‘ਆਪ’ ਦੇ ਸਾਰੇ ਪਾਰਟੀ ਵਿਧਾਇਕ ਪੰਜਾਬ ਦੇ ਹੱਕਾਂ ਦੀ ਲੜਾਈ ਲਈ ਅੱਗੇ ਆਉਣ: ਭਗਵੰਤ ਮਾਨ
ਸੰਗਰੂਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰੁੱਸੇ ਹੋਏ ਪਾਰਟੀ ਵਿਧਾਇਕਾਂ ਬਾਰੇ ਕਿਹਾ ਹੈ ਕਿ ਜਿਹੜੇ ਪੰਜਾਬ ਨਾਲ ਹੀ ਰੁੱਸ ਗਏ, ਉਨ੍ਹਾਂ ਨੂੰ ਕੀ ਮਨਾਈਏ। ਸ੍ਰੀ ਮਾਨ ਨੇ ਇਥੋਂ ਦੇ ਰੈਸਟ ਹਾਊਸ ਵਿਚ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਪਾਰਟੀ ਪੰਜਾਬ ਦੀ ਲੜਾਈ ਲੜ ਰਹੀ ਹੈ ਅਤੇ ਸਾਰੇ ਪਾਰਟੀ ਵਿਧਾਇਕਾਂ ਨੂੰ ਪਾਰਟੀ ਫੈਸਲਿਆਂ ਨਾਲ ਸਹਿਮਤ ਹੋ ਕੇ ਪੰਜਾਬ ਦੇ ਹੱਕ ਵਿਚ ਲੜਾਈ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਪਾਰਟੀ ਦੀ ਪੰਜਾਬ ਇਕਾਈ ਦੀ ਮੀਟਿੰਗ ਦੌਰਾਨ ਪੰਜਾਬ ਵਿਚ ਪਾਰਟੀ ਦੇ ਆਧਾਰ ਨੂੰ ਵਧੇਰੇ ਮਜ਼ਬੂਤ ਕਰਨ ਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਮਾਨ ਨੇ ਕਿਹਾ ਕਿ ਦੇਸ਼ ਦੀ ਸੰਸਦ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਰੂਰ ਪੁੱਛਣਗੇ ਕਿ ਬਹਿਬਲ ਕਲਾਂ ਗੋਲੀ ਕਾਂਡ ਦਾ ਦੋਸ਼ੀ ਕੌਣ ਹੈ ਅਤੇ ਬਰਗਾੜੀ ਦਾ ਜਨਰਲ ਡਾਇਰ ਕੌਣ ਹੈ। ਸੁਖਬੀਰ ਉਸ ਸਮੇਂ ਪੰਜਾਬ ਦੇ ਗ੍ਰਹਿ ਮੰਤਰੀ ਸਨ ਜਿਨ੍ਹਾਂ ਨੂੰ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪਣਿਆਂ ‘ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਤੋਂ ਕੁੱਝ ਸਿੱਖ ਲਓ ਜਦੋਂ ਕਿ ਫਿਲਮ ਅਦਾਕਾਰ ਧਰਮਿੰਦਰ ਨੇ ਵੀ ਆਪਣੇ ਪੁੱਤਰ ਤੇ ਨਵੇਂ ਬਣੇ ਸੰਸਦ ਮੈਂਬਰ ਸਨੀ ਦਿਓਲ ਨੂੰ ਸਲਾਹ ਦਿੱਤੀ ਹੈ ਕਿ ਉਹ ਭਗਵੰਤ ਮਾਨ ਤੋਂ ਸਿੱਖ ਲਏ। ਸ੍ਰੀ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਤਾਂ ਪੰਜਾਬ ਨੂੰ ਸਸਤੀ ਬਿਜਲੀ ਦੇਣ ਤੱਕ ਦੀ ਪੇਸ਼ਕਸ਼ ਕਰ ਦਿੱਤੀ ਹੈ ਪਰ ਜੇ ਕੇਜਰੀਵਾਲ ਦੀ ਮੰਨ ਲਈ ਤਾਂ ਫ਼ਿਰ ਮੁੱਖ ਮੰਤਰੀ ਪੰਜਾਬ ਦੀ ਸਿਆਸੀ ਠੁੱਕ ਨਹੀਂ ਰਹਿਣੀ। ਉਨ੍ਹਾਂ ਕਿਹਾ ਕਿ ਸੰਸਦ ਵਿਚ ਮਾਮਲਾ ਉਠਾਉਣ ‘ਤੇ ਕੇਂਦਰ ਨੇ ਸੰਗਰੂਰ ‘ਚ ਹੋਮਿਓਪੈਥੀ ਅਤੇ ਆਯੁਰਵੈਦਿਕ ਰਿਸਰਚ ਸੈਂਟਰ ਬਣਾਉਣ ਦੀ ਹਾਮੀ ਭਰ ਦਿੱਤੀ ਹੈ। ਇਸ ਕਰਕੇ ਕੇਂਦਰ ਨੂੰ ਪੂਰਾ ਪ੍ਰਾਜੈਕਟ ਬਣਾ ਕੇ ਭੇਜਿਆ ਜਾਵੇਗਾ।
ਉਨ੍ਹਾਂ ਕੇਂਦਰ ਦੇ ਬਜਟ ਨੂੰ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਬਜਟ ਦੀ ਸਿਰਫ਼ ਉਪਰਲੀ ਜਿਲਦ ਹੀ ਬਦਲੀ ਹੈ ਅਤੇ ਅੰਦਰ ਸਭ ਕੁੱਝ ਪੁਰਾਣਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਪੰਜਾਬ ਲਈ ਕੁੱਝ ਨਹੀਂ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …