5 ਜੁਲਾਈ ਦੀ ਮੀਟਿੰਗ ’ਚ ਇਸ ਫੈਸਲੇ ’ਤੇ ਲੱਗ ਸਕਦੀ ਹੈ ਮੋਹਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਖਰੜ ਤੇ ਜ਼ੀਰਕਪੁਰ ਨਗਰ ਕੌਂਸਲਾਂ ਦਾ ਰਲੇਵਾਂ ਮੁਹਾਲੀ ਨਗਰ ਨਿਗਮ ਵਿੱਚ ਕਰਕੇ ਮਹਾਂ ਨਗਰ ਨਿਗਮ ਬਣਾਉਣ ਦੀ ਸਕੀਮ ਬਣਾ ਲਈ ਹੈ। ਇਸ ਸਕੀਮ ’ਤੇ ਆਉਂਦੀ 5 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵਿਚ ਰਸਮੀ ਮੋਹਰ ਵੀ ਲੱਗ ਸਕਦੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਨੇ ਇਹ ਸਕੀਮ ਤਿਆਰ ਕਰਕੇ ਸਰਕਾਰ ਨੂੰ ਸਿਫਾਰਸ਼ ਭੇਜ ਦਿੱਤੀ ਹੈ। ਹੁਣ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਬਾਰੇ ਫੈਸਲਾ ਲਿਆ ਜਾਣਾ ਹੈ, ਉਂਝ 5 ਜੁਲਾਈ ਨੂੰ ਇਸ ਬਾਬਤ ਅਹਿਮ ਮੀਟਿੰਗ ਵੀ ਸੱਦੀ ਗਈ ਹੈ। ਦੱਸਣਯੋਗ ਹੈ ਕਿ ਹਰਿਆਣਾ ਵਿਚ ਗੁਰੂਗ੍ਰਾਮ ਤੇ ਯੂ ਪੀ ਵਿਚ ਨੋਇਡਾ ਵਰਗੇ ਸ਼ਹਿਰਾਂ ਵਿਚ ਮਹਾਂ ਨਗਰ ਨਿਗਮ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ। ਇਸ ਵੇਲੇ ਮੁਹਾਲੀ ਨਗਰ ਨਿਗਮ ’ਤੇ ਭਾਜਪਾ ਦਾ ਕਬਜ਼ਾ ਹੈ। ਜਦੋਂ ਕਿ ਖਰੜ ’ਤੇ ਅਕਾਲੀ ਦਲ ਅਤੇ ਜ਼ੀਰਕਪੁਰ ਨਗਰ ਕੌਂਸਲ ’ਤੇ ਕਾਂਗਰਸ ਦਾ ਕਬਜ਼ਾ ਹੈ। ਮੁਹਾਲੀ, ਡੇਰਾਬੱਸੀ ਤੇ ਖਰੜ ਤਿੰਨਾਂ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਮੁਹਾਲੀ ਤੋਂ ਕੁਲਵੰਤ ਸਿੰਘ, ਡੇਰਾਬੱਸੀ ਤੋਂ ਕੁਲਤਾਰ ਸਿੰਘ ਤੇ ਖਰੜ ਤੋਂ ਅਨਮੋਲ ਗਗਨ ਮਾਨ ਵਿਧਾਇਕ ਹਨ। ਮੁਹਾਲੀ ਨਗਰ ਨਿਗਮ ਅਤੇ ਖਰੜ ਤੇ ਜ਼ੀਰਕਪੁਰ ਨਗਰ ਕੌਂਸਲਾਂ ਕੋਲ ਵੱਡੀ ਪੱਧਰ ’ਤੇ ਸਰਮਾਇਆ ਤੇ ਜ਼ਮੀਨਾਂ ਮੌਜੂਦ ਹਨ। ਇਥੇ ਇਹ ਵੀ ਵਰਣਨਯੋਗ ਹੈ ਕਿ ਇਹ ਤਿੰਨੋਂ ਸਥਾਨਕ ਸਰਕਾਰ ਅਦਾਰੇ ਮੁਹਾਲੀ ਜ਼ਿਲ੍ਹੇ ਦਾ ਹਿੱਸਾ ਹਨ।