ਸੁਖਬੀਰ ਬਾਦਲ ਦੇ ਵੀ ਦਰਜ ਹੋ ਚੁੱਕੇ ਹਨ ਬਿਆਨ
ਚੰਡੀਗੜ੍ਹ/ਬਿਊਰੋ ਨਿਊਜ਼
ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਐੱਸ.ਆਈ.ਟੀ. ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ 3 ਘੰਟੇ ਦੇ ਕਰੀਬ ਚੰਡੀਗੜ੍ਹ ’ਚ ਪੁੱਛਗਿੱਛ ਕੀਤੀ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਕਰਨ ਲਈ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਸੈਕਟਰ 9 ’ਤੇ ਸਵੇਰੇ 11 ਵਜੇ ਹੀ ਪਹੁੰਚ ਗਈ ਸੀ। ਇਸ ਐੱਸਆਈਟੀ ਦੀ ਅਗਵਾਈ ਵਧੀਕ ਪੁਲਿਸ ਡਾਇਰੈਕਟਰ ਜਨਰਲ ਐੱਲ.ਕੇ. ਯਾਦਵ ਕਰ ਰਹੇ ਹਨ। ਮੀਡੀਆ ’ਚ ਆਈ ਜਾਣਕਾਰੀ ਦੇ ਮੁਤਾਬਕ ਐੱਸ.ਆਈ.ਟੀ. ਦੀ ਪੁੱਛਗਿੱਛ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਐੱਸ.ਆਈ.ਟੀ. ਦੇ ਸਵਾਲਾਂ ਦੇ ਪੂਰੇ ਜਵਾਬ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਗੇ ਜਦੋਂ ਵੀ ਮੇਰੀ ਜਰੂਰਤ ਹੋਵੇਗੀ, ਮੈਂ ਇਸ ਮਾਮਲੇ ਵਿਚ ਐੱਸ.ਆਈ.ਟੀ. ਨਾਲ ਪੂਰਾ ਸਹਿਯੋਗ ਕਰਨ ਲਈ ਤਿਆਰ ਹਾਂ। ਇਸ ਮਾਮਲੇ ’ਚ ਕੁਝ ਦਿਨ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ਵੀ ਦਰਜ ਕੀਤੇ ਗਏ ਸਨ। ਦੱਸਣਯੋਗ ਹੈ ਕਿ 2015 ਵਿੱਚ ਜਦੋਂ ਬਹਿਬਲ ਕਲਾਂ ਵਿਚ ਗੋਲੀਬਾਰੀ ਦੀ ਘਟਨਾ ਹੋਈ ਸੀ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …