10.6 C
Toronto
Saturday, October 18, 2025
spot_img
Homeਪੰਜਾਬਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਭਾਜਪਾ ਦਾ ਹੋਵੇਗਾ ਮਾੜਾ ਹਾਲ :...

ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਭਾਜਪਾ ਦਾ ਹੋਵੇਗਾ ਮਾੜਾ ਹਾਲ : ਸੰਯੁਕਤ ਕਿਸਾਨ ਮੋਰਚਾ

ਕਿਸਾਨ ਹੁਣ ਉਤਰ ਪ੍ਰਦੇਸ਼ ਅਤੇ ਉਤਰਾਖੰਡ ‘ਚ ਭਾਜਪਾ ਖਿਲਾਫ ਕਰਨਗੇ ਪ੍ਰਚਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕਿਸਾਨ ਮੰਗਾਂ ਮੰਨ ਲਵੇ, ਨਹੀਂ ਤਾਂ ਉਸ ਦਾ ਹੋਰ ਵੀ ਸਿਆਸੀ ਤੇ ਸਮਾਜਿਕ ਨੁਕਸਾਨ ਹੋਵੇਗਾ। ਪੱਛਮੀ ਬੰਗਾਲ ‘ਚ ਟੀਐੱਮਸੀ ਦੀ ਜਿੱਤ ਤੇ ਭਾਜਪਾ ਦੀ ਸਰਕਾਰ ਬਣਾਉਣ ਦੀਆਂ ਆਸਾਂ ‘ਤੇ ਪਾਣੀ ਫਿਰਨ ਮਗਰੋਂ ਕਿਸਾਨਾਂ ਨੇ ਹੁਣ ਉੱਤਰ ਪ੍ਰਦੇਸ਼ ਵਰਗੇ ਸਿਆਸੀ ਅਹਿਮੀਅਤ ਵਾਲੇ ਤੇ ਉੱਤਰਾਖੰਡ ਵੱਲ ਰੁਖ਼ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋਵਾਂ ਸੂਬਿਆਂ ‘ਚ ਭਾਜਪਾ ਦੀਆਂ ਸਰਕਾਰਾਂ ਹਨ ਤੇ ਅਗਲੇ ਸਾਲ ਇਥੇ ਚੋਣਾਂ ਹੋਣੀਆਂ ਹਨ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ, ”ਇਸ ਦੇਸ਼ ਦਾ ਇਤਿਹਾਸ ਗਵਾਹ ਹੈ ਕਿ ਕੋਈ ਵੀ ਸਰਕਾਰ, ਜਿਸ ਨੇ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਸਾਨਾਂ ਤੇ ਆਮ ਲੋਕਾਂ ਨੇ ਉਸ ਸਰਕਾਰ ਨੂੰ ਸਬਕ ਸਿਖਾਇਆ ਹੈ। ਮੋਦੀ ਸਰਕਾਰ ਨੇ ਤਿੰਨ ਖੇਤੀਬਾੜੀ ਕਾਨੂੰਨ ਕਿਸਾਨਾਂ ਲਈ ਡੈੱਥ ਵਰੰਟ ਵਜੋਂ ਲਿਆਂਦੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਨਹੀਂ ਤਾਂ ਭਾਜਪਾ ਦਾ ਸਿਆਸੀ ਅਤੇ ਸਮਾਜਿਕ ਨੁਕਸਾਨ ਵਧਦਾ ਜਾਵੇਗਾ।”
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਵਿੱਚ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਤਿੰਨ ਖੇਤੀ ਕਾਨੂੰਨਾਂ ਤੇ ਕਿਸਾਨ ਮਜ਼ਦੂਰਾਂ ਦੇ ਹੋਰ ਪ੍ਰਦਰਸ਼ਨਾਂ ਨਾਲ ਸਬੰਧਤ ਕਈ ਪੁਲਿਸ ਕੇਸ ਦਰਜ ਕੀਤੇ ਗਏ ਹਨ। ਫਿਰੋਜ਼ਪੁਰ ਦੇ ਮਹਿਮਾਂ ਪਿੰਡ ਦੇ ਕਿਸਾਨਾਂ ‘ਤੇ ਹਾਲ ਹੀ ਵਿੱਚ ਪੁਲਿਸ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਫੌਰੀ ਸਾਰੇ ਕੇਸ ਬਿਨਾਂ ਸ਼ਰਤ ਵਾਪਸ ਲਏ ਅਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ।
ਬੀਕੇਯੂ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ, ”ਅਸੀਂ ਦਿੱਲੀ ਪੁਲਿਸ, ਕੇਂਦਰ ਸਰਕਾਰ, ਹਰਿਆਣਾ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਰਸਤਾ ਖੋਲ੍ਹਣ ਲਈ ਬੇਨਤੀ ਕਰਦੇ ਹਾਂ ਤਾਂ ਜੋ ਕਰੋਨਾ ਵਿਰੁੱਧ ਲੜਾਈ ਪੂਰੀ ਤਾਕਤ ਨਾਲ ਲੜੀ ਜਾ ਸਕੇ। ਹੁਣ ਟਰੱਕ ਤੇ ਹੋਰ ਵਾਹਨ ਆਕਸੀਜਨ ਤੇ ਹੋਰ ਜ਼ਰੂਰੀ ਸੇਵਾਵਾਂ ਲਈ ਦਿੱਲੀ ਆ ਰਹੇ ਹਨ। ਕਿਸਾਨਾਂ ਨੇ ਸ਼ੁਰੂ ਤੋਂ ਹੀ ਇੱਕ ਪਾਸੇ ਦਾ ਰਸਤਾ ਖੋਲ੍ਹਿਆ ਹੋਇਆ ਹੈ।
26 ਅਪਰੈਲ ਨੂੰ ਦਿੱਲੀ ਪੁਲਿਸ ਵੱਲੋਂ ਲਾਏ ਬੈਰੀਕੇਡ ਹਟਾਉਣ ਦੀ ਮੰਗ ਕਰਦਿਆਂ ਇੱਕ ਰਸਮੀ ਈਮੇਲ ਭੇਜੀ ਗਈ ਸੀ, ਜਿਸ ਦਾ ਜਵਾਬ ਹੁਣ ਆਇਆ ਹੈ।” ਅਭਿਮੰਨਿਊ ਕੋਹਾੜ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ 5 ਮਹੀਨੇ ਹੋ ਚੁੱਕੇ ਹਨ। ਕਿਸਾਨਾਂ ਨਾਲ ਸਥਾਨਕ ਲੋਕਾਂ ਦੀ ਨਿਰੰਤਰ ਹਮਦਰਦੀ ਤੇ ਸਹਾਇਤਾ ਰਹੀ ਹੈ। ਭਾਜਪਾ ਵਰਕਰਾਂ ਨੇ ਸਥਾਨਕ ਲੋਕਾਂ ਦੇ ਭੇਸ ਵਿੱਚ ਕਿਸਾਨਾਂ ਦੇ ਧਰਨੇ ਚੁਕਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ।

 

 

RELATED ARTICLES
POPULAR POSTS