Breaking News
Home / ਪੰਜਾਬ / ਭਗਵੰਤ ਮਾਨ ਦੀ ਕੋਠੀ ਅੱਗੇ ਪੱਕਾ ਮੋਰਚਾ

ਭਗਵੰਤ ਮਾਨ ਦੀ ਕੋਠੀ ਅੱਗੇ ਪੱਕਾ ਮੋਰਚਾ

ਨਿਯੁਕਤੀ ਪੱਤਰਾਂ ਲਈ ਟੈਂਕੀ ‘ਤੇ ਚੜ੍ਹੀਆਂ ਸੱਤ ਕੁੜੀਆਂ
ਪੁਲਿਸ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੀ ਮੰਗ
ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪਿਛਲੇ ਲਗਪਗ ਤਿੰਨ ਹਫਤਿਆਂ ਤੋਂ ਪੱਕੇ ਮੋਰਚੇ ‘ਤੇ ਬੈਠੇ ਪੰਜਾਬ ਪੁਲਿਸ ਭਰਤੀ-2016 ਦੇ ਉਮੀਦਵਾਰਾਂ ਵਿੱਚੋਂ ਸੱਤ ਲੜਕੀਆਂ ਸਥਾਨਕ ਹਰੀਪੁਰਾ ਰੋਡ ਸਥਿਤ ਸੌ ਫੁੱਟ ਉੱਚੀ ਪਾਣੀ ਦੀ ਟੈਂਕੀ ‘ਤੇ ਚੜ ਗਈਆਂ।
ਉਨਾਂ ਸਰਕਾਰ ਦੇ ਲਾਪ੍ਰਵਾਹੀ ਵਾਲੇ ਵਤੀਰੇ ਖ਼ਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ 2016 ਤੋਂ ਲਟਕ ਰਹੀ ਪੰਜਾਬ ਪੁਲਿਸ ‘ਚ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਕਰ ਰਹੇ ਹਨ। ਇਹ ਦੂਜੀ ਵਾਰ ਹੈ, ਜਦੋਂ ਆਪਣੀ ਮੰਗ ਦੇ ਹੱਕ ਵਿੱਚ ਪੁਲਿਸ ਭਰਤੀ ਉਮੀਦਵਾਰ ਟੈਂਕੀ ‘ਤੇ ਚੜੇ ਹਨ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੀ ਕੋਠੀ ਅੱਗੇ ਤਿੰਨ ਹਫ਼ਤਿਆਂ ਤੋਂ ਪੱਕੇ ਮੋਰਚੇ ‘ਤੇ ਬੈਠੇ ਉਮੀਦਵਾਰਾਂ ‘ਚ ਸ਼ਾਮਲ ਹਰਪ੍ਰੀਤ ਕੌਰ ਬਠਿੰਡਾ, ਬਿਮਲਾ ਬਾਈ ਫਾਜ਼ਿਲਕਾ, ਸਰਬਜੀਤ ਕੌਰ ਮੋਗਾ, ਹਰਦੀਪ ਕੌਰ ਅਬੋਹਰ, ਮਨਪ੍ਰੀਤ ਕੌਰ ਗੁਰਦਾਸਪੁਰ, ਕੁਲਦੀਪ ਕੌਰ ਫਾਜ਼ਿਲਕਾ ਤੇ ਮਨਜੀਤ ਕੌਰ ਫਿਰੋਜ਼ਪੁਰ ਸਵੇਰੇ ਹੀ ਟੈਂਕੀ ‘ਤੇ ਜਾ ਚੜੀਆਂ। ਉਨਾਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ, ਸੰਘਰਸ਼ ਜਾਰੀ ਰਹੇਗਾ।
ਟੈਂਕੀ ਹੇਠਾਂ ਧਰਨੇ ‘ਤੇ ਬੈਠੇ ਉਮੀਦਵਾਰਾਂ ‘ਚੋਂ ਜਗਦੀਪ ਸਿੰਘ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ 31 ਮਈ 2016 ਨੂੰ ਪੰਜਾਬ ਪੁਲਿਸ ਵਿੱਚ 7416 ਸਿਪਾਹੀਆਂ ਦੀ ਭਰਤੀ ਕੱਢੀ ਗਈ ਸੀ ਤੇ 17 ਵਿੱਚ ਉਮੀਦਵਾਰਾਂ ਨੂੰ ਵੈਰੀਫਿਕੇਸ਼ਨ ਲਈ ਵੀ ਬੁਲਾਇਆ ਗਿਆ ਸੀ, ਪਰ ਹਾਲੇ ਤੱਕ ਭਰਤੀ ਨਹੀਂ ਕੀਤੀ ਗਈ। ਉਨਾਂ ਦੱਸਿਆ ਕਿ ਇਨਾਂ ਉਮੀਦਵਾਰਾਂ ਦੀ ਗਿਣਤੀ 550 ਹੈ। ਬੀਤੀ 22 ਮਾਰਚ ਨੂੰ ਭਰਤੀ ਉਮੀਦਵਾਰਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਸ਼ੁਰੂ ਕੀਤਾ ਸੀ ਤੇ 29 ਮਾਰਚ ਨੂੰ ਅੱਠ ਉਮੀਦਵਾਰ ਪਾਣੀ ਵਾਲੀ ਇਸੇ ਟੈਂਕੀ ‘ਤੇ ਚੜੇ ਸਨ, ਜੋ 3 ਅਪਰੈਲ ਨੂੰ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਭਰੋਸੇ ਮਗਰੋਂ ਹੇਠਾਂ ਉਤਰ ਆਏ ਸਨ।
ਇਸ ਮਗਰੋਂ 9 ਅਪਰੈਲ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਵੀ ਉਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਇੱਕ ਮਹੀਨੇ ‘ਚ ਮਸਲਾ ਹੱਲ ਕੀਤਾ ਜਾਵੇਗਾ, ਪਰ ਹਾਲੇ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਹ ਮੁੜ ਟੈਂਕੀ ‘ਤੇ ਚੜੇ ਹਨ। ਭਰਤੀ ਉਮੀਦਵਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟੈਂਕੀ ‘ਤੇ ਚੜੀ ਕਿਸੇ ਵੀ ਲੜਕੀ ਦਾ ਨੁਕਸਾਨ ਹੋਇਆ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …