ਕੈਨੇਡਾ ‘ਚ ਕਿਸਾਨਾਂ ਖਰੀਦ ਕੇ ਦਿੱਤੀ ਜਾਵੇਗੀ ਜ਼ਮੀਨ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੀ ਬੁੱਧਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ। ਪਿਛਲੇ ਦਸ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਮਨੋਰਥ ਪੱਤਰ ਜ਼ਰੀਏ ਸੂਬੇ ਦੇ ਹਰੇਕ ਵਰਗ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ। ਚੋਣ ਮਨੋਰਥ ਪੱਤਰ ਵਿਚ ਐਲਾਨ ਕੀਤਾ ਗਿਆ ਹੈ ਕਿ ਅਮਰੀਕਾ ਤੇ ਕੈਨੇਡਾ ਵਿਚ ਇਕ ਲੱਖ ਏਕੜ ਜ਼ਮੀਨ ਖ਼ਰੀਦ ਕੇ ਸਰਕਾਰ ਪੇਸ਼ੇਵਰ ਕਿਸਾਨਾਂ ਨੂੰ ਅਲਾਟ ਕਰੇਗੀ। ਇਸ ਦੇ ਨਾਲ ਹੀ ਇਨ੍ਹਾਂ ਕਿਸਾਨਾਂ ਨੂੰ ਉੱਥੇ ਪੱਕੇ ਤੌਰ ‘ਤੇ ਵੱਸਣ ਲਈ ਉੱਥੋਂ ਦੀਆਂ ਸਰਕਾਰਾਂ ਤੋਂ ਇਜਾਜ਼ਤ ਦਿਵਾਈ ਜਾਵੇਗੀ।
ਕਿਸਾਨਾਂ ਦੇ ਕਰਜ਼ੇ ਮਾਫ਼ੀ ਦੇ ਨਾਲ-ਨਾਲ ਨੀਲੇ ਕਾਰਡ ਧਾਰਕਾਂ ਲਈ 25 ਰੁਪਏ ਕਿਲੋ ਘਿਉ, 10 ਰੁਪਏ ਕਿਲੋ ਖੰਡ ਦੇਣ, ਨੌਜਵਾਨਾਂ ਲਈ 20 ਲੱਖ ਨੌਕਰੀਆਂ ਦਾ ਪ੍ਰਬੰਧ, ਕਾਰੋਬਾਰੀਆਂ ਲਈ ਵਹੀ ਖਾਤਿਆਂ ਤੋਂ ਮੁਕਤੀ, ਮੈਰੀਟੋਰੀਅਸ ਬੱਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਾਉਣ, ਕਿਸਾਨਾਂ ਨੂੰ ਦਸ ਘੰਟੇ ਬਿਜਲੀ ਸਪਲਾਈ, ਬੁਢਾਪਾ ਪੈਨਸ਼ਨ 500 ਰੁਪਏ ਤੋਂ ਵਧਾ ਕੇ 2500 ਰੁਪਏ ਕਰਨ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਦਸ ਕਿਲੋਮੀਟਰ ਦੇ ਦਾਇਰੇ ਵਿਚ ਹੀ ਬਦਲੀ ਤੋਂ ਲੈ ਕੇ ਵਿਦੇਸ਼ ਵਿਚ ਵੀ ਲੋਕਾਂ ਨੂੰ ਵਸਾਉਣ ਤੱਕ ਦੇ ਐਲਾਨ ਕੀਤੇ।
ਕਿਸਾਨਾਂ ਨੂੰ ਲੁਭਾਉਣ ਲਈ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ-ਭਾਜਪਾ ਗਠਜੋੜ ਵੱਲੋਂ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਹੈ। ਹਰੇਕ ਕਿਸਾਨ ਨੂੰ ਸਿੰਚਾਈ ਲਈ ਟਿਊਬਵੈੱਲ ਦੇ ਨਾਲ-ਨਾਲ 10 ਘੰਟੇ ਤਕ ਬਿਜਲੀ ਦੀ ਮੁਫ਼ਤ ਸਪਲਾਈ ਦਿੱਤੀ ਜਾਵੇਗੀ। 20 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਹਰ ਜ਼ਿਲ੍ਹੇ ਵਿਚ ਮੈਰੀਟੋਰੀਅਸ ਸਕੂਲ ਖੋਲ੍ਹੇ ਜਾਣਗੇ। ਨੀਲੇ ਕਾਰਡ ਧਾਰਕਾਂ ਨੂੰ ਦਸ ਰੁਪਏ ਕਿਲੋ ਖੰਡ ਅਤੇ 25 ਰੁਪਏ ਕਿਲੋ ਘਿਉ ਦੇਣ ਦਾ ਵਾਅਦਾ ਵੀ ਅਕਾਲੀ ਦਲ ਨੇ ਕੀਤਾ।
ਸਾਰੇ ਕੱਚੇ ਮਕਾਨਾਂ ਨੂੰ ਦੋ ਸਾਲ ਦੇ ਅੰਦਰ ਪੱਕਾ ਕਰਾਇਆ ਜਾਏਗਾ। ਬੁਢਾਪਾ ਪੈਨਸ਼ਨ ਪੰਜ ਸੌ ਰੁਪਏ ਤੋਂ ਵਧਾ ਕੇ 2500 ਰੁਪਏ ਕੀਤੀ ਜਾਏਗੀ।
ਸੁਖਬੀਰ ਬਾਦਲ ਐਂਡ ਕੰਪਨੀ ਐਨ ਆਰ ਆਈ ਤੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ‘ਚ ਲੱਗੀ ਰਹੀ : ਭਗਵੰਤ ਮਾਨ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਲੰਮੇ ਹੱਥੀਂ ਲਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਪਰਵਾਸੀ ਪੰਜਾਬੀਆਂ ਦੇ ਨਾਂ ਹੇਠ ਆਪਣੇ ਗ਼ੈਰ-ਕਾਨੂੰਨੀ ਢੰਗ ਨਾਲ ਇਕੱਠੇ ਕੀਤੇ ਧਨ ਨੂੰ ਅਮਰੀਕਾ ਤੇ ਕੈਨੇਡਾ ਦੀ ਵਾਹੀਯੋਗ ਜ਼ਮੀਨ ਵਿੱਚ ਲਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਸੁਖੀਬਰ ਬਾਦਲ ਨੇ ਵਿਦੇਸ਼ ਵਿੱਚ ਖੇਤੀਬਾੜੀ ਦੇ ਯੋਗ ਇੱਕ ਲੱਖ ਹੈਕਟੇਅਰ ਜ਼ਮੀਨ ਖ਼ਰੀਦਣ ਤੇ ਉਹ ਜ਼ਮੀਨ ਪਰਵਾਸੀ ਪੰਜਾਬੀਆਂ ਨੂੰ ਦੇਣ ਦਾ ਵਾਅਦਾ ਕੀਤਾ ਹੈ।
ਗਰੀਬਾਂ ਨੂੰ 25 ਰੁਪਏ ਕਿਲੋ ਦੇਸੀ ਘਿਓ ਦਿਆਂਗੇ
ਜਲੰਧਰ/ਬਿਊਰੋ ਨਿਊਜ਼
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ઠਲਈ ਭਾਜਪਾ ਦੇ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਵਿੱਚ ਲੋਕ ਲੁਭਾਊ ਵਾਅਦਿਆਂ ਨੂੰ ਦੁਹਰਾਇਆ ਹੈ। ਭਾਜਪਾ ਨੇ ਲੋਕਾਂ ਨੂੰ ਆਟਾ-ਦਾਲ ਸਕੀਮ ਦੇ ਨਾਲ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੋ ਕਿਲੋ ਦੇਸੀ ਘਿਉ ਅਤੇ 10 ਰੁਪਏ ਕਿਲੋ ਦੇ ਹਿਸਾਬ ਨਾਲ 5 ਕਿਲੋ ਖੰਡ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਹੈ। ਚੋਣ ਮਨੋਰਥ ਪੱਤਰ ਵਿਚ ਭਾਜਪਾ ਨੇ ਗੱਠਜੋੜ ਸਰਕਾਰ ਦੀਆਂ 10 ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ ਹਨ ਪਰ ਨੋਟਬੰਦੀ ਦਾ ਜ਼ਿਕਰ ਤੱਕ ਨਹੀਂ ਕੀਤਾ। ਉਂਜ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਨੋਟਬੰਦੀ ਨੂੰ ਚੋਣ ਮੁੱਦਾ ਬਣਾਉਣ ਦਾ ਐਲਾਨ ਕੀਤਾ ਸੀ। ਦੂਜੀਆਂ ਪਾਰਟੀਆਂ ਵਾਂਗ ਭਾਜਪਾ ਨੇ ਵੀ ਸੂਬੇ ਦੇ ਹਰ ਘਰ ਵਿੱਚ ਇੱਕ ਜਣੇ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਹੈ। ਦਲਿਤਾਂ ਨੂੰ ਪੜ੍ਹਾਈ ਲਈ 15 ਲੱਖ ਰੁਪਏ ਤੱਕ ਸਕਾਲਰਸ਼ਿਪ, ਲੜਕੀਆਂ ਨੂੰ ਪੀਐਚ ਡੀ ਤੱਕ ਮੁਫ਼ਤ ਪੜ੍ਹਾਈ, ਢਾਈ ਏਕੜ ਜਾਂ ਇਸ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਜਿਹੇ ਵਾਅਦੇ ਕੀਤੇ ਗਏ ਹਨ। ਵਪਾਰੀਆਂ ਨੂੰ ਖੁਸ਼ ਕਰਨ ਦੇ ਯਤਨ ਤਹਿਤ ਜੀਐਸਟੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਅਤੇ ਵੈਟ ਨੂੰ ਰਿਫੰਡ ਹੋਰ ਸਰਲ ਬਣਾਉਣ ਦੇ ਵਾਅਦੇ ਵੀ ਕੀਤੇ ਗਏ ਹਨ। ਸਿਹਤ ਬੀਮਾ, ਸਿੱਖਿਆ, ਮੁਲਾਜ਼ਮਾਂ, ਔਰਤਾਂ, ਅੱਤਵਾਦ ਤੋਂ ਪੀੜਤ ਪਰਿਵਾਰਾਂ, ਸਾਬਕਾ ਫ਼ੌਜੀਆਂ, ਐਨਆਰਆਈ ਤੇ ਪੰਚਾਇਤਾਂ ਸਮੇਤ ਵਾਤਾਵਰਣ ਦੇ ਮੁੱਦੇ ਵੀ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਕੀਤੇ ਗਏ ਹਨ। ਜੇਤਲੀ ਨੇ ਕਿਹਾ ਕਿ ઠਭਾਜਪਾ ਨੇ ਚੋਣ ਮਨੋਰਥ ਪੱਤਰ ਵਿਚ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਂਝਾ ਪ੍ਰੋਗਰਾਮ ਉਲੀਕਿਆ ਹੈ। ਉਨ੍ਹਾਂ ਆਖਿਆ ਕਿ ਤੀਜੀ ਵਾਰ ਸੱਤਾ ਵਿੱਚ ਆਉਣ ‘ਤੇ ਸੂਬੇ ਦੇ ਵਿਕਾਸ ਦੀ ਰਫ਼ਤਾਰ ਤੇਜ਼ ਕਰਾਂਗੇ। ਇਸ ਮੌਕੇ ઠਸੂਬਾ ਪ੍ਰਧਾਨ ਵਿਜੇ ਸਾਂਪਲਾ, ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਕਮਲ ਸ਼ਰਮਾ, ਕੌਮੀ ਜਨਰਲ ਸਕੱਤਰ ਰਾਮਲਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ, ਜਨਰਲ ਸਕੱਤਰ ਮਨਜੀਤ ਸਿੰਘ ਰਾਏ, ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅਤੇ ਪੰਜਾਬ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਸਮੇਤ ਹੋਰ ਆਗੂ ਹਾਜ਼ਰ ਸਨ।
ਨਸ਼ਿਆਂ ਬਾਰੇ ਅਕਾਲੀ ਦਲ ਅਤੇ ਭਾਜਪਾ ਦੇ ਸੁਰ ਵੱਖਰੇ :ਸੁਖਬੀਰ ਸਿੰਘ ਬਾਦਲ ਸੂਬੇ ਵਿੱਚ ਨਸ਼ੇ ਨਾ ਹੋਣ ਦੇ ਦਾਅਵੇ ਕਰ ਰਹੇ ਹਨ ਪਰ ਭਾਜਪਾ ਨੇ ઠਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਹੈ। ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਹੈ ਕਿ ਸਰਕਾਰ ਬਣਨ ‘ਤੇ ਡਰੱਗ ਮਾਫ਼ੀਏ ਖ਼ਿਲਾਫ਼ ਮੁਹਿੰਮ ਲਈ ਸਪੈਸ਼ਲ ਐਂਟੀ ਡਰੱਗ ਸਕੁਐਡ ਬਣਾਇਆ ਜਾਵੇਗਾ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …