Breaking News
Home / ਪੰਜਾਬ / ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦ ਗੁਰਜੀਤ ਸਿੰਘ ਦੇ ਮਾਪਿਆਂ ਦੀ ਕੋਈ ਸਾਰ ਨਹੀਂ ਲੈਂਦਾ

ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦ ਗੁਰਜੀਤ ਸਿੰਘ ਦੇ ਮਾਪਿਆਂ ਦੀ ਕੋਈ ਸਾਰ ਨਹੀਂ ਲੈਂਦਾ

ਪੁਲਿਸ ਸੁਰੱਖਿਆ ਦਾ ਖਰਚਾ ਭਰਨ ਤੋਂ ਹਾਂ ਅਸਮਰੱਥ : ਸਾਧੂ ਸਿੰਘ
ਫਰੀਦਕੋਟ/ਬਿਊਰੋ ਨਿਊਜ਼ : ਬਹਿਬਲ ਕਲਾਂ ਗੋਲ਼ੀ ਕਾਂਡ ਵਿਚ ਸ਼ਹੀਦ ਹੋਏ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਸਰਾਵਾਂ ਅਤੇ ਮਾਤਾ ਅਮਰਜੀਤ ਕੌਰ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ 14 ਅਕਤੂਬਰ 2015 ਦੀ ਘਟਨਾ ਤੋਂ ਬਾਅਦ ਉਨ੍ਹਾਂ ਦੇ ਘਰ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਭਗਵੰਤ ਮਾਨ ਵਰਗੇ ਵੱਡੇ ਆਗੂਆਂ ਸਮੇਤ ਕਈ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਆਏ, ਜਿਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਨਾਲ-ਨਾਲ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਪਰ ਹੁਣ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਨੂੰ ਤਿਆਰ ਨਹੀਂ।
ਨਿਰਾਸ਼ਾ ਦੇ ਆਲਮ ਵਿਚ ਸਾਧੂ ਸਿੰਘ ਨੇ ਕਿਹਾ ਕਿ ਸ਼ਹੀਦ ਗੁਰਜੀਤ ਸਿੰਘ ਦੀ ਯਾਦ ਵਿਚ ਇਕ ਸਕੂਲ ਦਾ ਨਾਂ, ਯਾਦਗਾਰੀ ਗੇਟ, ਅਜਾਇਬ ਘਰ ਵਿਚ ਤਸਵੀਰ ਲਾਉਣ ਦਾ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ, ਜੋ ਅੱਜ ਤੱਕ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ, ਪੁਲਿਸ ਸੁਰੱਖਿਆ ਦੇਣ ਦੀ ਹਾਮੀ ਤਾਂ ਭਰਦੀ ਹੈ ਪਰ ਉਹ ਸੁਰੱਖਿਆ ਦਾ ਖਰਚਾ ਭਰਨ ਤੋਂ ਅਸਮਰੱਥ ਹਨ। ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪਿਤਾ ਮਹਿੰਦਰ ਸਿੰਘ ਅਤੇ ਪੁੱਤਰ ਸੁਖਰਾਜ ਸਿੰਘ ਨੇ ਦੱਸਿਆ ਕਿ ਬਾਦਲ ਸਰਕਾਰ ਨੇ ਸਿਰਸਾ ਮੁਖੀ ਦੇ ਪੋਸਟਰਾਂ ਦੀ ਰਾਖੀ ਲਈ ਵੀ ਪੁਲਿਸ ਤਾਇਨਾਤ ਕੀਤੀ, ਪੋਸਟਰਾਂ ਨਾਲ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਮਾਮਲੇ ਦਰਜ ਕੀਤੇ, ਸੋਸ਼ਲ ਮੀਡੀਆ ਦੀਆਂ ਇਤਰਾਜ਼ਯੋਗ ਪੋਸਟਾਂ ਦੀ ਆੜ ਵਿਚ ਕਈ ਸਿੱਖ ਨੌਜਵਾਨਾਂ ਖ਼ਿਲਾਫ਼ ਧਾਰਾ 295ਏ ਤਹਿਤ ਮਾਮਲੇ ਦਰਜ ਕਰਨ ਤੋਂ ਗੁਰੇਜ ਨਾ ਕੀਤਾ ਪਰ ਬੇਅਦਬੀ ਕਾਂਡ ਦੇ ਦੋਸ਼ੀਆਂ ਦਾ ਅਸਲ ਚਿਹਰਾ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਜ਼ਰੂਰਤ ਵੀ ਨਾ ਸਮਝੀ, ਉਲਟਾ ਸਿੱਖ ਨੌਜਵਾਨਾਂ ਨੂੰ ਹੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ।ઠ ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਵੀ ਹੁਣ ਪੀੜਤ ਪਰਿਵਾਰਾਂ ਦੀ ਸਾਰ ਨਹੀਂ ਲੈ ਰਹੀ, ਕਿਉਂਕਿ ਲਗਭਗ ਛੇ ਮਹੀਨੇ ਤੋਂ ਜ਼ਿਆਦਾ ਚੱਲੇ ਬਰਗਾੜੀ ਦੇ ਇਨਸਾਫ ਮੋਰਚੇ ਦੀ ਸਮਾਪਤੀ ਲਈ 9 ਦਸੰਬਰ 2018 ਨੂੰ ਉਚੇਚੇ ਤੌਰ ‘ਤੇ ਆਏ ਕੈਪਟਨ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਅਤੇ ਪੰਜ ਵਿਧਾਇਕਾਂ ਵੱਲੋਂ ਸੰਗਤ ਦੇ ਭਾਰੀ ਇਕੱਠ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਕੀਤੇ ਗਏ ਵਾਅਦੇ ਅੱਜ ਤੱਕ ਵਫਾ ਨਾ ਹੋਏ। ਉਨ੍ਹਾਂ ਆਖਿਆ ਕਿ ਸਾਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਬਲਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਅਤੇ ਸ਼ਾਂਤਮਈ ਧਰਨਾ ਦੇ ਰਹੀ ਸੰਗਤ ‘ਤੇ ਗੋਲ਼ੀ ਚਲਾਉਣ ਵਾਲੇ ਤੇ ਉਨ੍ਹਾਂ ਨੂੰ ਆਰਡਰ ਦੇਣ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਉਡੀਕ ਹੈ।
ਕਮਿਸ਼ਨ ਦੀ ਰਿਪੋਰਟ ਨੇ ਅਸਲ ਤੱਥ ਕੀਤੇ ਉਜਾਗਰ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ‘ਤੇ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ, ਉਸ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ, ਐੱਸਪੀ ਬਿਕਰਮਜੀਤ ਸਿੰਘ, ਬਾਜਾਖਾਨਾ ਦੇ ਤਤਕਾਲੀਨ ਐੱਸਐੱਚਓ ਅਮਰਜੀਤ ਸਿੰਘ ਕੁਲਾਰ ਨੂੰ ਬਾਜਾਖਾਨਾ ਥਾਣੇ ਵਿਚ ਦਰਜ ਐੱਫਆਈਆਰ ‘ਚ ਨਾਮਜ਼ਦ ਕੀਤਾ ਗਿਆ ਸੀ।ઠਉਨ੍ਹਾਂ ਵਿਚੋਂ ਚਰਨਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ ਦੇ ਤਿੰਨ ਮੁਲਜ਼ਮ ਹਾਈਕੋਰਟ ਤੋਂ ਅੰਤ੍ਰਿਮ ਜ਼ਮਾਨਤ ‘ਤੇ ਹਨ। ਹੁਣ ਉਕਤ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਬਾਜਾਖਾਨਾ ਥਾਣੇ ਵਿਚ ਦਰਜ 130 ਨੰਬਰ ਐੱਫਆਈਆਰ ‘ਚ ਸੁਹੇਲ ਸਿੰਘ ਬਰਾੜ, ਪੰਕਜ ਬਾਂਸਲ ਤੇ ਤਤਕਾਲੀਨ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਨੂੰ ਵੀ ਨਾਮਜ਼ਦ ਕੀਤਾ ਹੈ।

Check Also

ਪੰਜਾਬ ’ਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪਾਉਣ ਦਾ ਕੰਮ ਹੋਇਆ ਮੁਕੰਮਲ

ਅੱਜ ਹੀ ਐਲਾਨੇ ਜਾਣਗੇ ਚੋਣਾਂ ਦੇ ਨਤੀਜੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਪੰਜ ਨਗਰ ਨਿਗਮ …