Breaking News
Home / ਭਾਰਤ / ਅੱਤਵਾਦ ਸਾਰਿਆਂ ਲਈ ਸਾਂਝਾ ਖਤਰਾ : ਮੋਦੀ

ਅੱਤਵਾਦ ਸਾਰਿਆਂ ਲਈ ਸਾਂਝਾ ਖਤਰਾ : ਮੋਦੀ

ਮੋਦੀ ਨੇ ਦਸ ਦਿਨਾਂ ਵਿਚ ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਦੂਜੀ ਵਾਰ ਕੀਤੀ ਮੁਲਾਕਾਤ
ਕੋਲੰਬੋ/ਬਿਊਰੋ ਨਿਊਜ਼
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸ ਦਿਨਾਂ ਦੇ ਅੰਦਰ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨਾਲ ਦੂਜੀ ਵਾਰ ਮੁਲਾਕਾਤ ਕੀਤੀ ਅਤੇ ਦੋਵਾਂ ਮੁਲਕਾਂ ਦੇ ਆਗੂ ਇਸ ਗੱਲ ‘ਤੇ ਸਹਿਮਤ ਹੋਏ ਕਿ ਅੱਤਵਾਦ ‘ਸਾਂਝਾ ਖਤਰਾ’ ਹੈ ਜਿਸ ‘ਤੇ ਸਾਂਝੀ ਕਾਰਵਾਈ ਦੀ ਲੋੜ ਹੈ। ਅਪਰੈਲ ਮਹੀਨੇ ਈਸਟਰ ਮੌਕੇ ਸ੍ਰੀਲੰਕਾ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਦੌਰਾ ਕਰਨ ਵਾਲੇ ਮੋਦੀ ਪਹਿਲੇ ਵਿਦੇਸ਼ੀ ਆਗੂ ਹਨ। ਉਨ੍ਹਾਂ ਦਾ ਇਹ ਦੌਰਾ ਹਮਲੇ ਤੋਂ ਬਾਅਦ ਸ੍ਰੀਲੰਕਾ ਨਾਲ ਭਾਰਤ ਦੀ ਇੱਕਜੁੱਟਤਾ ਨੂੰ ਦਰਸਾਉਂਦਾ ਹੈ।
ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ, ‘ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨਾਲ ਮੁਲਾਕਾਤ ਹੋਈ ਜੋ ਦਸ ਦਿਨ ਅੰਦਰ ਦੂਜੀ ਮੁਲਾਕਾਤ ਹੈ। ਸਿਰੀਸੇਨਾ ਤੇ ਮੈਂ ਇਸ ਗੱਲ ‘ਤੇ ਸਹਿਮਤ ਸੀ ਕਿ ਅੱਤਵਾਦ ਸਾਂਝਾ ਖਤਰਾ ਹੈ ਜਿਸ ‘ਤੇ ਸਾਂਝੀ ਕਾਰਵਾਈ ਦੀ ਲੋੜ ਹੈ। ਸ੍ਰੀਲੰਕਾ ਦੇ ਸਾਂਝੇ, ਸੁਰੱਖਿਅਤ ਤੇ ਖੁਸ਼ਹਾਲ ਭਵਿੱਖ ਲਈ ਭਾਰਤ ਨੇ ਪ੍ਰਤੀਬੱਧਤਾ ਦੁਹਰਾਈ।’ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਦੁਵੱਲੇ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਰਾਸ਼ਟਰਪਤੀ ਸਿਰੀਸੇਨਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਵਿਚ ਰਾਤਰੀ ਭੋਜ ਵੀ ਰੱਖਿਆ ਗਿਆ। ਮੋਦੀ ਨੂੰ ਸਿਰੀਸੇਨਾ ਤੋਂ ਬੁੱਧ ਦੀ ਸਮਾਧੀ ਵਾਲੀ ਕਲਾਕ੍ਰਿਤੀ ਤੋਹਫ਼ੇ ਵਜੋਂ ਮਿਲੀ। ਇਸ ਤੋਂ ਪਹਿਲਾਂ ਮੋਦੀ ਜਦੋਂ ਰਾਸ਼ਟਪਤੀ ਦੀ ਰਿਹਾਇਸ਼ ‘ਤੇ ਪਹੁੰਚੇ ਤਾਂ ਮੈਤਰੀਪਾਲ ਸਿਰੀਸੇਨਾ ਹੱਥ ਵਿਚ ਛੱਤਰੀ ਫੜ ਕੇ ਖੁਦ ਨੂੰ ਤੇ ਮੋਦੀ ਨੂੰ ਮੀਂਹ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਮੋਦੀ ਨੇ ਰਾਸ਼ਟਰਪਤੀ ਭਵਨ ਵਿਚ ਅਸ਼ੋਕ ਦਾ ਬੂਟਾ ਵੀ ਲਗਾਇਆ। ਉਨ੍ਹਾਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਤੇ ਵਿਰੋਧੀ ਧਿਰ ਦੇ ਆਗੂ ਮਹਿੰਦਾ ਰਾਜਪਕਸਾ ਨਾਲ ਮੁਲਾਕਾਤ ਕੀਤੀ ਤੇ ਅੱਤਵਾਦ ਨਾਲ ਸਬੰਧ ਮੁੱਦਿਆਂ ‘ਤੇ ਸਾਂਝੀ ਕਾਰਵਾਈ ਦੀ ਲੋੜ ਬਾਰੇ ਵਿਚਾਰ ਚਰਚਾ ਕੀਤੀ।
ਮੋਦੀ ਵੱਲੋਂ ਚਰਚ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ
ਕੋਲੰਬੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੰਬੋ ਵਿਚ ਉਸ ਕੈਥੋਲਿਕ ਚਰਚ ‘ਚ ਪਹੁੰਚੇ ਜਿੱਥੇ ਅੱਤਵਾਦੀਆਂ ਨੇ ਈਸਟਰ ਮੌਕੇ ਹਮਲਾ ਕੀਤਾ ਸੀ। ਉਨ੍ਹਾਂ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਭਾਰਤ ਵੱਲੋਂ ਸ੍ਰੀਲੰਕਾ ਨਾਲ ਹਮਦਰਦੀ ਜ਼ਾਹਿਰ ਕੀਤੀ। ਮੋਦੀ ਨੇ ਟਵੀਟ ਕੀਤਾ, ‘ਮੈਂ ਸ੍ਰੀਲੰਕਾ ਦੀ ਆਪਣੀ ਯਾਤਰਾ ਸੇਂਟ ਐਂਟਨੀ ਚਰਚ ਵਿਚ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਕੀਤੀ। ਮੇਰੀਆਂ ਭਾਵਨਾਵਾਂ ਪੀੜਤ ਪਰਿਵਾਰਾਂ ਤੇ ਜ਼ਖ਼ਮੀਆਂ ਦੇ ਨਾਲ ਹਨ।’ ਉਨ੍ਹਾਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ‘ਮੈਨੂੰ ਭਰੋਸਾ ਹੈ ਕਿ ਸ੍ਰੀਲੰਕਾ ਫਿਰ ਉਠ ਖੜ੍ਹਾ ਹੋਵੇਗਾ। ਅੱਤਵਾਦੀ ਕਾਰਾ ਸ੍ਰੀਲੰਕਾ ਦਾ ਹੌਸਲਾ ਨਹੀਂ ਢਾਹ ਸਕਦਾ।’

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …