ਸਮਾਗਮ ਵਿਚ ਅਕਾਲੀਆਂ ਦੀ ਰਹੀ ਵੱਡੀ ਸ਼ਮੂਲੀਅਤ
ਬਰਨਾਲਾ/ਬਿਊਰੋ ਨਿਊਜ਼ : ਪੰਜਾਬ ਦੇ ਦਿੱਗਜ ਸਿਆਸਤਦਾਨ ਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨਮਿਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਸ਼ਹਿਰ ਬਰਨਾਲਾ ਵਿੱਚ ਹੋਇਆ, ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਉੱਘੀਆਂ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਬਰਨਾਲਾ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ।
ਬਰਨਾਲਾ ਪਰਿਵਾਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਸਮਾਗਮ ਵਿੱਚ ਅਕਾਲੀ ਆਗੂਆਂ ਦੀ ਵੱਡੀ ਸ਼ਮੂਲੀਅਤ ਰਹੀ। ਇੱਥੇ ਅਨਾਜ ਮੰਡੀ ਵਿੱਚ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੁਰਜੀਤ ਸਿੰਘ ਬਰਨਾਲਾ ਸਿਰਫ਼ ਇਨਸਾਨ ਨਹੀਂ, ਸਗੋਂ ਸੰਸਥਾ ਸਨ। ਉਨ੍ਹਾਂ ਦਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਲਈ ਨਹੀਂ, ਬਲਕਿ ਸੂਬੇ ਅਤੇ ਦੇਸ਼ ਲਈ ਵੀ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ, ਮੁੱਖ ਮੰਤਰੀ, ਕੇਂਦਰੀ ਕੈਬਨਿਟ ਮੰਤਰੀ ਤੋਂ ਇਲਾਵਾ 4-5 ਸੂਬਿਆਂ ਦੇ ਗਵਰਨਰ ਵਜੋਂ ਅਹੁਦਿਆਂ ‘ਤੇ ਰਹਿੰਦਿਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਿੱਥੇ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਦੀ ਤਾਕਤਮੰਦੀ ਹਿੱਤ ਜੂਝਦੇ ਸਨ, ਉਥੇ ਉਹ ਚਿੱਤਰਕਾਰੀ ਤੇ ਪੜ੍ਹਨ-ਲਿਖਣ ਦਾ ਸ਼ੌਕ ਵੀ ਪਾਲਦੇ ਸਨ। ਉਨ੍ਹਾਂ ਚੋਣ ਜ਼ਾਬਤੇ ਦੇ ਮੱਦੇਨਜ਼ਰ ਐਲਾਨ ਤਾਂ ਨਹੀਂ ਕੀਤਾ ਪਰ ਬੀਬੀ ਬਰਨਾਲਾ ਨੂੰ ਸੰਬੋਧਿਤ ਹੁੰਦਿਆਂ ਕਿਹਾ ਅਗਲੀਆਂ ਪੀੜ੍ਹੀਆਂ ਦੀ ਪ੍ਰੇਰਨਾ ਲਈ ਜਿੱਥੇ ਅਤੇ ਜਿਵੇਂ ਉਹ ਆਖਣਗੇ, ਮਰਹੂਮ ਬਰਨਾਲਾ ਦੀ ਯਾਦਗਾਰ ਜ਼ਰੂਰ ਬਣਾਈ ਜਾਵੇਗੀ।ਇਸ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਾਜਾ ਰਣਧੀਰ ਸਿੰਘ ਨੇ ਕੈਪਟਨ ਤੇ ਸ੍ਰੀਮਤੀ ਪ੍ਰਨੀਤ ਕੌਰ ਵੱਲੋਂ ਸੋਗ ਸੰਦੇਸ਼ ਪੜ੍ਹਦਿਆਂ ਬਰਨਾਲਾ ਨਾਲ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ, ਤੋਤਾ ਸਿੰਘ, ਪਰਮਜੀਤ ਸਿੰਘ ਸਰਨਾ, ਪਰਮਜੀਤ ਸਿੰਘ ਰਾਣੂ, ਬਲਦੇਵ ਸਿੰਘ ਮਾਨ ਅਤੇ ਗੋਬਿੰਦ ਸਿੰਘ ਕਾਂਝਲਾ ਨੇ ਵੀ ਸ਼ਰਧਾਂਜਲੀ ઠਭੇਟ ਕੀਤੀ।
Check Also
ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ
ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …