ਮੇਕ ਇਨ ਇੰਡੀਆ ਦੀ ਵੀ ਕੀਤੀ ਸ਼ਲਾਘਾ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ, ਜੋ ਕੰਪਨੀਆਂ ਨੂੰ ਆਪਣੇ ਦੇਸ਼ ਵਿਚ ਕੰਮ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਪੂਤਿਨ ਨੇ ਕਿਹਾ ਕਿ ਸਾਡੇ ਖਾਸ ਦੋਸਤ ਪੀ.ਐਮ. ਨਰਿੰਦਰ ਮੋਦੀ ਨੇ ਕਈ ਸਾਲ ਪਹਿਲਾਂ ਮੇਕ ਇਨ ਇੰਡੀਆ ਦੀ ਸ਼ੁਰੂਆਤ ਕੀਤੀ ਸੀ। ਅੱਜ ਭਾਰਤ ਦੀ ਅਰਥ ਵਿਵਸਥਾ ’ਤੇ ਇਸਦਾ ਅਸਰ ਸਾਫ ਨਜ਼ਰ ਆ ਰਿਹਾ ਹੈ। ਰੂਸ ਦੇ ਮੀਡੀਆ ਮੁਤਾਬਕ ਪੂਤਿਨ ਮਾਸਕੋ ਵਿਚ ਰਸ਼ੀਆ ਏਜੰਸੀ ਫਾਰ ਸਟ੍ਰੈਟੇਜਿਕ ਇਨੀਸ਼ੀਏਟਿਵਸ ਵਲੋਂ ਆਯੋਜਿਤ ਇਕ ਸਮਾਗਮ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਰੂਸ ਵਿਚ ਘਰੇਲੂ ਪ੍ਰੋਡਕਟਾਂ ਅਤੇ ਬਰਾਂਡਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਜਦੋਂ ਪੱਛਮੀ ਦੇਸ਼ ਲਗਾਤਾਰ ਰੂਸ ਨਾਲ ਵਪਾਰ ’ਤੇ ਪਾਬੰਦੀ ਲਗਾ ਰਹੇ ਹਨ ਤਾਂ ਸਾਨੂੰ ਭਾਰਤ ਵਾਂਗ ਆਪਣੇ ਦੇਸ਼ ਦੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਨੂੰ ਇਕ ਬਿਹਤਰ ਮਾਰਕੀਟ ਉਪਲਬਧ ਕਰਵਾਉਣੀ ਚਾਹੀਦੀ ਹੈ। ਧਿਆਨ ਰਹੇ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪੀਐਮ ਮੋਦੀ ਦੀ ਸ਼ਲਾਘਾ ਕੀਤੀ ਹੈ। ਅਕਤੂਬਰ 2022 ਵਿਚ ਵੀ ਪੂਤਿਨ ਨੇ ਮੋਦੀ ਨੂੰ ਸੱਚਾ ਦੇਸ਼ ਭਗਤ ਦੱਸਿਆ ਸੀ।