Breaking News
Home / ਪੰਜਾਬ / ਸ਼੍ਰੋਮਣੀ ਕਮੇਟੀ ਵੱਲੋਂ ਯੂਟਿਊਬ ਚੈਨਲ ਨੂੰ ਅਪਗਰੇਡ ਕਰਨ ਦਾ ਫੈਸਲਾ

ਸ਼੍ਰੋਮਣੀ ਕਮੇਟੀ ਵੱਲੋਂ ਯੂਟਿਊਬ ਚੈਨਲ ਨੂੰ ਅਪਗਰੇਡ ਕਰਨ ਦਾ ਫੈਸਲਾ

ਇਕ ਸਬ ਕਮੇਟੀ ਦਾ ਕੀਤਾ ਗਿਆ ਗਠਨ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਕਰਨ ਲਈ ਆਪਣਾ ਚੈਨਲ ਸ਼ੁਰੂ ਕਰਨ ਵਿੱਚ ਹੁਣ ਤਕ ਕਾਮਯਾਬ ਨਹੀਂ ਹੋਈ ਪਰ ਉਸ ਨੇ ਆਪਣੇ ਯੂਟਿਊਬ ਚੈਨਲ ਨੂੰ ਅਪਗਰੇਡ ਕਰਨ ਦਾ ਫੈਸਲਾ ਕੀਤਾ ਹੈ ਜਿਸ ਲਈ ਇੱਕ ਸਬ ਕਮੇਟੀ ਬਣਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸਿੱਖ ਸੰਸਥਾ ਨੇ ਆਪਣੇ ਯੂਟਿਊਬ ਚੈਨਲ ਨੂੰ ਅਪਗਰੇਡ ਕਰਨ ਅਤੇ ਆਪਣਾ ਨਿੱਜੀ ਚੈਨਲ ਸ਼ੁਰੂ ਕਰਨ ਬਾਰੇ ਇਕ ਸਬ ਕਮੇਟੀ ਬਣਾਈ ਹੈ ਜੋ ਇਨ੍ਹਾਂ ਦੋਹਾਂ ਮੁੱਦਿਆਂ ‘ਤੇ ਕੰਮ ਕਰੇਗੀ। ਸਬ ਕਮੇਟੀ ਪਤਾ ਲਾਵੇਗੀ ਕਿ ਆਪਣਾ ਨਿੱਜੀ ਚੈਨਲ ਸ਼ੁਰੂ ਕਰਨ ਲਈ ਕੀ ਕੁਝ ਲੋੜੀਂਦਾ ਹੈ ਅਤੇ ਇਸ ਨੂੰ ਕਿਵੇਂ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਗਿਆ ਸੀ ਜਿਸ ਤਹਿਤ ਕੰਮ ਕੀਤਾ ਜਾ ਰਿਹਾ ਹੈ।
ਵੇਰਵਿਆਂ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਸਬੰਧੀ ਇੱਕ ਨਿੱਜੀ ਟੀਵੀ ਚੈਨਲ ਨਾਲ ਸਮਝੌਤੇ ਦੀ ਮਿਆਦ ਵੀ ਇਸ ਵਰ੍ਹੇ ਜੁਲਾਈ ਮਹੀਨੇ ਵਿਚ ਖ਼ਤਮ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਆਪਣੇ ਚੈਨਲ ਤੋਂ ਕਰਨ ਨੂੰ ਤਰਜੀਹ ਦੇਵੇਗੀ। ਇਸ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਇਕ ਯੂਟਿਊਬ ਚੈਨਲ ਸ਼ੁਰੂ ਕੀਤਾ ਗਿਆ ਹੈ ਜਿਸ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਚ ਹੁੰਦੇ ਗੁਰਬਾਣੀ ਕੀਰਤਨ ਨੂੰ ਆਡੀਓ ਰਾਹੀਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
ਫਿਲਹਾਲ ਇਸ ਉੱਪਰ ਵੀਡੀਓ ਰਾਹੀਂ ਪ੍ਰਸਾਰਨ ਉਪਲਬਧ ਨਹੀ ਹੈ। ਇਸ ਚੈਨਲ ‘ਤੇ ਹੋਰ ਗਤੀਵਿਧੀਆਂ ਵੀ ਦਿਖਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਮੁਤਾਬਕ ਇਸ ਚੈਨਲ ਨੂੰ ਜਲਦੀ ਹੀ ਅਪਗਰੇਡ ਕੀਤਾ ਜਾਵੇਗਾ।
ਇਸ ਉਪਰ ਹੋਰਨਾਂ ਪ੍ਰਮੁੱਖ ਗੁਰਦੁਆਰਿਆਂ ਵਿੱਚ ਹੁੰਦੇ ਗੁਰਬਾਣੀ ਕੀਰਤਨ ਦਾ ਵੀ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਆਪਣੀ ਗੱਲ ਰੱਖਣ ਲਈ ਫੇਸਬੁੱਕ, ਟਵਿੱਟਰ ਤੇ ਹੋਰ ਵੀ ਆਨਲਾਈਨ ਮਾਧਿਅਮ ਅਪਣਾਏ ਗਏ ਹਨ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …