ਡਰੱਗ ਮਾਮਲੇ ’ਚ ਆਰੋਪੀ ਬਿਕਰਮ ਮਜੀਠੀਆ ਪਟਿਆਲਾ ਜੇਲ੍ਹ ’ਚ ਹੈ ਬੰਦ
ਪਟਿਆਲਾ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਟਿਆਲਾ ਜੇਲ੍ਹ ’ਚ ਬੰਦ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਪਹੁੰਚੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿਕਰਮ ਮਜੀਠੀਆ ਦਾ ਅੱਜ ਜਨਮ ਦਿਨ ਹੈ, ਜਿਸ ਦੇ ਚਲਦਿਆਂ ਵੱਡੀ ਗਿਣਤੀ ਅਕਾਲੀ ਸਮਰਥਕ ਵੀ ਪਟਿਆਲਾ ਜੇਲ੍ਹ ਦੇ ਬਾਹਰ ਮੌਜੂਦ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਖੁਦ ਅਤੇ ਹਰਸਿਮਰਤ ਕੌਰ ਬਾਦਲ ਬਿਕਰਮ ਮਜੀਠੀਆ ਨੂੰ ਮਿਲ ਕੇ ਆਏ ਹਨ ਅਤੇ ਮਜੀਠੀਆ ਪੂਰੀ ਚੜ੍ਹਦੀਕਲਾ ’ਚ ਹਨ। ਇਸ ਮੌਕੇ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਮਿਲ ਕੇ ਮਜੀਠੀਆ ਖਿਲਾਫ਼ ਝੂਠਾ ਕੇਸ ਦਰਜ ਕਰਕੇ ਜਾਣ ਬੁੱਝ ਕੇ ਉਨ੍ਹਾਂ ਨੂੰ ਡਰੱਗ ਮਾਮਲੇ ਵਿਚ ਫਸਾਇਆ ਹੈ। ਪ੍ਰੰਤੂ ਬਿਕਰਮ ਸਿੰਘ ਮਜੀਠੀਆ ਇਸ ਮਾਮਲੇ ਵਿਚ ਬਿਲਕੁਲ ਨਿਰਦੋਸ਼ ਹਨ। ਧਿਆਨ ਰਹੇ ਕਿ ਲੰਘੀ 24 ਫਰਵਰੀ ਨੂੰ ਮੋਹਾਲੀ ਅਦਾਲਤ ਵਿਚ ਮਜੀਠੀਆ ਨੇ ਆਤਮ ਸਮਰਪਣ ਕੀਤਾ ਸੀ। ਇਸ ਦੌਰਾਨ ਉਨ੍ਹਾਂ ਅਗਾਊਂ ਜ਼ਮਾਨਤ ਲਗਾਈ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰਦਿਆਂ ਉਨ੍ਹਾਂ ਨੂੰ 8 ਮਾਰਚ ਤੱਕ ਨਿਆਂਇਕ ਹਿਰਾਸਤ ਵਿਚ ਪਟਿਆਲਾ ਜੇਲ੍ਹ ਭੇਜ ਦਿੱਤਾ ਸੀ। ਇਸ ਮੌਕੇ ਸੁਖਬੀਰ ਨੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦਿਆਂ ਕੇਂਦਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸਬੰਧੀ ਲਏ ਗਏ ਫੈਸਲੇ ਨੂੰੂ ਮੰਦਭਾਗਾ ਦੱਸਿਆ।