Breaking News
Home / ਪੰਜਾਬ / ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਹੋਏ ਖੱਜਲ-ਖੁਆਰ

ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਹੋਏ ਖੱਜਲ-ਖੁਆਰ

ਹਾਈਕੋਰਟ ਦੇ ਦਖ਼ਲ ਮਗਰੋਂ ਅਕਾਲੀ ਦਲ ਨੇ ਚੁੱਕੇ ਧਰਨੇ

ਚੰਡੀਗੜ੍ਹ/ਬਿਊਰੋ ਨਿਊਜ਼ : ਮਿਉਂਸਿਪਲ ਚੋਣਾਂ ਵਿਚ ਸੱਤਾਧਾਰੀ ਧਿਰ ‘ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਕਾਰਨ ਆਮ ਜਨ ਜੀਵਨ 24 ਘੰਟਿਆਂ ਤੋਂ ਵੱਧ ਸਮਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧਰਨੇ ਚੁੱਕਣ ਦਾ ਐਲਾਨ ਕੀਤਾ। ਇਸ ਦੌਰਾਨ ਫਿਰੋਜ਼ਪੁਰ ਪੁਲਿਸ ਨੇ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਮੁਕਤਸਰ ਤੋਂ ਅਕਾਲੀ ਵਿਧਾਇਕ ਰੋਜ਼ੀ ਬਰਕੰਦੀ ਸਮੇਤ ਦਰਜਨਾਂ ਖ਼ਿਲਾਫ਼ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ‘ਤੇ ਧਰਨਾ ਮਾਰ ਕੇ ਆਵਾਜਾਈ ਰੋਕਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਥਾਣਾ ਮੱਖੂ ਵਿੱਚ ਇਨ੍ਹਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਤੇਜਿੰਦਰ ਮਿੱਡੂ ਖੇੜਾ, ਅਕਾਲੀ ਨੇਤਾ ਵਰਦੇਵ ਸਿੰਘ ਮਾਨ, ਮਿੰਨਾ ਪੁੱਤਰ ਹਰੀ ਸਿੰਘ ਜ਼ੀਰਾ ਆਦਿ ‘ਤੇ ਧਾਰਾ 431, 341, 283 ਆਈਪੀਸੀ, 8 ਬੀ ਨੈਸ਼ਨਲ ਹਾਈਵੇਅ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਬਠਿੰਡਾ ਜ਼ਿਲ੍ਹੇ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਰੂਪ ਚੰਦ ਸਿੰਗਲਾ ਆਦਿ ਖਿਲਾਫ਼ ਵੀ ਦੇਰ ਸ਼ਾਮ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਥੇ ਵਰਨਣਯੋਗ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦੀ ਮੱਲਾਂਵਾਲਾ ਨਗਰ ਪੰਚਾਇਤ ਦੀ ਚੋਣ ਲਈ ਨਾਮਜ਼ਦਗੀਆਂ ਵਾਲੇ ਦਿਨ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਹੋਇਆ ਟਕਰਾਅ ਗੰਭੀਰ ਰੂਪ ਧਾਰਨ ਕਰ ਗਿਆ ਸੀ। ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸਤਲੁਜ ਦਰਿਆ ‘ਤੇ ਹਰੀਕੇ ਹੈੱਡਵਰਕਸ ਅਤੇ ਬਿਆਸ ਦਰਿਆ ‘ਤੇ ਬਿਆਸ ਕਸਬੇ ਨੇੜੇ ਪੁਲ ਉਤੇ ਧਰਨੇ ਮਾਰ ਦਿੱਤੇ ਸਨ। 24 ਘੰਟਿਆਂ ਤੋਂ ਵੀ ਵੱਧ ਸਮਾਂ ਧਰਨੇ ਲਾਏ ਜਾਣ ਕਾਰਨ ਮਾਲਵੇ ਤੇ ਦੋਆਬੇ ਦਾ ਮਾਝੇ ਨਾਲ ਇੱਕ ਤਰ੍ਹਾਂ ਸੰਪਰਕ ਟੁੱਟਿਆ ਰਿਹਾ। ਜਾਣਕਾਰੀ ਮੁਤਾਬਕ ਅਕਾਲੀ ਆਗੂਆਂ ਨੇ ਬਠਿੰਡਾ-ਚੰਡੀਗੜ੍ਹ, ਚੰਡੀਗੜ੍ਹ- ਲੁਧਿਆਣਾ, ਲੁਧਿਆਣਾ-ਦਿੱਲੀ ਅਤੇ ਹੋਰ ਕਈ ਸੜਕਾਂ ‘ਤੇ ਆਵਾਜਾਈ ਰੋਕੀ। ਰਿਪੋਰਟਾਂ ਮੁਤਾਬਕ ਸੰਗਰੂਰ, ਬਠਿੰਡਾ, ਮੁਹਾਲੀ, ਜਲੰਧਰ, ਲੁਧਿਆਣਾ, ਕਪੂਰਥਲਾ, ਤਰਨ ਤਾਰਨ, ਫਿਰੋਜ਼ਪੁਰ, ਅੰਮ੍ਰਿਤਸਰ, ਨਵਾਂ ਸ਼ਹਿਰ, ਬਰਨਾਲਾ ਆਦਿ ਜ਼ਿਲ੍ਹਿਆਂ ਵਿੱਚ ਦੋ ਦਰਜਨ ਤੋਂ ਵੱਧ ਥਾਵਾਂ ‘ਤੇ ਸੜਕੀ ਆਵਾਜਾਈ ਰੋਕ ਕੇ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਖ਼ਲ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪੁਲਿਸ ਵੱਲੋਂ ਦਰਜ ਕੇਸਾਂ ਦੀ ਪੜਤਾਲ ਕਰਾਈਮ ਵਿੰਗ ਨੂੰ ਦੇਣ ਬਾਅਦ ਅਕਾਲੀ ਦਲ ਦੇ ਪ੍ਰਧਾਨ ਨੇ ਧਰਨੇ ਚੁੱਕਣ ਦਾ ਐਲਾਨ ਕੀਤਾ। ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਭਰੀ ਹਾਰ ਬਾਅਦ ਅਕਾਲੀ ਦਲ ਨੇ ਕੈਪਟਨ ਸਰਕਾਰ ਵਿਰੁੱਧ ਮਿਉਂਸਿਪਲ ਚੋਣਾਂ ਦੀ ਆੜ ਹੇਠ ਵਰਕਰਾਂ ਦੀ ਲਾਮਬੰਦੀ ਆਰੰਭ ਦਿੱਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਇਸ ਦੀ ਅਗਵਾਈ ਕਰ ਰਹੇ ਹਨ। ਪੁਲਿਸ ਰਿਪੋਰਟਾਂ ਮੁਤਾਬਕ ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਘੰਟਿਆਂਬੱਧੀ ਜਾਮ ਵਿਚ ਫਸੇ ਰਹੇ।

ਲੋਕਾਂ ਨੂੰ ਆਈ ਪ੍ਰੇਸ਼ਾਨੀ ਲਈ ਸੁਖਬੀਰ ਬਾਦਲ ਨੇ ਮੰਗੀ ਮੁਆਫੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਰਾਹੀਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਬਾਅਦ ਹੀ ਧਰਨੇ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੱਲਾਂਵਾਲਾ ਘਟਨਾ ਦੇ ਮਾਮਲੇ ਵਿੱਚ 12 ਅਕਾਲੀ ਆਗੂਆਂ ਅਤੇ 90 ਵਰਕਰਾਂ ਖ਼ਿਲਾਫ਼ ਦਰਜ ਕੇਸ ਵਿੱਚੋਂ ਧਾਰਾ 307 ਹਟਾਉਣ ਤੋਂ ਇਲਾਵਾ ਕਾਂਗਰਸੀ ਵਰਕਰਾਂ ਖ਼ਿਲਾਫ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ 5 ਜਣੇ ਗ੍ਰਿਫ਼ਤਾਰ ਕਰ ਲਏ ਹਨ। ਉਨ੍ਹਾਂ ਕਿਹਾ ਕਿ ਜ਼ੀਰਾ ਦੇ ਐਸਐਚਓ ਅਤੇ ਡੀਐਸਪੀ ਦੀ ਬਦਲੀ ਕਰ ਦਿੱਤੀ ਗਈ ਹੈ ਤੇ ਸਮੁੱਚੀ ਘਟਨਾ ਦੀ ਜਾਂਚ ਹੁਣ ਏਡੀਜੀਪੀ (ਅਪਰਾਧ) ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨੇ ਧਰਨਿਆਂ ਕਾਰਨ ਆਮ ਲੋਕਾਂ ਨੂੰ ਆਈ ਮੁਸ਼ਕਲ ਲਈ ਮੁਆਫ਼ੀ ਮੰਗੀ ਹੈ।

ਸੜਕ ਕਿਨਾਰੇ ਬੈਠ ਕੇ ਰੋਟੀ ਖਾਣ ਦੇ ਡਰਾਮੇ ਕਰਦਾ ਹੈ ਸੁਖਬੀਰ ਬਾਦਲ : ਨਵਜੋਤ ਸਿੱਧੂ

ਅੰਮ੍ਰਿਤਸਰ : ਫਿਰੋਜ਼ਪੁਰ ਵਿੱਚ ਅਕਾਲੀ ਆਗੂਆਂ ਤੇ ਵਰਕਰਾਂ ਖਿਲਾਫ ਦਰਜ ਕੀਤੇ ਗਏ ਮਾਮਲਿਆਂ ਨੂੰ ਰੱਦ ਕਰਵਾਉਣ ਲਈ ਹਾਈਵੇ ‘ਤੇ ਧਰਨਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਨਵਜੋਤ ਸਿੱਧੂ ਨੇ ਖਰੀਆਂ-ਖਰੀਆਂ ਸੁਣਾਈਆਂ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਡਰਾਮੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 5-5 ਲੱਖ ਦੇ ਹੋਟਲ ਦੇ ਕਮਰੇ ਦੇਣ ਵਾਲਾ ਸੜਕ ‘ਤੇ ਬੈਠ ਕੇ ਆਚਾਰ ਨਾਲ ਰੋਟੀ ਖਾਣ ਦੇ ਡਰਾਮੇ ਕਰਦਾ ਹੈ। ਸੁਖਬੀਰ ਬਾਦਲ ਦੇ ਧਰਨੇ ਬਾਰੇ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਸਹੀ ਥਾਂ ‘ਤੇ ਲਿਆਂਦਾ ਹੈ। ਪੰਜਾਬ ਵਿੱਚ ਉਨ੍ਹਾਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਦਾ ਹੀ ਨਤੀਜਾ ਹੈ ਕਿ ਅੱਜ ਸੜਕਾਂ ‘ਤੇ ਬੈਠੇ ਕੇ ਅਚਾਰ ਨਾਲ ਰੋਟੀ ਖਾਣੀ ਪੈ ਰਹੀ ਹੈ। ਸੁਖਬੀਰ ਬਾਦਲ ਦੇ ਨਾਲ-ਨਾਲ ਸਿੱਧੂ ਨੇ ਬਿਕਰਮ ਮਜੀਠੀਆ ‘ਤੇ ਵੀ ਨਿਸ਼ਾਨਾ ਸਾਧਿਆ। ਸਿੱਧੂ ਨੇ ਗੱਲਾਂ-ਗੱਲਾਂ ਵਿੱਚ ਮਜੀਠੀਆ ਨੂੰ ਤਸਕਰ ਤੱਕ ਕਹਿ ਦਿੱਤਾ।

 

 

Check Also

ਜੇਲ੍ਹ ’ਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਗਵੰਤ ਮਾਨ ਚਿੰਤਤ 

ਈਡੀ ਦਾ ਆਰੋਪ : ਕੇਜਰੀਵਾਲ ਜਾਣਬੁੱਝ ਕੇ ਖਾ ਰਹੇ ਹਨ ਮਿੱਠੀਆਂ ਚੀਜ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …