ਵੱਖ-ਵੱਖ ਧਰਮ ਗੁਰੂ ਸਮਾਗਮ ਵਿਚ ਕਰਨਗੇ ਸ਼ਿਰਕਤ
ਚੰਡੀਗੜ੍ਹ/ਬਿਊਰੋ ਨਿਊਜ਼ : ਸਤਿਗੁਰੂ ਉਦੈ ਸਿੰਘ ਜੀ ਦੀ ਸ੍ਰਪਰਸਤੀ ਹੇਠ ਹੋਲਾ ਮੁਹੱਲੇ ਮੌਕੇ ਸਰਬ ਧਰਮ ਸੰਮੇਲਨ ‘ਏਕ ਪਿਤਾ ਏਕਸ ਕੇ ਹਮ ਬਾਰਕ’ 9 ਮਾਰਚ ਨੂੰ ਸ੍ਰੀ ਭੈਣੀ ਸਾਹਿਬ, (ਲੁਧਿਆਣਾ) ਵਿਖੇ ਕਰਵਾਉਣ ਜਾ ਰਹੇ ਹਾਂ। ਇਹ ਸਰਬ ਧਰਮ ਸੰਮੇਲਨ ਸੰਸਾਰ ਭਰ ਵਿਚ ਅਮਨ-ਸ਼ਾਂਤੀ ਅਤੇ ਮਨੁੱਖੀ ਸਦਭਾਵਨਾ ਨੂੰ ਸਮਰਪਿਤ ਹੋਵੇਗਾ।
ਸਤਿਗੁਰੂ ਰਾਮ ਸਿੰਘ ਜੀ ਨੇ 1857 ਵਿਚ ਕੂਕਾ ਲਹਿਰ ਦੌਰਾਨ ਬਰਤਾਨਵੀ ਹਕੂਮਤ ਦੇ ਖਿਲਾਫ਼ ਨਾਮਿਲਵਰਤਣ ਲਹਿਰ ਦੀ ਆਰੰਭਤਾ ਕੀਤੀ। ਸਤਿਗੁਰੂ ਰਾਮ ਸਿੰਘ ਜੀ ਨੂੰ ਆਜ਼ਾਦੀ ਸੰਗਰਾਮ ਦੌਰਾਨ ਨਾਮਿਲਵਰਤਣ ਲਹਿਰ ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ। ਸਮਾਜ ਸੁਧਾਰ ਲਹਿਰ ਦੌਰਾਨ ਵਿਧਵਾਵਾਂ ਦੇ ਵਿਆਹ ਦੀ ਰਵਾਇਤ ਤੋਰ ਕੇ ਉਨ੍ਹਾਂ ਵੱਡਾ ਇਨਕਲਾਬੀ ਕਦਮ ਪੁੱਟਿਆ। ਇਸ ਦੇ ਨਾਲ-ਨਾਲ ਔਰਤਾਂ ਲਈ ਵੀ ਅੰਮ੍ਰਿਤਪਾਨ ਅਤੇ ਆਨੰਦ ਕਾਰਜ ਰਾਹੀਂ ਦਹੇਜ ਤੋਂ ਬਿਨਾਂ ਵਿਆਹ ਦੀ ਰੀਤ ਚਲਾਈ ਗਈ।
ਨਾਮਧਾਰੀ ਸੰਗਤ ਇਸ ਗੱਲ ਵਿਚ ਵੀ ਯਕੀਨ ਕਰਦੀ ਹੈ ਕਿ ਮਨ ਦੀ ਸ਼ਾਂਤੀ ਅਤੇ ਅਧਿਆਤਮ ਵਿਚ ਲੀਨ ਹੋਣ ਲਈ ਸੰਗੀਤ ਅਹਿਮ ਭੂਮਿਕਾ ਨਿਭਾਉਂਦਾ ਹੈ। ਨਾਮਧਾਰੀ ਸੰਗੀਤ ਘਰਾਣੇ ਨੇ ਇਹ ਮਾਣ ਹਾਸਲ ਕਰਦਿਆਂ ਨਵੀਂਆਂ ਉਚਾਈਆਂ ਨੂੰ ਛੋਹਿਆ ਹੈ। ਅਕਾਲ ਪੁਰਖ ਦੀ ਸਭ ਤੋਂ ਉੱਤਮ ਰਚਨਾ ਮਨੁੱਖ ਇਨ੍ਹੀਂ ਦਿਨੀਂ ਬਹੁਤ ਭਿਆਨਕ ਦੌਰ ਦਾ ਸਾਹਮਣਾ ਕਰ ਰਿਹਾ ਹੈ। ਆਪਣੀ ਹੀ ਹਊਮੈ ਦਾ ਸ਼ਿਕਾਰ ਮਨੁੱਖ ਲੋਭ, ਮੋਹ, ਮਾਇਆ, ਨਫ਼ਰਤ ਅਤੇ ਹਿੰਸਾ ਵਿਚ ਧੱਸਦਾ ਜਾ ਰਿਹਾ ਹੈ। ਦੁਨੀਆ ਦੇ ਹਰ ਹਿੱਸੇ ਵਿਚ ਪੱਸਰੀ ਅਸਥਿਰਤਾ, ਬੇਚੈਨੀ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ ਹੈ। ਸੰਸਾਰ ਨੂੰ ਅੱਜ ਸ਼ਾਂਤੀ, ਸ਼ਹਿਣਸ਼ੀਲਤਾ, ਸੱਚਾਈ, ਮਾਨਸਿਕ ਸੰਤੁਸ਼ਟੀ, ਨੈਤਿਕਤਾ ਅਤੇ ਦਿਆਨਤਦਾਰੀ ਦਾ ਸੁਨੇਹਾ ਦੇਣ ਦੀ ਜ਼ਰੂਰਤ ਹੈ। ਇਸ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਸਾਰੇ ਧਰਮਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ। ਜਿਨ੍ਹਾਂ ਵਿਚ ਰਾਧਾ ਸਵਾਮੀ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਜੀ, ਐਚ.ਐਚ. ਸਵਾਮੀ ਅਵਦੇਸ਼ਾਨੰਦ ਗਿਰੀ ਜੀ ਮਹਾਰਾਜ, ਐਚ.ਐਚ. ਜੈਨ ਅਚਾਰਿਆ, ਡਾ. ਲੋਕੇਸ਼ ਮੁਨੀ ਜੀ, ਹਾਜੀ ਸਯਦ ਸਲਮਾਨ ਚਿਸ਼ਤੀ (ਗੱਦੀ ਨਸ਼ੀਨ ਦਰਗਾਹ ਅਜਮੇਰ ਸ਼ਰੀਫ), ਬੋਧ ਸਮਾਜ, ਸੰਤ ਨਿਰੰਜਣ ਦਾਸ ਜੀ, ਡੇਰਾ ਬੱਲਾਂ ਵਾਲੇ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਿੱਖ ਸੰਤ ਸਮਾਜ ਨੇ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ। ਚੰਡੀਗੜ੍ਹ ਪ੍ਰੈਸ ਕਲੱਬ ‘ਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਗੁਰਬਚਨ ਸਿੰਘ ਗੁਰਭੇਜ ਸਿੰਘ ਗੋਰਾਇਆ, ਗੁਰਲਾਲ ਸਿੰਘ, ਨਿਸ਼ਾਨ ਸਿੰਘ ਜਸਵੰਤ ਅਤੇ ਕਰਨ ਪਾਲ ਸਿੰਘ ਨੇ ਦੱਸਿਆ ਕਿ ਇਸ ਸੰਮੇਲਨ ‘ਚ ਵਰਤਮਾਨ ਸੰਸਾਰਕ ਸਥਿਤੀ ਸਬੰਧੀ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …