ਵੀਡੀਓ ਕਾਲ ਜ਼ਰੀਏ ਕੀਤੀ ਗੱਲਬਾਤ
ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਲੜਕੇ ਮਨਪ੍ਰੀਤ ਸਿੰਘ ਦੀ ਪਾਪੜ ਵੜੀਆਂ ਵੇਚਦੇ ਦੀ ਵੀਡੀਓ ਦੇਖੀ ਸੀ। ਵੀਡੀਓ ਵਿਚ ਇਹ ਲੜਕਾ ਵਾਧੂ ਪੈਸੇ ਲੈਣ ਤੋਂ ਇਨਕਾਰ ਕਰਦਾ ਵਿਖਾਈ ਦਿੱਤਾ ਸੀ। ਇਸਦੇ ਚੱਲਦਿਆਂ ਕੈਪਟਨ ਅਮਰਿੰਦਰ ਨੇ ਮਨਪ੍ਰੀਤ ਸਿੰਘ ਨੂੰ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕੈਪਟਨ ਨੇ ਸੋਮਵਾਰ ਨੂੰ ਵੀਡੀਓ ਕਾਲ ਜ਼ਰੀਏ ਉਸ ਲੜਕੇ ਗੱਲਬਾਤ ਵੀ ਕੀਤੀ। ਮੁੱਖ ਮੰਤਰੀ ਨੇ ਬੱਚੇ ਦੇ ਜਜ਼ਬੇ ਅਤੇ ਹਿੰਮਤ ਨੂੰ ਸਲਹਾਉਂਦੇ ਕਿਹਾ ਕਿ ਤੁਹਾਡੇ ਵਰਗੇ ਬੱਚੇ ਪੰਜਾਬੀਅਤ ਦੇ ਅਲੰਬਰਦਾਰ ਹਨ, ਜੋ ਆਪਣੀ ਮਿਹਨਤ ਨਾਲ ਕਮਾਈ ਕਰਕੇ ਆਪਣੇ ਪਰਿਵਾਰ ਦੀ ਰੋਟੀ ਚਲਾ ਰਹੇ ਹਨ। ਉਨ੍ਹਾਂ ਨੇ ਮਨਪ੍ਰੀਤ ਸਿੰਘ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਵਚਨ ਦਿੰਦੇ ਕਿਹਾ ਕਿ ਸਰਕਾਰ ਤੁਹਾਡੀ ਅਤੇ ਤੁਹਾਡੀਆਂ ਭੈਣਾਂ ਦੀ ਪੜ੍ਹਾਈ ਦਾ ਇੰਤਜ਼ਾਮ ਵੀ ਕਰੇਗੀ, ਤਾਂ ਜੋ ਤੁਸੀਂ ਪੜ੍ਹ-ਲਿਖ ਕੇ ਅੱਗੇ ਵਧ ਸਕੋਂ। ਇਸ ਮੌਕੇ ਆਪਣੇ ਫੋਨ ਤੋਂ ਗੱਲਬਾਤ ਕਰਵਾ ਰਹੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਵੀ ਮੁੱਖ ਮੰਤਰੀ ਨੇ ਪਰਿਵਾਰ ਦੀ ਹਰ ਤਰ੍ਹਾਂ ਮਦਦ ਕਰਨ ਦੀ ਹਦਾਇਤ ਕੀਤੀ। ਗੱਲਬਾਤ ਮਗਰੋਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਉਸ ਨੂੰ ਬਹੁਤ ਚੰਗਾ ਲੱਗਾ ਅਤੇ ਹੁਣ ਉਹ ਹੋਰ ਮਨ ਲਗਾ ਕੇ ਆਪਣੇ ਕਿੱਤੇ ਦੇ ਨਾਲ-ਨਾਲ ਪੜ੍ਹਾਈ ਵੀ ਕਰੇਗਾ ਤਾਂ ਜੋ ਉਸਦਾ ਪਰਿਵਾਰ ਵੀ ਆਰਥਿਕ ਤੌਰ ਉਤੇ ਮਜ਼ਬੂਤ ਹੋ ਸਕੇ। ਉਸਨੇ ਮੁੱਖ ਮੰਤਰੀ ਵੱਲੋਂ ਦਿੱਤੀ ਆਰਥਿਕ ਅਤੇ ਮਾਨਸਿਕ ਸਹਾਇਤਾ ਲਈ ਧੰਨਵਾਦ ਵੀ ਕੀਤਾ।
Check Also
ਪੰਜਾਬ ’ਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪਾਉਣ ਦਾ ਕੰਮ ਹੋਇਆ ਮੁਕੰਮਲ
ਅੱਜ ਹੀ ਐਲਾਨੇ ਜਾਣਗੇ ਚੋਣਾਂ ਦੇ ਨਤੀਜੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਪੰਜ ਨਗਰ ਨਿਗਮ …