ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਸਣੇ 7 ਖਿਡਾਰੀ ਬਣੇ ਡੀਐਸਪੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਐਤਵਾਰ 4 ਫਰਵਰੀ ਨੂੰ 11 ਇੰਟਰਨੈਸ਼ਨਲ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਸਣੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ, ਸਮਸ਼ੇਰ ਸਿੰਘ ਅਤੇ ਸ਼ਾਟਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੂੰ ਡੀਐਸਪੀ ਨਿਯੁਕਤ ਕੀਤਾ ਹੈ। ਉਧਰ ਦੂਜੇ ਪਾਸੇ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ ਅਤੇ ਗੁਰਜੰਟ ਸਿੰਘ ਪੰਜਾਬ ਸਿਵਿਲ ਸਰਵਿਸਿਜ਼ (ਪੀਸੀਐਸ) ਵਿਚ ਸੇਵਾਵਾਂ ਨਿਭਾਉਣਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਦਿਨ ਖਿਡਾਰੀਆਂ ਲਈ ਬਹੁਤ ਅਹਿਮ ਹੈ। ਸੀਐਮ ਨੇ ਕਿਹਾ ਕਿ ਅੱਜ ਖਿਡਾਰੀਆਂ ਨੂੰ ਡੀਐਸਪੀ ਬਣਾ ਕੇ ਅਸੀਂ ਉਨ੍ਹਾਂ ਦਾ ਮਾਣ ਵਧਾ ਰਹੇ ਹਾਂ।
ਰੁਪਿੰਦਰਪਾਲ ਦੀਆਂ ਪ੍ਰਾਪਤੀਆਂ ਤੋਂ ਫਰੀਦਕੋਟ ਵਾਸੀ ਖੁਸ਼ : ਪੰਜਾਬ ਸਰਕਾਰ ਵੱਲੋਂ ਫਰੀਦਕੋਟ ਦੇ ਜੰਮਪਲ ਤੇ ਕੌਮਾਂਤਰੀ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਨੂੰ ਪੀਸੀਐੱਸ ਅਫਸਰ ਨਿਯੁਕਤ ਕੀਤੇ ਜਾਣ ਤੋਂ ਜ਼ਿਲ੍ਹੇ ਦੇ ਲੋਕ ਬਾਗੋਬਾਗ ਹਨ। ਹਾਕੀ ਕਲੱਬ ਦੇ ਪ੍ਰਧਾਨ ਅਤੇ ਆਈਜੀ ਤਜਿੰਦਰ ਸਿੰਘ ਮੌੜ, ਹਰਦੇਵ ਸਿੰਘ, ਖੁਸ਼ਵੰਤ ਸਿੰਘ ਅਤੇ ਗੁਰਿੰਦਰ ਸਿੰਘ ਬਾਵਾ ਨੇ ਕਿਹਾ ਕਿ ਰੁਪਿੰਦਰ ਪਾਲ ਸਿੰਘ ਨੇ ਅਤਿ ਦੀ ਗ਼ਰੀਬੀ ਦੇ ਬਾਵਜੂਦ ਹਾਕੀ ਦੇ ਖੇਤਰ ਵਿੱਚ ਫਰੀਦਕੋਟ ਦੀ ਨੁਮਾਇੰਦਗੀ ਜਾਰੀ ਰੱਖੀ ਹੈ। ਫਰੀਦਕੋਟ ਵਿੱਚ ਇਸ ਤੋਂ ਪਹਿਲਾਂ ਰੂਪਾ ਸੈਣੀ ਵਰਗੀਆਂ ਖਿਡਾਰਨਾਂ ਵੀ ਹਾਕੀ ਦੀ ਟੀਮ ਵਿੱਚ ਦੇਸ਼ ‘ਚ ਨੁਮਾਇੰਦਗੀ ਕਰ ਚੁੱਕੀਆਂ ਹਨ। ਹਰਦੇਵ ਸਿੰਘ ਨੇ ਕਿਹਾ ਕਿ ਟੋਕੀਓ ਓਲੰਪਿਕ ਵਿੱਚ ਰੁਪਿੰਦਰ ਪਾਲ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਤਜਿੰਦਰ ਸਿੰਘ ਮੌੜ ਨੇ ਕਿਹਾ ਕਿ ਰੁਪਿੰਦਰ ਪਾਲ ਸਿੰਘ ਹੁਣ ਤੱਕ ਦੋ ਦਰਜਨ ਤੋਂ ਵੱਧ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਗ ਲੈ ਚੁੱਕਾ ਹੈ ਅਤੇ ਹਰੇਕ ਵਾਰ ਉਸ ਨੇ ਵਿਲੱਖਣ ਕਾਰਗੁਜ਼ਾਰੀ ਦਿਖਾਈ ਹੈ।
Check Also
ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਸੁਖਬੀਰ ਬਾਦਲ ਨੇ ਤੀਜੇ ਦਿਨ ਦੀ ਸੇਵਾ
ਪੁਲਿਸ ਵੱਲੋਂ ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਸੱਚਖੰਡ ਸ੍ਰੀ …