤੇ ਬਹੁਪੱਖੀ ਹੈ। ਇਸ ਲਈ ਵਾਤਾਵਰਨ ਨੂੰ ਸਾਵਾਂ, ਸਿਹਤਮੰਦ ਅਤੇ ਜਿਊਣ ਜੋਗਾ ਬਣਾਉਣ ਲਈ ਜਿਥੇ ਹਰ ਵਿਅਕਤੀ ਦਾ ਕੰਮ ਹੈ, ਉਥੇ ਸਰਕਾਰਾਂ ਨੂੰ ਮੁਲਕ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਸੰਜੀਦਗੀ ਨਾਲ ਕੰਮ ਕਰਨ ਦੀ ਲੋੜ ਹੈ।

RELATED ARTICLES
POPULAR POSTS