Breaking News
Home / ਪੰਜਾਬ / ਪੰਜਾਬ ਯੂਨੀਵਰਸਟੀ ਦੇ ਉਪ ਕੁਲਪਤੀ ਪ੍ਰੋ. ਰਾਜ ਕੁਮਾਰ ਵੱਲੋਂ ਅਸਤੀਫ਼ਾ

ਪੰਜਾਬ ਯੂਨੀਵਰਸਟੀ ਦੇ ਉਪ ਕੁਲਪਤੀ ਪ੍ਰੋ. ਰਾਜ ਕੁਮਾਰ ਵੱਲੋਂ ਅਸਤੀਫ਼ਾ

ਉਪ ਰਾਸ਼ਟਰਪਤੀ ਧਨਖੜ ਨੇ ਅਸਤੀਫਾ ਕੀਤਾ ਮਨਜ਼ੂਰ
ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਆਰੋਪਾਂ ਵਿੱਚ ਘਿਰੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਪ ਰਾਸ਼ਟਰਪਤੀ ਜਗਦੀਪ ਧਨਖੜ, ਜੋ ਪੀਯੂ ਦੇ ਚਾਂਸਲਰ ਵੀ ਹਨ, ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਧਨਖੜ ਨੇ ਅਗਲੇ ਹੁਕਮਾਂ ਤੱਕ ਡੀਨ ਯੂਨੀਵਰਸਿਟੀ ਇੰਸਟਰੱਕਸ਼ਨ (ਡੀਯੂਆਈ) ਰੇਣੂ ਵਿੱਜ ਨੂੰ ਪੀਯੂ ਦਾ ਕਾਰਜਕਾਰੀ ਉਪ ਕੁਲਪਤੀ ਬਣਾਇਆ ਹੈ।
ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਉਪ ਕੁਲਪਤੀ ਬਣਾਇਆ ਗਿਆ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼ ਦੇ ਸਾਬਕਾ ਮੁਖੀ ਪ੍ਰੋ. ਰਾਜ ਕੁਮਾਰ ਨੇ 23 ਜੁਲਾਈ 2018 ਨੂੰ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਵਜੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਸੀ। ਉਨ੍ਹਾਂ ਨੂੰ 23 ਜੁਲਾਈ 2021 ਨੂੰ ਤਿੰਨ ਸਾਲ ਦਾ ਵਾਧਾ ਮਿਲ ਗਿਆ ਸੀ। ਪਹਿਲੀ ਵਾਰ ਹੈ ਕਿ ਭ੍ਰਿਸ਼ਟਾਚਾਰ ਦੇ ਆਰੋਪਾਂ ਕਾਰਨ ਕਿਸੇ ਵੀਸੀ ਨੂੰ ਆਪਣਾ ਕਾਰਜਕਾਲ ਵਿਚਾਲੇ ਛੱਡਣਾ ਪਿਆ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਭਾਰਤ ਦੇ ਐਡੀਸ਼ਨਲ ਸੌਲਿਸਟਰ ਸੱਤਿਆਪਾਲ ਜੈਨ ਨੇ ਇੱਥੇ ਪੀਯੂ ਦੇ ਗੈਸਟ ਹਾਊਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੋ. ਰਾਜ ਕੁਮਾਰ ਦੇ ਅਸਤੀਫ਼ੇ ਨਾਲ ਪੰਜਾਬ ਯੂਨੀਵਰਸਿਟੀ ਵਿੱਚੋਂ ਕਾਲੇ ਦੌਰ ਦਾ ਅੰਤ ਹੋ ਗਿਆ ਹੈ ਅਤੇ ਅੱਜ ਦਾ ਦਿਨ ਯੂਨੀਵਰਸਿਟੀ ਲਈ ਰਾਹਤ ਭਰਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰੋ. ਰਾਜ ਕੁਮਾਰ ਨੇ 10 ਜਨਵਰੀ ਨੂੰ ਅਸਤੀਫ਼ਾ ਦੇ ਦਿੱਤਾ ਸੀ। ਚਾਂਸਲਰ ਦਫ਼ਤਰ ਨੇ ਇਸ ਨੂੰ ਮਨਜ਼ੂਰ ਕਰਨ ਮਗਰੋਂ ਪ੍ਰੋ. ਰੇਣੂ ਵਿੱਗ ਨੂੰ ਕਾਰਜਕਾਰੀ ਉਪ ਕੁਲਪਤੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੀਯੂ ਵਿੱਚ ਭ੍ਰਿਸ਼ਟਾਚਾਰ ਕਾਫ਼ੀ ਵਧ ਗਿਆ ਸੀ। ਯੂਨੀਵਰਸਿਟੀ ਅੰਦਰ ਘਟੀਆ ਰਾਜਨੀਤੀ ਸ਼ੁਰੂ ਹੋ ਚੁੱਕੀ ਸੀ। ਗਿਫ਼ਟ ਕਲਚਰ ਵੀ ਪੂਰੇ ਜ਼ੋਰਾਂ ‘ਤੇ ਸੀ। ਉਨ੍ਹਾਂ ਕਿਹਾ ਕਿ ਇਸ ਕਾਰਨ ਉਨ੍ਹਾਂ ਨੇ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਉਪ ਕੁਲਪਤੀ ਤੋਂ ਦੂਰੀ ਬਣਾਈ ਹੋਈ ਸੀ ਅਤੇ ਭ੍ਰਿਸ਼ਟਾਚਾਰ ਨੂੰ ਤੁਰੰਤ ਬੰਦ ਕਰਨ ਦੀ ਨਸੀਹਤ ਵੀ ਦਿੱਤੀ ਸੀ।
ਯੂਨੀਵਰਸਿਟੀ ‘ਚ ਭ੍ਰਿਸ਼ਟਾਚਾਰ ਦੇ ਆਰੋਪਾਂ ਬਾਰੇ ਪੁੱਛੇ ਜਾਣ ‘ਤੇ ਜੈਨ ਨੇ ਕਿਹਾ ਕਿ ਯੂਨੀਵਰਸਿਟੀ ਦਾ ਚੀਫ਼ ਵਿਜੀਲੈਂਸ ਦਫ਼ਤਰ (ਸੀ.ਵੀ.ਓ.) ਜਾਂਚ ਕਰ ਰਿਹਾ ਹੈ। ਇਸ ਮੌਕੇ ਪ੍ਰੋ. ਨਵਦੀਪ ਗੋਇਲ, ਪ੍ਰੋ. ਰਜਤ ਸੰਧੀਰ, ਪ੍ਰੋ. ਗੌਰਵ ਗੌੜ, ਡਾ. ਜਗਵੰਤ ਸਿੰਘ, ਐੱਸ ਐੱਸ ਸੰਘਾ, ਪ੍ਰਵੀਨ ਗੋਇਲ, ਵਰਿੰਦਰ ਸਿੰਘ ਵਿੱਕੀ ਗਿੱਲ, ਜਸਕਰਨ ਸਿੰਘ ਵੜੈਚ ਅਤੇ ਭਾਜਪਾ ਆਗੂ ਦੇਵੇਸ਼ ਮੋਦਗਿੱਲ ਮੌਜੂਦ ਸਨ।

 

Check Also

ਮੁੱਖ ਮੰਤਰੀ  ਭਗਵੰਤ ਮਾਨ ਸਮੇਤ ਸਮੂਹ ਕੈਬਨਿਟ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਕਿਹਾ : ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਆਪਸੀ ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ …