0.9 C
Toronto
Thursday, November 27, 2025
spot_img
Homeਪੰਜਾਬਮੀਂਹ ਕਾਰਨ ਕਰਤਾਰਪੁਰ ਲਾਂਘੇ ਦਾ ਕੰਮ ਹੋਇਆ ਪ੍ਰਭਾਵਿਤ

ਮੀਂਹ ਕਾਰਨ ਕਰਤਾਰਪੁਰ ਲਾਂਘੇ ਦਾ ਕੰਮ ਹੋਇਆ ਪ੍ਰਭਾਵਿਤ

ਪਾਕਿ ਵਲੋਂ 80 ਫੀਸਦੀ ਕੰਮ ਮੁਕੰਮਲ ਕਰਨ ਦਾ ਦਾਅਵਾ
ਗੁਰਦਾਸਪੁਰ/ਬਿਊਰੋ ਨਿਊਜ਼ : ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਕਰਤਾਰਪੁਰ ਲਾਂਘੇ ਦਾ ਨਿਰਮਾਣ ਕੰਮ ਪ੍ਰਭਾਵਿਤ ਕੀਤਾ ਹੈ। ਅਗਲੇ ਦੋ ਮਹੀਨੇ ਬਰਸਾਤ ਵਾਲੇ ਹੋਣ ਕਰ ਕੇ ਆਮ ਲੋਕਾਂ ਤੇ ਅਧਿਕਾਰੀਆਂ ਨੂੰ ਉਸਾਰੀ ਕਾਰਜ 31 ਅਕਤੂਬਰ ਦੇ ਨਿਰਧਾਰਿਤ ਸਮੇਂ ਤੱਕ ਪੂਰਾ ਹੋਣ ਬਾਰੇ ਤੌਖ਼ਲੇ ਹਨ। ਮੰਗਲਵਾਰ ਨੂੰ ਇਲਾਕੇ ਵਿਚ ਮੌਨਸੂਨ ਦੀ ਪਹਿਲੀ ਬਾਰਿਸ਼ ਨਾਲ ਬਹੁਮੰਜ਼ਿਲਾ ਇੰਟੀਗ੍ਰੇਟਡ ਚੈੱਕ ਪੋਸਟ (ਆਈਸੀਪੀ) ਤੇ ਸੌ ਮੀਟਰ ਓਵਰਬ੍ਰਿਜ ਅਤੇ ਡਰੇਨੇਜ ਦੇ ਕੰਮ ਦੀ ਰਫ਼ਤਾਰ ਹੌਲੀ ਹੋ ਗਈ। ਅਧਿਕਾਰੀਆਂ ਨੇ ਮੰਨਿਆ ਕਿ ਅਗਲੇ ਦੋ ਮਹੀਨੇ ਦੌਰਾਨ ਜਦ ਬਰਸਾਤ ਸਿਖ਼ਰ ‘ਤੇ ਹੋਵੇਗੀ, ਕੰਮ ਰੁਕ-ਰੁਕ ਕੇ ਚੱਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪਾਕਿਸਤਾਨ ਨੇ ਉਨ੍ਹਾਂ ਵਾਲੇ ਪਾਸੇ ਜਾਰੀ ਉਸਾਰੀ ਕੰਮ ਦੀ ਵੀਡੀਓ ਜਾਰੀ ਕੀਤੀ ਹੈ ਤੇ ਦਾਅਵਾ ਕੀਤਾ ਗਿਆ ਹੈ ਕਿ ਲਾਂਘੇ ਦੇ ਨਿਰਮਾਣ ਸਬੰਧੀ 80 ਫ਼ੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਤੇ ਬਾਕੀ ਦਾ 20 ਫ਼ੀਸਦ ਕੰਮ ਨਿਰਧਾਰਿਤ ਸਮੇਂ ਤੱਕ ਪੂਰਾ ਕਰ ਲਿਆ ਜਾਵੇਗਾ। ਪਾਕਿਸਤਾਨ ਵੱਲੋਂ ਆਪਣੇ ਪਾਸੇ ਲਾਂਘੇ ਦੇ ਨਿਰਮਾਣ ਦਾ ਕੰਮ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਕੰਮ ਦਾ ਨੀਂਹ ਪੱਥਰ ਰੱਖਣ ਦੇ ਇੱਕ ਮਹੀਨੇ ਬਾਅਦ 28 ਦਸੰਬਰ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ। ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਗੁਰਦੁਆਰੇ ਤੱਕ ਜਾਣ ਵਾਲੇ ਚਾਰ ਕਿਲੋਮੀਟਰ ਦੇ ਰਸਤੇ ‘ਤੇ ਸ਼ਕਰਗੜ੍ਹ ਰੋਡ ਤੱਕ, ਲੰਗਰ ਹਾਲ ਅਤੇ ਦਰਸ਼ਨੀ ਡਿਉਢੀ ਤੱਕ ਪਹੁੰਚਣ ਵਾਲੇ ਰਸਤੇ ਦਾ ਕੰਮ ਲਗਭਗ ਪੂਰਾ ਹੈ। ਇਸ ਦੇ ਨਾਲ ਹੀ ਵਾਟਰ ਸਪਲਾਈ ਅਤੇ ਸੀਵਰੇਜ ਦਾ ਕੰਮ ਵੀ ਨੇਪਰੇ ਚਾੜ੍ਹ ਲਿਆ ਗਿਆ ਹੈ। ਮੰਗਲਵਾਰ ਦੇ ਭਾਰੀ ਮੀਂਹ ਕਾਰਨ ਕੰਮ ਵਾਲੀ ਜਗ੍ਹਾ ‘ਤੇ ਚਿੱਕੜ ਹੋਣ ਕਾਰਨ ਕੰਮ ਦੀ ਗਤੀ ਕਾਫ਼ੀ ਮੱਧਮ ਹੋ ਗਈ ਸੀ।

RELATED ARTICLES
POPULAR POSTS