Breaking News
Home / ਪੰਜਾਬ / ਐਨਆਰਆਈ ਨੇ ਚੰਦੂਮਾਜਰਾ ‘ਤੇ ਲਾਏ ਕਰੋੜ ਰੁਪਏ ਹੜੱਪਣ ਦੇ ਦੋਸ਼

ਐਨਆਰਆਈ ਨੇ ਚੰਦੂਮਾਜਰਾ ‘ਤੇ ਲਾਏ ਕਰੋੜ ਰੁਪਏ ਹੜੱਪਣ ਦੇ ਦੋਸ਼

Chandumajra copy copyਪ੍ਰੈਸ ਕਾਨਫਰੰਸ ਕਰਕੇ ਸੀਬੀਆਈ ਜਾਂਚ ਦੀ ਕੀਤੀ ਮੰਗ; ਲੈਣ-ਦੇਣ ਸਬੰਧੀ ਰਿਕਾਰਡਿੰਗਜ਼ ਹੋਣ ਦੇ ਦਾਅਵੇ
ਮੁਹਾਲੀ/ਬਿਊਰੋ ਨਿਊਜ਼
ਜ਼ਿਲ੍ਹਾ ਨਵਾਂਸ਼ਹਿਰ ਦੇ ਵਸਨੀਕ ਐਨਆਰਆਈ ਜਸਪ੍ਰੀਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ‘ਤੇ ਉਸ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਨਾਮਜ਼ਦ ਕਰਵਾਉਣ ਦਾ ਝਾਂਸਾ ਦੇ ਕੇ ਇੱਕ ਕਰੋੜ ਰੁਪਏ ਲੈਣ ਦਾ ਦੋਸ਼ ਲਾਇਆ ਹੈ।
ਇੱਥੇ ਫੇਜ਼-5 ਸਥਿਤ ਇੱਕ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਦੱਸਿਆ ਕਿ ਅਕਾਲੀ ਆਗੂ ਨੇ ਉਸ ਤੋਂ ਇਹ ਪੈਸੇ ਪਾਰਟੀ ਫੰਡ ਕਹਿ ਕੇ ਲਏ ਸਨ ਪ੍ਰੰਤੂ ਹੁਣ ਤੱਕ ਉਸ ਨੂੰ ਨਾ ਤਾਂ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਹੈ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ ਹਨ। ਉਂਜ ਪੀੜਤ ਨੇ ਮੰਨਿਆ ਕਿ ਉਸ ਨੇ ਚੰਦੂਮਾਜਰਾ ਨੂੰ ਸਿੱਧੇ ਤੌਰ ‘ਤੇ ਕੋਈ ਪੈਸਾ ਨਹੀਂ ਦਿੱਤਾ ਹੈ ਸਗੋਂ ਉਸ ਨੇ ਕਰੋੜ ਰੁਪਏ ਇੱਕ ਅਕਾਲੀ ਜਥੇਦਾਰ ਨੂੰ ਦਿੱਤੇ ਸੀ। ਜਸਪ੍ਰੀਤ ਸਿੱਧੂ ਨੇ ਕਿਹਾ ਕਿ ਅਕਾਲੀ ਆਗੂ ਨੇ ਉਸ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਬਣਾਉਣ ਦਾ ਸੁਪਨਾ ਦਿਖਾ ਕੇ ਉਸ ਤੋਂ ਇੱਕ ਕਰੋੜ ਰੁਪਏ ਹੜੱਪ ਕੀਤੇ ਗਏ ਹਨ। ਹਾਲਾਂਕਿ ਸ਼ਿਕਾਇਤਕਰਤਾ ਨੇ ਚੰਦੂਮਾਜਰਾ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਪੱਤਰਕਾਰਾਂ ਨੂੰ ਸੁਣਾਈ ਗਈ ਪ੍ਰੰਤੂ ਉਸ ਵਿੱਚ ਕੁਝ ਵੀ ਸਪੱਸ਼ਟ ਸਾਬਤ ਨਹੀਂ ਹੋਇਆ ਕਿ ਚੰਦੂਮਾਜਰਾ ਨੇ ਸਿੱਧੇ ਤੌਰ ‘ਤੇ ਪੈਸੇ ਲਏ ਹਨ ਜਾਂ ਪੀੜਤ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ। ਜਸਪ੍ਰੀਤ ਸਿੱਧੂ ਨੇ ਦਾਅਵਾ ਕੀਤਾ ਕਿ ਉਸ ਕੋਲ ਹਾਲੇ ਬਹੁਤ ਸਬੂਤ ਹਨ, ਜਿਨ੍ਹਾਂ ਨੂੰ ਉਹ ਹਾਈਕੋਰਟ ਵਿੱਚ ਪੇਸ਼ ਕਰੇਗਾ ਜਾਂ ਜਾਂਚ ਦੌਰਾਨ ਸੀਬੀਆਈ ਨੂੰ ਸੌਂਪੇ ਜਾਣਗੇ। ਉਸਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਉਹ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਜਸਪ੍ਰੀਤ ਸਿੱਧੂ ਨੇ ਇਸ ਸਬੰਧੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵੀ ਸ਼ਿਕਾਇਤ ਦਿੱਤੀ ਹੈ। ਉਸਨੇ ਦੱਸਿਆ ਕਿ ਉਹ ਦੁਬਈ ਵਿੱਚ ਕਾਰੋਬਾਰ ਕਰਦਾ ਹੈ ਅਤੇ ਚੰਦੂਮਾਜਰਾ ਨਾਲ ਉਸ ਦੀ ਮੁਲਾਕਾਤ ਇੱਕ ਅਕਾਲੀ ਜਥੇਦਾਰ ਨੇ ਕਰਵਾਈ ਸੀ। ਜਸਪ੍ਰੀਤ ਨੇ ਦਾਅਵਾ ਕੀਤਾ ਕਿ ਉਸ ਨੇ ਪ੍ਰੋ. ਚੰਦੂਮਾਜਰਾ ਦੀ ਫੇਸਬੁੱਕ ‘ਤੇ ਪੈਸੇ ਵਾਪਸ ਮੰਗਣ ਲਈ ਪੋਸਟ ਪਾਈ ਤਾਂ ਉਸ ਨੂੰ ਦਲਾਲ ਜਥੇਦਾਰ ਦਾ ਫੋਨ ਆ ਗਿਆ। ਉਸ ਕੋਲ ਚੰਦੂਮਾਜਰਾ ਅਤੇ ਜਥੇਦਾਰ ਨਾਲ ਗੱਲਬਾਤਾਂ ਦੀਆਂ ਕਈ ਰਿਕਾਰਡਿੰਗਾਂ ਮੌਜੂਦ ਹਨ। ਉਸਨੇ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ।
ਚੰਦੂਮਾਜਰਾ ਵੱਲੋਂ ਸਾਰੇ ਦੋਸ਼ ਬੇਬੁਨਿਆਦ ਕਰਾਰ
ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜਸਪ੍ਰੀਤ ਸੰਧੂ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਵਿਰੋਧੀ ਪਾਰਟੀਆਂ ਅਤੇ ਉਸ ਦੇ ਸਿਆਸੀ ਵਿਰੋਧੀਆਂ ਨਾਲ ਮਿਲ ਕੇ ਕਿਸੇ ਡੂੰਘੀ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਬਦਨਾਮ ਕਰ ਰਿਹਾ ਹੈ ਜਦੋਂਕਿ ਸ਼ਿਕਾਇਤਕਰਤਾ ਖ਼ੁਦ ਧੋਖੇਬਾਜ਼ ਹੈ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਤਾਂ ਉਨ੍ਹਾਂ ਦੀ ਸ਼ਿਕਾਇਤ ‘ਤੇ ਨਵਾਂ ਸ਼ਹਿਰ ਦੀ ਪੁਲਿਸ ਨੇ ਤੁਰੰਤ ਅਕਾਲੀ ਜਥੇਦਾਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਸੀਆਈਏ ਸਟਾਫ਼ ਵਿੱਚ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਲੇਕਿਨ ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਪੈਸਿਆਂ ਦੇ ਲੈਣ-ਦੇਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …