![](https://parvasinewspaper.com/wp-content/uploads/2023/10/Air-Pullution.jpg)
ਸੁਪਰੀਮ ਕੋਰਟ ਨੇ ਪੰਜਾਬ ਸਣੇ ਪੰਜ ਸੂਬਿਆਂ ਤੋਂ ਮੰਗਿਆ ਹਲਫਨਾਮਾ
ਚੰਡੀਗੜ੍ਹ/ਬਿਊਰੋ ਨਿਊਜ਼
ਅੰਮਿ੍ਰਤਸਰ ਤੋਂ ਦਿੱਲੀ ਤੱਕ ਹਵਾ ਪ੍ਰਦੂਸ਼ਣ ਨੇ ਸਾਰਿਆਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਪਰਾਲੀ ਦਾ ਧੂੰਆਂ ਹੁਣ ਧੁੰਦ ਨਾਲ ਮਿਲ ਕੇ ਏਅਰ-ਕੁਆਲਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਏਅਰ-ਕੁਆਲਿਟੀ ਇੰਡੈਕਸ 300 ਤੋਂ ਪਾਰ ਜਾ ਚੁੱਕਾ ਹੈ। ਪੰਜਾਬ ਦਾ ਬਠਿੰਡਾ, ਹਰਿਆਣਾ ਦਾ ਬਹਾਦਰਗੜ੍ਹ ਅਤੇ ਦਿੱਲੀ ਦਾ ਭਵਾਨਾ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਚੱਲ ਰਹੇ ਹਨ। ਅੱਜ ਮੰਗਲਵਾਰ ਸਵੇਰ ਦੇ ਅੰਕੜਿਆਂ ਅਨੁਸਾਰ ਇਨ੍ਹਾਂ ਸ਼ਹਿਰਾਂ ਦਾ ਏਅਰ-ਕੁਆਲਿਟੀ ਇੰਡੈਕਸ 370 ਤੋਂ ਜ਼ਿਆਦਾ ਚੱਲ ਰਿਹਾ ਸੀ। ਬਠਿੰਡਾ ਵਿਚ ਅੱਜ ਮੰਗਲਵਾਰ ਨੂੰ ਏਅਰ-ਕੁਆਲਿਟੀ ਇੰਡੈਕਸ 384 ਤੱਕ ਰਿਕਾਰਡ ਕੀਤਾ ਗਿਆ। ਇਸੇ ਦੌਰਾਨ ਅੰਮਿ੍ਰਤਸਰ ਤੋਂ ਦਿੱਲੀ ਤੱਕ ਦੇ ਕਈ ਸ਼ਹਿਰਾਂ ਦੀ ਹਵਾ ਏਨੀ ਜ਼ਿਆਦਾ ਪ੍ਰਦੂਸ਼ਿਤ ਹੈ ਕਿ ਇੱਥੇ ਸਾਹ ਲੈਣਾ ਵੀ ਮੁਸ਼ਕਲ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਲੰਘੇ 10 ਦਿਨਾਂ ’ਚ ਸਾਹ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਡਾਕਟਰਾਂ ਨੇ ਲੋਕਾਂ ਨੂੰ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਉਧਰ ਦੂਜੇ ਪਾਸੇ ਸੁਪਰੀਮ ਕੋਰਟ ਨੇ ਦਿੱਲੀ, ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਹਵਾ ਪ੍ਰਦੂਸ਼ਣ ਕੰਟਰੋਲ ਕਰਨ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ ਹਲਫਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਇਸ ਸਬੰਧੀ ਇਕ ਹਫਤੇ ਦੇ ਅੰਦਰ ਹਲਫਨਾਮਾ ਦਾਖਲ ਕਰਨ ਲਈ ਕਿਹਾ ਹੈ।