Breaking News
Home / ਪੰਜਾਬ / ਸਕੂਲਾਂ ਵਿੱਚ ਅੰਗਰੇਜ਼ੀ ਨਹੀਂ ਮਾਂ ਬੋਲੀ ਨੂੰ ਤਰਜੀਹ ਦੇਣ ਦੀ ਤਿਆਰੀ

ਸਕੂਲਾਂ ਵਿੱਚ ਅੰਗਰੇਜ਼ੀ ਨਹੀਂ ਮਾਂ ਬੋਲੀ ਨੂੰ ਤਰਜੀਹ ਦੇਣ ਦੀ ਤਿਆਰੀ

ਐੱਨਸੀਐੱਫ ਨੇ ਖਰੜੇ ‘ਚ ਤਿੰਨ ਭਾਸ਼ਾਵਾਂ ਸਿੱਖਣ ‘ਤੇ ਦਿੱਤਾ ਜ਼ੋਰ
ਸਕੂਲੀ ਸਿੱਖਿਆ ‘ਚ ਵੱਡੇ ਬਦਲਾਅ ਤਹਿਤ ਕਈ ਸੁਝਾਅ ਪੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਕੌਮੀ ਪਾਠਕ੍ਰਮ ਖਾਕੇ (ਐੱਨਸੀਐੱਫ) ਦੇ ਖਰੜੇ ਤਹਿਤ ਮਾਂ ਬੋਲੀ ਨੂੰ ਤਰਜੀਹ ਦੇਣ ਦੀ ਵਕਾਲਤ ਕੀਤੀ ਗਈ ਹੈ। ਬਹੁ-ਭਾਸ਼ਾਈਵਾਦ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਐੱਨਸੀਐੱਫ ਨੇ ਤਿੰਨ ਭਾਸ਼ਾਈ ਫਾਰਮੂਲੇ ਤਹਿਤ ਮਾਂ ਬੋਲੀ ਨੂੰ ਮੀਡੀਅਮ ਵਜੋਂ ਰੱਖਣ ਦਾ ਸੁਝਾਅ ਦਿੱਤਾ ਹੈ। ਐੱਨਸੀਐੱਫ ਨੇ ਸਕੂਲੀ ਸਿੱਖਿਆ ਵਿੱਚ ਵੱਡੇ ਬਦਲਾਅ ਤਹਿਤ ਕਈ ਤਜਵੀਜ਼ਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਵਿੱਚ ਸਥਾਨਕ ਭਾਸ਼ਾਵਾਂ ਨੂੰ ਹੱਲਾਸ਼ੇਰੀ ਦੇਣਾ ਸ਼ਾਮਲ ਹੈ। ਐੱਨਸੀਐੱਫ ਖਰੜੇ ਮੁਤਾਬਕ ਤਿੰਨ ਭਾਸ਼ਾਈ ਫਾਰਮੂਲੇ ਵਿੱਚ ਪਹਿਲੀ ਭਾਸ਼ਾ ਸਿਰਫ਼ ਮਾਂ-ਬੋਲੀ ਹੋਣੀ ਚਾਹੀਦੀ ਹੈ ਅਤੇ ਅੰਗਰੇਜ਼ੀ ਨੂੰ ਦੂਜੇ ਜਾਂ ਤੀਜੇ ਬਦਲੇ ਵਜੋਂ ਪੜ੍ਹਾਇਆ ਜਾ ਸਕਦਾ ਹੈ। ਖਰੜੇ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਸਕੂਲਾਂ ‘ਚ ਘੱਟੋ ਘੱਟ ਤਿੰਨ ਭਾਸ਼ਾਵਾਂ ਸਿੱਖਣੀਆਂ ਲਾਜ਼ਮੀ ਹੋਣਾ ਚਾਹੀਦਾ ਹੈ, ਜਿਨ੍ਹਾਂ ਦੀ ਆਰ1, ਆਰ2 ਅਤੇ ਆਰ3 ਵਜੋਂ ਕੋਡਿੰਗ ਕੀਤੀ ਗਈ ਹੈ। ਆਰ1 ਤਹਿਤ ਵੱਧ ਵਰਤੋਂ ਵਿੱਚ ਆਉਣ ਵਾਲੀ ਸਥਾਨਕ ਭਾਸ਼ਾ ਹੋਵੇਗੀ, ਜਦੋਂਕਿ ਅੰਗਰੇਜ਼ੀ ਸਮੇਤ ਕਿਸੇ ਹੋਰ ਭਾਸ਼ਾ ਨੂੰ ਆਰ2 ਤਹਿਤ ਰੱਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਆਰ3 ਤਹਿਤ ਇਨ੍ਹਾਂ ਦੋਵਾਂ (ਆਰ1 ਤੇ ਆਰ2) ਤੋਂ ਇਲਾਵਾ ਤੀਜੀ ਭਾਸ਼ਾ ਪੜ੍ਹਾਈ ਜਾ ਸਕਦੀ ਹੈ। ਖਰੜੇ ਮੁਤਾਬਕ, ਇਨ੍ਹਾਂ ਭਾਸ਼ਾਵਾਂ ਨੂੰ ਤਰਜੀਹ ਦੇਣ ਦਾ ਫ਼ੈਸਲਾ ਸੂਬਾ ਜਾਂ ਸਬੰਧਿਤ ਸੰਸਥਾਵਾਂ ‘ਤੇ ਛੱਡਿਆ ਗਿਆ ਹੈ। ਐੱਨਸੀਐੱਫ ਨੇ ਜ਼ੋਰ ਦਿੱਤਾ ਕਿ ਆਰ1 ਸਿੱਖਿਆ ਦੀ ਭਾਸ਼ਾ ਹੋਣੀ ਚਾਹੀਦੀ ਹੈ, ਜਿਸ ਵਿੱਚ ਅੱਖਰ ਗਿਆਨ ਪਹਿਲਾਂ ਪ੍ਰਾਪਤ ਕੀਤਾ ਜਾਵੇਗਾ। ਤਰਜੀਹੀ ਤੌਰ ‘ਤੇ ਮਾਂ-ਬੋਲੀ ਵਿਦਿਆਰਥੀਆਂ ਦੀ ਸਭ ਤੋਂ ਵੱਧ ਜਾਣੀ-ਪਛਾਣੀ ਭਾਸ਼ਾ ਹੋਣੀ ਚਾਹੀਦੀ ਹੈ। ਨਵੀਂ ਸਿੱਖਿਆ ਨੀਤੀ (ਐੱਨਈਪੀ) ਮੁਤਾਬਕ, ਇਹ ਯਕੀਨੀ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਬੋਲੀ ਜਾਣ ਵਾਲੀ ਭਾਸ਼ਾ ਅਤੇ ਸਿੱਖਿਆ ਦੇ ਮਾਧਿਅਮ ਵਿਚਕਾਰ ਕਿਸੇ ਪੁਲ ਦਾ ਕੰਮ ਕਰੇ। ਤਿੰਨ ਭਾਸ਼ਾਈ ਫਾਰਮੂਲਾ ਇਹ ਯਕੀਨੀ ਬਣਾਏਗਾ ਕਿ ਵਿਦਿਆਰਥੀ ਆਰ1 ਤਹਿਤ ਅੱਠ ਸਾਲ ਤੱਕ ਦੀ ਉਮਰ (ਗਰੇਡ 3), ਆਰ2 ਤਹਿਤ 11 ਸਾਲ ਦੀ ਉਮਰ (ਗਰੇਡ 6) ਤੱਕ ਅਤੇ ਆਰ3 ਤਹਿਤ 14 ਸਾਲ ਦੀ ਉਮਰ (ਗਰੇਡ 9) ਤੱਕ ਖੁਦ ਪੜ੍ਹ ਤੇ ਲਿਖ ਸਕਦਾ ਹੈ।

 

 

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …